CBSE Board Exam 2026: ਮਿਡਲ ਈਸਟ ਦੇਸ਼ਾਂ 'ਚ 12 ਤੋਂ 16 ਮਾਰਚ ਤੱਕ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ, 14 ਮਾਰਚ ਨੂੰ ਹੋਵੇਗੀ ਸਮੀਖਿਆ
ਦੱਸ ਦੇਈਏ ਕਿ ਇਹ ਪ੍ਰੀਖਿਆਵਾਂ ਸਿਰਫ਼ ਮਿਡਲ ਈਸਟ ਦੇਸ਼ਾਂ ਵਿੱਚ ਹੀ ਮੁਲਤਵੀ ਕੀਤੀਆਂ ਗਈਆਂ ਹਨ। ਭਾਰਤ ਵਿੱਚ ਬੋਰਡ ਪ੍ਰੀਖਿਆਵਾਂ ਆਪਣੇ ਨਿਰਧਾਰਤ ਸਮੇਂ 'ਤੇ ਹੀ ਹੋਣਗੀਆਂ। ਭਾਰਤ ਵਿੱਚ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਈਆਂ ਸਨ, ਜੋ 10 ਅਪ੍ਰੈਲ 2026 ਤੱਕ ਚੱਲਣਗੀਆਂ।
Publish Date: Tue, 10 Mar 2026 11:26 AM (IST)
Updated Date: Tue, 10 Mar 2026 11:27 AM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ ਮਿਡਲ ਈਸਟ (ਮੱਧ ਪੂਰਬ) ਦੇ ਦੇਸ਼ਾਂ ਵਿੱਚ ਹੋ ਰਹੀਆਂ ਬੋਰਡ ਪ੍ਰੀਖਿਆਵਾਂ ਲਈ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਨੋਟੀਫਿਕੇਸ਼ਨ ਮੁਤਾਬਕ ਇਜ਼ਰਾਈਲ, ਅਮਰੀਕਾ ਅਤੇ ਈਰਾਨ ਦੇ ਯੁੱਧ ਦਾ ਅਸਰ ਕਈ ਮਿਡਲ ਈਸਟ ਦੇਸ਼ਾਂ 'ਤੇ ਪੈ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਸੀ.ਬੀ.ਐਸ.ਈ. ਵੱਲੋਂ 12 ਤੋਂ 16 ਮਾਰਚ ਤੱਕ ਹੋਣ ਵਾਲੀਆਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ (Postpone) ਕਰ ਦਿੱਤਾ ਗਿਆ ਹੈ।
ਨੋਟੀਫਿਕੇਸ਼ਨ ਵਿੱਚ ਦਿੱਤੇ ਗਏ ਵੇਰਵੇ:
ਮੱਧ ਪੂਰਬ ਦੇ ਕੁਝ ਹਿੱਸਿਆਂ (ਬਹਿਰੀਨ, ਈਰਾਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ) ਵਿੱਚ ਮੌਜੂਦਾ ਸਥਿਤੀ, ਵਿਦਿਆਰਥੀਆਂ ਦੀ ਮਾਨਸਿਕ ਪੀੜਾ ਅਤੇ ਬਣੀ ਹੋਈ ਅਨਿਸ਼ਚਿਤਤਾ ਦੀ ਡੂੰਘੀ ਸਮੀਖਿਆ ਤੋਂ ਬਾਅਦ, ਬੋਰਡ ਨੇ 12 ਮਾਰਚ 2026 ਤੋਂ 16 ਮਾਰਚ 2026 ਤੱਕ ਹੋਣ ਵਾਲੀਆਂ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਹੈ। ਪ੍ਰੀਖਿਆਵਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
14 ਮਾਰਚ ਨੂੰ ਦੁਬਾਰਾ ਹੋਵੇਗੀ ਸਮੀਖਿਆ:
ਸੀ.ਬੀ.ਐਸ.ਈ. ਬੋਰਡ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਪ੍ਰੀਖਿਆਵਾਂ ਨੂੰ ਲੈ ਕੇ ਹੁਣ 14 ਮਾਰਚ 2026 ਨੂੰ ਸਥਿਤੀ ਦੀ ਦੁਬਾਰਾ ਸਮੀਖਿਆ ਕੀਤੀ ਜਾਵੇਗੀ ਅਤੇ ਅਗਾਂਹ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਸਬੰਧ ਵਿੱਚ ਉਚਿਤ ਫੈਸਲਾ ਲਿਆ ਜਾਵੇਗਾ। ਸਾਰੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਤਾਜ਼ਾ ਜਾਣਕਾਰੀ ਲਈ ਆਪਣੇ ਸਕੂਲਾਂ ਦੇ ਸੰਪਰਕ ਵਿੱਚ ਰਹਿਣ ਅਤੇ ਅਧਿਕਾਰਤ ਘੋਸ਼ਣਾਵਾਂ ਦਾ ਧਿਆਨ ਨਾਲ ਪਾਲਣ ਕਰਨ।
ਭਾਰਤ ਵਿੱਚ ਸਮੇਂ ਸਿਰ ਹੋਣਗੀਆਂ ਪ੍ਰੀਖਿਆਵਾਂ:
ਦੱਸ ਦੇਈਏ ਕਿ ਇਹ ਪ੍ਰੀਖਿਆਵਾਂ ਸਿਰਫ਼ ਮਿਡਲ ਈਸਟ ਦੇਸ਼ਾਂ ਵਿੱਚ ਹੀ ਮੁਲਤਵੀ ਕੀਤੀਆਂ ਗਈਆਂ ਹਨ। ਭਾਰਤ ਵਿੱਚ ਬੋਰਡ ਪ੍ਰੀਖਿਆਵਾਂ ਆਪਣੇ ਨਿਰਧਾਰਤ ਸਮੇਂ 'ਤੇ ਹੀ ਹੋਣਗੀਆਂ। ਭਾਰਤ ਵਿੱਚ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 17 ਫਰਵਰੀ ਤੋਂ ਸ਼ੁਰੂ ਹੋਈਆਂ ਸਨ, ਜੋ 10 ਅਪ੍ਰੈਲ 2026 ਤੱਕ ਚੱਲਣਗੀਆਂ।