ਉਹ ਮੈਡੀਕਲ ਸਰਟੀਫਿਕੇਟ ਬਣਾਉਣ ਲਈ ਤਿਆਰ ਹੋ ਗਿਆ ਤੇ ਉਸ ਨੇ ‘ਕਮਰ ਦਰਦ ਹੈ, ਬੈੱਡ ਰੈਸਟ ਦੀ ਲੋੜ ਹੈ’ ਦਾ ਦੋ ਮਹੀਨੇ ਦਾ ਸਰਟੀਫਿਕੇਟ ਬਣਾ ਦਿੱਤਾ ਅਤੇ ਕਿਹਾ ਕਿ ਇਸ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਮੈਂ ਇਹ ਸਰਟੀਫਿਕੇਟ ਆਪਣੇ ਦਫ਼ਤਰ ਮੁਕਤਸਰ ਵਿਖੇ ਭੇਜ ਦਿੱਤਾ।
ਸਰਕਾਰੀ ਨੌਕਰੀ ਵਿਚ ਬਦਲੀ ਆਮ ਵਰਤਾਰਾ ਹੈ। ਜਦ ਵੀ ਕਿਸੇ ਸਰਕਾਰੀ ਕਰਮਚਾਰੀ ਦੀ ਪਦ-ਉੱਨਤੀ ਹੁੰਦੀ ਸੀ ਤਾਂ ਉਸ ਦੀ ਪੋਸਟਿੰਗ ਅਕਸਰ ਮੋਗਾ, ਫਿਰੋਜ਼ਪੁਰ, ਬਠਿੰਡਾ, ਮਾਨਸਾ, ਫ਼ਰੀਦਕੋਟ ਅਤੇ ਮੁਕਤਸਰ ਵਿਖੇ ਕਰ ਦਿੱਤੀ ਜਾਂਦੀ ਸੀ। ਇਕ ਸਮਾਂ ਅਜਿਹਾ ਵੀ ਆਇਆ ਸੀ ਕਿ ਮੁਕਤਸਰ ਜ਼ਿਲ੍ਹੇ ਦਾ ਕੋਈ ਵਿਰਲਾ ਹੀ ਦਫ਼ਤਰ ਹੋਵੇਗਾ ਜਿੱਥੇ ਕੋਈ ਅਸਾਮੀ ਖ਼ਾਲੀ ਰਹਿ ਗਈ ਹੋਵੇ। ਸਮੇਂ ਦੀ ਸਰਕਾਰ ਨੇ ਹਰ ਵਿਭਾਗ ਨੂੰ ਇਹ ਆਦੇਸ਼ ਦਿੱਤੇ ਸਨ ਕਿ ਕੁਝ ਵੀ ਹੋਵੇ, ਮੁਕਤਸਰ ਦੇ ਕਿਸੇ ਵੀ ਦਫ਼ਤਰ ਵਿਚ ਕੋਈ ਅਸਾਮੀ ਖ਼ਾਲੀ ਨਾ ਰਹੇ ਜਿਸ ਦੇ ਫਲਸਰੂਪ ਪੰਜਾਬ ਦੇ ਦੂਰ-ਦੁਰਾਡੇ ਦੇ ਇਲਾਕਿਆਂ ਦੇ ਕਰਮਚਾਰੀ ਇਸ ਜ਼ਿਲ੍ਹੇ ਵਿਚ ਬਦਲ ਦਿੱਤੇ ਗਏ ਸਨ।
ਗੁਰਦਾਸਪੁਰ ਦਾ ਇਕ ਸੀਨੀਅਰ ਸਹਾਇਕ ਪਿਛਲੇ ਚਾਰ ਸਾਲਾਂ ਤੋਂ ਮੁਕਤਸਰ ਸਾਹਿਬ ਵਿਖੇ ਤਾਇਨਾਤ ਸੀ। ਬਿਮਾਰ ਹੋਣ ਕਰਕੇ ਉਸ ਨੇ ਕੋਈ ਸਿਫ਼ਾਰਸ਼ ਲੱਭ ਕੇ ਆਪਣੀ ਬਦਲੀ ਜ਼ਿਲ੍ਹਾ ਉਦਯੋਗ ਕੇਂਦਰ, ਬਟਾਲਾ ਦੀ ਕਰਵਾ ਲਈ ਅਤੇ ਵਿਭਾਗ ਨੇ ਮੇਰੀ ਬਦਲੀ ਮੁਕਤਸਰ ਵਿਖੇ ਕਰ ਦਿੱਤੀ।
ਮੈਂ ਜੁਲਾਈ 1976 ਵਿਚ ਬਤੌਰ ਸਟੈਨੋ ਜ਼ਿਲ੍ਹਾ ਉਦਯੋਗ ਕੇਂਦਰ, ਬਟਾਲਾ ਵਿਚ ਤੈਨਾਤ ਹੋਇਆ ਸਾਂ ਤੇ 1993 ਤੱਕ ਮੇਰੀ ਕਦੇ ਕਿਤੇ ਬਦਲੀ ਨਹੀਂ ਸੀ ਹੋਈ। ਸਹਾਇਕ ਗਰੇਡ ਪ੍ਰੀਖਿਆ ਪਾਸ ਕਰਨ ’ਤੇ ਮੇਰੀ ਤਰੱਕੀ ਕਾਰਨ ਬਦਲੀ ਜ਼ਿਲ੍ਹਾ ਉਦਯੋਗ ਕੇਂਦਰ, ਮੋਗਾ ਵਿਖੇ ਹੋਈ ਪਰ ਮੇਰੇ ਅਫ਼ਸਰ ਨੇ ਮੇਰਾ ਹੈੱਡਕੁਆਰਟਰ ਬਟਾਲਾ ਵਿਖੇ ਸ਼ਿਫਟ ਕਰਵਾ ਲਿਆ। ਬਾਅਦ ਵਿਚ 1996 ’ਚ ਮੇਰੀ ਬਦਲੀ ਜ਼ਿਲ੍ਹਾ ਉਦਯੋਗ ਕੇਂਦਰ, ਬਠਿੰਡਾ ਵਿਖੇ ਹੋ ਗਈ ਜਿੱਥੋਂ ਮੈਂ ਬਦਲੀ ਕਰਵਾ ਕੇ ਅੰਮ੍ਰਿਤਸਰ ਵਿਖੇ ਆ ਗਿਆ। ਅੰਮ੍ਰਿਤਸਰ ਤੋਂ ਬਟਾਲੇ ਤਾਂ ਆ ਗਿਆ ਪਰ ਗੁਰਦਾਸਪੁਰ ਦੇ ਉਕਤ ਕਰਮਚਾਰੀ ਕਰਕੇ ਮੇਰੀ ਬਦਲੀ ਮੁਕਤਸਰ ਵਿਖੇ ਹੋ ਗਈ। ਮੁਕਤਸਰ ਦਾ ਦਫ਼ਤਰ ਬਠਿੰਡਾ ਰੋਡ ’ਤੇ ਇਕ ਕੋਠੀ ਵਿਚ ਸਥਿਤ ਸੀ।
ਚਾਰ ਬਲਾਕਾਂ ਦਾ ਇਹ ਜ਼ਿਲ੍ਹਾ ਸੀ ਜਿੱਥੇ ਸਟਾਫ ਦੀ ਬਹੁਤ ਘਾਟ ਸੀ। ਇੱਥੇ ਸੀਨੀਅਰ ਸਹਾਇਕ ਦੀ ਇਕ ਹੀ ਅਸਾਮੀ ਸੀ। ਭਾਵੇਂ ਮੇਰੀ ਬਦਲੀ ਬਤੌਰ ਸੀਨੀਅਰ ਸਹਾਇਕ ਕਈ ਥਾਂ ਹੋਈ ਸੀ ਪਰ ਮੈਂ ਕੋਈ ਨਾ ਕੋਈ ਜੁਗਾੜ ਕਰ ਕੇ ਆਪਣੀ ਬਦਲੀ ਬਟਾਲੇ ਦੇ ਨੇੜੇ-ਤੇੜੇ ਕਰਵਾ ਲੈਂਦਾ ਸਾਂ ਪਰ ਇਸ ਵਾਰ ਸਮੇਂ ਦੀ ਸਰਕਾਰ ਦੇ ਪੱਕੇ ਆਦੇਸ਼ ਸਨ ਕਿ ਮੁਕਤਸਰ ਜ਼ਿਲ੍ਹੇ ਦੇ ਕਿਸੇ ਕਰਮਚਾਰੀ ਦੀ ਬਦਲੀ ਨਾ ਕੀਤੀ ਜਾਵੇ। ਮੈਂ ਛੁੱਟੀ ਲੈ ਕੇ ਬਦਲੀ ਲਈ ਵਾਹ ਲਾਉਂਦਾ ਰਿਹਾ। ਕੁਦਰਤੀ ਦਫ਼ਤਰ ਦਾ ਲੁਧਿਆਣੇ ਤੋਂ ਬਦਲ ਕੇ ਆਇਆ ਅਫ਼ਸਰ ਵੀ ਇਹੀ ਚਾਹੰਦਾ ਸੀ ਕਿ ਮੈਂ ਛੁੱਟੀ ’ਤੇ ਰਹਾਂ। ਉਨ੍ਹੀਂ ਦਿਨੀਂ ਉਦਯੋਗ ਵਿਭਾਗ ਵਿਚ ਉਦਯੋਗਪਤੀਆਂ ਲਈ ਕਈ ਲਾਹੇਵੰਦ ਸਕੀਮਾਂ ਚੱਲ ਰਹੀਆਂ ਸਨ।
ਨਵੇਂ ਯੂਨਿਟ ਲਗਾਉਣ ਵਾਲੇ ਨੂੰ ਸਬਸਿਡੀ ਤੇ ਸੇਲ ਟੈਕਸ ਤੋਂ ਛੋਟ ਦੀ ਸਹੂਲਤ ਮਿਲਦੀ ਸੀ। ਪੜ੍ਹੇ-ਲਿਖੇ ਬੇਰੁਜ਼ਗਾਰ ਯੁਵਕਾਂ ਨੂੰ ਬੈਂਕਾਂ ਰਾਹੀਂ ਕਰਜ਼ਾ ਦਿਵਾਉਣ ਦੀ ਸਕੀਮ ਵੀ ਚੱਲ ਰਹੀ ਸੀ। ਖ਼ਾਸ ਕਰਕੇ ਇਸ ਜ਼ਿਲ੍ਹੇ ਵਿਚ ਨਹਿਰੀ ਪਾਣੀ ਦੀ ਸਹੂਲਤ ਲਈ ਖਾਲ਼ ਪੱਕੇ ਕਰਨ ਲਈ ਗ੍ਰਾਂਟ ਵੀ ਮਿਲਦੀ ਸੀ ਜਿਸ ਲਈ ਸਾਡੇ ਦਫ਼ਤਰ ਤੋਂ ਸੁਸਾਇਟੀ ਰਜਿਸਟਰ ਕੀਤੀ ਜਾਂਦੀ ਸੀ। ਇਨ੍ਹਾਂ ਸਾਰੇ ਕੰਮਾਂ ਨਾਲ ਸਬੰਧਤ ਕਰਮਚਾਰੀਆਂ ਅਤੇ ਅਫ਼ਸਰਾਂ ਦਾ ਮੂੰਹ ਮਿੱਠਾ ਵੀ ਹੋ ਜਾਂਦਾ ਸੀ।
ਇਕ ਦਿਨ ਮੈਂ ਛੁੱਟੀ ਮੁੱਕਣ ’ਤੇ ਮੁਕਤਸਰ ਪੁੱਜ ਗਿਆ। ਸ਼ਾਮ ਦਾ ਵੇਲਾ ਸੀ। ਅਫ਼ਸਰ ਦਫ਼ਤਰ ’ਚ ਹੀ ਸੀ। ਮੈਨੂੰ ਵੇਖ ਕੇ ਉਹ ਕਹਿਣ ਲੱਗਾ ਕਿ “ਤੇਰੀ ਤਾਂ ਫਲੱਡ ਡਿਊਟੀ ਲੱਗੀ ਸੀ, ਮੈਂ ਲਿਖ ਕੇ ਭੇਜ ਦਿੱਤਾ ਕਿ ਕਰਮਚਾਰੀ ਛੁੱਟੀ ’ਤੇ ਹੈ। ਵੇਖ ਲੈ ਜੇ ਡਿਊਟੀ ਦੇਣੀ ਹੈ ਕਿ ਛੁੱਟੀ ’ਤੇ ਜਾਣਾ ਹੈ।” ਮੈਂ ਅਫ਼ਸਰ ਨੂੰ ਬੇਨਤੀ ਕੀਤੀ ਕਿ “ਸਰ, ਮੈਂ ਛੁੱਟੀ ਲੈ ਲੈਂਦਾ ਹਾਂ ਪਰ ਮੈਂ ਮੈਡੀਕਲ ਲੀਵ ਲਵਾਂਗਾ ਕਿਉਂਕਿ ਸੇਵਾ ਮੁਕਤ ਹੋਣ ’ਤੇ ਛੁੱਟੀਆਂ ਦੇ ਪੈਸੇ ਮਿਲਦੇ ਹਨ ਤੇ ਮੈਂ ਛੁੱਟੀਆਂ ਅਜਾਈਂ ਨਹੀਂ ਗੁਆਉਣਾ ਚਾਹੁੰਦਾ।” ਅਫ਼ਸਰ ਰਜ਼ਾਮੰਦ ਹੋ ਗਿਆ।
ਬਟਾਲੇ ਆ ਕੇ ਮੈਂ ਮੈਡੀਕਲ ਲੀਵ ਲੈਣ ਲਈ ਲੋੜੀਂਦਾ ਮੈਡੀਕਲ ਸਰਟੀਫਿਕੇਟ ਬਣਾਉਣ ਦੇ ਆਹਰ ਵਿਚ ਰੁੱਝ ਗਿਆ। ਸਿਵਲ ਹਸਪਤਾਲ ਵਿਚ ਮੇਰਾ ਇਕ ਡਾਕਟਰ ਵਾਕਿਫ ਸੀ। ਉਸ ਨੂੰ ਸਰਟੀਫਿਕੇਟ ਬਣਾ ਕੇ ਦੇਣ ਲਈ ਕਿਹਾ ਤਾਂ ਉਸ ਨੇ ਕਿਹਾ ਕਿ ਹਸਪਤਾਲ ਵਿਚ ਦਾਖ਼ਲ ਹੋਣਾ ਪਵੇਗਾ, ਤਾਂ ਹੀ ਸਰਟੀਫਿਕੇਟ ਬਣੇਗਾ। ਹਸਪਤਾਲ ਵਿਚ ਇਕ ਕਰਮਚਾਰੀ ਜਾਣੂ ਸੀ। ਉਸ ਨੂੰ ਕਿਹਾ ਕਿ ਕਿਸੇ ਡਾਕਟਰ ਨੂੰ ਕੁਝ ਦੇ-ਦਿਵਾ ਕੇ ਸਰਟੀਫਿਕੇਟ ਬਣਵਾ ਦੇਵੇ ਪਰ ਇੰਜ ਵੀ ਨਾ ਹੋ ਸਕਿਆ। ਇਕ ਦਿਨ ਮੈਂ ਆਪਣੇ ਇਕ ਪੱਤਰਕਾਰ ਦੋਸਤ ਨਾਲ ਗੱਲ ਕੀਤੀ ਤਾਂ ਉਹ ਮੈਨੂੰ ਆਪਣੇ ਜਾਣਕਾਰ ਇਕ ਪ੍ਰਾਈਵੇਟ ਡਾਕਟਰ ਕੋਲ ਲੈ ਗਿਆ। ਡਾਕਟਰ ਨੂੰ ਜਦ ਮੈਂ ਛੁੱਟੀ ਲਈ ਬੇਨਤੀ ਕੀਤੀ ਤਾਂ ਉਸ ਨੇ ਕਿਹਾ ਕਿ ਮੁਕਤਸਰ ਤਾਂ ਉਸ ਦੀ ਭੈਣ ਵਿਆਹੀ ਹੋਈ ਹੈ।
ਉਹ ਮੈਡੀਕਲ ਸਰਟੀਫਿਕੇਟ ਬਣਾਉਣ ਲਈ ਤਿਆਰ ਹੋ ਗਿਆ ਤੇ ਉਸ ਨੇ ‘ਕਮਰ ਦਰਦ ਹੈ, ਬੈੱਡ ਰੈਸਟ ਦੀ ਲੋੜ ਹੈ’ ਦਾ ਦੋ ਮਹੀਨੇ ਦਾ ਸਰਟੀਫਿਕੇਟ ਬਣਾ ਦਿੱਤਾ ਅਤੇ ਕਿਹਾ ਕਿ ਇਸ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਮੈਂ ਇਹ ਸਰਟੀਫਿਕੇਟ ਆਪਣੇ ਦਫ਼ਤਰ ਮੁਕਤਸਰ ਵਿਖੇ ਭੇਜ ਦਿੱਤਾ। ਸੈਦਪੁਰ ਚੋਗਾਵਾਂ ਦਾ ਇਕ ਰਵਿੰਦਰ ਸਿੰਘ ਨਾਂ ਦਾ ਕਲਰਕ ਮੁਕਤਸਰ ਕੰਮ ਕਰਦਾ ਸੀ। ੳਹ ਮੇਰੀ ਤਨਖ਼ਾਹ ਲੈ ਆਉਂਦਾ ਸੀ ਤੇ ਮੈਂ ਸਕੂਟਰ ’ਤੇ ਉਸ ਦੇ ਪਿੰਡ ਜਾ ਕੇ ਆਪਣੀ ਤਨਖ਼ਾਹ ਲੈ ਆਉਂਦਾ ਸਾਂ। ਉਹ ਹਰ ਹਫ਼ਤੇ ਆਪਣੇ ਪਿੰਡ ਆ ਜਾਂਦਾ ਸੀ।
ਇਕ ਦਿਨ ਰਵਿੰਦਰ ਹੱਥ ਦਫ਼ਤਰੋਂ ਸੁਨੇਹਾ ਆ ਗਿਆ ਕਿ ਮੈਂ ਡਿਊਟੀ ਜੁਆਇਨ ਕਰਾਂ। ਪਤਾ ਲੱਗਾ ਕਿ ਇਕ ਪ੍ਰਾਜੈਕਟ ਮੈਨੇਜਰ ਨੇ ਅਫ਼ਸਰ ਨੂੰ ਸਮਝਾਇਆ ਸੀ ਕਿ ਮੈਨੂੰ ਡਿਊਟੀ ’ਤੇ ਸੱਦ ਲਿਆ ਜਾਵੇ ਕਿਉਂਕਿ ਸੀਨੀਅਰ ਸਹਾਇਕ ਦਫ਼ਤਰੀ ਕੰਮ ਵਿਚ ਸਹਾਇਤਾ ਹੀ ਕਰੇਗਾ। ਮੈਂ ਡਿਊਟੀ ਤਾਂ ਜੁਆਇਨ ਕਰ ਲਈ ਪਰ ਅਫ਼ਸਰ ਨੇ ਮੈਨੂੰ ਕੋਈ ਸੀਟ ਅਲਾਟ ਨਾ ਕੀਤੀ। ਸਿਰਫ਼ ਏਨਾ ਹੀ ਕਿ ਕਰਜ਼ੇ ਦੇ ਜਿਹੜੇ ਕੇਸ ਬੈਂਕਾਂ ਤੋਂ ਵਾਪਸ ਆਉਂਦੇ ਨੇ, ਉਹ ਚੈੱਕ ਕਰ ਕੇ ਦੱਸਾਂ ਕਿ ਕਿਹੜਾ ਕੇਸ ਦੁਬਾਰਾ ਬੈਂਕ ਜਾਣ ਵਾਲਾ ਹੈ। ਇਕ ਦਿਨ ਅਚਾਨਕ ਮੈਨੂੰ ਪ੍ਰਸ਼ਾਸਨ ਦੀ ਸੀਟ ਅਲਾਟ ਕਰ ਦਿੱਤੀ ਗਈ। ਪਤਾ ਲੱਗਾ ਕਿ ਅਫ਼ਸਰ ਦੀ ਬਦਲੀ ਹੋ ਗਈ ਹੈ ਅਤੇ ਜਾਂਦਾ-ਜਾਂਦਾ ਅਫ਼ਸਰ ਇਕ ਉੱਚ ਉਦਯੋਗਿਕ ਉੱਨਤੀ ਅਫ਼ਸਰ ਦਾ ਪ੍ਰੋਬੇਸ਼ਨ ਪੀਰੀਅਡ ਕਲੀਅਰ ਕਰਨਾ ਚਾਹੁੰਦਾ ਹੈ ਜਿਸ ਲਈ ਸੀਨੀਅਰ ਸਹਾਇਕ ਦੀ ਨੋਟਿੰਗ ਦੀ ਲੋੜ ਹੈ।
ਨਵੇਂ ਅਫ਼ਸਰ ਨੇ ਮੈਨੂੰ ਪ੍ਰਸ਼ਾਸਨ ਦੇ ਨਾਲ-ਨਾਲ ਰਜਿਸਟ੍ਰੇਸ਼ਨ ਅਤੇ ਸੇਲਜ਼ ਟੈਕਸ ਤੋਂ ਛੋਟ ਦਾ ਕੰਮ ਵੀ ਦੇ ਦਿੱਤਾ। ਪਹਿਲਾਂ ਤਾਂ ਮੈਂ ਹਰ ਹਫ਼ਤੇ ਆਪਣੇ ਘਰ ਆ ਜਾਂਦਾ ਸਾਂ ਪਰ ਬਾਅਦ ਵਿਚ ਪੰਦਰਾਂ ਦਿਨਾਂ ਬਾਅਦ ਘਰ ਆਉਣ ਲੱਗਾ। ਇਕ ਸ਼ਨਿਚਰਵਾਰ ਦਫ਼ਤਰ ’ਚ ਕੰਮ ਕਰ ਰਿਹਾ ਸਾਂ ਕਿ ਦਫ਼ਤਰ ਦਾ ਚੌਕੀਦਾਰ ਕਹਿਣ ਲੱਗਾ ਕਿ ਚਲੋ, ਇਸੇ ਰੋਡ ’ਤੇ ਬਣੇ ਗੁਰਦੁਆਰਾ ਸਾਹਿਬ (ਤਰਨਤਾਰਨ ਸਾਹਿਬ) ਦੇ ਦਰਸ਼ਨ ਕਰ ਆਈਏ। ਓਥੇ ਇਕ ਦੁਕਾਨ ’ਤੇ ਉਸ ਨੇ ਆਪਣਾ ਰੇਡੀਓ ਠੀਕ ਕਰਨ ਲਈ ਦਿੱਤਾ ਹੈ। ਮੈਂ ਉਸ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਗਿਆ।
ਚੌਕੀਦਾਰ ਨੇ ਜਦ ਸਰੋਵਰ ’ਚੋਂ ਚਰਨਾਮਤ ਲਿਆ ਤਾਂ ਮੈਂ ਵੀ ਚਰਨਾਮਤ ਲੈਣ ਲਈ ਸਰੋਵਰ ਦੀਆਂ ਪੌੜੀਆਂ ਉਤਰਨ ਲੱਗਾ। ਭਾਵੇਂ ਕੁਝ ਪੌੜੀਆਂ ’ਤੇ ਸਰੋਵਰ ਦਾ ਜਲ ਨਹੀਂ ਸੀ ਪਰ ਪਣਾ ਜੰਮਿਆ ਹੋਇਆ ਸੀ। ਅਜੇ ਮੈਂ ਜਲ ਤੱਕ ਪੁੱਜਾ ਵੀ ਨਹੀਂ ਸੀ ਕਿ ਮੇਰਾ ਪੈਰ ਤਿਲਕ ਗਿਆ ਅਤੇ ਮੈਂ ਪਿਛਾਂਹ ਨੂੰ ਡਿੱਗ ਪਿਆ ਤੇ ਪੌੜੀ ਦਾ ਸਿਰਾ ਮੇਰੀ ਵੱਖੀ ਵਿਚ ਵੱਜ ਗਿਆ। ਚੌਕੀਦਾਰ ਨੇ ਆ ਕੇ ਮੈਨੂੰ ਉਠਾਇਆ। ਮੈਨੂੰ ਸਾਹ ਲੈਣ ਵਿਚ ਦਿੱਕਤ ਮਹਿਸੂਸ ਹੋਣ ਲੱਗੀ। ਚੌਕੀਦਾਰ ਨੂੰ ਨਾਲ ਲੈ ਕੇ ਮੈਂ ਇਕ ਪ੍ਰਾਈਵੇਟ ਹਸਪਤਾਲ ਵਿਖੇ ਗਿਆ। ਡਾਕਟਰ ਨੇ ਦਰਦ ਦੀ ਦਵਾਈ ਦੇ ਦਿੱਤੀ।
ਲਗਾਤਾਰ ਦੋ ਮਹੀਨੇ ਮੱਠੀ-ਮੱਠੀ ਦਰਦ ਹੁੰਦੀ ਰਹੀ। ਮੇਰਾ ਇਕ ਰਿਸ਼ਤੇਦਾਰ ਬਠਿੰਡਾ ਵਿਖੇ ਹੱਡੀਆਂ ਦਾ ਡਾਕਟਰ ਸੀ। ਉਂਜ ਉਹ ਮਿਲਟਰੀ ਵਿਚ ਨੌਕਰੀ ਕਰਦਾ ਸੀ ਪਰ ਲੋਕ ਸੇਵਾ ਹਿੱਤ ਉਹ ਹਰ ਐਤਵਾਰ ਦੂਰ-ਨੇੜਿਓਂ ਆਏ ਹੱਡੀਆਂ ਦੇ ਰੋਗਾਂ ਤੋਂ ਪੀੜਤ ਮਰੀਜ਼ਾਂ ਦਾ ਮੁਫ਼ਤ ਇਲਾਜ ਕਰਦਾ ਸੀ। ਉਨ੍ਹਾਂ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਬਠਿੰਡਾ ਆਉਣ ਲਈ ਕਿਹਾ। ਇਕ ਐਤਵਾਰ ਮੈਂ ਉਨ੍ਹਾਂ ਕੋਲ ਗਿਆ ਤਾਂ ਉਨ੍ਹਾਂ ਨੇ ਚੈੱਕ ਕਰ ਕੇ ਦੱਸਿਆ ਕਿ ਵੱਖੀ ਦੀ ਹੱਡੀ ਵਿੰਗੀ ਹੋਈ ਹੈ।
ਉਨ੍ਹਾਂ ਨੇ ਹਵਾ ਭਰਨ ਵਾਲੇ ਪੰਪ ਅੱਗੇ ਇਕ ਕੁੱਪੀ ਲਾ ਕੇ ਆਪੇ ਹੀ ਯੰਤਰ ਤਿਆਰ ਕੀਤਾ ਹੋਇਆ ਸੀ। ਉਹ ਹੱਡੀ ਨਾਲ ਲਾ ਕੇ ਜਦ ਹਵਾ ਖਿੱਚੀ ਤਾਂ ਵਿੰਗੀ ਹੋਈ ਵੱਖੀ ਦੀ ਹੱਡੀ ਸਿੱਧੀ ਹੋ ਗਈ। ਕਮਰ ਦੀ ਦਰਦ ਤਾਂ ਠੀਕ ਹੋ ਗਈ ਪਰ ਮਨ ਵਿਚ ਇਹ ਹਿਰਖ ਰਿਹਾ ਕਿ ਜੇ ਮੈਂ ਛੁੱਟੀ ਲੈਣ ਲਈ ਕਮਰ ਦਰਦ ਦਾ ਸਰਟੀਫਿਕੇਟ ਨਾ ਬਣਵਾਉਂਦਾ ਤਾਂ ਸ਼ਾਇਦ ਮੈਨੂੰ ਇਹ ਦੁੱਖ ਨਾ ਝੱਲਣਾ ਪੈਂਦਾ।
-ਅਜੀਤ ਕਮਲ
-ਮੋਬਾਈਲ : 94173-76895