Ludhiana News : SCERT ਨੇ ਵਿਦਿਆਰਥੀਆਂ ਨੂੰ ਰਜਿਸਟਰੇਸ਼ਨ ਫਾਰਮ 'ਚ ਸੋਧ ਕਰਨ ਦਾ ਦਿੱਤਾ ਮੌਕਾ, ਇਸ ਤਰੀਕ ਤੱਕ ਦਰੁਸਤ ਕਰ ਸਕਦੇ ਹੋ ਫਾਰਮ
ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਨੂੰ ਸਾਲ 2025-26 ਦੇ ਰਜਿਸਟਰਡ ਵਿਦਿਆਰਥੀਆਂ ਦੀ ਪ੍ਰਵੇਸ਼ ਪ੍ਰੀਖਿਆ ਸਬੰਧੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
Publish Date: Sun, 02 Mar 2025 09:17 PM (IST)
Updated Date: Sun, 02 Mar 2025 09:26 PM (IST)
ਰਵੀ, ਪੰਜਾਬੀ ਜਾਗਰਣ, ਲੁਧਿਆਣਾ : ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਨੂੰ ਸਾਲ 2025-26 ਦੇ ਰਜਿਸਟਰਡ ਵਿਦਿਆਰਥੀਆਂ ਦੀ ਪ੍ਰਵੇਸ਼ ਪ੍ਰੀਖਿਆ ਸਬੰਧੀ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਸਾਲ 2025-26 ਦੌਰਾਨ ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਜਮਾਤ ਨੌਵੀਂ ਅਤੇ ਗਿਆਰ੍ਹਵੀਂ ਦੇ ਦਾਖਲੇ ਲਈ ਸਾਂਝੀ ਪ੍ਰਵੇਸ਼ ਪ੍ਰੀਖਿਆ ਲਈ ਵਿਦਿਆਰਥੀਆਂ ਵਲੋਂ ਰਜਿਸਟਰੇਸ਼ਨ ਕੀਤੀ ਗਈ ਸੀ ਜਿਸ ਦੀ ਆਖਰੀ ਮਿਤੀ 25-2-2025 ਅਤੇ 27-2-2025 ਸੀ,ਦੌਰਾਨ ਰਜਿਸਟਰਡ ਵਿਦਿਆਰਥੀਆਂ ਵੱਲੋਂ ਆਪਣੇ ਡਾਟੇ ਵਿੱਚ ਕੁਝ ਗਲਤ ਕਾਲਮ ਭਰੇ ਗਏ ਹਨ। ਸੰਬੰਧਿਤ ਵਿਦਿਆਰਥੀ ਪੋਰਟਲ ਤੇ ਮਿਤੀ 3-3-2025 ਤੋਂ ਮਿਤੀ 5-3-2025 ਤੱਕ ਆਪਣੇ ਡਾਟੇ ਵਿੱਚ ਗਲਤ ਭਰੇ ਗਏ ਕਾਲਮ ਸਹੀ ਕਰ ਸਕਦੇ ਹਨ।
ਇਸ ਸਬੰਧੀ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪਰੀਸ਼ਦ ਵੱਲੋਂ ਪੰਜਾਬ ਭਰ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈਕੰਡਰੀ) ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਰਜਿਸਟਰਡ ਵਿਦਿਆਰਥੀਆਂ ਨੂੰ ਡਾਟਾ ਸਹੀ ਕਰਨ ਲਈ ਸੂਚਿਤ ਕਰਨ।
ਇਸ ਦੇ ਨਾਲ ਹੀ ਮਿਤੀ 16-3-2025 ਨੂੰ ਜਮਾਤ ਨੌਵੀਂ ਦੀ ਹੋਣ ਜਾ ਰਹੀ ਪ੍ਰੀਖਿਆ ਦੇ ਐਡਮਿਟ ਕਾਰਡ ਮਿਤੀ 10-3-2025 ਤੋਂ ਪੋਰਟਲ ਤੇ ਲਾਈਵ ਕਰ ਦਿੱਤੇ ਜਾਣਗੇ।
ਮਿਤੀ 27-2-2025 ਤੱਕ ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਜਮਾਤ ਨੌਵੀਂ ਅਤੇ ਗਿਆਰ੍ਹਵੀਂ ਵਿੱਚ ਦਾਖਲੇ ਲਈ ਕਰਮਵਾਰ 75017 ਅਤੇ 89044 (ਕੁੱਲ 164061) ਵਿਦਿਆਰਥੀਆਂ ਵੱਲੋਂ ਰਜਿਸਟਰੇਸ਼ਨ ਕੀਤੀ ਗਈ ਹੈ।
ਗਲਤ ਭਰੇ ਗਏ ਕਾਲਮਾ ਨੂੰ ਸਹੀ ਕਰਨ ਦੀ ਵਿਧੀ
ਰਜਿਸਟਰਡ ਵਿਦਿਆਰਥੀ ਵੱਲੋਂ ਆਪਣੇ ਗਲਤ ਭਰੇ ਗਏ ਕਾਲਮਾਂ ਵਿੱਚ ਕੁਝ ਕਾਲਮਾਂ ਨੂੰ ਸਹੀ ਕਰਨ ਲਈ ਪੋਰਟਲ 'ਤੇ ਦਿੱਤੇ ਗਏ ਮੋਡੀਫਾਈ ਬਟਨ 'ਤੇ ਕਲਿੱਕ ਕੀਤਾ ਜਾਵੇ ਅਤੇ ਕਾਲਮ ਵਿੱਚ ਸੋਧ ਕਰਨ ਤੋਂ ਬਾਅਦ ਫਾਈਨਲ ਸਬਮਿਸ਼ਨ ਕੀਤਾ ਜਾਵੇ।
ਜਿਸ ਵਿਦਿਆਰਥੀ ਵੱਲੋਂ ਫਾਈਨਲ ਸਬਮਿਸ਼ਨ ਨਹੀਂ ਕੀਤਾ ਜਾਵੇਗਾ ਉਸ ਨੂੰ ਪ੍ਰੀਖਿਆ ਦੇਣ ਲਈ ਰੋਲ ਨੰਬਰ (ਐਡਮਿਟ ਕਾਰਡ) ਜਾਰੀ ਨਹੀਂ ਕੀਤਾ ਜਾਵੇਗਾ।