ਪੁਲਿਸ ਵਿਭਾਗ ਵੱਲੋਂ ਲੋਕਾਂ ਨੂੰ ਸੁਚੇਤ ਕਰਨ ਲਈ ਵੱਖ-ਵੱਖ ਥਾਵਾਂ ’ਤੇ ਸੈਮੀਨਾਰ ਵੀ ਕਰਵਾਏ ਗਏ। ਤਸਕਰਾਂ ਦੀ ਫੜੋ-ਫੜੀ ਨਾਲ ਥਾਣਿਆਂ ਦੇ ਰੋਜ਼ਨਾਮਚੇ ਵਿਚ ਰਿਪੋਰਟਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਗਿਆ। ਪੰਜਾਬ ਦੀਆਂ ਜੇਲ੍ਹਾਂ ਵਿਚ ਪੁਰਸ਼ ਕੈਦੀ ਰੱਖਣ ਦੀ ਸਮਰੱਥਾ 21790 ਹੈ ਪਰ 26481 ਕੈਦੀ ਜੇਲ੍ਹਾਂ ਵਿਚ ਡੱਕੇ ਗਏ। ਇਸ ਤਰ੍ਹਾਂ ਹੀ ਔਰਤ ਕੈਦੀਆਂ ਨੂੰ ਰੱਖਣ ਦੀ ਸਮਰੱਥਾ 1408 ਹੈ।

ਅੰਦਾਜ਼ਨ 1980 ਤੋਂ ਪੰਜਾਬ ਨਸ਼ਿਆਂ ਦੇ ਸੰਤਾਪ ਨੂੰ ਭੋਗ ਰਿਹਾ ਹੈ। ਸਿਆਸੀ ਪਾਰਟੀਆਂ ਵੱਲੋਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਵਾਅਦਿਆਂ ਦੀ ਝੜੀ ਵਿਚ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਅਤੇ ਨਸ਼ਿਆਂ ਦਾ ਲੱਕ ਤੋੜਨ ਵਾਲੇ ਮੁੱਦਿਆਂ ਨੂੰ ਉਭਾਰ ਕੇ ਸਤਾ ਪ੍ਰਾਪਤੀ ਦੇ ਯਤਨ ਹੁੰਦੇ ਰਹੇ। ਖ਼ੁਸ਼ਹਾਲੀ ਤਾਂ ਸਿਆਸੀ ਲੋਕਾਂ ਦੇ ਹਿੱਸੇ ਹੀ ਆਈ ਹੈ। ਹਾਂ , ਨਸ਼ਿਆਂ ਦੀ ਮਾਰੂ ਹਨੇਰੀ ਨੇ ਲੋਕਾਂ ਦੇ ਚੁੱਲ੍ਹੇ ਠੰਢੇ ਕਰਨ ਦੇ ਨਾਲ-ਨਾਲ ਸਿਵਿਆਂ ਦੀ ਅੱਗ ਨੂੰ ਪ੍ਰਚੰਡ ਕੀਤਾ ਹੈ।
ਨਸ਼ਿਆਂ ਕਾਰਨ ਜਿੱਥੇ ਜਵਾਨੀ ਦਾ ਘਾਣ ਹੋਇਆ ਹੈ , ਉੱਥੇ ਹੀ ਮਾਵਾਂ- ਭੈਣਾਂ ਦੇ ਵਹਿੰਦੇ ਖ਼ੂਨ ਦੇ ਅੱਥਰੂ , ਬਾਪ ਦੇ ਚਿਹਰੇ ’ਤੇ ਛਾਈ ਘੋਰ ਉਦਾਸੀ ਅਤੇ ਮਸੂਮ ਬੱਚਿਆਂ ਦੀਆਂ ਚੀਕਾਂ ਨੇ ਸਮੁੱਚੇ ਪੰਜਾਬ ਦੀ ਹਵਾ ਨੂੰ ਸੋਗੀ ਕਰ ਦਿੱਤਾ ਹੈ। ਵਰਤਮਾਨ ਸਰਕਾਰ ਛੇ ਮਹੀਨਿਆਂ ਦੇ ਅੰਦਰ ਨਸ਼ੇ ਨੂੰ ਖ਼ਤਮ ਕਰਨ ਦੇ ਵਾਅਦੇ ਨਾਲ ਮਾਰਚ 2022 ਨੂੰ ਹੋਂਦ ਵਿਚ ਆਈ ਸੀ। ਸਰਕਾਰ ਵੱਲੋਂ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਤੇ ਵੱਡੀ ਮਾਤਰਾ ਵਿਚ ਨਸ਼ੇ ਦੀਆਂ ਖੇਪਾਂ ਨੂੰ ਫੜ ਕੇ ਸਪਲਾਈ ਲਾਈਨ ਨੂੰ ਰੋਕਣ ਅਤੇ ਨਸ਼ੱਈਆਂ ਨੂੰ ਮੁੱਖ ਧਾਰਾ ਵਿਚ ਲਿਆਉਣ ਦੇ ਯਤਨ ਤਾਂ ਹੁੰਦੇ ਰਹੇ , ਪਰ 'ਚਿੱਟੇ ' ਦਾ ਮਾਰੂ ਕਹਿਰ ਪੂਰੀ ਤਰ੍ਹਾਂ ਰੁਕਿਆ ਨਹੀਂ। ਮੈਡੀਕਲ ਨਸ਼ਾ ਵੀ ਚੋਰੀ ਛੁਪੇ ਵਿਕਦਾ ਰਿਹਾ ਹੈ।
ਪੰਜਾਬ ਸਰਕਾਰ ਨੇ ਪਹਿਲਾਂ ਇਕ ਮਾਰਚ 2025 ਤੋਂ ' ਯੁੱਧ ਨਸ਼ਿਆਂ ਵਿਰੁੱਧ ' ਮੁਹਿੰਮ ਸ਼ੁਰੂ ਕੀਤੀ ਅਤੇ ਫਿਰ ' ਯੁੱਧ ਨਸ਼ਿਆਂ ਵਿਰੁੱਧ- 2' 10 ਜਨਵਰੀ 2026 ਤੋਂ ਸ਼ੁਰੂ ਕੀਤੀ ਗਈ। ਜਿਸ ਵਿਚ ਲੋਕਾਂ ਨੂੰ ਮੁਹਿੰਮ ’ਚ ਸ਼ਾਮਲ ਕਰਨ ਲਈ ਵਲੰਟੀਅਰਾਂ ਦੇ ਨਾਲ-ਨਾਲ ਪੰਜਾਬ ਦੇ 13241 ਸਰਪੰਚਾਂ ਨੂੰ ' ਪਿੰਡ ਬਚਾਓ ਕਮੇਟੀ ' ਦਾ ਮੁਖੀ ਬਣਾ ਕੇ ਹਰ ਪਿੰਡ ਨੂੰ ਨਸ਼ਾ ਮੁਕਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਪੁਲਿਸ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ' ਪਿੰਡ ਬਚਾਓ ਕਮੇਟੀ ' ਦੇ ਮੁਖੀਆਂ ਨੂੰ ਨਸ਼ਿਆਂ ਵਿਰੁੱਧ ਜੰਗ ਵਿਚ ਪੂਰਨ ਸਹਿਯੋਗ ਦਿੱਤਾ ਜਾਵੇ।
ਪੁਲਿਸ ਵਿਭਾਗ ਵੱਲੋਂ ਲੋਕਾਂ ਨੂੰ ਸੁਚੇਤ ਕਰਨ ਲਈ ਵੱਖ-ਵੱਖ ਥਾਵਾਂ ’ਤੇ ਸੈਮੀਨਾਰ ਵੀ ਕਰਵਾਏ ਗਏ। ਤਸਕਰਾਂ ਦੀ ਫੜੋ-ਫੜੀ ਨਾਲ ਥਾਣਿਆਂ ਦੇ ਰੋਜ਼ਨਾਮਚੇ ਵਿਚ ਰਿਪੋਰਟਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਗਿਆ। ਪੰਜਾਬ ਦੀਆਂ ਜੇਲ੍ਹਾਂ ਵਿਚ ਪੁਰਸ਼ ਕੈਦੀ ਰੱਖਣ ਦੀ ਸਮਰੱਥਾ 21790 ਹੈ ਪਰ 26481 ਕੈਦੀ ਜੇਲ੍ਹਾਂ ਵਿਚ ਡੱਕੇ ਗਏ। ਇਸ ਤਰ੍ਹਾਂ ਹੀ ਔਰਤ ਕੈਦੀਆਂ ਨੂੰ ਰੱਖਣ ਦੀ ਸਮਰੱਥਾ 1408 ਹੈ। ਪਰ ਅੰਦਾਜ਼ਨ 1600 ਔਰਤ ਕੈਦੀ ਜੇਲ੍ਹ ਦੀ ਹਵਾ ਖਾ ਰਹੀਆਂ ਹਨ। ਸਰਕਾਰ ਵੱਲੋਂ ਧੂੰਆਂਧਾਰ ਪ੍ਰਚਾਰ , ਨਸ਼ੇ ਦੀ ਭਾਰੀ ਮਾਤਰਾ ਵਿਚ ਬਰਾਮਦਗੀ , ਤਸਕਰਾਂ ਦੀ ਫੜੋ-ਫੜੀ ਅਤੇ ਨਸ਼ੱਈਆਂ ਦਾ ਇਲਾਜ ਕਰਵਾ ਕੇ ਮੁੱਖ ਧਾਰਾ ਵਿਚ ਲਿਆਉਣ ਦੇ ਯਤਨ ਜੰਗੀ ਪੱਧਰ ’ਤੇ ਜਾਰੀ ਹਨ ਪਰ ਇਨ੍ਹਾਂ ਯਤਨਾਂ ’ਤੇ ਉਸ ਵੇਲੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਜਦੋਂ ਨਸ਼ੇ ਦੀ ਰੋਕਥਾਮ ਕਰਨ ਵਾਲਿਆਂ ਕੋਲੋਂ ਹੀ ਨਸ਼ੇ ਦੀ ਭਾਰੀ ਬਰਾਮਦਗੀ ਹੋਈ ।
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਾ ਇਕ ਸਰਪੰਚ 18 ਕਿਲੋ ਹੈਰੋਇਨ ਨਾਲ 15 ਮਾਰਚ ਨੂੰ ਫੜਿਆ ਗਿਆ। ਸਰਪੰਚ ਕੋਲੋਂ ਇਹ ਬਰਾਮਦਗੀ ਰਾਸ਼ਟਰੀ ਨਾਰਕੋਟਿਕਸ ਬਿਊਰੋ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਉਸ ਦੇ ਘਰੋਂ ਹੀ ਕੀਤੀ ਗਈ। ਦੁੱਖ ਅਤੇ ਹੈਰਾਨੀ ਇਸ ਗੱਲ ਦੀ ਹੈ ਕਿ ਉਸ ਨੂੰ ਸਰਕਾਰ ਵੱਲੋਂ ਪਿੰਡ ਦੀ ਨਸ਼ਾ ਵਿਰੋਧੀ ਕਮੇਟੀ ਦਾ ਚੇਅਰਮੈਨ ਲਾਇਆ ਹੋਇਆ ਸੀ ਅਤੇ ਇਸ ਸਰਪੰਚ ਦੇ ਰਾਜਸੀ ਨੇਤਾਵਾਂ ਨਾਲ ਨੇੜਲੇ ਸਬੰਧ ਸਨ।
ਗੰਭੀਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਸ ਦੀ ਸੂਚਨਾ ਕੁਝ ਮੀਲਾਂ ’ਤੇ ਸਥਿਤ ਥਾਣੇ ਦੇ ਕਰਮਚਾਰੀਆਂ ਨੂੰ ਨਹੀਂ ਮਿਲੀ ? ਸਥਾਨਕ ਵਿਧਾਇਕ ਵੀ ਉਸ ਦੀ ਨਸ਼ਾ ਤਸਕਰੀ ਦੇ ਕਾਲੇ ਕਾਰੋਬਾਰ ਤੋਂ ਅਨਜਾਣ ਸੀ ? ਪੰਜਾਬ ਪੁਲਿਸ ਦੀ ਥਾਂ ਕੇਂਦਰੀ ਨਾਰਕੋਟਿਕਸ ਬਿਊਰੋ ਨੂੰ ਸਰਪੰਚ ਦੀ ਗ੍ਰਿਫ਼ਤਾਰੀ ਕਿਉਂ ਕਰਨੀ ਪਈ ? 90 ਕਰੋੜ ਮੁੱਲ ਦੀ ਇਸ ਹੈਰੋਇਨ ਨੇ ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਬੁਝਾਉਣੇ ਸਨ। ਅਨੇਕਾਂ ਨੌਜਵਾਨਾਂ ਨੂੰ ਨਸ਼ਾ ਸਪਲਾਈ ਕਰਨ ਲਈ ਵਰਤੇ ਜਾਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਭਲਾ , ਦੁੱਧ ਦੀ ਰਾਖੀ ਬਿੱਲੇ ਨੂੰ ਬਿਠਾ ਕੇ ਦੁੱਧ ਦਾ ਬਚਾਓ ਕਿੰਜ ਹੋਵੇਗਾ ? ਦਰਅਸਲ ਜਦੋਂ ਦਰਬਾਨਾਂ ਦੀ ਅੱਖ ਚੋਰਾਂ ਨਾਲ ਮਿਲ ਜਾਵੇ ਤਾਂ ਜਾਨ ਅਤੇ ਮਾਲ ਦੋਵਾਂ ਨੂੰ ਹੀ ਗੰਭੀਰ ਖ਼ਤਰਾ ਹੁੰਦਾ ਹੈ। ਮਾਲੀ ਦਗ਼ਾਬਾਜ਼ ਹੋ ਜਾਣ ਤਾਂ ਮਹਿਕਾਂ ਦੀ ਪੱਤ ਰੁਲ਼ ਜਾਂਦੀ ਹੈ। ਅਜਿਹੀਆਂ ਕਾਲੀਆਂ ਭੇਡਾਂ ਦੀ ਕਰਤੂਤ ਕਾਰਨ ਹੀ ਲੋਕਾਂ ਦੇ ਚੁੱਲ੍ਹੇ ਠੰਢੇ, ਜਵਾਨੀ ਦਾ ਘਾਣ ਅਤੇ ਸਿਵਿਆਂ ਦੀ ਅੱਗ ਪ੍ਰਚੰਡ ਹੋ ਰਹੀ ਹੈ।14 ਫਰਵਰੀ 2026 ਨੂੰ ਪੁਲਿਸ ਵਿਭਾਗ ਵਿਚ ਸੇਵਾ ਕਰਦੇ ਕਰਮਚਾਰੀ ਦਾ ਨੌਜਵਾਨ ਪੁੱਤਰ ਨਸ਼ੇ ਦੀ ਓਵਰਡੋਜ਼ ਨਾਲ ਅੰਮ੍ਰਿਤਸਰ ਵਿਖੇ ਮਰ ਗਿਆ। ਬਾਪ ਨੇ ਭੁੱਬਾਂ ਮਾਰਦਿਆਂ ਪ੍ਰਗਟਾਵਾ ਕੀਤਾ ਕਿ ਅੰਮ੍ਰਿਤਸਰ ਦੇ ਕਈ ਮੁਹੱਲਿਆਂ ਵਿਚ ਚਿੱਟਾ ਸਰੇਆਮ ਵਿਕ ਰਿਹਾ ਹੈ । ਇਸ ਪੱਖ ਤੋਂ ਪੰਜਾਬ ਹੁਣ ਰਹਿਣ ਵਾਸਤੇ ਸੁਰੱਖਿਅਤ ਨਹੀਂ ਹੈ। ਪਿਛਲੇ ਦਿਨੀਂ ਹੀ ਐੱਸਐੱਸਪੀ ਫ਼ਰੀਦਕੋਟ ਵੱਲੋਂ ਕਾਲਜ ਵਿਚ ' ਯੁੱਧ ਨਸ਼ਿਆਂ ਵਿਰੁੱਧ ' ਅਧੀਨ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਨਸ਼ਿਆਂ ਵਿਰੁੱਧ ਲਹਿਰ ਦਾ ਹਿੱਸਾ ਬਣਾਉਣ ਲਈ ਸੈਮੀਨਾਰ ਕਰਵਾਇਆ ਗਿਆ।
ਪੁਲਿਸ ਵਿਭਾਗ ਦੇ ਆਈਜੀ ਵੀ ਸੈਮੀਨਾਰ ਵਿਚ ਸ਼ਾਮਲ ਹੋਏ। ਉਸ ਸਮੇਂ ਵਿਦਿਆਰਥੀ ਆਗੂ ਨੇ ਸੰਬੋਧਨ ਕਰਦਿਆਂ ਸਪੱਸ਼ਟ ਸ਼ਬਦਾਂ ਵਿਚ ਤੱਥਾਂ ਸਹਿਤ ਕਿਹਾ ਕਿ ਪੁਲਿਸ ਦੀਆਂ ਕੁਝ ਕਾਲੀਆਂ ਭੇਡਾਂ ਅਤੇ ਸਿਆਸੀ ਲੋਕਾਂ ਦੇ ਆਲੇ-ਦੁਆਲੇ ਮੰਡਰਾਉਂਦੇ ਲੋਕਾਂ ਕਾਰਨ ' ਯੁੱਧ ਨਸ਼ਿਆਂ ਵਿਰੁੱਧ ' ਸਫ਼ਲ ਨਹੀਂ ਹੋ ਰਿਹਾ। ਉਸ ਨੇ ਅਧਿਕਾਰੀਆਂ ਤੋਂ ਪੁੱਛਿਆ ਕਿ ਨਸ਼ੇ ਦੇ ਕਾਰੋਬਾਰ ਵਿਚ ਜੁੜੇ ਹੋਏ ਇਨ੍ਹਾਂ ਵਿਅਕਤੀਆਂ ’ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋਈ ?
ਸਰਹੱਦੀ ਪਿੰਡ ਤਲਵੰਡੀ ਕਲਾਂ ਦੇ ਸਰਪੰਚ ਨੇ ਭਰੇ ਮਨ ਨਾਲ ਪ੍ਰਗਟਾਵਾ ਕੀਤਾ ਕਿ ਅੰਦਾਜ਼ਨ ਅੱਧਾ ਪਿੰਡ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ। 13-13 ਸਾਲ ਦੇ ਬੱਚੇ ਵੀ ਨਸ਼ੇ ਦੀ ਮਾਰ ਹੇਠ ਆ ਗਏ ਹਨ। ਉਸ ਨੇ ਇਹ ਵੀ ਕਿਹਾ ਕਿ ਦੂਜੇ ਪਿੰਡਾਂ ਦੇ ਲੋਕ ਵੀ ਮੋਟਰਸਾਈਕਲ ਅਤੇ ਕਾਰਾਂ ’ਤੇ ਇਥੋਂ ਨਸ਼ਾ ਲੈਣ ਲਈ ਆਉਂਦੇ ਹਨ। ਉਸ ਨੇ ਪੁਲਿਸ ਵੱਲੋਂ ਸਹਿਯੋਗ ਨਾ ਦੇਣ ਦਾ ਸ਼ਿਕਵਾ ਵੀ ਕੀਤਾ। ਅੱਕੇ ਲੋਕਾਂ ਨੇ ਨਿਹੰਗ ਸਿੰਘਾਂ ਦਾ ਸਹਾਰਾ ਲਿਆ।
ਕੁਝ ਸਰਪੰਚਾਂ ਅਤੇ ਨੰਬਰਦਾਰਾਂ ਵਲੋਂ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਨਸ਼ਾ ਤਸਕਰਾਂ ਦੀ ਜ਼ਮਾਨਤ ਕਰਵਾਉਣ ਦੇ ਕੇਸ ਵੀ ਸਾਹਮਣੇ ਆਏ ਹਨ ਅਤੇ ਹੁਣ ਉਹ ਕਾਨੂੰਨ ਦਾ ਸਾਹਮਣਾ ਕਰ ਰਹੇ ਹਨ। ਨਸ਼ਾ ਤਸਕਰਾਂ ਨੂੰ ਸੁਰੱਖਿਆ ਦੇ ਕੇ ਉਨ੍ਹਾਂ ਤੋਂ ਉਗਰਾਹੀ ਕਰਨ ਵਾਲੇ ਪੁਲਿਸ ਅਤੇ ਵੱਖ-ਵੱਖ ਜ਼ੇਲ੍ਹਾਂ ਦੇ ਕਈ ਕਰਮਚਾਰੀ ਵੀ ਕਾਨੂੰਨੀ ਸ਼ਿਕੰਜੇ ਵਿਚ ਜਕੜੇ ਗਏ ਹਨ। ਦੂਜੇ ਪਾਸੇ ਨਸ਼ਾ ਤਸਕਰਾਂ ਨੇ ਹਿੰਸਕ ਹੋ ਕੇ ਪੁਲਿਸ ਕਰਮਚਾਰੀਆਂ, ਸਰਪੰਚਾਂ ਅਤੇ ਨਸ਼ਾ ਰੋਕੂ ਕਮੇਟੀਆਂ ’ਤੇ ਜਾਨਲੇਵਾ ਹਮਲੇ ਵੀ ਕੀਤੇ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੂਟੇ ਦੀਆਂ ਛੰਨਾਂ ਦੇ ਸਰਪੰਚ ਨੂੰ ਤਸਕਰਾਂ ਨੇ ਇਸ ਆਧਾਰ ’ਤੇ ਮੌਤ ਦੇ ਘਾਟ ਉਤਾਰ ਦਿੱਤਾ ਕਿ ਉਸ ਨੇ ਉਨ੍ਹਾਂ ਦੇ ਕਾਲੇ ਕਾਰੋਬਾਰ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ।
ਇਸ ਤਰ੍ਹਾਂ ਹੀ ਪਿਛਲੇ ਦਿਨੀਂ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਤ ਨਸ਼ਾ ਵਿਰੋਧੀ ਲਹਿਰ ਦੇ ਆਗੂ ਨੂੰ ਰਾਤ ਸਮੇਂ ਨਸ਼ੇ ਦੇ ਤਸਕਰਾਂ ਨੇ ਘੇਰ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਭਾਵੇਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਪਰ ਫਿਰ ਵੀ ਅਜਿਹੇ ਦੋਸ਼ੀ ਇਕ ਪਾਸੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲਿਆਂ ’ਤੇ ਹਮਲੇ ਕਰ ਰਹੇ ਹਨ ਅਤੇ ਦੂਜੇ ਪਾਸੇ ਮੌਤ ਦਾ ਸਮਾਨ ਵੰਡਦੇ ਹੋਏ ਦਨਦਨਾਉਂਦੇ ਫਿਰਦੇ ਹਨ। ਆਬਾਦੀ ਦੇ ਪੱਖੋਂ ਪੰਜਾਬ ਭਾਰਤ ਦੀ ਆਬਾਦੀ ਦਾ 2.3% ਹੈ , ਹੈਰੋਇਨ ਬਰਾਮਦਗੀ ਵਿਚ ਭਾਰਤ ਵਿਚੋਂ ਹੋਈ ਕੁੱਲ ਬਰਾਮਦਗੀ ਵਿਚੋਂ 44% ਇਕੱਲੇ ਪੰਜਾਬ ਦੀ ਹੈ ਅਤੇ ਨਸ਼ੇ ਕਾਰਨ ਓਵਰਡੋਜ਼ ਨਾਲ ਹੋਈਆਂ ਕੁੱਲ ਮੌਤਾਂ ਵਿਚੋਂ 22% ਪੰਜਾਬ ਵਿਚ ਹੋਈਆਂ ਹਨ। ਪੰਜਾਬ ਦੇ ਮੱਥੇ ਤੋਂ ਨਸ਼ੇ ਦਾ ਧੱਬਾ ਲਾਹੁਣ ਲਈ ਸਾਂਝੇ ਯਤਨਾਂ ਦੀ ਲੋੜ ਹੈ।
-ਮੋਹਨ ਸ਼ਰਮਾ
-ਸੰਪਰਕ : 94171-48866