CBSE ਦਾ ਨਵਾਂ ਭਾਸ਼ਾ ਪੈਟਰਨ: ਨਵੇਂ ਸੈਸ਼ਨ 'ਚ 6ਵੀਂ ਜਮਾਤ ਤੋਂ ਤਿੰਨ-ਭਾਸ਼ਾਈ ਫਾਰਮੂਲਾ ਲਾਗੂ, ਅੰਗਰੇਜ਼ੀ ਬਣੀ ਆਪਸ਼ਨ
ਸੀਬੀਐਸਈ 2026-27 ਦੇ ਅਕਾਦਮਿਕ ਸੈਸ਼ਨ ਵਿੱਚ ਛੇਵੀਂ ਜਮਾਤ ਤੋਂ ਤਿੰਨ-ਭਾਸ਼ਾਈ ਫਾਰਮੂਲਾ ਲਾਗੂ ਕਰੇਗਾ। ਇਸ ਨਵੀਂ ਪ੍ਰਣਾਲੀ ਦੇ ਤਹਿਤ, ਅੰਗਰੇਜ਼ੀ ਹੁਣ ਲਾਜ਼ਮੀ ਨਹੀਂ ਰਹੇਗੀ, ਸਗੋਂ ਇੱਕ ਵਿਕਲਪਿਕ ਵਿਦੇਸ਼ੀ ਭਾਸ਼ਾ ਹੋਵੇਗੀ। ਵਿਦਿਆਰਥੀਆਂ ਨੂੰ ਤਿੰਨ ਭਾਸ਼ਾਵਾਂ ਦਾ ਅਧਿਐਨ ਕਰਨ ਦੀ ਲੋੜ ਹੋਵੇਗੀ, ਜਿਨ੍ਹਾਂ ਵਿੱਚੋਂ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਲਾਜ਼ਮੀ ਹੋਣਗੀਆਂ।
Publish Date: Wed, 04 Mar 2026 08:18 AM (IST)
Updated Date: Wed, 04 Mar 2026 08:21 AM (IST)
ਜਾਸ, ਨਵੀਂ ਦਿੱਲੀ : ਸੀਬੀਐੱਸਈ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਰਾਸ਼ਟਰੀ ਪਾਠਕ੍ਰਮ ਰੂਪਰੇਖਾ (ਸਕੂਲੀ ਸਿੱਖਿਆ) 2023 ਮੁਤਾਬਕ ਇਕ ਮਹੱਤਵਪੂਰਨ ਫ਼ੈਸਲਾ ਲਿਆ ਹੈ। ਵਿੱਦਿਅਕ ਸੈਸ਼ਨ 2026-27 ਤੋਂ ਛੇਵੀਂ ਕਲਾਸ ਤੋਂ ਤਿੰਨ ਭਾਸ਼ਾਈ ਨੀਤੀ ਲਾਗੂ ਕੀਤੀ ਜਾਵੇਗੀ। ਨਵੀਂ ਵਿਵਸਥਾ ਤਹਿਤ ਅਨੁਸਾਰ, ਅੰਗਰੇਜ਼ੀ ਹੁਣ ਲਾਜ਼ਮੀ ਵਿਸ਼ਾ ਨਹੀਂ ਰਹੇਗੀ, ਬਲਕਿ ਇਸ ਨੂੰ ਵਿਦੇਸ਼ੀ ਭਾਸ਼ਾ ਵਜੋਂ ਪੜ੍ਹਾਇਆ ਜਾਵੇਗਾ। ਵਿਦਿਆਰਥੀਆਂ ਨੂੰ ਛੇਵੀਂ ਕਲਾਸ ਤੋਂ ਤਿੰਨ ਭਾਸ਼ਾਵਾਂ ਪੜ੍ਹਨੀਆਂ ਹੋਣਗੀਆਂ ਜਿਨ੍ਹਾਂ ਵਿਚੋਂ ਘੱਟੋ-ਘੱਟ ਦੋ ਭਾਰਤੀ ਭਾਸ਼ਾਵਾਂ ਲਾਜ਼ਮੀ ਹੋਣਗੀਆਂ।
ਨਵੀਂ ਨੀਤੀ ਅਨੁਸਾਰ, ਅੰਗਰੇਜ਼ੀ ਨੂੰ ਵਿਦੇਸ਼ੀ ਭਾਸ਼ਾਵਾਂ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਵਿਦਿਆਰਥੀ ਇਸ ਨੂੰ ਇਕ ਬਦਲ ਦੇ ਤੌਰ ’ਤੇ ਚੁਣ ਸਕਣਗੇ। ਨਾਲ ਹੀ ਫ੍ਰੈਂਚ ਜਾਂ ਜਰਮਨ ਵਰਗੀਆਂ ਵਿਦੇਸ਼ੀ ਭਾਸ਼ਾਵਾਂ ਵੀ ਬਦਲ ਵਜੋਂ ਉਪਲਬਧ ਹੋਣਗੀਆਂ। ਰਾਸ਼ਟਰੀ ਪਾਠਕ੍ਰਮ ਰੂਪਰੇਖਾ (ਸਕੂਲੀ ਸਿੱਖਿਆ) 2023 ਦੀ ਸਿਫਾਰਸ਼ਾਂ ਅਨੁਸਾਰ, ਤੀਜੀ ਭਾਸ਼ਾ ਦੀ ਪੜ੍ਹਾਈ ਮਿਡਲ ਸਟੇਜ ਯਾਨੀ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਹੋਵੇਗੀ।
ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਵਿਚ ਬੁਨਿਆਦੀ ਸੰਪਰਕ ਕੌਸ਼ਲ ਵਿਕਸਿਤ ਕਰਨ ਲਈ ਯੋਗ ਕਲਾਸ-ਘੰਟੇ ਤੈਅ ਕੀਤੇ ਜਾਣੇ ਚਾਹੀਦੇ ਹਨ। ਇਹ ਸੁਝਾਅ ਵੀ ਦਿੱਤਾ ਗਿਆ ਹੈ ਕਿ ਤੀਜੀ ਭਾਸ਼ਾ ਨੂੰ 10ਵੀਂ ਤੱਕ ਲਾਜ਼ਮੀ ਕੀਤਾ ਜਾ ਸਕਦਾ ਹੈ ਅਤੇ ਨੌਵੀਂ ਤੇ 10ਵੀਂ ਕਲਾਸ ਵਿਚ ਵੀ ਤਿੰਨ ਭਾਸ਼ਾਵਾਂ ਦੀ ਪੜ੍ਹਾਈ ਜਾਰੀ ਰਹਿਣੀ ਚਾਹੀਦੀ ਹੈ। ਇਸ ਫੈਸਲੇ ਤੋਂ ਬਾਅਦ ਕਈ ਸਕੂਲਾਂ ਨੂੰ ਆਪਣੀ ਮੌਜੂਦਾ ਭਾਸ਼ਾ ਨੀਤੀ ਵਿਚ ਬਦਲਾਅ ਕਰਨਾ ਪੈ ਸਕਦਾ ਹੈ।