- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿੱਤਾਮੁਖੀ ਸਿੱਖਿਆ ਉਹ ਸਿੱਖਿਆ ਹੈ, ਜਿਸ ਨੂੰ ਹਾਸਿਲ ਕਰ ਕੇ ਕੋਈ ਵੀ ਵਿਦਿਆਰਥੀ ਨਾ ਸਿਰਫ਼ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕਦਾ ਹੈ, ਪਰਿਵਾਰ ਦਾ ਪੇਟ ਪਾਲ ਸਕਦਾ ਹੈ ਸਗੋਂ ਆਪਣੇ ਕੌਸ਼ਲ, ਹੁਨਰ ਤੇ ਤਜਰਬੇ ਨਾਲ ਦੇਸ਼ ਦੀ ਵੱਡਮੁੱਲੀ ਸੇਵਾ ਵੀ ਕਰ ਸਕਦਾ ਹੈ। ਇਸ ਨੂੰ ਹੁਨਰਮੰਦ ਸਿੱਖਿਆ ਵੀ ਕਿਹਾ ਜਾਂਦਾ ਹੈ।

ਕਿੱਤਾਮੁਖੀ ਸਿੱਖਿਆ ਉਹ ਸਿੱਖਿਆ ਹੈ, ਜਿਸ ਨੂੰ ਹਾਸਿਲ ਕਰ ਕੇ ਕੋਈ ਵੀ ਵਿਦਿਆਰਥੀ ਨਾ ਸਿਰਫ਼ ਆਪਣੇ ਪੈਰਾਂ ’ਤੇ ਖੜ੍ਹਾ ਹੋ ਸਕਦਾ ਹੈ, ਪਰਿਵਾਰ ਦਾ ਪੇਟ ਪਾਲ ਸਕਦਾ ਹੈ ਸਗੋਂ ਆਪਣੇ ਕੌਸ਼ਲ, ਹੁਨਰ ਤੇ ਤਜਰਬੇ ਨਾਲ ਦੇਸ਼ ਦੀ ਵੱਡਮੁੱਲੀ ਸੇਵਾ ਵੀ ਕਰ ਸਕਦਾ ਹੈ। ਇਸ ਨੂੰ ਹੁਨਰਮੰਦ ਸਿੱਖਿਆ ਵੀ ਕਿਹਾ ਜਾਂਦਾ ਹੈ। ਹੁਨਰ ਦਾ ਅਰਥ ਹੈ ਕਿਸੇ ਖ਼ਾਸ ਕਲਾ ਖੇਤਰ ਜਾਂ ਤਕਨੀਕ ਵਿਚ ਮੁਹਾਰਤ ਹਾਸਿਲ ਕਰਨਾ। ਜਿਸ ਤਰ੍ਹਾਂ ਸੀਐੱਨਸੀ ਮਸ਼ੀਨਾਂ ਨੂੰ ਅਪਰੇਟ ਕਰਨਾ, ਏਸੀ ਜਾਂ ਫਰਿਜ ਰਿਪੇਅਰ ਕਰਨਾ, ਨਕਸ਼ੇ ਬਣਾਉਣਾ, ਪਲੰਬਿੰਗ ਦਾ ਕੰਮ ਕਰਨਾ, ਇਲੈਕਟ੍ਰੀਸ਼ਨ ਜਾਂ ਡੀਜ਼ਲ ਮਕੈਨਿਕ ਬਣਨਾ। ਹੁਨਰ ਹਰ ਇਕ ਵਿਚ ਹੁੰਦਾ ਹੈ। ਕਿਸੇ ਦਾ ਛਿਪ ਜਾਂਦਾ ਹੈ, ਕਿਸੇ ਦਾ ਛਪ ਜਾਂਦਾ ਹੈ, ਕਿਸੇ ਦਾ ਮੱਠਾ ਰਹਿ ਜਾਂਦਾ ਹੈ ਤੇ ਕਿਸੇ ਦਾ ਤਪ ਜਾਂਦਾ ਹੈ।
ਅਣਗਿਣਤ ਕੋਰਸ ਜਾਂ ਟ੍ਰੇਨਿੰਗ ਪ੍ਰੋਗਰਾਮ
ਅਜੋਕੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸ਼ੌਕ, ਦਿਲਚਸਪੀ ਤੇ ਝੁਕਾਅ ਦੇ ਮੱਦੇਨਜ਼ਰ ਕਿਸੇ ਹੁਨਰ ਦੀ ਚੋਣ ਕਰਨ। ਚਾਹੇ ਤੁਸੀਂ ਕਾਮਰਸ ਦੇ ਵਿਦਿਆਰਥੀ ਹੋ, ਚਾਹੇ ਆਰਟਸ ਦੇ ਪਰ ਤੁਹਾਡੇ ਕੋਲ ਕੋਈ ਕੌਸ਼ਲ ਜਾਂ ਹੁਨਰ ਚਾਹੀਦਾ ਹੈ। ਕਿੱਤਾਮੁਖੀ ਸਿੱਖਿਆ ਦਾ ਖੇਤਰ ਵਿਸ਼ਾਲ ਸਮੁੰਦਰ ਦੀ ਤਰ੍ਹਾਂ ਹੈ। ਲੜਕੇ ਤੇ ਲੜਕੀਆਂ ਦੋਵਾਂ ਲਈ ਅਣਗਿਣਤ ਕੋਰਸ ਜਾਂ ਟ੍ਰੇਨਿੰਗ ਪ੍ਰੋਗਰਾਮ ਹਨ। ਚੁਣੌਤੀਪੂਰਨ ਬੱਚੇ, ਪੜ੍ਹਾਈ ਛੱਡ ਚੁੱਕੇ ਵਿਦਿਆਰਥੀ, ਪੇਂਡੂ ਬੱਚੇ ਜਾਂ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀ ਵੀ ਆਪਣੀ ਮਨਪੰਸਦ ਦਾ ਕੋਰਸ ਕਰ ਸਕਦੇ ਹਨ, ਜਿਵੇਂ ਕੰਪਿਊਟਰ ਹਾਰਡਵੇਅਰ, ਸਾਫਟਵੇਅਰ, ਇਲੈਕਟ੍ਰੀਸ਼ੀਅਨ,ਡਰਾਫਟਸਮੈਨ, ਮੋਬਾਈਲ ਰਿਪੇਅਰ, ਆਰਟ ਐਂਡ ਕਰਾਫਟ, ਜਿਊਲਰੀ ਡਿਜ਼ਾਇਨ, ਆਟੋਮੋਬਾਇਲ ਟੈਸਟਿੰਗ ਐਂਡ ਰਿਪੇਅਰ, ਟੂਲ ਐਂਡ ਡਾਈ, ਮਲਟੀ ਮੀਡੀਆ, ਫੋਟੋਗ੍ਰਾਫੀ, ਇੰਟੀਰੀਅਰ ਡਿਜ਼ਾਇਨਿੰਗ, ਬਿਊਟੀਸ਼ੀਅਨ, ਫੈਸ਼ਨ ਡਿਜ਼ਾਈਨਿੰਗ, ਕਟਿੰਗ ਐਂਡ ਟੇਲਰਿੰਗ, ਕੈਡ-ਕੈਮ, ਟੂਰਿਜ਼ਮ ਐਡ ਹਾਸਪੀਟੈਲਿਟੀ, ਮੈਡੀਕਲ ਲੈਬ ਐਂਡ ਹੈਲਥ ਕੇਅਰ ਆਦਿ। ਇਸ ਤਰ੍ਹਾਂ ਦੇ ਸੈਂਕੜੇ ਕੋਰਸ ਇੰਟਰਨੈੱਟ ’ਤੇ ਮੁਹੱਈਆ ਹਨ।
ਬਣ ਸਕਦੇ ਹੋ ਆਤਮ-ਨਿਰਭਰ
ਮਾਨਤਾ ਪ੍ਰਾਪਤ ਸੈਂਟਰਾਂ ਤੋਂ ਛੇ ਮਹੀਨੇ ਜਾਂ ਇਕ ਸਾਲ ਦੇ ਇਹ ਕੋਰਸ ਕਰ ਕੇ ਤੁਸੀਂ ਆਤਮ-ਨਿਰਭਰ ਬਣ ਸਕਦੇ ਹੋ। ਕਿਤੇ ਜੌਬ ਕਰ ਸਕਦੇ ਹੋ ਜਾਂ ਆਪਣਾ ਕੰਮ ਖੋਲ੍ਹ ਸਕਦੇ ਹੋ। ਜਿਨ੍ਹਾਂ ਪਰਿਵਾਰਾਂ ਕੋਲ ਮਾਇਕ ਸਾਧਨ ਹਨ ਜਾਂ ਜਿਹੜੇ ਵਿਦਿਆਰਥੀ ਸਿੱਖਿਅਤ ਕਾਮਿਆਂ ਤੋਂ ਕੁਝ ਵਧੇਰੇ ਬਣਨ ਦਾ ਟੀਚਾ ਰੱਖਦੇ ਹਨ, ਉਨ੍ਹਾਂ ਲਈ ਹੋਰ ਵੀ ਰਾਹ ਹਨ। ਵਿਦਿਆਰਥੀ ਦਸਵੀਂ ਤੋਂ ਬਾਅਦ ਦੋ ਸਾਲਾਂ ਦੀ ਆਈਟੀਆਈ ਜਾਂ ਤਿੰਨ ਸਾਲਾਂ ਦਾ ਡਿਪਲੋਮਾ ਕਰ ਕੇ ਤਕਨੀਸ਼ੀਅਨ ਜਾਂ ਓਵਰਸੀਅਰ ਬਣ ਸਕਦੇ ਹਨ। ਓਵਰਸੀਅਰ ਨੂੰ ਅੱਜ-ਕੱਲ੍ਹ ਜੂਨੀਅਰ ਇੰਜੀਨੀਅਰ ਕਿਹਾ ਜਾਂਦਾ ਹੈ। ਇਨ੍ਹਾਂ ਡਿਪਲੋਮਾ ਕੋਰਸਾਂ ਵਿਚ ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਇਲੈਕਟ੍ਰਾਨਿਕਸ, ਕੰਪਿਊਟਰ, ਆਟੋਮੋਬਾਇਲ, ਲੈਦਰ ਤਕਨਾਲੋਜੀ, ਕੈਮੀਕਲ, ਫਾਰਮੇਸੀ ਆਦਿ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਦੇ ਹਨ। ਬਾਰ੍ਹਵੀਂ ਪਾਸ ਮੈਡੀਕਲ ਜਾਂ ਨਾਨ ਮੈਡੀਕਲ ਦੇ ਵਿਦਿਆਰਥੀ ਸਿੱਧਾ ਹੀ ਲੇਟ ਐਂਟਰੀ ਰਾਹੀ ਡਿਪਲੋਮੇ ਦੇ ਦੂਜੇ ਸਾਲ ਵਿਚ ਦਾਖ਼ਲਾ ਪਾ ਸਕਦੇ ਹਨ। ਇਸੇ ਤਰ੍ਹਾਂ ਬਾਰ੍ਹਵੀ ਵੋਕੇਸ਼ਨਲ ਪਾਸ ਜਾਂ ਆਈਟੀਆਈ ਪਾਸ ਵਿਦਿਆਰਥੀਆਂ ਨੂੰ ਵੀ ਡਿਪਲੋਮੇ ਦੇ ਦੂਜੇ ਸਾਲ ਵਿਚ ਦਾਖ਼ਲਾ ਮਿਲ ਜਾਂਦਾ ਹੈ। ਇਹ ਵਿਦਿਆਰਥੀ ਡਿਪਲੋਮਾ ਪੂਰਾ ਕਰ ਕੇ ਬੀਟੈੱਕ ਦੇ ਦੂਜੇ ਸਾਲ ਵਿਚ ਦਾਖ਼ਲਾ ਲੈ ਸਕਦੇ ਹਨ ਤੇ ਇੰਜੀਨੀਅਰ ਬਣਨ ਦਾ ਸੁਪਨਾ ਪੂਰਾ ਕਰ ਸਕਦੇ ਹਨ ਪ੍ਰੰਤੂ ਅਜਿਹਾ ਡਿਪਲੋਮਾ ਕਿਸੇ ਬਿਹਤਰੀਨ, ਪ੍ਰਸਿੱਧ ਤੇ ਮਾਨਤਾ ਪ੍ਰਾਪਤ ਪੋਲੀਟੈਕਨਿਕ ਕਾਲਜ ਤੋਂ ਹੀ ਕਰਨਾ ਚਾਹੀਦਾ ਹੈ।
ਹੁਨਰ ਹੈ ਤਾਂ ਅਜ਼ਾਦੀ ਹੈ
ਹੁਨਰ ਹੈ ਤਾਂ ਅਜ਼ਾਦੀ ਹੈ, ਹੁਨਰ ਹੈ ਤਾਂ ਸੁੱਰਖਿਆ ਹੈ। ਹੁਨਰ ਤੁਹਾਡੇ ਹੱਥ ਵਿਚ ਉਹ ਛੈਣੀ ਹੈ, ਜਿਸ ਨਾਲ ਸੁਪਨਿਆਂ ਦੀ ਤਕਦੀਰ ਦੇ ਰਸਤੇ ਨੂੰ ਤਰਾਸ਼ ਸਕਦੇ ਹੋ। ਸਾਡੇ ਦੇਸ਼ ਦੀ 65 ਫ਼ੀਸਦੀ ਆਬਾਦੀ 35 ਸਾਲਾਂ ਤੋਂ ਘੱਟ ਹੈ। ਅਸੀਂ ਆਪਣੇ ਦੇਸ਼ ਨੂੰ ਨੌਜਵਾਨਾਂ ਦਾ ਦੇਸ਼ ਵੀ ਕਹਿ ਸਕਦੇ ਹਾਂ ਪਰ ਨੌਜਵਾਨ ਵਰਗ ਦੀ ਇਹ ਅਸਲੀ ਤਾਕਤ ਲਾਈਨਾਂ ਵਿਚ ਲੱਗ ਕੇ ਵਿਦੇਸ਼ਾਂ ’ਚ ਜਾਣ ਨੂੰ ਪਾਗਲ ਹੋਈ ਪਈ ਹੈ। ਜੇ ਅਸੀਂ ਪੂਰਨ ਰੂਪ ’ਚ ਬਰੇਨ ਡਰੇਨ ਨੂੰ ਰੋਕਣਾ ਚਾਹੁੰਦੇ ਹਾਂ ਤਾਂ ਇਸ ਨੌਜਵਾਨ ਤਾਕਤ ਨੂੰ ਰੁਜ਼ਗਾਰ ਦੇਣਾ ਪਵੇਗਾ ਜਾਂ ਇਨ੍ਹਾਂ ਨੂੰ ਇੰਡਸਟਰੀ ’ਚ ਰੁਜ਼ਗਾਰ ਦੇ ਅਨੁਰੂਪ ਬਣਾਉਣਾ ਪਵੇਗਾ। ਜੇ ਅਸੀਂ ਕਾਮਯਾਬ ਹੋਏ ਤਾਂ ਆਉਣ ਵਾਲੇ ਸਮੇਂ ’ਚ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿਚ ਸੈਟਲ ਹੋਣ ਦੇ ਸੁਪਨੇ ਨੂੰ ਭੁੱਲ ਜਾਵੇਗੀ। ਬਾਹਰ ਰਹਿਣ ਵਾਲੇ ਵਿਦਿਆਰਥੀ ਵੀ ਪੰਜਾਬ ਨੂੰ ਵਾਪਸ ਮੁੜਨ ਲਗ ਪੈਣਗੇ, ਇਸੇ ਹੀ ਉਦੇਸ਼ ਨਾਲ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 15 ਜੁਲਾਈ 2015 ਨੂੰ ਸਕਿੱਲ ਇੰਡੀਆ ਮਿਸ਼ਨ ਦੀ ਸ਼ੁਰੂਆਤ ਕੀਤੀ। ਇਹ ਉਨ੍ਹਾਂ ਦਾ ਡਰੀਮ ਪ੍ਰੋਜੈਕਟ ਹੈ, ਜਿਸ ਦਾ ਨਿਸ਼ਾਨਾ ਹੈ ਕਿ 2027 ਤੱਕ 65 ਕਰੋੜ ਤਕਨੀਕੀ ਰੂਪ ਵਿਚ ਸਮਰੱਥ ਸਿੱਖਿਅਤ ਕਾਮੇ ਭਾਰਤ ਵਿਚ ਪੈਦਾ ਕੀਤੇ ਜਾਣਗੇ। ਉਹ ਕਾਮੇ, ਜੋ ਇੰਡਸਟਰੀ ਦੀਆਂ ਲੋੜਾਂ ਅਨੁਸਾਰ ਤਿਆਰ ਹੋਣ, ਜਿਨ੍ਹਾਂ ਨੂੰ ਇੰਡਸਟਰੀ ਖ਼ੁਸ਼ੀ-ਖ਼ੁਸ਼ੀ ਰੁਜ਼ਗਾਰ ਦੇ ਸਕੇ। ‘ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ’ ਇਸੇ ਹੀ ਮਿਸ਼ਨ ਦਾ ਹਿੱਸਾ ਹੈ, ਇਸੇ ਮਿਸ਼ਨ ਨੂੰ ਪੂਰਾ ਕਰਨ ਲਈ ‘ਨੈਸ਼ਨਲ ਸਕਿੱਲ ਡਿਵੈਲਪਮੈਂਟ ਮਿਸ਼ਨ ਅਤੇ ਸਕਿਲ ਲੋਨ ਸਕੀਮ ਨੂੰ ਲਾਂਚ ਕੀਤਾ ਗਿਆ।
ਸਟਾਰਟਅੱਪ ਇੰਡੀਆ
ਸਕਿੱਲ ਇੰਡੀਆ ਦਾ ਅਹਿਮ ਹਿੱਸਾ ਸਟਾਰਟਅੱਪ ਇੰਡੀਆ ਹੈ। ਇਸ ਸਕੀਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨੇ 16 ਜਨਵਰੀ 2016 ਨੂੰ ਕੀਤੀ। ਇਸ ਦਾ ਮੁੱਖ ਮੰਤਵ ਯੁਵਾ ਇੰਟਰਪ੍ਰੀਨੀਅਰ (ਉੱਦਮੀ) ਨੂੰ ਆਕਰਸ਼ਿਤ ਕਰਨਾ ਹੈ। ਉਦਯੋਗ ਤੇ ਬਿਜ਼ਨੈੱਸ ਦੇ ਖੇਤਰ ’ਚ ਨਵੇਂ ਵਿਚਾਰਾਂ ਤੇ ਨਵੇਂ ਤਜਬਿਆਂ ਨੂੰ ਸਪੋਰਟ ਤੇ ਪ੍ਰਮੋਟ ਕਰਨਾ। ਜੇ ਅਸੀਂ ਸਕਿੱਲ ਇੰਡੀਆ ਮਿਸ਼ਨ ਦੇ ਟੀਚੇ ਨੂੰ ਪੂਰਾ ਕਰਨ ਲਈ 65 ਕਰੋੜ ਸਿੱਖਿਅਤ ਕਾਮੇ ਤਿਆਰ ਕਰਦੇ ਹਾਂ ਤਾਂ ਇਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸਾਨੂੰ ਨਵੇਂ ਉਦਯੋਗ, ਨਵੇਂ ਕਾਰਖ਼ਾਨਿਆਂ ਤੇ ਨਵੇਂ ਉੱਦਮਾਂ ਦੀ ਲੋੜ ਹੈ, ਜੋ ਨਵੇਂ ਇੰਟਰਪ੍ਰੀਨੀਅਰ ਹੀ ਲਿਆ ਸਕਦੇ ਹਨ।
ਹਰ ਇਕ ਲਈ ਨੌਕਰੀ ਸੰਭਵ ਨਹੀਂ
ਹਿੰਦੁਸਤਾਨ ਵਿਚ ਹਰ ਇਕ ਨੂੰ ਨੌਕਰੀ ਸੰਭਵ ਨਹੀਂ। ਇਸ ਲਈ ਲੋੜ ਹੈ ਨਵੇਂ ਨੌਜਵਾਨ ਉੱਦਮੀ ਪੈਦਾ ਕੀਤੇ ਜਾਣ ਤਾਂ ਜੋ ਅਸੀਂ ਰੁਜ਼ਗਾਰ ਕੇਂਦਰਾਂ ਦੀਆਂ ਲਾਈਨਾਂ ਨੂੰ ਛੱਡ ਕੇ ਖ਼ੁਦ ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰੀਏ। ਕਿੱਤਾਮੁਖੀ ਸਿੱਖਿਆ ਹੀ ਉਹ ਹੱਲ ਹੈ, ਜਿਸ ਨਾਲ ਉੱਤਰ ਭਾਰਤ ਵਿਚ ਵਗਦੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾ ਸਕਦੇ ਹਾਂ। ਮੈਨੂੰ ਯਕੀਨ ਹੈ ਕਿ ‘ਹੱਥ ਵਿਚ ਹੁਨਰ ਹੈ ਤਾਂ ਮੁਸੀਬਤਾਂ ਦਾ ਹੱਲ ਵੀ ਨਿਕਲੇਗਾ। ਰਾਤ ਦੇ ਹਨੇਰਿਆਂ ਪਿੱਛੋਂ ਸੁਨਹਿਰਾ ‘ਕੱਲ੍ਹ' ਵੀ ਨਿਕਲੇਗਾ।’
- ਡਾ. ਜਗਰੂਪ ਸਿੰਘ
ਪ੍ਰਿੰਸੀਪਲ, ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ