CBSE Board 12th ਕਲਾਸ ਦੀਆਂ 1 ਕਰੋੜ ਕਾਪੀਆਂ ਦੀ ਆਨ-ਸਕ੍ਰੀਨ ਹੋਵੇਗੀ ਜਾਂਚ, 7 ਪੜਾਵਾਂ 'ਚ ਪੂਰੀ ਹੋਵੇਗੀ ਪ੍ਰਕਿਰਿਆ
ਬੋਰਡ ਪ੍ਰੀਖਿਆਵਾਂ 'ਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀਆਂ ਕਾਪੀਆਂ ਨੂੰ ਸੀਬੀਐਸਈ ਵੱਲੋਂ ਸਕੈਨ ਕੀਤਾ ਜਾਵੇਗਾ। ਇਸ ਤੋਂ ਬਾਅਦ ਅਧਿਆਪਕ ਸਕੂਲ ਦੀ ਲੈਬ ਵਿੱਚ ਬੈਠ ਕੇ ਹੀ ਅਲਾਟ ਕੀਤੀਆਂ ਗਈਆਂ ਕਾਪੀਆਂ ਦੀ ਜਾਂਚ ਆਨ-ਸਕ੍ਰੀਨ ਕਰਨਗੇ।
Publish Date: Wed, 11 Feb 2026 03:04 PM (IST)
Updated Date: Wed, 11 Feb 2026 03:08 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਕੇਂਦਰੀ ਮਾਧਿਅਮਿਕ ਸਿੱਖਿਆ ਬੋਰਡ (CBSE) ਵੱਲੋਂ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦਾ ਆਯੋਜਨ 17 ਫਰਵਰੀ ਤੋਂ ਲੈ ਕੇ 9 ਮਾਰਚ 2026 ਤੱਕ ਕਰਵਾਇਆ ਜਾਵੇਗਾ। ਬੋਰਡ ਪ੍ਰੀਖਿਆਵਾਂ ਵਿੱਚ 17 ਲੱਖ ਤੋਂ ਵੱਧ ਵਿਦਿਆਰਥੀ ਹਿੱਸਾ ਲੈਣਗੇ। ਇਨ੍ਹਾਂ ਸਾਰੇ ਵਿਦਿਆਰਥੀਆਂ ਦੀਆਂ 1 ਕਰੋੜ ਤੋਂ ਵੱਧ ਕਾਪੀਆਂ ਦੇ 32 ਕਰੋੜ ਪੰਨਿਆਂ ਦਾ ਮੁਲਾਂਕਣ ਇਸ ਵਾਰ ਡਿਜੀਟਲ ਮੋਡ ਵਿੱਚ ਆਨ-ਸਕ੍ਰੀਨ ਕੀਤਾ ਜਾਵੇਗਾ।
ਬੋਰਡ ਪ੍ਰੀਖਿਆਵਾਂ 'ਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀਆਂ ਕਾਪੀਆਂ ਨੂੰ ਸੀਬੀਐਸਈ ਵੱਲੋਂ ਸਕੈਨ ਕੀਤਾ ਜਾਵੇਗਾ। ਇਸ ਤੋਂ ਬਾਅਦ ਅਧਿਆਪਕ ਸਕੂਲ ਦੀ ਲੈਬ ਵਿੱਚ ਬੈਠ ਕੇ ਹੀ ਅਲਾਟ ਕੀਤੀਆਂ ਗਈਆਂ ਕਾਪੀਆਂ ਦੀ ਜਾਂਚ ਆਨ-ਸਕ੍ਰੀਨ ਕਰਨਗੇ। ਇਸ ਦੌਰਾਨ ਵਿਦਿਆਰਥੀਆਂ ਦੀ ਕਾਪੀ ਦਾ ਰੋਲ ਨੰਬਰ ਜਾਂ ਨਾਮ ਨਹੀਂ ਦਿਖੇਗਾ, ਜਿਸ ਨਾਲ ਪਾਰਦਰਸ਼ਤਾ ਬਣੀ ਰਹੇਗੀ। ਸੀਬੀਐਸਈ ਪ੍ਰੀਖਿਆ ਕੰਟਰੋਲਰ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ, ਇਸ ਨਾਲ ਕਰੋੜਾਂ ਕਾਪੀਆਂ ਨੂੰ ਇੱਧਰ-ਉੱਧਰ ਭੇਜਣ ਵਿੱਚ ਲੱਗਣ ਵਾਲਾ ਸਮਾਂ ਅਤੇ ਟ੍ਰਾਂਸਪੋਰਟ ਦਾ ਖ਼ਰਚਾ ਬਚੇਗਾ। ਇਸ ਤੋਂ ਇਲਾਵਾ, ਅਧਿਆਪਕ ਆਪਣੇ ਸਕੂਲ ਦੀ ਲੈਬ ਵਿੱਚ ਹੀ ਕੰਪਿਊਟਰ ਰਾਹੀਂ ਆਨ-ਸਕ੍ਰੀਨ ਕਾਪੀਆਂ ਦੀ ਜਾਂਚ ਕਰ ਸਕਣਗੇ।
7 ਪੜਾਵਾਂ ਵਿੱਚ ਪੂਰੀ ਹੋਵੇਗੀ ਪ੍ਰਕਿਰਿਆ
ਸੀਬੀਐਸਈ ਵੱਲੋਂ ਆਨ-ਸਕ੍ਰੀਨ ਕਾਪੀਆਂ ਦੀ ਜਾਂਚ ਨੂੰ 7 ਪੜਾਵਾਂ ਵਿੱਚ ਵੰਡਿਆ ਗਿਆ ਹੈ। ਇਹ ਪੜਾਅ ਹੇਠ ਲਿਖੇ ਅਨੁਸਾਰ ਹਨ:
- ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆ ਆਫਲਾਈਨ ਹੀ ਦੇਣੀ ਹੋਵੇਗੀ। ਕੇਂਦਰ 'ਤੇ ਵਿਸ਼ੇ ਅਨੁਸਾਰ 20, 32 ਅਤੇ 40 ਪੰਨਿਆਂ ਦੀਆਂ ਕਾਪੀਆਂ ਵਰਤੋਂ 'ਚ ਲਿਆਂਦੀਆਂ ਜਾਣਗੀਆਂ।
- ਦੂਜੇ ਪੜਾਅ 'ਚ ਕਾਪੀਆਂ ਨੂੰ ਹਾਈ ਸੁਰੱਖਿਆ 'ਚ ਸਕੈਨ ਕੀਤਾ ਜਾਵੇਗਾ। ਕਾਪੀ ਦੇ ਸਾਰੇ ਪੰਨਿਆਂ ਨੂੰ ਸਕੈਨ ਕੀਤਾ ਜਾਵੇਗਾ ਜਿਸ ਨਾਲ ਹਰ ਪੰਨੇ ਦੀ ਡਿਜੀਟਲ ਇਮੇਜ ਤਿਆਰ ਹੋਵੇਗੀ। ਸਾਰੀਆਂ ਕਾਪੀਆਂ ਨੂੰ ਇਕ ਯੂਨੀਕ ਕੋਡ ਦਿੱਤਾ ਜਾਵੇਗਾ। ਜਾਂਚ ਦੌਰਾਨ ਅਧਿਆਪਕਾਂ ਨੂੰ ਵਿਦਿਆਰਥੀ ਦਾ ਨਾਮ ਜਾਂ ਰੋਲ ਨੰਬਰ ਨਹੀਂ ਦਿਖੇਗਾ, ਜਿਸ ਨਾਲ ਪੱਖਪਾਤ ਦੀ ਸੰਭਾਵਨਾ ਖ਼ਤਮ ਹੋ ਜਾਵੇਗੀ।
- ਕਾਪੀਆਂ ਤਕ ਪਹੁੰਚ (Access) ਲਈ ਅਧਿਆਪਕਾਂ ਨੂੰ OASIS ID 'ਚ ਜਾ ਕੇ ਆਨ-ਸਕ੍ਰੀਨ ਮਾਰਕਿੰਗ (OSM) ਪੋਰਟਲ 'ਤੇ ਲੌਗ-ਇਨ ਕਰਨਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਕਿੰਨੀਆਂ ਕਾਪੀਆਂ ਜਾਂਚ ਲਈ ਮਿਲੀਆਂ ਹਨ।
- ਲੌਗ-ਇਨ ਕਰਨ ਤੋਂ ਬਾਅਦ ਅਧਿਆਪਕ ਕਾਪੀਆਂ ਦੀ ਜਾਂਚ ਕਰ ਸਕਣਗੇ। ਹਰ ਸਵਾਲ ਲਈ ਕੁੱਲ ਅੰਕ ਅਤੇ ਪ੍ਰਾਪਤ ਅੰਕਾਂ ਦਾ ਕਾਲਮ ਹੋਵੇਗਾ। ਅਧਿਆਪਕ ਸਵਾਲਾਂ ਅਨੁਸਾਰ ਅੰਕ ਭਰਨਗੇ।
- ਅਧਿਆਪਕਾਂ ਨੂੰ ਸਿਰਫ਼ ਪ੍ਰਾਪਤ ਅੰਕਾਂ ਦੀ ਜਾਣਕਾਰੀ ਭਰਨੀ ਹੋਵੇਗੀ। ਇਸ ਤੋਂ ਬਾਅਦ ਕੰਪਿਊਟਰ ਕੁੱਲ ਅੰਕਾਂ ਦੀ ਗਣਨਾ (Total) ਖ਼ੁਦ ਹੀ ਕਰ ਦੇਵੇਗਾ।
- ਕਾਪੀਆਂ ਦੀ ਜਾਂਚ ਨੂੰ ਟ੍ਰੈਕ ਕੀਤਾ ਜਾਵੇਗਾ ਤੇ ਦੇਖਿਆ ਜਾਵੇਗਾ ਕਿ ਅਧਿਆਪਕ ਨੇ ਕਿੰਨੀ ਦੇਰ 'ਚ ਜਾਂਚ ਪੂਰੀ ਕੀਤੀ ਹੈ। ਲੋੜ ਪੈਣ 'ਤੇ ਕਾਪੀ ਨੂੰ ਮੁੜ-ਜਾਂਚ (Re-check) ਵੀ ਕਰਵਾਇਆ ਜਾ ਸਕੇਗਾ।
- ਕਾਪੀਆਂ ਦੀ ਜਾਂਚ ਹੁੰਦੇ ਹੀ ਵਿਦਿਆਰਥੀਆਂ ਦੇ ਅੰਕਾਂ ਦਾ ਡਾਟਾ ਸਿੱਧਾ ਸੀਬੀਐਸਈ ਦੇ ਰਿਜ਼ਲਟ ਡਾਟਾਬੇਸ 'ਚ ਸੇਵ ਹੋ ਜਾਵੇਗਾ।
10ਵੀਂ ਦੇ ਮੁਲਾਂਕਣ 'ਚ ਅਜੇ ਕੋਈ ਬਦਲਾਅ ਨਹੀਂ
ਸੀਬੀਐਸਈ ਵੱਲੋਂ ਇਸ ਵਾਰ ਸਿਰਫ਼ 12ਵੀਂ ਜਮਾਤ ਦੀਆਂ ਕਾਪੀਆਂ ਦੀ ਹੀ ਆਨ-ਸਕ੍ਰੀਨ ਜਾਂਚ ਕੀਤੀ ਜਾਵੇਗੀ। 10ਵੀਂ ਜਮਾਤ ਦੀਆਂ ਕਾਪੀਆਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਅਧਿਆਪਕ (ਮੈਨੂਅਲੀ) ਜਾਂਚਣਗੇ।