ਅਜੋਕੇ ਵਿਗਿਆਨ ਤੇ ਤਕਨਾਲੋਜੀ ਦੇ ਯੁੱਗ ਵਿਚ ਸਿੱਖਿਆ ਦਾ ਮੰਤਵ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਸਗੋਂ ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਜੀਵਨ ਦੀਆਂ ਅਸਲ ਚੁਣੌਤੀਆਂ ਦਾ ਸਹਾਮਣਾ ਕਰਨ ਦੇ ਯੋਗ ਬਣਾਉਣਾ ਹੈ। ਅਜੋਕਾ ਸਮਾਂ ਡਿਗਰੀਆਂ ਦਾ ਨਹੀਂ ਕਾਬਲੀਅਤ ਦੀ ਮੰਗ ਕਰਦਾ ਹੈ।

ਅਜੋਕੇ ਵਿਗਿਆਨ ਤੇ ਤਕਨਾਲੋਜੀ ਦੇ ਯੁੱਗ ਵਿਚ ਸਿੱਖਿਆ ਦਾ ਮੰਤਵ ਸਿਰਫ਼ ਕਿਤਾਬੀ ਗਿਆਨ ਤੱਕ ਸੀਮਤ ਨਹੀਂ ਸਗੋਂ ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਜੀਵਨ ਦੀਆਂ ਅਸਲ ਚੁਣੌਤੀਆਂ ਦਾ ਸਹਾਮਣਾ ਕਰਨ ਦੇ ਯੋਗ ਬਣਾਉਣਾ ਹੈ। ਅਜੋਕਾ ਸਮਾਂ ਡਿਗਰੀਆਂ ਦਾ ਨਹੀਂ ਕਾਬਲੀਅਤ ਦੀ ਮੰਗ ਕਰਦਾ ਹੈ। ਅਜੋਕੀ ਸਿੱਖਿਆ ਪ੍ਰੈਕਟੀਕਲ ਆਧਾਰਿਤ ਹੋ ਗਈ ਹੈ। ਅੱਜ ਜਿਸ ਕੋਲ ਵੋਕੇਸ਼ਨਲ ਸਿੱਖਿਆ ਭਾਵ ਹੱਥਲੀ ਸਿੱਖਿਆ ਹੈ, ਉਹ ਡਿਗਰੀ ਹੋਲਡਰ ਦੇ ਮੁਕਾਬਲੇ ਜ਼ਿਆਦਾ ਸਫਲ ਹੈ। ਪਿਛਲੇ ਦਿਨੀਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਇਕ ਮੈਸੇਜ ਵਾਇਰਲ ਹੁੰਦਾ ਹੈ, ਜਿਸ ਵਿਚ ਆਉਣ ਵਾਲੇ ਸਮੇਂ ’ਚ ਡਿਗਰੀ ਡਰੇਨ ਅਤੇ ਵੋਕੇਸ਼ਨਲ ਸਿੱਖਿਆ ਦੀ ਮਹੱਤਤਾ ਨੂੰ ਦਰਸਾਇਆ ਜਾਂਦਾ ਹੈ, ਜਿਸ ਨੂੰ ਲੱਖਾਂ ਯੂਜ਼ਰਜ਼ ਵੱਲੋਂ ਸ਼ੇਅਰ ਕੀਤਾ ਗਿਆ। ਇਸ ਮੈਸੇਜ ਕਿੱਤਾਮੁੱਖੀ ਕੋਰਸਾਂ ਨੂੰ ਤਵੱਜੋ ਦਿੰਦਾ। ਅੱਜ ਦਾ ਦੌਰ ਮੁਕਾਬਲੇਬਾਜ਼ੀ ਦਾ ਹੈ, ਜਿੱਥੇ ਸਿਰਫ਼ ਡਿਗਰੀ ਨਾਲ ਨੌਕਰੀ ਮਿਲਣਾ ਮੁਸ਼ਕਲ ਹੋ ਗਿਆ ਹੈ। ਇਸ ਲਈ ਅਜਿਹੀ ਸਿੱਖਿਆ ਦੀ ਲੋੜ ਹੈ, ਜੋ ਸਾਡੇ ਬੱਚਿਆਂ ਨੂੰ ਕੰਮ ਕਰਨ ਦੀ ਕਲਾ ਸਿਖਾਵੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਮੁਖੀ ਬਣਾਵੇ। ਇਸ ਪੱਖੋਂ ਵੋਕੇਸ਼ਨਲ ਸਿੱਖਿਆ ਦੀ ਮਹੱਤਤਾ ਕਾਫ਼ੀ ਵੱਧ ਗਈ ਹੈ।
ਰੁਜ਼ਗਾਰ ਦੇ ਬਣਾਉਂਦੀ ਯੋਗ
ਕਿੱਤਾਮੁੱਖੀ ਸਿੱਖਿਆ ਖ਼ਾਸ ਹੁਨਰ ਜਾਂ ਪੇਸ਼ੇ ਵਿਚ ਕਾਬਲੀਅਤ ਪ੍ਰਦਾਨ ਕਰ ਕੇ ਬੱਚੇ ਨੂੰ ਰੁਜ਼ਗਾਰ ਦੇ ਯੋਗ ਬਣਾਉਂਦੀ ਹੈ। ਇਸ ਦਾ ਮੁੱਖ ਮਕਸਦ ਕਿਤਾਬੀ ਗਿਆਨ ਦੇ ਨਾਲ-ਨਾਲ ਪ੍ਰਯੋਗੀ ਗਿਆਨ ਦੇ ਕੇ ਹੁਨਰਾਂ ਦਾ ਵਿਕਾਸ ਕਰਨਾ ਹੁੰਦਾ ਹੈ। ਇਸ ਸਿੱਖਿਆ ਪ੍ਰਣਾਲੀ ਵਿਚ ਤਕਨੀਕੀ ਕੰਮ, ਮਕੈਨਿਕ ਕਾਰੀਗਰੀ, ਇਲੈਕਟ੍ਰੀਸ਼ਨ, ਕੰਪਿਊਟਰ, ਖੇਤੀਬਾੜੀ, ਸਿਹਤ ਸੇਵਾਵਾਂ, ਪਲੰਬਰ, ਟੇਲਰਰਿੰਗ, ਆਟੋ ਮੋਬਾਈਲ, ਹੋਟਲ ਮੈਨੇਜਮੈਂਟ ਆਦਿ ਸ਼ਾਮਿਲ ਹੁੰਦਾ ਹੈ। ਇਹ ਸਿੱਖਿਆ ਕੀ ਹੈ ਦੀ ਥਾਂ ਕਿਵੇਂ ਕਰੀਏ ਨੂੰ ਉਤਸ਼ਾਹਿਤ ਕਰਦੀ ਹੈ।
ਊੱਭਰ ਰਹੇ ਹਨ ਨਵੇਂ ਖੇਤਰ
ਅੱਜ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿਚ ਬੇਰੁਜ਼ਗਾਰੀ ਗੰਭੀਰ ਸਮੱਸਿਆ ਹੈ। ਹਰ ਸਾਲ ਲੱਖਾਂ ਬੱਚੇ ਉਚੇਰੀ ਪੜ੍ਹਾਈ ਕਰਨ ਦੇ ਬਾਵਜੂਦ ਨੌਕਰੀਆਂ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਪਿੱਛੇ ਮੁੱਖ ਕਾਰਨ ਸਾਡਾ ਵਿੱਦਿਅਕ ਢਾਂਚਾ ਰੁਜ਼ਗਾਰ ਕੇਂਦਰਿਤ ਦੀ ਥਾਂ ਸਿਧਾਂਤਕ ਤੇ ਕਿਤਾਬੀ ਹੈ। ਬੱਚੇ ਕਿਤਾਬੀ ਗਿਆਨ ਤਾਂ ਹਾਸਿਲ ਕਰ ਲੈਂਦੇ ਹਨ ਪਰ ਉਨ੍ਹਾਂ ਕੋਲ ਅਜਿਹਾ ਹੁਨਰ ਨਹੀਂ ਹੁੰਦਾ, ਜੋ ਸਮੇਂ ਦੀ ਮੰਗ ਮੁਤਾਬਿਕ ਹੋਵੇ। ਅਜੋਕੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਯੁੱਗ ਵਿਚ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਵਿਚ ਕਿੱਤਾਮੁੱਖੀ ਸਿੱਖਿਆ ਪੂਰੀ ਤਰ੍ਹਾਂ ਯੋਗ ਹੈ। ਆਧੁਨਿਕ ਸਮੇਂ ਵਿਚ ਕਿੱਤਾਮੁਖੀ (ਵੋਕੇਸ਼ਨਲ) ਸਿੱਖਿਆ ਸਮੇਂ ਦੀ ਲੋੜ ਬਣ ਕੇ ਉੱਭਰੀ ਹੈ। ਵੋਕੇਸ਼ਨਲ ਸਿੱਖਿਆ ਰੁਜ਼ਗਾਰ ’ਚ ਆਈ ਖੜੋਤ ਨੂੰ ਭਰਨ ਵਿਚ ਸਮਰੱਥ ਹੈ। ਅੱਜ ਦੇ ਡਿਜੀਟਲ ਯੁੱਗ ’ਚ ਨਵੇਂ ਖੇਤਰ ਆਈਟੀ, ਰੋਬੋਟਿਕਸ, ਆਰਟੀਫ਼ੀਸ਼ੀਅਲ ਇੰਟੈਲੀਜੈਂਸ, ਡਿਜੀਟਲ ਮਾਰਕੀਟਿੰਗ ਆਦਿ ਉੱਭਰ ਰਹੇ ਹਨ। ਇਨ੍ਹਾਂ ਖੇਤਰਾਂ ਲਈ ਖ਼ਾਸ ਤਕਨੀਕੀ ਹੁਨਰਾਂ ਦੀ ਲੋੜ ਹੈ, ਜਿਸ ਦੀ ਪੂਰਤੀ ਕਿੱਤਾਮੁਖੀ ਸਿੱਖਿਆ ਕਰਨ ਵਿਚ ਸਮਰੱਥ ਹੈ।
ਕੋਰਸ
ਕੇਂਦਰ ਤੇ ਸੂਬਾ ਪੱਧਰ ਉੱਤੇ ਸਰਕਾਰਾਂ ਵੱਲੋਂ ਬਹੁਤ ਸਾਰੇ ਕਿੱਤਾਮੁਖੀ ਕੋਰਸ ਸ਼ੁਰੂ ਕੀਤੇ ਗਏ ਹਨ, ਜੋ ਬੱਚਿਆਂ ਨੂੰ ਹੁਨਰਮੰਦ ਬਣਾਉਣ ’ਚ ਪੂਰੀ ਤਰ੍ਹਾਂ ਯੋਗ ਹਨ। ਇੰਜੀਨੀਅਰਿੰਗ ਟਰੇਡ ਵਿਚ ਇਲੈਕਟ੍ਰੀਸ਼ਨ, ਫਿਟਰ, ਵੈਲਡਰ, ਪਲੰਬਰ, ਮੈਕੇਨਿਕ ਡੀਜ਼ਲ/ਮੋਟਰ, ਡਰਾਫਟਸਮੈਨ, ਸਰਵੇਅਰ ਆਦਿ।
ਸਕਿੱਲ ਡਿਵੈਲਪਮੇਂਟ ਕੋਰਸ : ਹੌਸਪੀਟੈਲਿਟੀ ਤੇ ਟੂਰਿਜ਼ਮ, ਬਿਊਟੀ ਕੇਅਰ, ਸਟੈਨੋ/ਟਾਈਪਿੰਗ, ਅੰਗਰੇਜ਼ੀ ਸਪੀਕਿੰਗ, ਮਹਿੰਦੀ ਡਿਜ਼ਾਈਨਿੰਗ, ਬੇਕਿੰਗ, ਯੋਗਾ, ਮਿਊਜ਼ਿਕ।
ਕੰਪਿਊਟਰ ਜਗਤ ਨਾਲ ਸਬੰਧਿਤ ਕੋਰਸ : ਕੰਪਿਊਟਰ ਓਪਰੇਟਰ ਤੇ ਪ੍ਰੋਗਰਾਮਿੰਗ ਸਹਾਇਕ, ਇਲੈਕਟ੍ਰਾਨਿਕਸ ਸਿਸਟਮ ਮੈਂਟੀਨੈਂਸ ਆਦਿ।
ਇਹ ਕੋਰਸ ਡਿਪਲੋਮਾਂ ਤੇ ਡਿਗਰੀਆਂ ਦੇ ਰੂਪ ਆਈਟੀਆਈ/ਉੱਚ ਸੰਸਥਾਵਾਂ ਵੱਲੋਂ ਕਰਵਾਏ ਜਾਂਦੇ ਹਨ। ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਨੈਸ਼ਨਲ ਸਕਿੱਲ ਟ੍ਰੇਨਿੰਗ ਇੰਸਟੀਟਿਊਟ, ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ, ਇੰਡਸਟ੍ਰੀਅਲ ਟ੍ਰੇਨਿੰਗ ਇੰਸਟੀਟਿਊਟ, ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤੇ ਸਰਕਾਰੀ ਸਕੂਲਾਂ ਰਾਹੀਂ ਬੱਚਿਆਂ ਨੂੰ ਕਿੱਤਾਮੁਖੀ ਸਿੱਖਿਆ ਮੁਹੱਈਆਂ ਕਰਵਾਈ ਜਾ ਰਹੀ ਹੈ।
ਰੁਜ਼ਗਾਰ ਲਈ ਕੀਤਾ ਜਾ ਸਕਦਾ ਤਿਆਰ
ਭਾਰਤ ਵਰਗੇ ਵਿਸ਼ਾਲ ਆਬਾਦੀ ਵਾਲੇ ਦੇਸ਼ ਵਿਚ ਬੱਚਿਆਂ ਨੂੰ ਕਿੱਤਾਮੁਖੀ ਸਿੱਖਿਆ ਪ੍ਰਦਾਨ ਕਰ ਕੇ ਉਨ੍ਹਾਂ ਨੂੰ ਰੁਜ਼ਗਾਰ ਲਈ ਤਿਆਰ ਕੀਤਾ ਜਾ ਸਕਦਾ ਹੈ। ਜੇ ਸਕੂਲ ਪੱਧਰ ਤੋਂ ਹੀ ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਾਮੁਖੀ ਕੋਰਸਾਂ ਬਾਰੇ ਜਾਣੂ ਕਰਵਾਇਆ ਜਾਵੇ, ਤਾਂ ਉਹ ਆਪਣੀ ਰੁਚੀ ਤੇ ਯੋਗਤਾ ਅਨੁਸਾਰ ਕੋਰਸ ਚੁਣ ਸਕਦੇ ਹਨ। ਹੁਨਰਮੰਦ ਨੌਜਵਾਨ ਉਦਯੋਗਾਂ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਜਦੋਂ ਉਹ ਤਕਨੀਕੀ ਤੌਰ ’ਤੇ ਟਰੇਂਡ ਹੋਣਗੇ, ਤਾਂ ਉਤਪਾਦਨ ਵਿਚ ਵਾਧਾ ਹੋਵੇਗਾ, ਨਵੀਆਂ ਉਦਯੋਗਿਕ ਇਕਾਈਆਂ ਸਥਾਪਿਤ ਹੋਣਗੀਆਂ, ਜਿਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਇਸ ਨਾਲ ਜਿੱਥੇ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਵੇਗੀ, ਗ਼ਰੀਬੀ ਵੀ ਘਟੇਗੀ।
ਕੋਰਸਾਂ ਦੇ ਲਾਭ
ਕਿੱਤਾਮੁਖੀ ਕੋਰਸਾਂ ਦੇ ਮਾਧਿਅਮ ਰਾਹੀਂ ਸਵੈ-ਰੁਜ਼ਗਾਰ ਦੇ ਮੌਕੇ ਮਿਲਦੇ ਹਨ। ਵੱਖ-ਵੱਖ ਕੋਰਸ ਬੱਚਿਆਂ ਨੂੰ ਆਪਣਾ ਕਾਰੋਬਾਰ ਕਰਨ ਲਈ ਪ੍ਰੇਰਦੇ ਹਨ। ਇਹ ਰਵਾਇਤੀ ਪੜ੍ਹਾਈ ਦੀ ਥਾਂ ਘੱਟ ਸਮੇਂ ਵਿਚ ਬੱਚਿਆਂ ਨੂੰ ਹੁਨਰਮੰਦ ਬਣਾ ਕੇ ਆਮਦਨ ਦੇ ਸਾਧਨ ਪੈਦਾ ਕਰਦੇ ਹਨ। ਇਹ ਸਿੱਖਿਆ ਬੱਚਿਆਂ ਨੂੰ ਆਰਥਿਕ ਤੌਰ ’ਤੇ ਸਵੈ-ਨਿਰਭਰ ਬਣਾਉਂਦੀ ਹੈ ਤੇ ਪਰਿਵਾਰ ’ਤੇ ਆਰਥਿਕ ਬੋਝ ਘਟਾਉਂਦੀ ਹੈ। ਵੋਕੇਸ਼ਨਲ ਸਿੱਖਿਆ ਉਦਯੋਗਿਕ ਅਤੇ ਮਾਰਕੀਟ ਦੇ ਮੰਗਾਂ ਦੇ ਅਨੁਸਾਰ ਹੁੰਦੀ ਹੈ, ਇਹ ਸਕਿੱਲ ਤੇ ਨੌਕਰੀ ਵਿਚਕਾਰ ਆਏ ਖੜੋਤ ਨੂੰ ਖ਼ਤਮ ਕਰਦੀ ਹੈ। ਜਿਨ੍ਹਾਂ ਵਿਦਿਆਰਥੀਆਂ ਨੂੰ ਰਵਾਇਤੀ ਪੜ੍ਹਾਈ ਔਖੀ ਲੱਗਦੀ ਹੈ, ਉਹ ਵੋਕੇਸ਼ਨਲ ਸਿੱਖਿਆ ਰਾਹੀਂ ਰੁਚੀ ਅਨੁਸਾਰ ਪੜ੍ਹਾਈ ਕਰ ਸਕਦੇ ਹਨ। ਹੁਨਰ ਆਧਾਰਿਤ ਸਿੱਖਿਆ, ਕਾਬਲੀਅਤ ਸਾਬਿਤ ਕਰਨ ਤੇ ਆਤਮ-ਵਿਸ਼ਵਾਸ ਵਿਚ ਵਾਧਾ ਕਰਦੀ ਹੈ। ਹੁਨਰਮੰਦ ਨੌਜਵਾਨ ਦੇਸ਼ ਦੀ ਉਤਪਾਦਕਤਾ ਵਧਾਉਂਦੇ ਹਨ, ਬੇਰੁਜ਼ਗਾਰੀ ਘਟਦੀ ਹੈ ਤੇ ਦੇਸ਼ ਦੀ ਅਰਥ-ਵਿਵਸਥਾ ਮਜ਼ਬੂਤ ਹੁੰਦੀ ਹੈ।
ਆਖ਼ਰ ਇਹ ਕਹਿਣਾ ਠੀਕ ਹੋਵੇਗਾ ਕਿ ਕਿੱਤਾਮੁਖੀ ਸਿੱਖਿਆ ਅਸਲ ਵਿਚ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਇਹ ਨਾ ਸਿਰਫ਼ ਬੱਚਿਆਂ ਨੂੰ ਹੁਨਮੰਦ ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰੇਗੀ ਸਗੋਂ ਉਨ੍ਹਾਂ ਨੂੰ ਆਤਮ-ਨਿਰਭਰ, ਆਤਮ-ਵਿਸ਼ਵਾਸੀ ਤੇ ਸਮਾਜ ਲਈ ਉਪਯੋਗੀ ਨਾਗਰਿਕ ਬਣਾਉਂਦੀ ਹੈ। ਦੇਸ਼ ਦੀ ਤਰੱਕੀ, ਬੇਰੁਜ਼ਗਾਰੀ ਦੇ ਖ਼ਾਤਮੇ ਅਤੇ ਸਮਾਜਿਕ ਸੰਤੁਲਨ ਲਈ ਕਿੱਤਾਮੁਖੀ ਸਿੱਖਿਆ ਨੂੰ ਵਿਆਪਕ ਰੂਪ ਵਿਚ ਅਪਣਾਉਣਾ ਬਹੁਤ ਜ਼ਰੂਰੀ ਹੈ। ਸੰਖੇਪ ਰੂਪ ’ਚ ਕਿੱਤਾਮੁੱਖੀ ਸਿੱਖਿਆ ਸਮੇਂ ਦੀ ਮੰਗ ਹੈ।
- ਰਾਜ ਕੁਮਾਰ ਖੰਨਾ