ਨਵੀਂ ਵਿਵਸਥਾ ’ਚ ਤਿੰਨ-ਭਾਸ਼ਾਈ ਫਾਰਮੂਲਾ ਸਭ ਤੋਂ ਅਹਿਮ ਬਦਲਾਅ ਦੇ ਰੂਪ ’ਚ ਸਾਹਮਣੇ ਆਇਆ ਹੈ। ਸੈਸ਼ਨ 2026-27 ਤੋਂ ਛੇਵੀਂ ’ਚ ਤੀਜੀ ਭਾਸ਼ਾ ਜ਼ਰੂਰੀ ਹੋਵੇਗੀ। ਇਹ ਫਾਰਮੂਲਾ ਸੈਸ਼ਨ 2030-31 ਤੱਕ ਪੜਾਅਵਾਰ ਤਰੀਕੇ ਨਾਲ 10ਵੀਂ ਤੱਕ ਲਾਗੂ ਕੀਤਾ ਜਾਵੇਗਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਸੀਬੀਐੱਸਈ ਦੇ ਸਕੂਲਾਂ ’ਚ ਛੇਵੀਂ ਤੋਂ ਵਿਦਿਆਰਥੀ ਤਿੰਨ ਭਾਸ਼ਾਵਾਂ ਪੜ੍ਹਣਗੇ। ਸੀਬੀਐੱਸਸੀ ਇਸੇ ਸੈਸ਼ਨ ਤੋਂ ਛੇਵੀਂ ਤੋਂ ਕਲਾਸ ਤੋਂ ਤ੍ਰੈਭਾਸ਼ੀ ਫਾਰਮੂਲਾ ਲਾਗੂ ਕਰੇਗੀ। ਇਸ ਤੋਂ ਇਲਾਵਾ ਡਮੀ ਸਕੂਲਾਂ ਦੇ ਵਧਦੇ ਰੁਝਾਣ ’ਤੇ ਲਗਾਮ ਲਗਾਉਣ ਤੇ ਕੋਚਿੰਗ ’ਤੇ ਨਿਰਭਰ ਹੋਣ ਦੀ ਬਜਾਏ ਸਕੂਲਾਂ ਨੂੰ ਮੁਕਾਬਲੇ ਦੀ ਸਿੱਖਿਆ ਨਾਲ ਜੋੜਨ ਦੇ ਉਦੇਸ਼ ਨਾਲ ਵਿੱਦਿਅਕ ਸੈਸ਼ਨ 2026-27 ਤੋਂ ਨੌਵੀਂ ਤੇ 10ਵੀਂ ਦੇ ਕੋਰਸ ’ਚ ਬਦਲਾਅ ਦਾ ਫ਼ੈਸਲਾ ਲਿਆ ਹੈ। ਗਣਿਤ ਤੇ ਵਿਗਿਆਨ ’ਚ ਐਡਵਾਂਸ ਲੈਵਲ ਦੀ ਪ੍ਰੀਖਿਆ ਹੋਵੇਗੀ। ਇਹ ਪੂਰਾ ਬਦਲਾਅ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਤੇ ਰਾਸ਼ਟਰੀ ਪਾਠਚਰਚਾ ਦੀ ਰੂਪਰੇਖਾ (ਐੱਨਸੀਐੱਫ) 2023 ਦੇ ਵਿਜ਼ਨ ’ਤੇ ਅਧਾਰਤ ਹੈ। ਇਸ ਦਾ ਪਹਿਲਾ ਵੱਡਾ ਅਸਰ 2028 ਦੇ ਬੋਰਡ ਪ੍ਰੀਖਿਆ ਪੈਟਰਨ ’ਚ ਦਿਖਾਈ ਦੇਵੇਗਾ।
ਨਵੀਂ ਵਿਵਸਥਾ ’ਚ ਤਿੰਨ-ਭਾਸ਼ਾਈ ਫਾਰਮੂਲਾ ਸਭ ਤੋਂ ਅਹਿਮ ਬਦਲਾਅ ਦੇ ਰੂਪ ’ਚ ਸਾਹਮਣੇ ਆਇਆ ਹੈ। ਸੈਸ਼ਨ 2026-27 ਤੋਂ ਛੇਵੀਂ ’ਚ ਤੀਜੀ ਭਾਸ਼ਾ ਜ਼ਰੂਰੀ ਹੋਵੇਗੀ। ਇਹ ਫਾਰਮੂਲਾ ਸੈਸ਼ਨ 2030-31 ਤੱਕ ਪੜਾਅਵਾਰ ਤਰੀਕੇ ਨਾਲ 10ਵੀਂ ਤੱਕ ਲਾਗੂ ਕੀਤਾ ਜਾਵੇਗਾ। ਇਸ ’ਚ ਹੁਣ ਹਰੇਕ ਵਿਦਿਆਰਥੀ ਨੂੰ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਪੜ੍ਹਣੀਆਂ ਪੈਣਗੀਆਂ ਤੇ 10ਵੀਂ ਬੋਰਡ ’ਚ ਬੈਠਣ ਲਈ ਭਾਸ਼ਾਵਾਂ ਪਾਸ ਕਰਨੀਆਂ ਜ਼ਰੂਰੀ ਹੋਣਗੀਆਂ, ਹਾਲਾਂਕਿ ਦਿਵਿਆਂਗ ਵਿਦਿਆਰਥੀਆਂ ਨੂੰ ਇਸ ’ਚ ਛੋਟ ਦਿੱਤੀ ਗਈ ਹੈ।
ਸੀਬੀਐੱਸਈ ਚੇਅਰਪਰਸਨ ਰਾਹੁਲ ਸਿੰਘ ਮੁਤਾਬਕ ਇਹ ਢਾਂਚਾ ਅਜੇ ਵਿਕਸਤ ਹੋ ਰਿਹਾ ਹੈ ਤੇ ਫੀਡਬੈਕ ਦੇ ਆਧਾਰ ’ਤੇ ਇਸ ’ਚ ਸੁਧਾਰ ਕੀਤਾ ਜਾਵੇਗਾ। ਬੋਰਡ ਦਾ ਮੰਨਣਾ ਹੈ ਕਿ ਇਨ੍ਹਾਂ ਬਦਲਾਵਾਂ ਨਾਲ ਸਕੂਲ ਸਿੱਖਿਆ ਜ਼ਿਆਦਾ ਵਿਹਾਰਕ ਤੇ ਮੁਕਾਬਲੇ ਦੀ ਬਣਗੀ, ਜਿਸ ’ਚ ਡਮੀ ਸਕੂਲਾਂ ਦੇ ਰੁਝਾਨ ’ਤੇ ਰੋਕ ਲੱਗੇਗੀ ਤੇ ਵਿਦਿਆਰਥੀ ਮੁੱਖ ਧਾਰਾ ਦੀ ਪੜ੍ਹਾਈ ਨਾਲ ਜੁੜਨਗੇ।
ਐਡਵਾਂਸ ਲੈਵਲ ਲਈ 25 ਅੰਕਾਂ ਦੀ ਹੋਵੇਗੀ ਵਾਧੂ ਪ੍ਰੀਖਿਆ
ਗਣਿਤ ਤੇ ਵਿਗਿਆਨ ਦੀ ਪੜ੍ਹਾਈ ਨੂੰ ਪੂਰੀ ਤਰ੍ਹਾਂ ਨਵਾਂ ਰੂਪ ਦਿੱਤਾ ਗਿਆ ਹੈ। ਨੌਵੀਂ ਤੋਂ ਇਨ੍ਹਾਂ ਵਿਸ਼ਿਆਂ ’ਚ ਸਟੈਂਡਰਡ ਤੇ ਐਡਵਾਂਸ ਦੋ ਪੱਧਰ ਹੋਣਗੇ। ਸਾਰੇ ਵਿਦਿਆਰਥੀਆਂ ਲਈ ਆਮ ਪੇਪਰ ਹੋਵੇਗਾ, ਜਦਕਿ ਐਡਵਾਂਸ ਚੁਣਨ ਵਾਲਿਆਂ ਨੂੰ 25 ਅੰਕਾਂ ਦੀ ਵਾਧੂ ਪ੍ਰੀਖਿਆ ਦੇਣੀ ਪਵੇਗੀ, ਜਿਸ ’ਚ ਹਾਈ-ਆਰਡਰ ਥਿੰਕਿੰਗ (ਉੱਚ ਪੱਧਰੀ ਚਿੰਤਨ ਹੁਨਰ) ਤੇ ਐਨਾਲਿਟਿਕਲ (ਵਿਸ਼ਲੇਸ਼ਣਾਤਮਕ) ਸਵਾਲ ਹੋਣਗੇ। ਇਨ੍ਹਾਂ ਅੰਕਾਂ ਨੂੰ ਕੁਲ ਫ਼ੀਸਦ ’ਚ ਨਹੀਂ ਜੋੜਿਆ ਜਾਵੇਗਾ, ਬਲਕਿ ਮਾਰਕਸ਼ੀਟ ’ਚ ਵੱਖਰੇ ਤੌਰ ’ਤੇ ਯੋਗਤਾ ਦੇ ਤੌਰ ’ਤੇ ਦਿਖਾਇਾ ਜਾਵੇਗਾ। ਸਾਲ 2028 ਤੋਂ ਵਿਦਿਆਰਥੀ ਦੋ ਐਡਵਾਂਸ ਵਿਸ਼ੇ ਚੁਣ ਸਕਣਗੇ।