ਕਿਸੇ ਵੀ ਵਿੱਦਿਅਕ ਸੰਸਥਾ ਜਾਂ ਕਾਲਜ ’ਤੇ ਅਸੀਂ ਨਜ਼ਰ ਮਾਰਦੇ ਹਾਂ ਤਾਂ ਅਕਸਰ ਮੁੱਖ ਗੇਟ ’ਤੇ ਲਿਖਿਆ ਹੁੰਦਾ ਹੈ, ‘ਸਿੱਖਣ ਲਈ ਆਓ, ਸੇਵਾ ਲਈ ਜਾਓ।’ ਦੂਜੇ ਸ਼ਬਦਾਂ ਵਿਚ ਵਿੱਦਿਅਕ ਸੰਸਥਾ ਵਿਚ ਗਿਆਨ ਪ੍ਰਾਪਤ ਕਰਨ ਉਪਰੰਤ ਵਿਦਿਆਰਥੀ ਕਿਤਾਬੀ ਪੜ੍ਹਾਈ ਰਾਹੀਂ ਪ੍ਰੀਖਿਆ ਪਾਸ ਕਰਨ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਗ੍ਰਹਿਣ ਕਰਦੇ ਹਨ।

ਲੋਕ ਸਿਆਣਪ ਅਨੁਸਾਰ ਜੇ ਤੁਹਾਡੀ ਉਮਰ 20 ਸਾਲ ਦੀ ਹੋ ਗਈ ਅਤੇ ਤੁਹਾਡੀ ਸਿਹਤ ਨਹੀਂ ਬਣੀ ਤਾਂ ਇਹ ਕਦੇ ਨਹੀਂ ਬਣੇਗੀ। ਤੁਹਾਡੀ ਉਮਰ 30 ਸਾਲ ਦੀ ਹੋ ਗਈ ਅਤੇ ਤੁਹਾਨੂੰ ਅਕਲ ਨਹੀਂ ਆਈ, ਤਾਂ ਇਹ ਕਦੇ ਨਹੀਂ ਆਵੇਗੀ ਅਤੇ ਜੇਕਰ 40 ਸਾਲ ਦੀ ਉਮਰ ਤੱਕ ਤੁਹਾਡੇ ਕੋਲ ਪੈਸਾ ਨਹੀਂ ਆਇਆ ਤਾਂ ਇਹ ਕਦੇ ਨਹੀਂ ਆਵੇਗਾ। ਅੰਦਾਜ਼ਨ 24-25 ਸਾਲ ਦੀ ਉਮਰ ਤੱਕ ਵਿਦਿਆਰਥੀ ਕਾਲਜ ਦੀ ਪੜ੍ਹਾਈ ਪੂਰੀ ਕਰਦੇ ਹਨ। ਇਹੀ ਸਮਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਦਾ ਹੁੰਦਾ ਹੈ। ਜੇਕਰ ਸਰੀਰਕ ਅਤੇ ਬੌਧਿਕ ਤੌਰ ’ਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਹਨ, ਨੈਤਿਕ ਕਦਰਾਂ-ਕੀਮਤਾਂ ਉਨ੍ਹਾਂ ਦੇ ਅੰਗ-ਸੰਗ ਹਨ, ਕਿਰਤ ਦੇ ਸੰਕਲਪ ਦਾ ਪੱਲਾ ਘੁੱਟ ਕੇ ਫੜਨ ਦੀ ਉਨ੍ਹਾਂ ਨੂੰ ਜਾਚ ਆ ਗਈ ਹੈ, ਫਿਰ ਆਰਥਿਕ ਥੁੜ੍ਹਾਂ ਉਨ੍ਹਾਂ ਦੇ ਅੰਗ-ਸੰਗ ਨਹੀਂ ਹੋਣਗੀਆਂ।
ਕਿਸੇ ਵੀ ਵਿੱਦਿਅਕ ਸੰਸਥਾ ਜਾਂ ਕਾਲਜ ’ਤੇ ਅਸੀਂ ਨਜ਼ਰ ਮਾਰਦੇ ਹਾਂ ਤਾਂ ਅਕਸਰ ਮੁੱਖ ਗੇਟ ’ਤੇ ਲਿਖਿਆ ਹੁੰਦਾ ਹੈ, ‘ਸਿੱਖਣ ਲਈ ਆਓ, ਸੇਵਾ ਲਈ ਜਾਓ।’ ਦੂਜੇ ਸ਼ਬਦਾਂ ਵਿਚ ਵਿੱਦਿਅਕ ਸੰਸਥਾ ਵਿਚ ਗਿਆਨ ਪ੍ਰਾਪਤ ਕਰਨ ਉਪਰੰਤ ਵਿਦਿਆਰਥੀ ਕਿਤਾਬੀ ਪੜ੍ਹਾਈ ਰਾਹੀਂ ਪ੍ਰੀਖਿਆ ਪਾਸ ਕਰਨ ਦੇ ਨਾਲ-ਨਾਲ ਨੈਤਿਕ ਸਿੱਖਿਆ ਵੀ ਗ੍ਰਹਿਣ ਕਰਦੇ ਹਨ। ਇਸ ਉਪਰੰਤ ਵਿਦਿਆਰਥੀਆਂ ਨੇ ਉਸਾਰੂ ਸੋਚ ਦੇ ਧਾਰਨੀ ਹੋ ਕੇ ਸਮਾਜ, ਪ੍ਰਾਂਤ ਅਤੇ ਦੇਸ਼ ਦੀ ਸੇਵਾ ਕਰਨ ਲਈ ਆਪਣੇ-ਆਪ ਨੂੰ ਸਮਰਪਤ ਕਰਨਾ ਹੁੰਦਾ ਹੈ। ਦੁਖਾਂਤਕ ਪੱਖ ਇਹ ਹੈ ਕਿ ਬਹੁਤ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ ਵਿਦਿਆਰਥੀਆਂ ਦੀਆਂ ਹਿੰਸਕ ਗਤੀਵਿਧੀਆਂ ਨੇ ਸਾਡੇ ਲਈ ਇਕ ਗੰਭੀਰ ਚਿੰਤਾ ਪੈਦਾ ਕੀਤੀ ਹੈ।
ਉਹ ਵਿਦਿਆਰਥੀ ਜਿਨ੍ਹਾਂ ਦੇ ਹੱਥਾਂ ਵਿਚ ਪੁਸਤਕਾਂ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਕੋਲ ਕਿਰਤ ਦਾ ਸੰਕਲਪ ਹੋਣਾ ਚਾਹੀਦਾ ਹੈ, ਜਿਹੜੇ ਚੰਗੇ ਸੰਸਕਾਰਾਂ ਦੇ ਧਾਰਨੀ ਹੋਣੇ ਚਾਹੀਦੇ ਹਨ, ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੇ ਹੱਥਾਂ ਵਿਚ ਕਿਰਚਾਂ, ਪਿਸਤੌਲ ਅਤੇ ਮਾਰੂ ਹਥਿਆਰਾਂ ਦਾ ਹੋਣਾ, ਵਿੱਦਿਅਕ ਸੰਸਥਾਵਾਂ, ਮਾਪਿਆਂ, ਸਮਾਜ, ਪ੍ਰਾਂਤ ਅਤੇ ਦੇਸ਼ ਲਈ ਘਾਤਕ ਹੈ। ਸਾਡੇ ਦੇਸ਼ ਦਾ ਭਵਿੱਖ ਇਹ ਵਿਦਿਆਰਥੀ ਹਨ, ਮਾਪਿਆਂ ਦੇ ਭਵਿੱਖ ਦੀ ਡੰਗੋਰੀ ਵੀ ਉਨ੍ਹਾਂ ਦੇ ਸਕੂਲਾਂ ਜਾਂ ਕਾਲਜਾਂ ਵਿਚ ਪੜ੍ਹਦੇ ਧੀਆਂ-ਪੁੱਤ ਹੀ ਹਨ। ਸਕੂਲਾਂ ਜਾਂ ਕਾਲਜਾਂ ਵਿਚ ਹੁੰਦੀਆਂ ਹਿੰਸਕ ਗਤੀਵਿਧੀਆਂ ਜਿੱਥੇ ਵਿਦਿਆਰਥੀ ਵਰਗ ਦੀ ਜ਼ਿੰਦਗੀ ਨੂੰ ਖੋਰਾ ਲਾਉਂਦੀਆਂ ਹਨ, ਉੱਥੇ ਹੀ ਔਲਾਦ ਦੀਆਂ ਘਟੀਆ ਪੱਧਰ ਦੀਆਂ ਹਰਕਤਾਂ ਕਾਰਨ ਮਾਪਿਆਂ ਦੇ ਸਾਹ ਸੂਤੇ ਜਾਂਦੇ ਹਨ। ਥਾਣਿਆਂ ਅਤੇ ਕਚਹਿਰੀਆਂ ਦੇ ਚੱਕਰ ਮਾਪਿਆਂ ਦਾ ਕਚੂਮਰ ਕੱਢ ਦਿੰਦੇ ਹਨ।
ਪਿਛਲੇ ਦਿਨੀਂ ਤਰਨਤਾਰਨ ਲਾਗੇ ਉਸਮਾਂ ਪਿੰਡ ਦੇ ਲਾਅ ਕਾਲਜ ਵਿਚ ਇੱਕ ਨੌਜਵਾਨ ਨੇ ਲਾਅ ਕਰਦੀ ਆਪਣੀ ਹਮ-ਜਮਾਤਣ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਸੀ। ਪਿੱਛੋਂ ਆਪਣੇ-ਆਪ ਨੂੰ ਵੀ ਗੋਲ਼ੀ ਮਾਰ ਲਈ ਸੀ। ਲੜਕੀ ਦੀ ਮੌਤ ਮੌਕੇ ’ਤੇ ਹੀ ਹੋ ਗਈ ਸੀ ਅਤੇ ਲੜਕਾ ਤਿੰਨ ਦਿਨ ਜ਼ਿੰਦਗੀ ਅਤੇ ਮੌਤ ਨਾਲ ਲੜਾਈ ਲੜਦਿਆਂ ਦਮ ਤੋੜ ਗਿਆ ਸੀ। ਇਸ ਮਨਹੂਸ ਖ਼ਬਰ ਨੇ ਸਭਨਾਂ ਨੂੰ ਅੰਤਾਂ ਦਾ ਉਦਾਸ ਕਰਨ ਦੇ ਨਾਲ-ਨਾਲ ਗੰਭੀਰ ਹੋ ਕੇ ਸੋਚਣ ਲਈ ਮਜਬੂਰ ਕੀਤਾ ਹੈ ਕਿ ਸਾਡੇ ਨੌਜਵਾਨ ਵਰਗ ’ਚੋਂ ਸਹਿਜਤਾ, ਠਰੰਮਾ, ਬਰਦਾਸ਼ਤ ਕਰਨ ਦੀ ਤਾਕਤ, ਦੂਰਅੰਦੇਸ਼ੀ ਕਿਉਂ ਲੋਪ ਹੁੰਦੀ ਜਾ ਰਹੀ ਹੈ?
ਮੁੰਡੇ ਦੀ ਵਿਆਹ ਵਾਲੀ ਪੇਸ਼ਕਸ਼ ਦਾ ਕੁੜੀ ਵੱਲੋਂ ਨਾਂਹ-ਪੱਖੀ ਹੁੰਗਾਰੇ ਦਾ ਅੰਜਾਮ ਖ਼ੂਨ ਦੀ ਹੋਲੀ ਖੇਡ ਕੇ ਦਿੱਤਾ ਗਿਆ। ਸਿਆਣਾ ਵਿਦਿਆਰਥੀ ਆਪਣੇ ਪੈਰਾਂ ਸਿਰ ਹੋਣ ਉਪਰੰਤ ਗ੍ਰਹਿਸਥੀ ਜੀਵਨ ਬਾਰੇ ਸੋਚਦਾ ਹੈ ਪਰ ਅਧੂਰੀ ਜ਼ਿੰਦਗੀ, ਅਧੂਰੀ ਪੜ੍ਹਾਈ ਸਮੇਂ ਵਿਆਹ ਦੀ ਵਿਉਂਤਬੰਦੀ ਕਰਨ ਤੋਂ ਭਾਵ ਹੈ ਕਿ ਆਪਣੀ ਜ਼ਿੰਦਗੀ ਰੂਪੀ ਕਿਸ਼ਤੀ ਨੂੰ ਮੰਝਧਾਰ ਵਿਚ ਡੋਬਿਆ ਜਾ ਰਿਹਾ ਹੈ। ਅਜਿਹੇ ਅਨੇਕ ਕੇਸਾਂ ਵਿਚ ਤਲਾਕ ਜਾਂ ਫਿਰ ਆਤਮਹੱਤਿਆ ਜਿਹੇ ਚੁੱਕੇ ਕਦਮ ਸਾਡੇ ਸਾਹਮਣੇ ਆ ਜਾਂਦੇ ਨੇ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਈ ਸਕੂਲਾਂ ਵਿਚ ਨੌਵੀਂ-ਦਸਵੀਂ ਦੇ ਵਿਦਿਆਰਥੀਆਂ ਦੇ ਬੈਗਾਂ ਵਿੱਚੋਂ ਪਿਸਤੌਲ ਅਤੇ ਰੌਂਦ ਮਿਲੇ ਹਨ।
ਮਾਪਿਆਂ ਅਤੇ ਅਧਿਆਪਕਾਂ ਨੂੰ ਮੌਕੇ ’ਤੇ ਪਤਾ ਲੱਗਣ ਕਰਕੇ ਕਿਸੇ ਅਣਹੋਣੀ ਤੋਂ ਬਚਾਅ ਹੋ ਗਿਆ ਪਰ ਫਿਰ ਗੰਭੀਰ ਪ੍ਰਸ਼ਨ ਹੈ ਕਿ ਵਿਦਿਆਰਥੀਆਂ ਦੇ ਬੈਗਾਂ ਵਿਚ ਪਿਸਤੌਲ ਆਏ ਕਿੱਥੋਂ? ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਕ ਦਸਵੀਂ ਜਮਾਤ ਦੇ ਵਿਦਿਆਰਥੀ ਨੇ ਤਾਂ ਘਰੋਂ 50 ਹਜ਼ਾਰ ਰੁਪਏ ਚੋਰੀ ਕਰ ਕੇ 20 ਹਜ਼ਾਰ ਦਾ ਨਾਜਾਇਜ਼ ਅਸਲਾ ਖ਼ਰੀਦਿਆ। ਤੀਹ ਹਜ਼ਾਰ ਰੁਪਏ ਐਸ਼ਪ੍ਰਸਤੀ ਵਿਚ ਖ਼ਰਚ ਕਰ ਦਿੱਤੇ। ਬਾਜ਼ਾਰ ਵਿਚ ਕੁਝ ਪੈਸਿਆਂ ਦੇ ਲਾਲਚ ਵਿਚ ਨਾਬਾਲਗ ਵਿਦਿਆਰਥੀਆਂ ਨੂੰ ਨਾਜਾਇਜ਼ ਅਸਲਾ ਵੇਚਣ ਵਾਲੇ ਵੀ ਸਾਡੇ ਬੱਚਿਆਂ ਵਿਚ ਖੂੰਖ਼ਾਰ ਰੁਚੀਆਂ ਪੈਦਾ ਕਰਨ ਲਈ ਦੋਸ਼ੀ ਹਨ। ਅਜਿਹੇ ਘਿਨੌਣੇ ਕੰਮ ਕਰਨ ਵਾਲਿਆਂ ’ਤੇ ਕਾਨੂੰਨੀ ਸ਼ਿਕੰਜਾ ਕੱਸਣਾ ਜ਼ਰੂਰੀ ਹੈ।
ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਦਾ ਖ਼ੂਨ-ਖ਼ਰਾਬਾ, ਸਕੂਲਾਂ ’ਚ ਵਿਦਿਆਰਥੀਆਂ ਦਾ ਇਕ-ਦੂਜੇ ’ਤੇ ਜਾਨਲੇਵਾ ਹਮਲਾ, ਕਈ ਸੰਸਥਾਵਾਂ ਵਿਚ ਵਿਦਿਆਰਥੀਆਂ ਵਿਚ ਸਕਿਉਰਿਟੀ ਗਾਰਡਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਦੇ ਮਾਮਲੇ ਸਾਹਮਣੇ ਆਉਣ ਨਾਲ ਵਿੱਦਿਆ ਦੇ ਮੰਦਰ ਵੀ ਸਵਾਲਾਂ ਦੇ ਘੇਰੇ ਵਿਚ ਆਏ ਹਨ।
ਦਰਅਸਲ, ਵਿਦਿਆਰਥੀਆਂ ਦੀ ਮੁੱਢਲੀ ਪਾਠਸ਼ਾਲਾ ਉਨ੍ਹਾਂ ਦੇ ਮਾਪੇ ਹਨ। ਮਾਪਿਆਂ ਵੱਲੋਂ ਮਿਲੇ ਸੰਸਕਾਰ, ਸਿੱਖਿਆ ਅਤੇ ਨੈਤਿਕਤਾ ਦਾ ਮੁੱਢਲਾ ਪਾਠ ਘਰੋਂ ਹੀ ਮਿਲਦਾ ਹੈ। ਵਰਤਮਾਨ ਸਮੇਂ ਵਿਚ ਦਾਦਾ-ਦਾਦੀ ਦੀਆਂ ਸਿੱਖਿਆ ਭਰਪੂਰ ਕਹਾਣੀਆਂ ਸੁਣਨ ਦੀ ਬੱਚਿਆਂ ਕੋਲ ਵਿਹਲ ਹੀ ਨਹੀਂ। ਮਾਂ-ਬਾਪ ਪਦਾਰਥਕ ਦੌੜ ਵਿਚ ਰੁੱਝੇ ਹੋਏ ਆਪਣੇ ਬੱਚਿਆਂ ਨੂੰ ਮਹਿੰਗਾ ਮੋਬਾਈਲ, ਮਹਿੰਗਾ ਮੋਟਰਸਾਈਕਲ, ਮਹਿੰਗੀ ਟਿਊਸ਼ਨ ਅਤੇ ਖੁੱਲ੍ਹਾ ਜੇਬ ਖ਼ਰਚ ਦੇਣ ਨੂੰ ਹੀ ਆਪਣਾ ਫ਼ਰਜ਼ ਸਮਝਦੇ ਹਨ। ਇਹ ਸਭ ਸਹੂਲਤਾਂ ਬੱਚਿਆਂ ਨੂੰ ਵਿਗਾੜਦੀਆਂ ਹਨ ਅਤੇ ਉਹ ਮਿਹਨਤ, ਸੰਘਰਸ਼, ਦ੍ਰਿੜ ਵਿਸ਼ਵਾਸ ਅਤੇ ਦੂਰ-ਅੰਦੇਸ਼ੀ ਤੋਂ ਮੂੰਹ ਮੋੜ ਕੇ ਐਸ਼ਪ੍ਰਸਤੀ ਅਤੇ ਖ਼ੂੰਖਾਰ ਰੁਚੀਆਂ ਦੇ ਧਾਰਨੀ ਹੋ ਜਾਂਦੇ ਹਨ।
ਮਾਪਿਆਂ ਦੀਆਂ ਫੁੱਲੀਆਂ ਜੇਬਾਂ, ਮਹਿੰਗੀਆਂ ਕਾਰਾਂ, ਕੋਠੀਆਂ, ਉਨ੍ਹਾਂ ਦਾ ਸਰਮਾਇਆ ਨਹੀਂ, ਅਸਲੀ ਸਰਮਾਇਆ ਉਨ੍ਹਾਂ ਦੀ ਔਲਾਦ ਹੈ। ਇਸ ਕੀਮਤੀ ਸਰਮਾਏ ਨੂੰ ਸੰਭਾਲਣ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਰੋਲ ਮਾਡਲ ਬਣਨਾ ਪਵੇਗਾ। ਅੱਜ ਦੇ ਬੱਚੇ ਸੁਣਨ-ਸੁਣਾਉਣ ਵਿਚ ਯਕੀਨ ਨਹੀਂ ਰੱਖਦੇ, ਸਗੋਂ ਨਕਲ ਕਰਨ ਵਿਚ ਭਰੋਸਾ ਕਰਦੇ ਹਨ। ਆਪਣੇ ਬੱਚਿਆਂ ਵਿਚ ਸੁਚਾਰੂ ਗੁਣ ਪੈਦਾ ਕਰਨ ਲਈ ਮਾਪਿਆਂ ਨੂੰ ਆਪ ਰੋਲ ਮਾਡਲ ਬਣ ਕੇ ਉਨ੍ਹਾਂ ਦਾ ਮਾਰਗਦਰਸ਼ਨ ਕਰਨਾ ਚਾਹੀਦਾ ਹੈ। ਅਧਿਆਪਕਾਂ ਨਾਲ ਨਿੱਜੀ ਤੌਰ ’ਤੇ ਸੰਪਰਕ ਕਰ ਕੇ ਆਪਣੇ ਬੱਚੇ ਦੀ ਕਾਰਗੁਜ਼ਾਰੀ ’ਤੇ ਬਾਜ਼ ਅੱਖ ਰੱਖਣੀ ਅਤਿਅੰਤ ਜ਼ਰੂਰੀ ਹੈ।
ਆਮ ਕਿਹਾ ਜਾਂਦਾ ਹੈ ਕਿ ਜਦੋਂ ਵਿਦਿਆਰਥੀ ਦੇ ਰੂਪ ਵਿਚ ਬੱਚਾ ਸਕੂਲ ਵਿਚ ਜਾਂਦਾ ਹੈ ਤਾਂ ਉਸ ਕੋਲ ਅੱਖਾਂ ਹੁੰਦੀਆਂ ਹਨ ਪਰ ਉਸ ਨੂੰ ਨਜ਼ਰ ਅਧਿਆਪਕ ਨੇ ਦੇਣੀ ਹੁੰਦੀ ਹੈ। ਕਿਤਾਬੀ ਅਤੇ ਜ਼ਿੰਦਗੀ ਦੀ ਪੜ੍ਹਾਈ, ਦੋਨਾਂ ਦੀ ਸਿੱਖਿਆ ਦਾ ਕਾਰਜ ਅਧਿਆਪਕ ਕਰਦਾ ਹੈ। ਕਿਤਾਬੀ ਪੜ੍ਹਾਈ ਵਿਚ ਪਹਿਲਾਂ ਪਾਠ ਪੜ੍ਹਾਇਆ ਜਾਂਦਾ ਹੈ ਅਤੇ ਪ੍ਰੀਖਿਆ ਬਾਅਦ ਵਿਚ ਹੁੰਦੀ ਹੈ। ਜ਼ਿੰਦਗੀ ਦੀ ਪੜ੍ਹਾਈ ਵਿਚ ਪ੍ਰੀਖਿਆ ਪਹਿਲਾਂ ਹੁੰਦੀ ਹੈ ਅਤੇ ਪਾਠ ਬਾਅਦ ਵਿਚ ਮਿਲਦਾ ਹੈ। ਸੁਚੱਜਾ ਅਧਿਆਪਕ ਦੋਵੇਂ ਤਰ੍ਹਾਂ ਦੀ ਪੜ੍ਹਾਈ ਦੇ ਸੁਮੇਲ ਨਾਲ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਸੁਚੱਜੇ ਸਾਂਚੇ ਵਿਚ ਢਾਲਦਾ ਹੈ।
ਇਸੇ ਕਾਰਨ ਹੀ ਅਧਿਆਪਕ ਨੂੰ ਕੌਮ ਦਾ ਨਿਰਮਾਤਾ ਕਿਹਾ ਜਾਂਦਾ ਹੈ। ਅਧਿਆਪਕਾਂ ਨੇ ਹੀ ਵਿਦਿਆਰਥੀਆਂ ਨੂੰ ਆਪਣੇ ਗਿਆਨ, ਦੂਰਅੰਦੇਸ਼ੀ, ਦ੍ਰਿੜ ਵਿਸ਼ਵਾਸ ਅਤੇ ਬੁਲੰਦ ਹੌਸਲੇ ਨਾਲ ‘ਭਾਈ ਲਾਲੋ ਦੇ ਵਾਰਿਸ’ ਬਣਾਉਣਾ ਹੈ। ਇਸ ਸਬੰਧ ਵਿਚ ਸਮੇਂ-ਸਮੇਂ ਸਿਰ ਮਾਪਿਆਂ ਨਾਲ ਤਾਲਮੇਲ ਰੱਖਣਾ ਵੀ ਜ਼ਰੂਰੀ ਹੈ। ਦਰਅਸਲ, ਵਿਦਿਆਰਥੀ ਉਸ ਸਮੇਂ ਥਿੜਕਦੇ ਹਨ ਜਦੋਂ ਅਧਿਆਪਕਾਂ, ਮਾਪਿਆਂ, ਪ੍ਰਸ਼ਾਸਨ, ਸਮਾਜ ਅਤੇ ਸਮੇਂ ਦੀਆਂ ਸਰਕਾਰਾਂ ਦੀ ਇਕ-ਦੂਜੇ ਵੱਲ ਪਿੱਠ ਹੋ ਜਾਂਦੀ ਹੈ। ਸੰਸਥਾ ਦੇ ਦੁਆਲੇ ਸੁਰੱਖਿਅਤ ਕੰਧ ਖੜ੍ਹੀ ਕਰਨ ਲਈ ਇਨ੍ਹਾਂ ਸਭ ਦਾ ਇਕ-ਦੂਜੇ ਵੱਲ ਮੂੰਹ ਹੋਣਾ ਅਤਿਅੰਤ ਜ਼ਰੂਰੀ ਹੈ।
ਵਿਦਿਆਰਥੀ ਵਰਗ ਅੰਦਰ ਸਮਾਜਿਕ ਅਤੇ ਕਾਨੂੰਨੀ ਡਰ ਦਾ ਹੋਣਾ ਬਹੁਤ ਜ਼ਰੂਰੀ ਹੈ। ਫਿਰ ਹੀ ਇਹ ਸੰਭਵ ਹੋਵੇਗਾ ਕਿ : ਏਕ ਪੱਥਰ ਕੀ ਭੀ ਤਕਦੀਰ ਬਦਲ ਸਕਤੀ ਹੈ, ਸ਼ਰਤ ਯੇਹ ਹੈ ਕਿ ਉਸੇ ਸਲੀਕੇ ਸੇ ਤਰਾਸ਼ਾ ਜਾਏ।
-ਮੋਹਨ ਸ਼ਰਮਾ
-ਸੰਪਰਕ : 94171-48866