8ਵੀਂ, 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸਿਰਫ਼ ਕਾਗਜ਼ੀ ਟੈਸਟ ਨਹੀਂ ਹਨ ਸਗੋਂ ਇਹ ਤੁਹਾਡੇ ਸੁਪਨਿਆਂ ਦੀ ਬੁਨਿਆਦ ਹਨ। ਅਕਸਰ ਵਿਦਿਆਰਥੀ ਇਸ ਸਮੇਂ ਨੂੰ ਦਬਾਅ ਤੇ ਘਬਰਾਹਟ ’ਚ ਗੁਜ਼ਾਰਦੇ ਹਨ ਪਰ ਯਾਦ ਰੱਖੋ ਕਿ ਇਮਤਿਹਾਨ ਕੋਈ ਜੰਗ ਨਹੀਂ ਸਗੋਂ ਤੁਹਾਡੀ ਮਿਹਨਤ ਦਾ ਜਸ਼ਨ ਹੈ। ਹਰ ਅੰਕ ਤੁਹਾਡੇ ਸੁਪਨਿਆਂ ਦੇ ਕਾਲਜ, ਸਕਾਲਰਸ਼ਿਪ ਤੇ ਕਰੀਅਰ ਦੇ ਰਾਹ ਖੋਲ੍ਹਦਾ ਹੈ।

8ਵੀਂ, 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਸਿਰਫ਼ ਕਾਗਜ਼ੀ ਟੈਸਟ ਨਹੀਂ ਹਨ ਸਗੋਂ ਇਹ ਤੁਹਾਡੇ ਸੁਪਨਿਆਂ ਦੀ ਬੁਨਿਆਦ ਹਨ। ਅਕਸਰ ਵਿਦਿਆਰਥੀ ਇਸ ਸਮੇਂ ਨੂੰ ਦਬਾਅ ਤੇ ਘਬਰਾਹਟ ’ਚ ਗੁਜ਼ਾਰਦੇ ਹਨ ਪਰ ਯਾਦ ਰੱਖੋ ਕਿ ਇਮਤਿਹਾਨ ਕੋਈ ਜੰਗ ਨਹੀਂ ਸਗੋਂ ਤੁਹਾਡੀ ਮਿਹਨਤ ਦਾ ਜਸ਼ਨ ਹੈ। ਹਰ ਅੰਕ ਤੁਹਾਡੇ ਸੁਪਨਿਆਂ ਦੇ ਕਾਲਜ, ਸਕਾਲਰਸ਼ਿਪ ਤੇ ਕਰੀਅਰ ਦੇ ਰਾਹ ਖੋਲ੍ਹਦਾ ਹੈ। ਆਓ ਸਿੱਖੀਏ ਕਿ ਕਿਵੇਂ ਸਮਾਰਟ ਵਰਕ ਤੇ ਇਮਾਨਦਾਰੀ ਨਾਲ ਅਸੀਂ ਇਸ ਪੜਾਅ ਨੂੰ ਫ਼ਤਿਹ ਕਰ ਸਕਦੇ ਹਾਂ।
ਸਿਲੇਬਸ ਨੂੰ ਸਮਝੋ
ਪੂਰੇ ਸਿਲੇਬਸ ਦੀ ਲਿਸਟ ਬਣਾ ਕੇ ਔਖੇ ਤੇ ਸੌਖੇ ਵਿਸ਼ਿਆਂ ਨੂੰ ਵੱਖ ਕਰੋ। ਹਰ ਦਿਨ ਲਈ ਇਕ ਛੋਟਾ ਟੀਚਾ ਮਿੱਥੋ। ਜਦੋਂ ਤੁਸੀਂ ਟੀਚਾ ਪੂਰਾ ਕਰਦੇ ਹੋ, ਤਾਂ ਆਤਮ-ਵਿਸ਼ਵਾਸ ਵਧਦਾ ਹੈ।
ਸਮਾਰਟ ਸਟੱਡੀ
ਵਿਜ਼ੂਅਲ ਲਰਨਿੰਗ, ਡਾਇਗ੍ਰਾਮ, ਫਲੋਅ ਚਾਰਟ ਅਤੇ ਮਾਈਂਡ ਮੈਪਸ ਦੀ ਵਰਤੋਂ ਕਰੋ। ਚਿੱਤਰਾਂ ਰਾਹੀਂ ਪੜ੍ਹਿਆ ਹੋਇਆ ਲੰਬੇ ਸਮੇਂ ਤਕ ਯਾਦ ਰਹਿੰਦਾ ਹੈ। ਲਿਖ ਕੇ ਅਭਿਆਸ ਕਰਨ ਨਾਲ ਨਾ ਸਿਰਫ਼ ਯਾਦਦਾਸ਼ਤ ਤੇਜ਼ ਹੁੰਦੀ ਹੈ ਸਗੋਂ ਪੇਪਰ ਦੌਰਾਨ ਤੁਹਾਡੀ ਲਿਖਣ ਦੀ ਰਫ਼ਤਾਰ ਵੀ ਵਧਦੀ ਹੈ।
ਸਫਲਤਾ ਦਾ ਅਸਲੀ ਮੰਤਰ ਦੁਹਰਾਈ
ਸਫਲਤਾ ਦਾ ਅਸਲੀ ਮੰਤਰ ਹੈ। ਪੜ੍ਹਨਾ ਬੀਜ ਬੀਜਣ ਵਾਂਗ ਹੈ ਪਰ ਦੁਹਰਾਈ ਉਸ ਫ਼ਸਲ ਨੂੰ ਪਾਲਣ ਵਾਂਗ ਹੈ। ਪੁਰਾਣੇ ਸਾਲਾਂ ਦੇ ਪ੍ਰਸ਼ਨ ਪੱਤਰ ਹੱਲ ਕਰੋ। ਹਫ਼ਤੇ ’ਚ ਇਕ ਦਿਨ ਸਿਰਫ਼ ਦੁਹਰਾਈ ਲਈ ਰਾਖਵਾਂ ਰੱਖੋ।
ਡਿਜੀਟਲ ਡਿਟਾਕਸ
ਪੜ੍ਹਾਈ ਦੌਰਾਨ ਸੋਸ਼ਲ ਮੀਡੀਆ ਤੇ ਮੋਬਾਈਲ ਤੋਂ ਦੂਰੀ ਬਣਾਓ। ਥੱਕਿਆ ਹੋਇਆ ਦਿਮਾਗ਼ ਕਦੇ ਵੀ ਵਧੀਆ ਆਊਟਪੁੱਟ ਨਹੀਂ ਦੇ ਸਕਦਾ।
ਜੇ ਘਬਰਾਹਟ ਹੋਵੇ ਤਾਂ ਇਹ ਤਰੀਕੇ ਅਪਣਾਓ :
- ਲੰਬੇ ਸਾਹ ਲਓ : ਇਹ ਤਣਾਅ ਨੂੰ ਤੁਰੰਤ ਘਟਾਉਂਦਾ ਹੈ।
ਹਾਂ-ਪੱਖੀ ਸੋਚੋ : ਖ਼ੁਦ ਨੂੰ ਕਹੋ, ‘ਮੈਂ ਤਿਆਰ ਹਾਂ ਅਤੇ ਮੈਂ ਇਹ ਕਰ ਸਕਦਾ ਹਾਂ।’
- ਨਕਲ ਕਰ ਕੇ ਆਪਣੀ ਕਾਬਲੀਅਤ ਦਾ ਕਤਲ ਨਾ ਕਰੋ। ਕੁਝ ਵਿਦਿਆਰਥੀ ਸ਼ਾਰਟਕੱਟ ਲੱਭਦੇ ਹਨ ਪਰ ਨਕਲ ਕਰਨ ਦੇ ਨੁਕਸਾਨ ਬਹੁਤ ਡੂੰਘੇ ਹਨ :
ਗਿਆਨ ਦੀ ਕਮੀ : ਨਕਲ ਨਾਲ ਡਿਗਰੀ ਮਿਲ ਸਕਦੀ ਹੈ ਪਰ ਕਾਬਲੀਅਤ ਨਹੀਂ। ਅੱਗੇ ਜਾ ਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ’ਚ ਮੁਸ਼ਕਲ ਆਵੇਗੀ।
ਚਰਿੱਤਰ ਦਾ ਨੁਕਸਾਨ: ਇਮਤਿਹਾਨ ਸਿਰਫ਼ ਵਿਸ਼ੇ ਦਾ ਨਹੀਂ, ਤੁਹਾਡੀ ਇਮਾਨਦਾਰੀ ਦਾ ਵੀ ਟੈਸਟ ਹੈ।
ਆਤਮ-ਵਿਸ਼ਵਾਸ ਦੀ ਹੱਤਿਆ : ਮਿਹਨਤ ਨਾਲ ਲਏ 50 ਅੰਕ, ਨਕਲ ਨਾਲ ਲਏ 90 ਅੰਕਾਂ ਨਾਲੋਂ ਕਿਤੇ ਵੱਧ ਸਕੂਨ ਦਿੰਦੇ ਹਨ।
ਪੇਪਰ ਵਾਲੇ ਦਿਨ ਲਈ ਗੋਲਡਨ ਰੂਲਜ਼
ਸਮਾਂ - ਕੀ ਕਰਨਾ ਹੈ?
ਪਹਿਲੇ 15 ਮਿੰਟ - ਪ੍ਰਸ਼ਨ ਪੱਤਰ ਨੂੰ ਧਿਆਨ ਨਾਲ ਪੜ੍ਹੋ ਅਤੇ ਸੌਖੇ ਸਵਾਲਾਂ ’ਤੇ ਨਿਸ਼ਾਨ ਲਗਾਓ।
ਪੇਪਰ ਦੌਰਾਨ - ਸੁੰਦਰ ਲਿਖਾਈ ’ਚ ਲਿਖੋ, ਅਹਿਮ ਪੁਆਂਇੰਟਸ ਨੂੰ ਹਾਈਲਾਈਟ ਕਰੋ।
ਆਖ਼ਰੀ 10 ਮਿੰਟ - ਆਪਣੀਆਂ ਗ਼ਲਤੀਆਂ ਚੈੱਕ ਕਰਨ ਲਈ ਸਮਾਂ ਬਚਾਓ।
ਮਨੋਵਿਗਿਆਨਕ ਕਾਰਨਾਂ ਨੂੰ ਸਮਝੀਏ
ਪ੍ਰੀਖਿਆ ਦੇ ਤਣਾਅ ਨੂੰ ਪੂਰੀ ਤਰ੍ਹਾਂ ਸਮਾਪਤ ਕਰਨਾ ਸੰਭਵ ਨਹੀਂ ਪਰ ਉਸ ਨੂੰ ਸੰਤੁਲਿਤ ਜ਼ਰੂਰ ਕੀਤਾ ਜਾ ਸਕਦਾ ਹੈ। ਭਾਰਤੀ ਪਰਿਪੇਖ ’ਚ ਪ੍ਰੀਖਿਆਵਾਂ ਨੂੰ ਕੇਵਲ ਅਕਾਦਮਿਕ ਮੁਲਾਂਕਣ ਨਹੀਂ ਸਗੋਂ ਸਮਾਜਿਕ ਪ੍ਰਤਿਸ਼ਠਾ ਦਾ ਪ੍ਰਤੀਕ ਮੰਨ ਲਿਆ ਗਿਆ ਹੈ। ਇਹੀ ਕਾਰਨ ਹੈ ਕਿ ਪ੍ਰੀਖਿਆ ਦਾ ਸਮਾਂ ਆਉਂਦਿਆਂ ਹੀ ਅਨੇਕਾਂ ਵਿਦਿਆਰਥੀ ਤਣਾਅ, ਚਿੰਤਾ ਅਤੇ ਡਰ ਨਾਲ ਘਿਰ ਜਾਂਦੇ ਹਨ। ਉਨ੍ਹਾਂ ਨੂੰ ਇਹ ਦੌਰ ਕਿਸੇ ਮਾਨਸਿਕ ਯੁੱਧ ਵਾਂਗ ਜਾਪਦਾ ਹੈ। ਸੱਚ ਤਾਂ ਇਹ ਹੈ ਕਿ ਇਹ ਡਰ ਕੇਵਲ ਪ੍ਰਸ਼ਨ ਪੱਤਰ ਦਾ ਨਹੀਂ ਹੁੰਦਾ ਸਗੋਂ ਉਸ ਨਾਲ ਜੁੜੀਆਂ ਉਮੀਦਾਂ, ਤੁਲਨਾ ਤੇ ਭਵਿੱਖ ਦੀਆਂ ਚਿੰਤਾਵਾਂ ਦਾ ਹੁੰਦਾ ਹੈ, ਇਸ ਲਈ ਜ਼ਰੂਰੀ ਹੈ ਕਿ ਅਸੀਂ ਇਸ ਤਣਾਅ ਦੇ ਸਮਾਜਿਕ ਤੇ ਮਨੋਵਿਗਿਆਨਕ ਕਾਰਨਾਂ ਨੂੰ ਸਮਝੀਏ ਅਤੇ ਹੱਲ ਵੱਲ ਵਧੀਏ।
ਵਿਦਿਆਰਥੀਆਂ ’ਚ ਪ੍ਰੀਖਿਆ ਡਰ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਤੁਲਨਾ ਦੀ ਸੰਸਕ੍ਰਿਤੀ ਹੈ। ਅਕਸਰ ਬੱਚਿਆਂ ਦੀ ਤੁਲਨਾ ਆਂਢੀ-ਗੁਆਂਢੀ ਜਾਂ ਰਿਸ਼ਤੇਦਾਰਾਂ ਦੇ ਵੱਧ ਅੰਕ ਲਿਆਉਣ ਵਾਲੇ ਬੱਚਿਆਂ ਨਾਲ ਕੀਤੀ ਜਾਂਦੀ ਹੈ, ਜਿਸ ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਕਮਜ਼ੋਰ ਪੈ ਜਾਂਦਾ ਹੈ। ਹਰ ਫੁੱਲ ਦੇ ਖਿੜਨ ਦਾ ਸਮਾਂ ਵੱਖਰਾ ਹੁੰਦਾ ਹੈ। ਸੀਮਤ ਮੌਕੇ ਅਤੇ ਵੱਧਦੇ ਮੁਕਾਬਲੇ ਵੀ ਤਣਾਅ ਨੂੰ ਕਈ ਗੁਣਾਂ ਹੋਰ ਵਧਾ ਦਿੰਦੇ ਹਨ। ਸਾਡੀ ਸਿੱਖਿਆ ਪ੍ਰਣਾਲੀ ’ਚ ਅੰਕਾਂ ’ਤੇ ਵਧੇਰੇ ਜ਼ੋਰ ਵੀ ਦਬਾਅ ਨੂੰ ਵਧਾਉਂਦਾ ਹੈ। ਨਤੀਜਤਨ ਸਿੱਖਣ ਦੀ ਪ੍ਰਕਿਰਿਆ ਆਨੰਦਮਈ ਹੋਣ ਦੀ ਬਜਾਏ ਅੰਕ ਪ੍ਰਾਪਤੀ ਦੀ ਦੌੜ ਬਣ ਜਾਂਦੀ ਹੈ। ਇਸ ਦੇ ਨਾਲ ਹੀ ਮਾਪਿਆਂ ਦੀਆਂ ਉਮੀਦਾਂ ਬੱਚਿਆਂ ਦੇ ਮਨ ’ਤੇ ਵਧੇਰੇ ਬੋਝ ਪਾਉਂਦੀਆਂ ਹਨ। ਜਦੋਂ ਵਿਦਿਆਰਥੀ, ਮਾਪੇ ਅਤੇ ਸਮਾਜ ਮਿਲ ਕੇ ਪ੍ਰੀਖਿਆ ਨੂੰ ਕੇਵਲ ਇਕ ਮੁਲਾਂਕਣ ਪ੍ਰਕਿਰਿਆ ਮੰਨਣਗੇ ਤਾਂ ਡਰ ਘਟੇਗਾ। ਸਹੀ ਦ੍ਰਿਸ਼ਟੀਕੋਣ ਤੇ ਸੰਤੁਲਿਤ ਤਿਆਰੀ ਨਾਲ ਪ੍ਰੀਖਿਆ ਫੋਬੀਆ ਨੂੰ ਸੱਚਮੁੱਚ ਅਲਵਿਦਾ ਕਿਹਾ ਜਾ ਸਕਦਾ ਹੈ।
ਵਿਗਿਆਨ ਲਈ ਖ਼ਾਸ ਟਿਪਸ
ਵਿਗਿਆਨ ਨੂੰ ਸਿਰਫ਼ ਰਟੋ ਨਾ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਖ਼ਾਸ ਕਰਕੇ ਜੀਵ ਵਿਗਿਆਨ ਵਿਚ ਚਿੱਤਰ ਬਹੁਤ ਮਹੱਤਵਪੂਰਨ ਹੁੰਦੇ ਹਨ।
- ਡਾਇਗ੍ਰਾਮ ਦੀ ਮਹੱਤਤਾ: ਪੇਪਰ ’ਚ ਸਾਫ਼-ਸੁਥਰਾ ਚਿੱਤਰ ਬਣਾਉਣ ਨਾਲ ਅੰਕ ਵਧਦੇ ਹਨ।
- ਨੋਟਸ : ਹਰ ਚੈਪਟਰ ਦੇ ਮੁੱਖ ਬਿੰਦੂ (ਕੀ-ਪੁਆਂਇੰਟਸ) ਇਕ ਵੱਖਰੀ ਕਾਪੀ ’ਤੇ ਲਿਖੋ।
ਗਣਿਤ ਲਈ ਖ਼ਾਸ ਟਿਪਸ
ਗਣਿਤ ਸਿਰਫ਼ ਅਭਿਆਸ ਮੰਗਦਾ ਹੈ। ਜਿੰਨੇ ਜ਼ਿਆਦਾ ਸਵਾਲ ਹੱਲ ਕਰੋਗੇ, ਓਨਾ ਹੀ ਡਰ ਘਟੇਗਾ।
- ਫਾਰਮੂਲਾ ਚਾਰਟ: ਸਾਰੇ ਮਹੱਤਵਪੂਰਨ ਫਾਰਮੂਲੇ ਚਾਰਟ ’ਤੇ ਲਿਖ ਕੇ ਆਪਣੇ ਕਮਰੇ ਵਿਚ ਲਗਾਓ।
- ਪੜਾਅਵਾਰ ਹੱਲ : ਹਮੇਸ਼ਾ ਸਵਾਲ ਨੂੰ ਸਟੈੱਪ-ਬਾਏ-ਸਟੈੱਪ ਹੱਲ ਕਰੋ ਕਿਉਂਕਿ ਬੋਰਡ ਪ੍ਰੀਖਿਆਵਾਂ ’ਚ ਹਰ ਸਟੈੱਪ ਦੇ ਨੰਬਰ ਹੁੰਦੇ ਹਨ।
ਮਿਹਨਤ ਨੂੰ ਬਣਾਓ ਹਥਿਆਰ
ਪਿਆਰੇ ਵਿਦਿਆਰਥੀਓ, ਯਾਦ ਰੱਖੋ ਕਿ ਰਿਜ਼ਲਟ ਸ਼ੀਟ ਤੁਹਾਡੀ ਪੂਰੀ ਜ਼ਿੰਦਗੀ ਜਾਂ ਤੁਹਾਡੀ ਕੀਮਤ ਤੈਅ ਨਹੀਂ ਕਰ ਸਕਦੀ। ਤੁਸੀਂ ਆਉਣ ਵਾਲੇ ਸਮੇਂ ਦੇ ਲੀਡਰ, ਵਿਗਿਆਨੀ ਤੇ ਕਲਾਕਾਰ ਹੋ। ਇਮਤਿਹਾਨ ਨੂੰ ਮੌਕੇ ਵਜੋਂ ਦੇਖੋ, ਬੋਝ ਵਜੋਂ ਨਹੀਂ। ਮਿਹਨਤ ਨੂੰ ਆਪਣਾ ਹਥਿਆਰ ਬਣਾਓ, ਸਫਲਤਾ ਆਪਣੇ ਆਪ ਤੁਹਾਡੇ ਕਦਮ ਚੁੰਮੇਗੀ।
- ਪ੍ਰਿੰ. ਮਨਿੰਦਰ ਕੌਰ