10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਇਹ ਸਮਾਂ ਛੁੱਟੀਆਂ ਦਾ ਨਹੀਂ ਸਗੋਂ ਖ਼ੁਦ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੀ ਤਿਆਰੀ ਦਾ ਹੈ। ਜੋ ਵਿਦਿਆਰਥੀ ਇਸ ਸਮੇਂ ਨੂੰ ਸਿਰਫ਼ ਨਤੀਜਿਆਂ ਦੇ ਫ਼ਿਕਰ ’ਚ ਗੁਆ ਦਿੰਦਾ ਹੈ, ਉਹ ਅਸਲ ’ਚ ਆਪਣੇ ਵਿਕਾਸ ਦੇ ਸਭ ਤੋਂ ਸੁਨਹਿਰੀ ਮੌਕੇ ਨੂੰ ਗੁਆ ਰਿਹਾ ਹੁੰਦਾ ਹੈ।

ਬੋਰਡ ਪ੍ਰੀਖਿਆਵਾਂ ਦੇ ਆਖ਼ਰੀ ਦਿਨ ਜਦੋਂ ਵਿਦਿਆਰਥੀ ਪ੍ਰੀਖਿਆ ਕੇਂਦਰ ਤੋਂ ਬਾਹਰ ਆਉਂਦਾ ਹੈ ਤਾਂ ਉਸ ਦੇ ਮੋਢਿਆਂ ਤੋਂ ਸਿਰਫ਼ ਕਿਤਾਬਾਂ ਦਾ ਬੋਝ ਹੀ ਨਹੀਂ ਲਹਿੰਦਾ ਸਗੋਂ ਮਾਨਸਿਕ ਦਬਾਅ ਵੀ ਘਟਦਾ ਹੈ। ਇਸ ਤੋਂ ਤੁਰੰਤ ਬਾਅਦ ਸ਼ੁਰੂ ਹੁੰਦਾ ਹੈ ਨਤੀਜਿਆਂ ਦਾ ਇੰਤਜ਼ਾਰ, ਅਜਿਹਾ ਖ਼ਲਾਅ ਜੋ ਜਾਂ ਤਾਂ ਤੁਹਾਨੂੰ ਆਲਸ ਦੀ ਗ੍ਰਿਫ਼ਤ ’ਚ ਲੈ ਲੈਂਦਾ ਹੈ ਜਾਂ ਫਿਰ ਚਿੰਤਾ ਦੇ ਹਨੇਰੇ ’ਚ। ਅਸਲੀ ਇਨਸਾਨ ਉਹ ਹੈ, ਜੋ ਸਮੇਂ ਦੀ ਕਦਰ ਨੂੰ ਪਛਾਣਦਾ ਹੈ। 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਇਹ ਸਮਾਂ ਛੁੱਟੀਆਂ ਦਾ ਨਹੀਂ ਸਗੋਂ ਖ਼ੁਦ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੀ ਤਿਆਰੀ ਦਾ ਹੈ। ਜੋ ਵਿਦਿਆਰਥੀ ਇਸ ਸਮੇਂ ਨੂੰ ਸਿਰਫ਼ ਨਤੀਜਿਆਂ ਦੇ ਫ਼ਿਕਰ ’ਚ ਗੁਆ ਦਿੰਦਾ ਹੈ, ਉਹ ਅਸਲ ’ਚ ਆਪਣੇ ਵਿਕਾਸ ਦੇ ਸਭ ਤੋਂ ਸੁਨਹਿਰੀ ਮੌਕੇ ਨੂੰ ਗੁਆ ਰਿਹਾ ਹੁੰਦਾ ਹੈ। ਰਿਜ਼ਲਟ ਐਨਜ਼ਾਇਟੀ (Result Anxiety) ਨਾਲ ਭਰਿਆ ਜਦੋਂ ਮਨੁੱਖੀ ਦਿਮਾਗ਼ ਖ਼ਾਲੀ ਹੁੰਦਾ ਹੈ, ਤਾਂ ਉਹ ਨਾਂਹ-ਪੱਖੀ ਕਲਪਨਾਵਾਂ ਵੱਲ ਤੇਜ਼ੀ ਨਾਲ ਦੌੜਦਾ ਹੈ। ਜੇ ਨੰਬਰ ਘੱਟ ਆ ਗਏ, ਜੇ ਫੇਲ੍ਹ ਹੋ ਗਏ ਤਾਂ ਲੋਕ ਕੀ ਕਹਿਣਗੇ। ਜਦੋਂ ਤੁਸੀਂ ਕੁਝ ਸਿੱਖਣ ’ਚ ਰੁੱਝ ਜਾਂਦੇ ਹੋ ਤਾਂ ਤੁਹਾਡਾ ਦਿਮਾਗ਼ ਚਿੰਤਾ ਤੋਂ ਮੁਕਤ ਹੋ ਕੇ ਰਚਨਾਤਮਿਕਤਾ ਵੱਲ ਵੱਧਦਾ ਹੈ। ਜ਼ਿੰਦਗੀ ’ਚ ਬਹੁਤ ਘੱਟ ਅਜਿਹੇ ਮੌਕੇ ਆਉਂਦੇ ਹਨ, ਜਦੋਂ ਸਾਡੇ ਕੋਲ ਜ਼ਿੰਮੇਵਾਰੀ-ਮੁਕਤ ਸਮਾਂ ਹੁੰਦਾ ਹੈ। ਬੋਰਡ ਪ੍ਰੀਖਿਆਵਾਂ ਤੋਂ ਬਾਅਦ ਦੇ ਇਹ 2-3 ਮਹੀਨੇ ਅਜਿਹਾ ਗ੍ਰੇਸ ਪੀਰੀਅਡ ਹਨ, ਜੋ ਮੁੜ ਕੇ ਕਦੇ ਨਹੀਂ ਆਉਣੇ।
ਸਵੈ-ਪਛਾਣ
ਅਕਸਰ ਅਸੀਂ ਨਤੀਜਿਆਂ ਦੇ ਅੰਕਾਂ ਨੂੰ ਆਪਣੀ ਪਛਾਣ ਮੰਨ ਲੈਂਦੇ ਹਾਂ ਪਰ ਯਾਦ ਰੱਖੋ ਕਿ ਕਾਗਜ਼ ਦੇ ਟੁਕੜੇ ਤੁਹਾਡੀ ਕਾਬਲੀਅਤ ਦਾ ਫ਼ੈਸਲਾ ਕਰ ਸਕਦੇ ਹਨ ਪਰ ਤੁਹਾਡੀ ਕਿਸਮਤ ਦਾ ਨਹੀਂ। ਇਸ ਵਿਹਲੇ ਸਮੇਂ ’ਚ ਆਪਣੇ ਅੰਦਰ ਝਾਤੀ ਮਾਰੋ। ਕੀ ਤੁਹਾਨੂੰ ਮਸ਼ੀਨਾਂ ਨਾਲ ਖੇਡਣਾ ਪਸੰਦ ਹੈ ਜਾਂ ਸ਼ਬਦਾਂ ਨਾਲ? ਕੀ ਤੁਸੀਂ ਕੁਦਰਤ ਦੇ ਕਰੀਬ ਹੋ ਜਾਂ ਤਕਨੀਕ ਦੇ? ਤੁਹਾਡਾ ਅਸਲੀ ਮੁਕਾਬਲਾ ਕਿਸੇ ਹੋਰ ਨਾਲ ਨਹੀਂ ਸਗੋਂ ਤੁਹਾਡੇ ਬੀਤੇ ਹੋਏ ਕੱਲ੍ਹ ਨਾਲ ਹੈ।
ਗਿਆਨ ਦਾ ਸਮੁੰਦਰ
ਕਿਤਾਬਾਂ ਪੜ੍ਹਨ ਦੀ ਆਦਤ ਸਿਰਫ਼ ਅਕਾਦਮਿਕ ਸਫਲਤਾ ਲਈ ਨਹੀਂ ਸਗੋਂ ਮਾਨਸਿਕ ਵਿਕਾਸ ਲਈ ਵੀ ਜ਼ਰੂਰੀ ਹੈ। ਜਦੋਂ ਤੁਸੀਂ ਮਹਾਨ ਲੋਕਾਂ ਦੀਆਂ ਜੀਵਨੀਆਂ ਜਾਂ ਦਾਰਸ਼ਨਿਕ ਕਿਤਾਬਾਂ ਪੜ੍ਹਦੇ ਹੋ, ਤਾਂ ਤੁਹਾਡੀ ਸੋਚਣ ਦੀ ਸ਼ਕਤੀ ਵਧਦੀ ਹੈ। ਇਹ ਆਦਤ ਤੁਹਾਨੂੰ ਸਮਾਜਿਕ ਮੁੱਦਿਆਂ ’ਤੇ ਆਪਣੀ ਰਾਏ ਬਣਾਉਣ ਦੇ ਯੋਗ ਬਣਾਉਂਦੀ ਹੈ। ਇਕੱਲੇ ਨਤੀਜੇ ਦੀ ਉਡੀਕ ਕਰਨ ਨਾਲੋਂ ਚੰਗਾ ਹੈ ਕਿ ਕਿਸੇ ਮਹਾਨ ਲੇਖਕ ਦੇ ਵਿਚਾਰਾਂ ਨਾਲ ਸੰਵਾਦ ਰਚਾਇਆ ਜਾਵੇ।
ਸਮਾਜਿਕ ਜ਼ਿੰਮੇਵਾਰੀ
ਕਿਸੇ ਐੱਨਜੀਓ ਨਾਲ ਜੁੜਨਾ ਜਾਂ ਸਮਾਜ ਸੇਵਾ ਕਰਨਾ ਤੁਹਾਡੇ ਰਜ਼ਿਊਮ ਲਈ ਸਿਰਫ਼ ਇਕ ਲਾਈਨ ਨਹੀਂ ਸਗੋਂ ਇਹ ਤੁਹਾਡੇ ਚਰਿੱਤਰ ਦੀ ਪਰਖ ਹੈ। ਜਦੋਂ ਤੁਸੀਂ ਕਿਸੇ ਬਿਮਾਰ ਦੀ ਸੇਵਾ ਕਰਦੇ ਹੋ ਜਾਂ ਕਿਸੇ ਅਨਪੜ੍ਹ ਨੂੰ ਅੱਖਰ ਗਿਆਨ ਦਿੰਦੇ ਹੋ, ਤਾਂ ਤੁਹਾਨੂੰ ਨਿਮਰਤਾ ਦਾ ਪਾਠ ਮਿਲਦਾ ਹੈ। ਇਸ ਪ੍ਰਕਿਰਿਆ ਦੌਰਾਨ ਮਿਲਣ ਵਾਲੇ ਸਰਟੀਫਿਕੇਟ ਤੁਹਾਡੇ ਕਰੀਅਰ ’ਚ ਤੁਹਾਡੀ ਸੰਵੇਦਨਸ਼ੀਲਤਾ ਤੇ ਲੀਡਰਸ਼ਿਪ ਦਾ ਪ੍ਰਮਾਣ ਬਣਦੇ ਹਨ।
ਡਿਜੀਟਲ ਯੁੱਗ ਤੇ ਨਵੀਂਆਂ ਭਾਸ਼ਾਵਾਂ
ਅੱਜ ਦੇ ਦੌਰ ’ਚ ਜਾਣਕਾਰੀ ਹੀ ਸ਼ਕਤੀ ਹੈ।
ਨਵੀਂ ਭਾਸ਼ਾ: ਕਿਸੇ ਵਿਦੇਸ਼ੀ ਭਾਸ਼ਾ ਜਾਂ ਭਾਰਤ ਦੀ ਹੀ ਕਿਸੇ ਦੂਜੀ ਖੇਤਰੀ ਭਾਸ਼ਾ ਨੂੰ ਸਿੱਖਣਾ ਤੁਹਾਡੇ ਦਿਮਾਗ਼ ਦੀਆਂ ਨਾੜਾਂ ਨੂੰ ਖੋਲ੍ਹਦਾ ਹੈ। ਇਹ ਸਿਰਫ਼ ਨੌਕਰੀ ਲਈ ਨਹੀਂ ਸਗੋਂ ਸੱਭਿਆਚਾਰਕ ਸਾਂਝ ਲਈ ਵੀ ਜ਼ਰੂਰੀ ਹੈ।
ਤਕਨੀਕੀ ਹੁਨਰ : ਏਆਈ, ਡਾਟਾ ਐਨਾਲਿਸਿਸ ਜਾਂ ਗ੍ਰਾਫਿਕ ਡਿਜ਼ਾਈਨਿੰਗ ਵਰਗੇ ਵਿਸ਼ਿਆਂ ’ਚ ਮੁੱਢਲੀ ਜਾਣਕਾਰੀ ਹਾਸਿਲ ਕਰੋ।
ਮਾਪਿਆਂ ਤੇ ਵਿਦਿਆਰਥੀਆਂ ਲਈ ਸੰਦੇਸ਼
ਨਤੀਜਿਆਂ ਦਾ ਦਿਨ ਕੋਈ ਕਿਆਮਤ ਦਾ ਦਿਨ ਨਹੀਂ ਹੈ। ਜੇ ਨੰਬਰ ਘੱਟ ਵੀ ਆ ਜਾਣ ਤਾਂ ਇਹ ਜ਼ਿੰਦਗੀ ਦਾ ਅੰਤ ਨਹੀਂ ਹੈ। ਜੋ ਤੁਸੀਂ ਮਿਹਨਤ ਕੀਤੀ ਹੈ, ਇਹ ਸਭ ਤੋਂ ਵੱਡੀ ਜਿੱਤ ਹੈ। ਹੁਣ ਉਸ ਮਿਹਨਤ ਨੂੰ ਅਗਲੇ ਪੱਧਰ ’ਤੇ ਲਿਜਾਣ ਦਾ ਸਮਾਂ ਹੈ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਨੰਬਰਾਂ ਦੀ ਮਸ਼ੀਨ ਸਮਝਣ ਦੀ ਬਜਾਏ ਉਨ੍ਹਾਂ ਨੂੰ ਇਨਸਾਨ ਬਣਨ ਦੀ ਪ੍ਰੇਰਨਾ ਦੇਣ।
ਇਹ ਸਮਾਂ ਤੁਹਾਡੇ ਲਈ ਮੀਲ ਪੱਥਰ ਸਾਬਿਤ ਹੋ ਸਕਦਾ ਹੈ, ਜੇ ਤੁਸੀਂ ਇਸ ਨੂੰ ਸਿਰਫ਼ ਉਡੀਕ ’ਚ ਨਹੀਂ ਸਗੋਂ ਉਸਾਰੂ ਕੰਮਾਂ ’ਚ ਖ਼ਰਚੋਗੇ। ਯਾਦ ਰੱਖੋ ਕਿ ਸਫਲਤਾ ਉਸ ਨੂੰ ਨਹੀਂ ਮਿਲਦੀ, ਜੋ ਸਹੀ ਸਮੇਂ ਦਾ ਇੰਤਜ਼ਾਰ ਕਰਦਾ ਹੈ। ਸਫਲਤਾ ਉਸ ਨੂੰ ਮਿਲਦੀ ਹੈ, ਜੋ ਮਾੜੇ ਸਮੇਂ ਨੂੰ ਵੀ ਆਪਣੇ ਪੱਖ ’ਚ ਕਰਨਾ ਜਾਣਦਾ ਹੈ। ਜਿਵੇਂ ਇਕ ਕਿਸਾਨ ਫ਼ਸਲ ਬੀਜਣ ਤੋਂ ਬਾਅਦ ਸਿਰਫ਼ ਮੀਂਹ ਦਾ ਇੰਤਜ਼ਾਰ ਨਹੀਂ ਕਰਦਾ ਸਗੋਂ ਅਗਲੀ ਫ਼ਸਲ ਲਈ ਖੇਤ ਤਿਆਰ ਕਰਦਾ ਹੈ। ਉਸੇ ਤਰ੍ਹਾਂ ਵਿਦਿਆਰਥੀ ਨੂੰ ਵੀ ਪ੍ਰੀਖਿਆਵਾਂ (ਬੀਜ) ਤੋਂ ਬਾਅਦ ਅਗਲੇ ਜੀਵਨ (ਖੇਤ) ਦੀ ਤਿਆਰੀ ਕਰਨੀ ਚਾਹੀਦੀ ਹੈ। ਨਤੀਜਾ ਤੁਹਾਡੇ ਬੀਤੇ ਹੋਏ ਕੱਲ੍ਹ ਦੀ ਗਵਾਹੀ ਦੇਵੇਗਾ ਪਰ ਤੁਹਾਡੀ ਅੱਜ ਦੀ ਮਿਹਨਤ ਤੁਹਾਡੇ ਆਉਣ ਵਾਲੇ ਕੱਲ੍ਹ ਦੀ ਇਮਾਰਤ ਉਸਾਰੇਗੀ। ਇਸ ਲਈ ਸਿਰਫ਼ ਉਡੀਕ ਨਾ ਕਰੋ। ਉੱਠੋ, ਸਿੱਖੋ ਅਤੇ ਜਿੱਤੋ ਅਤੇ ਆਉਣ ਵਾਲੇ ਕੱਲ੍ਹ ਨੂੰ ਅੱਜ ਹੀ ਸੁਨਹਿਰੀ ਬਣਾਓ।
- ਪ੍ਰਿੰ. ਮਨਿੰਦਰ ਕੌਰ