ਮੇਰੀ ਮਨੋਂ ਤਾਂਘ ਸੀ ਕਿ ਬੱਚਿਆਂ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਜਾਣ ਅਤੇ ਉਨ੍ਹਾਂ ਦੇ ਮਨੋਭਾਵਾਂ ਨੂੰ ਸਮਝਿਆ ਜਾਵੇ। ਕੁਝ ਸਮੇਂ ਬਾਅਦ ਮਨ ਵਿਚ ਇਹ ਵਿਚਾਰ ਆਇਆ ਕਿ ਬੱਚਿਆਂ ਨੂੰ ਇਕ ਚੰਗੇ ਨਾਗਰਿਕ ਬਣਾਉਣ ਅਤੇ ਉਸਾਰੂ ਸੇਧ ਦੇਣ ਲਈ ਸਥਾਈ ਪ੍ਰਕਿਰਿਆ ਨੂੰ ਅਪਣਾਇਆ ਜਾਵੇ। ਇਹ ਕਾਰਜ ਸਾਹਿਤਕ ਪ੍ਰਵਿਰਤੀ ਰਾਹੀਂ ਹੀ ਪੂਰਾ ਹੋ ਸਕਦਾ ਸੀ।

ਬਾਲ ਸਾਹਿਤ ਕਿਸੇ ਇਕ ਦਿਨ ਦੀ ਸੋਚ ਦਾ ਨਤੀਜਾ ਨਹੀਂ ਹੁੰਦਾ। ਇਹ ਸਾਲਾਂ ਦੀ ਤਜਰਬੇਕਾਰੀ, ਬੱਚਿਆਂ ਨਾਲ ਰਹਿਣ, ਉਨ੍ਹਾਂ ਦੀ ਸੋਚ ਨੂੰ ਸਮਝਣ ਅਤੇ ਉਨ੍ਹਾਂ ਦੇ ਮਨ ਦੇ ਨੇੜੇ ਜਾਣ ਦੀ ਲਗਾਤਾਰ ਕੋਸ਼ਿਸ਼ ਤੋਂ ਜਨਮ ਲੈਂਦਾ ਹੈ। ਮੇਰੇ ਜੀਵਨ ਵਿਚ ਵੀ ਇਕ ਅਜਿਹਾ ਹੀ ਸੁੰਦਰ ਤੇ ਅਰਥਪੂਰਨ ਮੋੜ ਆਇਆ ਜਦੋਂ 27 ਅਕਤੂਬਰ 2008 ਨੂੰ ਮੇਰੀ ਨਿਯੁਕਤੀ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ (ਬਠਿੰਡਾ) ਵਿਖੇ ਬਤੌਰ ਈਟੀਟੀ ਅਧਿਆਪਕ ਵਜੋਂ ਹੋ ਗਈ ਜਿੱਥੇ ਕਿ ਮੈਂ ਅੱਜ-ਕੱਲ੍ਹ ਹੈੱਡ ਟੀਚਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ।
ਮੇਰੀ ਮਨੋਂ ਤਾਂਘ ਸੀ ਕਿ ਬੱਚਿਆਂ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਜਾਣ ਅਤੇ ਉਨ੍ਹਾਂ ਦੇ ਮਨੋਭਾਵਾਂ ਨੂੰ ਸਮਝਿਆ ਜਾਵੇ। ਕੁਝ ਸਮੇਂ ਬਾਅਦ ਮਨ ਵਿਚ ਇਹ ਵਿਚਾਰ ਆਇਆ ਕਿ ਬੱਚਿਆਂ ਨੂੰ ਇਕ ਚੰਗੇ ਨਾਗਰਿਕ ਬਣਾਉਣ ਅਤੇ ਉਸਾਰੂ ਸੇਧ ਦੇਣ ਲਈ ਸਥਾਈ ਪ੍ਰਕਿਰਿਆ ਨੂੰ ਅਪਣਾਇਆ ਜਾਵੇ। ਇਹ ਕਾਰਜ ਸਾਹਿਤਕ ਪ੍ਰਵਿਰਤੀ ਰਾਹੀਂ ਹੀ ਪੂਰਾ ਹੋ ਸਕਦਾ ਸੀ। ਇਸ ਤੋਂ ਪ੍ਰਭਾਵਿਤ ਹੋ ਕੇ ਦੋ ਬਾਲ ਪੁਸਤਕਾਂ ‘ਬਚਪਨ ਦੀ ਬੁਨਿਆਦ’ ਅਤੇ ‘ਆਓ ਸਕੂਲ ਚੱਲੀਏ’ ਲਿਖਣ ਦਾ ਸਬੱਬ ਬਣਿਆ। ਇਹ ਸਬੱਬ ਸਿਰਫ਼ ਲਿਖਣ ਦੀ ਇੱਛਾ ਨਹੀਂ ਸੀ ਸਗੋਂ ਬੱਚਿਆਂ ਦੇ ਭਵਿੱਖ ਲਈ ਜ਼ਿੰਮੇਵਾਰੀ ਦਾ ਅਹਿਸਾਸ ਵੀ ਸੀ।
ਹਰ ਮਨੁੱਖ ਦਾ ਬਚਪਨ ਉਸ ਦੇ ਜੀਵਨ ਦੀ ਬੁਨਿਆਦ ਹੁੰਦਾ ਹੈ। ਜਿਵੇਂ ਮਕਾਨ ਦੀ ਮਜ਼ਬੂਤ ਨੀਂਹ ਉਸ ਨੂੰ ਲੰਬਾ ਸਮਾਂ ਖੜ੍ਹਾ ਰੱਖਦੀ ਹੈ, ਉਸੇ ਤਰ੍ਹਾਂ ਬਚਪਨ ਵਿਚ ਮਿਲੀਆਂ ਆਦਤਾਂ, ਸਿੱਖਿਆ ਅਤੇ ਮੁੱਲ ਸਾਰੇ ਜੀਵਨ ਨਾਲ ਜੁੜੇ ਰਹਿੰਦੇ ਹਨ। ਅਧਿਆਪਕ ਹੋਣ ਦੇ ਨਾਤੇ ਮੈਂ ਹਰ ਰੋਜ਼ ਬੱਚਿਆਂ ਦੇ ਵਿਹਾਰ, ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਬੜੀ ਨੇੜਤਾ ਨਾਲ ਵੇਖਦਾ ਸੀ। ਕਈ ਬੱਚੇ ਬਹੁਤ ਜਗਿਆਸੂ ਹੁੰਦੇ, ਕਈ ਸ਼ਰਮੀਲੇ ਤੇ ਕਈ ਅਜਿਹੇ ਵੀ ਹੁੰਦੇ ਜੋ ਸਕੂਲ ਆਉਣ ਤੋਂ ਝਿਜਕਦੇ ਸਨ। ਇਨ੍ਹਾਂ ਹੀ ਅਨੁਭਵਾਂ ਨੇ ਮੇਰੇ ਮਨ ਵਿਚ ਇਹ ਸਵਾਲ ਖੜ੍ਹਾ ਕੀਤਾ ਕਿ ਅਸੀਂ ਬੱਚਿਆਂ ਦੇ ਮਨ ਵਿਚ ਸਕੂਲ ਅਤੇ ਸਿੱਖਿਆ ਪ੍ਰਤੀ ਪਿਆਰ ਕਿਵੇਂ ਪੈਦਾ ਕਰੀਏ? ਇਹੀ ਸਵਾਲ ਦੋ ਬਾਲ ਪੁਸਤਕਾਂ ਲਿਖਣ ਦਾ ਮੁੱਖ ਪ੍ਰੇਰਨਾ ਸਰੋਤ ਬਣਿਆ।
‘ਆਓ ਸਕੂਲ ਚੱਲੀਏ’ ਲਿਖਣ ਦੀ ਪ੍ਰੇਰਨਾ ਮੈਨੂੰ ਉਨ੍ਹਾਂ ਬੱਚਿਆਂ ਤੋਂ ਮਿਲੀ ਜੋ ਛੁੱਟੀਆਂ ਤੋਂ ਬਾਅਦ ਸਕੂਲ ਜਾਣ ਤੋਂ ਕਤਰਾਉਂਦੇ ਸਨ। ਅਕਸਰ ਬੱਚੇ ਕਹਿੰਦੇ ਰਹਿੰਦੇ ਸਨ, ‘‘ਸਰ, ਅਜੇ ਹੋਰ ਛੁੱਟੀਆਂ ਹੋਣੀਆਂ ਚਾਹੀਦੀਆਂ ਸਨ।’’ ਇਹ ਗੱਲ ਸੁਣ ਕੇ ਮੈਂ ਸੋਚਦਾ ਸੀ ਕਿ ਕਿਤੇ ਨਾ ਕਿਤੇ ਅਸੀਂ ਸਕੂਲ ਨੂੰ ਬੱਚਿਆਂ ਲਈ ਰੌਚਕ ਬਣਾਉਣ ਵਿਚ ਕਮੀ ਛੱਡ ਰਹੇ ਹਾਂ। ਮੇਰੇ ਮਨ ਨੇ ਚਾਹਿਆ ਕਿ ਇਕ ਅਜਿਹੀ ਬਾਲ ਪੁਸਤਕ ਲਿਖੀ ਜਾਵੇ ਜੋ ਬੱਚਿਆਂ ਨੂੰ ਸਕੂਲ ਜਾਣ ਦਾ ਹੁਕਮ ਨਾ ਦੇਵੇ, ਸਗੋਂ ਪਿਆਰ ਨਾਲ ਸੱਦਾ ਦੇਵੇ “ਆਓ ਸਕੂਲ ਚੱਲੀਏ।”
ਇਸ ਪੁਸਤਕ ਵਿਚ ਸਕੂਲ ਨੂੰ ਡਰ ਦੀ ਥਾਂ ਖ਼ੁਸ਼ੀ ਦਾ ਕੇਂਦਰ ਬਣਾ ਕੇ ਪੇਸ਼ ਕੀਤਾ ਗਿਆ। ਇਸ ਪੁਸਤਕ ਵਿਚ ਬਾਲ ਸਾਹਿਤ ਨਾਲ ਸਬੰਧਤ ਨਿੰਬਧ/ਲੇਖਾਂ ਨੂੰ ਸ਼ਾਮਲ ਕੀਤਾ ਗਿਆ ਹੈ। ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਰਾਹੀਂ ਦੱਸਿਆ ਗਿਆ ਹੈ ਕਿ ਸਕੂਲ ਸਿਰਫ਼ ਪੜ੍ਹਾਈ ਦੀ ਜਗ੍ਹਾ ਨਹੀਂ, ਸਗੋਂ ਦੋਸਤੀ, ਖੇਡਾਂ, ਅਨੁਸ਼ਾਸਨ ਅਤੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮੰਚ ਹੈ।
ਇਸ ਪੁਸਤਕ ਨੂੰ ਲਿਖਦਿਆਂ ਮੈਂ ਇਹ ਖ਼ਿਆਲ ਰੱਖਿਆ ਕਿ ਭਾਸ਼ਾ ਬਿਲਕੁਲ ਸਰਲ ਅਤੇ ਬੱਚਿਆਂ ਦੀ ਰੋਜ਼ਮੱਰ੍ਹਾ ਦੀ ਜ਼ਿੰਦਗੀ ਨਾਲ ਜੁੜੀ ਹੋਵੇ। ਹਰ ਲੇਖ ਉਸਾਰੂ ਹੋਵੇ, ਜਿਸ ਨਾਲ ਬੱਚਾ ਆਪਣੇ-ਆਪ ਨੂੰ ਜੋੜ ਸਕੇ। ਮੇਰਾ ਮਨੋਰਥ ਸੀ ਕਿ ਜਦੋਂ ਬੱਚਾ ਇਹ ਕਿਤਾਬ ਪੜ੍ਹੇ, ਤਾਂ ਉਹ ਖ਼ੁਦ ਕਹੇ ਕਿ ਹਾਂ, ਮੈਨੂੰ ਵੀ ਸਕੂਲ ਜਾਣਾ ਚਾਹੀਦਾ ਹੈ।
ਜਿੱਥੇ ‘ਆਓ ਸਕੂਲ ਚੱਲੀਏ’ ਪੁਸਤਕ ਰਾਹੀਂ ਸਕੂਲ ਪ੍ਰਤੀ ਪਿਆਰ ਪੈਦਾ ਕਰਨ ਦਾ ਯਤਨ ਸੀ, ਉੱਥੇ ਹੀ ‘ਬਚਪਨ ਦੀ ਬੁਨਿਆਦ’ ਬੱਚਿਆਂ ਦੇ ਚਰਿੱਤਰ ਨਿਰਮਾਣ ਨਾਲ ਜੁੜੀ ਪੁਸਤਕ ਹੈ। ਇਸ ਪੁਸਤਕ ਦੇ ਲਿਖਣ ਦਾ ਸਬੱਬ ਵੀ ਉਹ ਅਨੁਭਵ ਸਨ ਜਦੋਂ ਮੈਂ ਵੇਖਿਆ ਕਿ ਕਈ ਬੱਚੇ ਪੜ੍ਹਾਈ ਵਿਚ ਤਾਂ ਚੰਗੇ ਹਨ ਪਰ ਆਦਤਾਂ ਅਤੇ ਕਦਰਾਂ-ਕੀਮਤਾਂ ਦੀ ਕਮੀ ਕਾਰਨ ਪਿੱਛੇ ਰਹਿ ਜਾਂਦੇ ਹਨ। ਇਹ ਪੁਸਤਕ ਇਸ ਵਿਚਾਰ ’ਤੇ ਆਧਾਰਤ ਹੈ ਕਿ ਸੱਚਾਈ, ਸਫ਼ਾਈ, ਸਮਾਂ-ਪਾਬੰਦੀ, ਸਨਮਾਨ ਅਤੇ ਸਹਿਯੋਗ ਵਰਗੀਆਂ ਆਦਤਾਂ ਬਚਪਨ ਵਿਚ ਹੀ ਪੱਕੀਆਂ ਕੀਤੀਆਂ ਜਾਣ। ‘ਬਚਪਨ ਦੀ ਬੁਨਿਆਦ’ ਵੀ ਨਿਬੰਧ ਸੰਗ੍ਰਹਿ ਹੈ। ਇਸ ਪੁਸਤਕ ਵਿਚ ਵੀ ਛੋਟੇ-ਛੋਟੇ ਲੇਖਾਂ ਨੂੰ ਸ਼ਾਮਲ ਕੀਤਾ ਗਿਆ ਹੈ ਜੋ ਕਿ ਬੱਚੇ ਨੂੰ ਜੀਵਨ ਦੀ ਉਸਾਰੂ ਸੇਧ ਦਿੰਦੇ ਹਨ। ਲੇਖਾਂ ਦੇ ਅਨੁਭਵਾਂ ਰਾਹੀਂ ਇਹ ਵੀ ਦਰਸਾਇਆ ਗਿਆ ਹੈ ਕਿ ਚੰਗੀਆਂ ਆਦਤਾਂ ਮਨੁੱਖ ਦੇ ਜੀਵਨ ਨੂੰ ਕਿਵੇਂ ਸੁੰਦਰ ਬਣਾਉਂਦੀਆਂ ਹਨ।
ਇਸ ਪੁਸਤਕ ਨੂੰ ਲਿਖਦਿਆਂ ਮੈਂ ਆਪਣੇ ਸਕੂਲੀ ਅਨੁਭਵਾਂ ਦੇ ਨਾਲ-ਨਾਲ ਮਾਪਿਆਂ ਦੀਆਂ ਚਿੰਤਾਵਾਂ ਨੂੰ ਵੀ ਸ਼ਾਮਲ ਕੀਤਾ। ਕਈ ਮਾਪੇ ਅਕਸਰ ਕਹਿੰਦੇ ਸਨ ਕਿ ਬੱਚਿਆਂ ਨੂੰ ਚੰਗੀਆਂ ਆਦਤਾਂ ਸਿਖਾਉਣਾ ਮੁਸ਼ਕਲ ਹੋ ਰਿਹਾ ਹੈ। ਇਹ ਪੁਸਤਕ ਉਨ੍ਹਾਂ ਲਈ ਵੀ ਇਕ ਮਾਰਗਦਰਸ਼ਕ ਬਣੀ ਹੈ। ਦੋ ਬਾਲ ਪੁਸਤਕਾਂ ਲਿਖਣਾ ਮੇਰੇ ਲਈ ਸਿਰਫ਼ ਸਾਹਿਤਕ ਕੰਮ ਨਹੀਂ ਸੀ ਸਗੋਂ ਇਕ ਸਿੱਖਣ ਦੀ ਪ੍ਰਕਿਰਿਆ ਸੀ।
ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਗੱਲ ਗੰਭੀਰ ਹੋਵੇ ਪਰ ਭਾਸ਼ਾ ਬੱਚਿਆਂ ਲਈ ਹਲਕੀ ਅਤੇ ਸਰਲ ਰਹੇ। ਕਈ ਵਾਰ ਮੈਂ ਇਕ ਹੀ ਪੈਰਾ ਕਈ ਵਾਰ ਲਿਖਿਆ ਅਤੇ ਮਿਟਾਇਆ ਤਾਂ ਜੋ ਉਹ ਬੱਚਿਆਂ ਦੇ ਮਨ ਨੂੰ ਠੀਕ ਤਰ੍ਹਾਂ ਛੂਹ ਸਕੇ। ਮੈਂ ਜਮਾਤ ਵਿਚ ਅਕਸਰ ਬੱਚਿਆਂ ਨੂੰ ਆਪਣੇ ਲਿਖੇ ਲੇਖ ਪੜ੍ਹ ਕੇ ਸੁਣਾਉਂਦਾ ਸੀ ਅਤੇ ਉਨ੍ਹਾਂ ਦੀ ਪ੍ਰਤੀਕਿਰਿਆ ਨੂੰ ਧਿਆਨ ਨਾਲ ਵੇਖਦਾ ਸੀ। ਜਿੱਥੇ ਉਹ ਹੱਸ ਪੈਂਦੇ ਸਨ, ਉੱਥੇ ਮੈਂ ਜਾਣ ਲੈਂਦਾ ਕਿ ਲੇਖ ਕਾਮਯਾਬ ਹੈ। ਜਿੱਥੇ ਉਹ ਉਕਤਾ ਜਾਂਦੇ, ਉੱਥੇ ਮੈਨੂੰ ਆਪਣੀ ਲਿਖਤ ’ਚ ਸੋਧ ਕਰਨ ਦੀ ਲੋੜ ਮਹਿਸੂਸ ਹੁੰਦੀ।
ਕੁਝ ਸਮੇਂ ਬਾਅਦ ਜਦੋਂ ‘ਆਓ ਸਕੂਲ ਚੱਲੀਏ’ ਅਤੇ ‘ਬਚਪਨ ਦੀ ਬੁਨਿਆਦ’ ਦੋਵੇਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਤਾਂ ਇਹ ਮੇਰੇ ਲਈ ਬੇਹੱਦ ਖ਼ੁਸ਼ੀ ਦਾ ਪਲ ਸੀ। ਖ਼ਾਸ ਤੌਰ ’ਤੇ ‘ਬਚਪਨ ਦੀ ਬੁਨਿਆਦ’ ਨੂੰ ਸਿੱਖਿਆ ਵਿਭਾਗ ਵੱਲੋਂ ਲਾਇਬ੍ਰੇਰੀ ਲਈ ਮਨਜ਼ੂਰੀ ਮਿਲਣਾ ਮੇਰੇ ਲਈ ਹੋਰ ਵੀ ਗੌਰਵ ਵਾਲੀ ਗੱਲ ਸੀ। ਇਸ ਨਾਲ ਮੇਰਾ ਇਹ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਕਿ ਬਾਲ ਸਾਹਿਤ ਰਾਹੀਂ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਂਦਾ ਜਾ ਸਕਦਾ ਹੈ। ਬੱਚਿਆਂ ਨੂੰ ਉਸਾਰੂ ਗਿਆਨ ਦੇ ਕੇ ਚੰਗੇ ਮਨੁੱਖ ਬਣਾਇਆ ਜਾ ਸਕਦਾ ਹੈ। ਅਧਿਆਪਕਾਂ ਅਤੇ ਮਾਪਿਆਂ ਵੱਲੋਂ ਮਿਲੀ ਇਸ ਪ੍ਰਤੀਕਿਰਿਆ ਨੇ ਮੈਨੂੰ ਅੱਗੇ ਹੋਰ ਲਿਖਣ ਲਈ ਪ੍ਰੇਰਿਤ ਕੀਤਾ। ਕਈ ਬੱਚਿਆਂ ਨੇ ਖ਼ੁਦ ਆ ਕੇ ਕਿਹਾ ਕਿ ਉਨ੍ਹਾਂ ਨੂੰ ਇਹ ਕਿਤਾਬਾਂ ਪੜ੍ਹ ਕੇ ਸਕੂਲ ਜਾਣਾ ਅਤੇ ਚੰਗੀਆਂ ਆਦਤਾਂ ਅਪਣਾਉਣਾ ਚੰਗਾ ਲੱਗਣ ਲੱਗ ਪਿਆ ਹੈ।
ਜਦੋਂ ਦੋ ਬਾਲ ਪੁਸਤਕਾਂ ‘ਬਚਪਨ ਦੀ ਬੁਨਿਆਦ’ ਅਤੇ ‘ਆਓ ਸਕੂਲ ਚੱਲੀਏ’ ਲਿਖਣ ਦਾ ਸਬੱਬ ਬਣਿਆ, ਤਾਂ ਅਸਲ ਵਿਚ ਉਹ ਮੇਰੇ ਜੀਵਨ ਦਾ ਇਕ ਅਹਿਮ ਅਧਿਆਇ ਸੀ। ਇਹ ਪੁਸਤਕਾਂ ਸਿਰਫ਼ ਕਾਗਜ਼ ’ਤੇ ਲਿਖੇ ਸ਼ਬਦ ਨਹੀਂ ਹਨ, ਸਗੋਂ ਬੱਚਿਆਂ ਦੇ ਭਵਿੱਖ ਲਈ ਪਿਆਰ ਅਤੇ ਜ਼ਿੰਮੇਵਾਰੀ ਦਾ ਪ੍ਰਤੀਕ ਹਨ। ਮੇਰੀ ਇਹ ਕਲਮ ਯਾਤਰਾ ਅਜੇ ਰੁਕੀ ਨਹੀਂ, ਸਗੋਂ ਹੋਰ ਤੇਜ਼ ਹੋ ਗਈ ਹੈ। ਜਦ ਤੱਕ ਬੱਚਿਆਂ ਦੀ ਮੁਸਕਾਨ, ਉਨ੍ਹਾਂ ਦੀ ਜਗਿਆਸਾ ਅਤੇ ਉਨ੍ਹਾਂ ਦੇ ਸੁਪਨੇ ਮੈਨੂੰ ਬੁਲਾਉਂਦੇ ਰਹਿਣਗੇ, ਮੈਂ ਬਾਲ ਸਾਹਿਤ ਦੇ ਇਸ ਪਾਵਨ ਰਸਤੇ ’ਤੇ ਤੁਰਦਾ ਰਹਾਂਗਾ ਕਿਉਂਕਿ ਮੇਰੇ ਲਈ ਸਭ ਤੋਂ ਵੱਡਾ ਸਨਮਾਨ ਇਹ ਹੈ ਕਿ ਮੇਰੀ ਲਿਖਤ ਕਿਸੇ ਬੱਚੇ ਦੇ ਬਚਪਨ ਦੀ ਬੁਨਿਆਦ ਮਜ਼ਬੂਤ ਕਰਨ ਵਿਚ ਸਹਾਇਕ ਸਿੱਧ ਹੋਵੇ।
-ਬੇਅੰਤ ਸਿੰਘ ਮਲੂਕਾ
-(ਲੇਖਕ ਸਟੇਟ ਐਵਾਰਡੀ ਤੇ ਮੁੱਖ ਅਧਿਆਪਕ,ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ) ਹੈ।-ਮੋਬਾਈਲ : 98720-89538