ਛੇਵੀਂ ਜਮਾਤ ’ਚ ਤੀਜੀ ਭਾਸ਼ਾ ਦੀ ਪੜ੍ਹਾਈ ਸੱਤ ਦਿਨਾਂ ’ਚ ਸ਼ੁਰੂ ਕਰਨ ਸਕੂਲ, CBSE ਨੇ ਜਾਰੀ ਕੀਤੇ ਆਦੇਸ਼
ਇਹ ਫੈਸਲਾ ਨੈਸ਼ਨਲ ਕਰੀਕੁਲਮ ਫ੍ਰੇਮਵਰਕ ਫਾਰ ਸਕੂਲ ਐਜੂਕੇਸ਼ਨ (ਐੱਨਸੀਐੱਫਐੱਸਈ-2023) ਤਹਿਤ ਲਿਆ ਗਿਆ ਹੈ। ਇਸ ਦਾ ਮੁੱਖ ਟੀਚਾ ਬੱਚਿਆਂ ਨੂੰ ਬਹੁ-ਭਾਸ਼ੀ ਬਣਾਉਣਾ ਹੈ। ਆਰ-1 ਅਤੇ ਆਰ-2 ਮਾਡਲ ਤਹਿਤ ਹੁਣ ਤੱਕ ਸਕੂਲਾਂ ਵਿਚ ਸਿਰਫ ਦੋ ਭਾਸ਼ਾਵਾਂ ਦੀ ਪੜ੍ਹਾਈ ਕਰਵਾਈ ਜਾਂਦੀ ਸੀ, ਪਰ ਹੁਣ ਸੀਬੀਐੱਸਈ ਨੇ ਸਾਫ ਕਰ ਦਿੱਤਾ ਹੈ ਕਿ ਵਿਦਿਆਰਥੀਆਂ ਨੂੰ ਸੰਵਿਧਾਨ ਵਿਚ ਸ਼ਾਮਲ ਭਾਰਤੀ ਭਾਸ਼ਾਵਾਂ ਵਿਚੋਂ ਇਕ ਵਾਧੂ ਭਾਸ਼ਾ ਪੜ੍ਹਨੀ ਹੋਵੇਗੀ।
Publish Date: Fri, 10 Apr 2026 10:27 AM (IST)
Updated Date: Fri, 10 Apr 2026 10:37 AM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਨੇ ਆਪਣੇ ਸਾਰੇ ਸੰਬੰਧਤ ਸਕੂਲਾਂ ਨੂੰ ਛੇਵੀਂ ਜਮਾਤ ਵਿਚ ਤੀਜੀ ਭਾਸ਼ਾ ਦੀ ਪੜ੍ਹਾਈ ਲਈ ਆਰ-3 ਮਾਡਲ ਲਾਗੂ ਕਰਨ ਦੇ ਆਦੇਸ਼ ਦਿੱਤੇ ਹਨ। ਬੋਰਡ ਨੇ ਕਿਹਾ ਹੈ ਕਿ ਸਾਲ 2026-27 ਤੋਂ ਇਹ ਵਿਵਸਥਾ ਲਾਜ਼ਮੀ ਹੋਵੇਗੀ। ਜਿਨ੍ਹਾਂ ਸਕੂਲਾਂ ਨੇ ਹੁਣ ਤੱਕ ਇਸ ਨੂੰ ਲਾਗੂ ਨਹੀਂ ਕੀਤਾ, ਉਹ ਸੱਤ ਦਿਨਾਂ ਦੇ ਅੰਦਰ ਇਸ ਨੂੰ ਸ਼ੁਰੂ ਕਰਨ।
ਇਹ ਫੈਸਲਾ ਨੈਸ਼ਨਲ ਕਰੀਕੁਲਮ ਫ੍ਰੇਮਵਰਕ ਫਾਰ ਸਕੂਲ ਐਜੂਕੇਸ਼ਨ (ਐੱਨਸੀਐੱਫਐੱਸਈ-2023) ਤਹਿਤ ਲਿਆ ਗਿਆ ਹੈ। ਇਸ ਦਾ ਮੁੱਖ ਟੀਚਾ ਬੱਚਿਆਂ ਨੂੰ ਬਹੁ-ਭਾਸ਼ੀ ਬਣਾਉਣਾ ਹੈ। ਆਰ-1 ਅਤੇ ਆਰ-2 ਮਾਡਲ ਤਹਿਤ ਹੁਣ ਤੱਕ ਸਕੂਲਾਂ ਵਿਚ ਸਿਰਫ ਦੋ ਭਾਸ਼ਾਵਾਂ ਦੀ ਪੜ੍ਹਾਈ ਕਰਵਾਈ ਜਾਂਦੀ ਸੀ, ਪਰ ਹੁਣ ਸੀਬੀਐੱਸਈ ਨੇ ਸਾਫ ਕਰ ਦਿੱਤਾ ਹੈ ਕਿ ਵਿਦਿਆਰਥੀਆਂ ਨੂੰ ਸੰਵਿਧਾਨ ਵਿਚ ਸ਼ਾਮਲ ਭਾਰਤੀ ਭਾਸ਼ਾਵਾਂ ਵਿਚੋਂ ਇਕ ਵਾਧੂ ਭਾਸ਼ਾ ਪੜ੍ਹਨੀ ਹੋਵੇਗੀ।
ਸੀਬੀਐੱਸਈ ਦੇ ਅਧਿਕਾਰੀਆਂ ਅਨੁਸਾਰ, ਆਰ-3 ਮਾਡਲ ਤਹਿਤ ਬੱਚਿਆਂ ਨੂੰ ਤੀਜੀ ਭਾਸ਼ਾ ਪੜ੍ਹਾਉਣ ਲਈ ਕਿਤਾਬਾਂ ਜਲਦੀ ਮੁਹੱਈਆ ਕਰਵਾਈਆਂ ਜਾਣਗੀਆਂ। ਫਿਲਹਾਲ ਸਕੂਲਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਤੁਰੰਤ ਸਥਾਨਕ ਪੱਧਰ ’ਤੇ ਉਪਲਬਧ ਕਿਤਾਬਾਂ ਨਾਲ ਪੜ੍ਹਾਈ ਸ਼ੁਰੂ ਕਰਨ। ਇਹ ਵੀ ਕਿਹਾ ਗਿਆ ਹੈ ਕਿ ਪੜ੍ਹਾਈ ਐੱਨਸੀਐੱਫਐੱਸਈ-2023 ਵਿਚ ਨਿਰਧਾਰਤ ਯੋਗਤਾਵਾਂ ਮੁਤਾਬਕ ਹੀ ਹੋਣੀ ਚਾਹੀਦੀ ਹੈ। ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਕੂਲਾਂ ਨੂੰ ਚੁਣੀ ਗਈ ਤੀਜੀ ਭਾਸ਼ਾ ਦੀ ਜਾਣਕਾਰੀ ਆਪਣੇ ਖੇਤਰ ਦੇ ਦਫਤਰ ਨੂੰ ਦੇਣੀ ਹੋਵੇਗੀ ਅਤੇ ਇਸ ਨੂੰ ਓਸਿਸ ਪੋਰਟਲ ’ਤੇ ਅਪਡੇਟ ਕਰਨਾ ਹੋਵੇਗਾ। ਖਾਸ ਗੱਲ ਇਹ ਹੈ ਕਿ ਨੌਵੀਂ ਅਤੇ 10ਵੀਂ ਜਮਾਤ ਵਿਚ ਉਹੀ ਭਾਸ਼ਾਵਾਂ ਬਦਲ ਵਜੋਂ ਮੁਹੱਈਆ ਹੋਣਗੀਆਂ ਜਿਨ੍ਹਾਂ ਨੂੰ ਸਕੂਲ ਛੇਵੀਂ ਜਮਾਤ ਵਿਚ ਲਾਗੂ ਕਰਨਗੇ।
ਖੇਤਰੀ ਦੇ ਦਫ਼ਤਰਾਂ ਨੂੰ ਆਰ-3 ਮਾਡਲ ਲਾਗੂ ਕਰਨ ਦੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਹ ਜਲਦੀ ਹੀ ਸਕੂਲਾਂ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰਨਗੇ। ਸੀਬੀਐੱਸਈ ਨੇ ਆਪਣੇ ਨਿਰਦੇਸ਼ ਵਿਚ ਸਪੱਸ਼ਟ ਕਿਹਾ ਹੈ ਕਿ ਇਸ ਆਦੇਸ਼ ਨੂੰ ਤੁਰੰਤ ਅਤੇ ਲਾਜ਼ਮੀ ਮੰਨਿਆ ਜਾਵੇ ਅਤੇ ਸਾਰੇ ਸਕੂਲ ਬਿਨਾਂ ਕਿਸੇ ਦੇਰੀ ਦੇ ਇਸ ਨੂੰ ਤੁਰੰਤ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ।