ਅਮਿਤਾਭ ਬੱਚਨ: ਇੱਕ 'ਉਪਨਾਮ' ਜੋ ਬਣ ਗਿਆ ਦੁਨੀਆ ਦੀ ਸਭ ਤੋਂ ਵੱਡੀ ਪਛਾਣ ! ਜਾਣੋ ਕਿਵੇਂ ਕਵੀ ਦੀ ਕਲਮ 'ਚੋਂ ਨਿਕਲ ਕੇ 'ਬੱਚਨ' ਬਣਿਆ ਸੁਪਰਸਟਾਰ ਦਾ ਸਰਨੇ
ਅਮਿਤਾਭ ਬੱਚਨ ਆਪਣੇ ਪਰਿਵਾਰ ਦੇ ਪਹਿਲੇ ਵਿਅਕਤੀ ਬਣੇ ਜਿਨ੍ਹਾਂ ਨੇ ਅਧਿਕਾਰਤ ਤੌਰ 'ਤੇ 'ਬੱਚਨ' ਸਰਨੇਮ ਅਪਣਾਇਆ। ਉਨ੍ਹਾਂ ਕਿਹਾ ਕਿ ਉਹ ਇਸ ਸਰਨੇਮ ਨੂੰ ਮਾਣ ਨਾਲ ਆਪਣੇ ਨਾਮ ਨਾਲ ਜੋੜਦੇ ਹਨ।
Publish Date: Sat, 07 Feb 2026 04:45 PM (IST)
Updated Date: Sat, 07 Feb 2026 04:54 PM (IST)
ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਪਿਛਲੇ ਪੰਜ ਦਹਾਕਿਆਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਲਗਪਗ 200 ਫਿਲਮਾਂ ਵਿੱਚ ਕੰਮ ਕਰ ਚੁੱਕੇ ਬਿਗ ਬੀ ਦੇ ਨਾਮ ਨਾਲ 'ਬੱਚਨ' ਸ਼ਬਦ ਅਜਿਹਾ ਜੁੜਿਆ ਹੈ ਕਿ ਪ੍ਰਸ਼ੰਸਕਾਂ ਦੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਉਨ੍ਹਾਂ ਦਾ ਹੀ ਚਿਹਰਾ ਆਉਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ 'ਬੱਚਨ' ਉਨ੍ਹਾਂ ਦਾ ਅਸਲੀ ਪਰਿਵਾਰਕ ਸਰਨੇਮ ਨਹੀਂ ਹੈ?
ਅਮਿਤਾਭ ਬੱਚਨ ਨੇ ਆਪਣੇ ਬਲੌਗ ਰਾਹੀਂ ਇਸ ਸਰਨੇਮ ਦੇ ਪਿੱਛੇ ਦੀ ਕਹਾਣੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 'ਬੱਚਨ' ਉਨ੍ਹਾਂ ਦੇ ਪਿਤਾ ਅਤੇ ਮਸ਼ਹੂਰ ਕਵੀ ਹਰਿਵੰਸ਼ ਰਾਏ ਬੱਚਨ ਦਾ ਕਲਮੀ ਨਾਮ (Pen Name) ਸੀ। ਬਿਗ ਬੀ ਨੇ ਭਾਰਤ ਵਿੱਚ ਪ੍ਰਚਲਿਤ ਜਾਤ-ਪਾਤ ਦੀ ਪ੍ਰਥਾ ਬਾਰੇ ਗੱਲ ਕਰਦਿਆਂ ਲਿਖਿਆ ਕਿ ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਨੇ ਸਾਡੇ ਸਮਾਜ ਨੂੰ ਹਮੇਸ਼ਾ ਪ੍ਰੇਸ਼ਾਨ ਕੀਤਾ ਹੈ।
ਪਿਤਾ ਸਨ ਜਾਤ-ਪਾਤ ਦੇ ਕੱਟੜ ਵਿਰੋਧੀ
ਅਮਿਤਾਭ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜਾਤ-ਪਾਤ ਦੇ ਸਖ਼ਤ ਖ਼ਿਲਾਫ਼ ਸਨ। ਉਨ੍ਹਾਂ ਲਿਖਿਆ, "ਬਾਬੂਜੀ ਦਾ ਜਨਮ ਇੱਕ ਕਾਯਸਥ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ 'ਸ਼੍ਰੀਵਾਸਤਵ' ਸਨ ਪਰ ਉਹ ਜਾਤ ਦੀ ਬੁਰਾਈ ਦੇ ਵਿਰੁੱਧ ਸਨ, ਇਸ ਲਈ ਉਨ੍ਹਾਂ ਨੇ ਆਪਣਾ ਉਪਨਾਮ (ਤਖ਼ੱਲੁਸ) 'ਬੱਚਨ' ਰੱਖ ਲਿਆ। ਵੱਡੇ-ਵੱਡੇ ਕਵੀ ਅਕਸਰ ਆਪਣਾ ਨਾਮ ਉਪਨਾਮ ਨਾਲ ਰੱਖਦੇ ਸਨ, ਇਸ ਲਈ 'ਬੱਚਨ' ਮੇਰੇ ਪਿਤਾ ਦਾ ਕਾਵਿਕ ਉਪਨਾਮ ਬਣ ਗਿਆ।"
ਪਹਿਲੀ ਵਾਰ ਅਮਿਤਾਭ ਦੇ ਨਾਮ ਨਾਲ ਜੁੜਿਆ ਇਹ ਸਰਨੇਮ
ਬਿਗ ਬੀ ਮੁਤਾਬਕ, ਇਹ ਸਰਨੇਮ ਅਧਿਕਾਰਤ ਤੌਰ 'ਤੇ ਉਦੋਂ ਅਪਣਾਇਆ ਗਿਆ ਜਦੋਂ ਉਨ੍ਹਾਂ ਦਾ ਜਨਮ ਹੋਇਆ। ਉਨ੍ਹਾਂ ਲਿਖਿਆ, "ਜਦੋਂ ਮੇਰਾ ਸਕੂਲ ਵਿੱਚ ਦਾਖ਼ਲਾ ਕਰਵਾਇਆ ਜਾਣਾ ਸੀ ਅਤੇ ਅਧਿਆਪਕਾਂ ਨੇ ਪੁੱਛਿਆ ਕਿ ਫਾਰਮ ਵਿੱਚ ਲੜਕੇ ਦਾ ਸਰਨੇਮ ਕੀ ਲਿਖਿਆ ਜਾਵੇ ਤਾਂ ਮੇਰੀ ਮਾਂ ਅਤੇ ਪਿਤਾ ਨੇ ਤੁਰੰਤ ਫੈਸਲਾ ਕੀਤਾ ਕਿ 'ਬੱਚਨ' ਹੀ ਪਰਿਵਾਰ ਦਾ ਸਰਨੇਮ ਹੋਵੇਗਾ।"
ਅਮਿਤਾਭ ਬੱਚਨ ਆਪਣੇ ਪਰਿਵਾਰ ਦੇ ਪਹਿਲੇ ਵਿਅਕਤੀ ਬਣੇ ਜਿਨ੍ਹਾਂ ਨੇ ਅਧਿਕਾਰਤ ਤੌਰ 'ਤੇ 'ਬੱਚਨ' ਸਰਨੇਮ ਅਪਣਾਇਆ। ਉਨ੍ਹਾਂ ਕਿਹਾ ਕਿ ਉਹ ਇਸ ਸਰਨੇਮ ਨੂੰ ਮਾਣ ਨਾਲ ਆਪਣੇ ਨਾਮ ਨਾਲ ਜੋੜਦੇ ਹਨ।
ਅਮਿਤਾਭ ਬੱਚਨ ਦਾ ਸਫ਼ਰ
11 ਅਕਤੂਬਰ 1942 ਨੂੰ ਇਲਾਹਾਬਾਦ ਵਿੱਚ ਜੰਮੇ ਅਮਿਤਾਭ ਬੱਚਨ ਨੇ ਸਿਨੇਮਾ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਉਨ੍ਹਾਂ ਨੂੰ ਪਦਮ ਸ਼੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਣ ਅਤੇ ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ। ਅੱਜ 83 ਸਾਲ ਦੀ ਉਮਰ ਵਿੱਚ ਵੀ ਉਹ ਫਿਲਮੀ ਦੁਨੀਆ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ।