ਆਪਣੇ ਮਾਪਿਆਂ ਦੀ ਦਾਨਿਸ਼ਮੰਦ ਸੋਚ ਤੇ ਵਿਦਿਆਰਥੀ ਜੀਵਨ ਵਿਚ ਆਏ ਬਹੁਤ ਹੀ ਕਰਮਯੋਗੀ, ਨੇਕ ਅਤੇ ਪੇਸ਼ੇ ਪ੍ਰਤੀ ਸਮਰਪਤ ਅਧਿਆਪਕਾਂ ਨੇ ਮੇਰਾ ਝੁਕਾਅ ਅਧਿਆਪਕ ਬਣਨ ਵੱਲ ਕਰ ਦਿੱਤਾ ਸੀ। ਮੈਨੂੰ ਸਕੂਲੀ ਅਧਿਆਪਕ ਨਾਲੋਂ ਕਾਲਜ ਅਧਿਆਪਕ ਬਣਨਾ ਜ਼ਿਆਦਾ ਚੰਗਾ ਲੱਗਦਾ ਸੀ ਕਿਉਂਕਿ ਮੇਰੇ ਮਨ ਨੂੰ ਕਾਲਜ ਅਧਿਆਪਕ ਦਾ ਅਹੁਦਾ, ਪ੍ਰਭਾਵ ਅਤੇ ਭਵਿੱਖ ਜ਼ਿਆਦਾ ਟੁੰਬਦਾ ਸੀ।

ਆਪਣੇ ਮਾਪਿਆਂ ਦੀ ਦਾਨਿਸ਼ਮੰਦ ਸੋਚ ਤੇ ਵਿਦਿਆਰਥੀ ਜੀਵਨ ਵਿਚ ਆਏ ਬਹੁਤ ਹੀ ਕਰਮਯੋਗੀ, ਨੇਕ ਅਤੇ ਪੇਸ਼ੇ ਪ੍ਰਤੀ ਸਮਰਪਤ ਅਧਿਆਪਕਾਂ ਨੇ ਮੇਰਾ ਝੁਕਾਅ ਅਧਿਆਪਕ ਬਣਨ ਵੱਲ ਕਰ ਦਿੱਤਾ ਸੀ। ਮੈਨੂੰ ਸਕੂਲੀ ਅਧਿਆਪਕ ਨਾਲੋਂ ਕਾਲਜ ਅਧਿਆਪਕ ਬਣਨਾ ਜ਼ਿਆਦਾ ਚੰਗਾ ਲੱਗਦਾ ਸੀ ਕਿਉਂਕਿ ਮੇਰੇ ਮਨ ਨੂੰ ਕਾਲਜ ਅਧਿਆਪਕ ਦਾ ਅਹੁਦਾ, ਪ੍ਰਭਾਵ ਅਤੇ ਭਵਿੱਖ ਜ਼ਿਆਦਾ ਟੁੰਬਦਾ ਸੀ। ਜਦੋਂ ਮੈਨੂੰ ਕਦੇ ਕੋਈ ਕਾਲਜ ਅਧਿਆਪਕ ਮਿਲ ਜਾਂਦਾ ਤਾਂ ਮੇਰਾ ਇਹ ਨੌਕਰੀ ਕਰਨ ਦੇ ਸੁਪਨੇ ਦਾ ਕੱਦ ਹੋਰ ਉੱਚਾ ਹੋ ਜਾਂਦਾ। ਮੇਰਾ ਦਿਲ ਉਸ ਨੂੰ ਪੁੱਛਣ ਨੂੰ ਕਰਦਾ ਕਿ ਕਾਲਜ ਅਧਿਆਪਕ ਬਣਨ ਲਈ ਕਿੰਨੀ ਕੁ ਮਿਹਨਤ ਕਰਨੀ ਪੈਂਦੀ ਹੈ। ਪਰ ਮੈਂ ਝਿਜਕ ਦਾ ਮਾਰਿਆ ਉਸ ਨੂੰ ਪੁੱਛ ਨਾ ਪਾਉਂਦਾ । ਛੋਟੀ ਉਮਰ ਵਿਚ ਹੀ ਪਿਤਾ ਜੀ ਦੇ ਅਕਾਲ ਚਲਾਣੇ ਅਤੇ ਪਰਿਵਾਰ ਦੀ ਗ਼ਰੀਬੀ ਨੇ ਮੇਰੇ ਸੁਪਨਿਆਂ ਨੂੰ ਧੁੰਦਲਾ ਕਰ ਦਿੱਤਾ। ਭੈਣਾਂ-ਭਰਾਵਾਂ `ਚੋਂ ਵੱਡਾ ਹੋਣ ਕਰਕੇ ਮਾਮਿਆਂ ਨੇ ਮਾਂ ਨੂੰ ਸਲਾਹ ਦਿੱਤੀ ਕਿ ਇਸ ਨੂੰ ਸਕੂਲ ਵਿਚ ਚਪੜਾਸੀ ਲਗਵਾ ਦਿੱਤਾ ਜਾਵੇ।
ਜੇਕਰ ਮਾਂ ਉਸ ਦਿਨ ਮਾਮਿਆਂ ਨਾਲ ਸਹਿਮਤ ਹੋ ਜਾਂਦੀ ਤਾਂ ਮੈਂ ਸਕੂਲ ਪ੍ਰਿੰਸੀਪਲ ਦੀ ਬਜਾਏ ਚਪੜਾਸੀ ਰਿਟਾਇਰ ਹੋਣਾ ਸੀ। ਮਾਂ ਨੇ ਨਿੰਮੋਝੂਣੀ ਹੋ ਕੇ ਕਿਹਾ ਕਿ ਔਖੇ-ਸੌਖੇ ਹੋ ਕੇ ਜੇਬੀਟੀ ਕਰ ਲੈ, ਸਕੂਲ ਅਧਿਆਪਕ ਲੱਗ ਕੇ ਅੱਗੇ ਪੜ੍ਹਣ ਦਾ ਆਪਣਾ ਚਾਅ ਪੂਰਾ ਕਰ ਲਵੀਂ । ਦਸਵੀਂ ਜਮਾਤ ਵਿਚ ਚੰਗੇ ਨੰਬਰ ਹੋਣ ਕਰਕੇ ਜੇਬੀਟੀ ਵਿਚ ਦਾਖ਼ਲਾ ਮਿਲ ਗਿਆ, ਨਾਲ ਦੇ ਨਾਲ ਹੀ ਮੈਂ ਪੰਜਾਬੀ ਯੂਨੀਵਰਸਟੀ ਤੋਂ ਪ੍ਰਭਾਕਰ ਵੀ ਕਰ ਲਈ। ਜੇਬੀਟੀ ਦਾ ਕੋਰਸ ਪੂਰਾ ਹੁੰਦਿਆਂ ਹੀ ਇਕ ਸਰਕਾਰੀ ਮਾਨਤਾ ਅਤੇ ਸਹਾਇਤਾ ਪ੍ਰਾਪਤ ਸਕੂਲ ਵਿਚ ਭਾਸ਼ਾ ਅਧਿਆਪਕ ਦੀ ਨੌਕਰੀ ਮਿਲ ਗਈ। ਛੋਟੇ ਭਰਾ ਨੇ ਪਿਤਾ ਜੀ ਵਾਲੀ ਦੁਕਾਨ ਸੰਭਾਲ ਲਈ। ਪਰਿਵਾਰ ਦਾ ਚੰਗਾ ਤੋਰਾ ਤੁਰਨਾ ਸ਼ੁਰੂ ਹੋ ਗਿਆ।
ਹੁਣ ਜ਼ਿੰਦਗੀ ਪ੍ਰਤੀ ਮੇਰੀਆਂ ਸ਼ਿਕਾਇਤਾਂ ਅਤੇ ਸੁਪਨੇ ਦੋਵੇਂ ਇਕੱਠੇ ਹੋ ਗਏ। ਆਪਣੇ ਸਕੂਲ ਵਿਚ ਸਭ ਤੋਂ ਘੱਟ ਪੜ੍ਹੇ ਹੋਏ ਅਧਿਆਪਕ ਦਾ ਤਾਅਨਾ ਸੁਣ ਕੇ ਮੇਰੇ ਮਨ ਵਿਚ ਹੀਣ ਭਾਵਨਾ ਆ ਜਾਂਦੀ ਸੀ। ਸੁਪਨਿਆਂ ਦੀ ਧੁੰਦ ਚਮਕ `ਚ ਬਦਲ ਗਈ। ਸੁਪਨੇ ਕਾਹਲੇ ਪੈਣੇ ਸ਼ੁਰੂ ਹੋ ਗਏ। ਜ਼ਿੰਦਗੀ ਦੀਆਂ ਸ਼ਿਕਾਇਤਾਂ ਹੌਂਸਲੇ ਨਾਲ ਮਿਹਨਤ ਕਰਨ ਵੱਲ ਕਦਮ ਵਧਾਉਣ ਲਈ ਵਾਜਾਂ ਦੇਣ ਲੱਗ ਪਈਆਂ। ਮੈਂ ਨੌਕਰੀ ਦੇ ਨਾਲ-ਨਾਲ ਪ੍ਰਾਈਵੇਟ ਪੜ੍ਹਨਾ ਸ਼ੁਰੂ ਕਰ ਦਿੱਤਾ। ਜਦੋਂ ਵੀ ਪੜ੍ਹਨ ਬੈਠਦਾ ਤੇ ਪ੍ਰੀਖਿਆ ਦਿੰਦਾ ਤਾਂ ਕਾਲਜ ਅਧਿਆਪਕ ਬਣਨ ਦਾ ਸੁਪਨਾ ਮੇਰੀਆਂ ਅੱਖਾਂ ਸਾਹਮਣੇ ਆ ਖੜ੍ਹਾ ਹੁੰਦਾ । ਮੈਂ ਬੀਏ ਤੱਕ 60% ਤੋਂ ਉੱਪਰ ਅੰਕ ਲੈਂਦਾ ਰਿਹਾ । ਹਰ ਜਮਾਤ `ਚ ਮੇਰਾ ਇਹ ਯਤਨ ਹੁੰਦਾ ਸੀ ਕਿ ਮੈਂ ਕਾਲਜ ਅਧਿਆਪਕ ਲੱਗਣ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਨਾ ਰਹਿ ਜਾਵਾਂ। ਐੱਮਏ ਦੀ ਪ੍ਰੀਖਿਆ ਵਿੱਚੋਂ 67% ਅੰਕ ਆਉਣ ਨਾਲ ਤਾਂ ਮੇਰੇ ਕਾਲਜ ਅਧਿਆਪਕ ਬਣਨ ਦੇ ਸੁਪਨੇ ਨੂੰ ਖੰਭ ਲੱਗ ਗਏ । ਆਪਣੇ ਸਕੂਲ ਤੋਂ ਇਕ ਸਾਲ ਦੀ ਛੁੱਟੀ ਲੈ ਕੇ ਮੈਂ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਐੱਮਫਿੱਲ ਕਰਨ ਦਾ ਫ਼ੈਸਲਾ ਕਰ ਲਿਆ । ਬੀਏ ਅਤੇ ਐੱਮਏ `ਚੋਂ ਚੰਗੇ ਨੰਬਰ ਹੋਣ ਕਰਕੇ ਮੈਨੂੰ ਐੱਮਫਿੱਲ `ਚ ਦਾਖ਼ਲਾ ਵੀ ਮਿਲ ਗਿਆ। ਐੱਮਫਿੱਲ ਕਰਦਿਆਂ-ਕਰਦਿਆਂ ਮੈਂ ਪੱਤਰ ਵਿਵਹਾਰ ਰਾਹੀਂ ਬੀ.ਐੱਡ. ਵੀ ਕਰ ਲਈ। ਐੱਮਫਿੱਲ ਅਤੇ ਬੀਐੱਡ ਕਰਨ ਨਾਲ ਜ਼ਿੰਦਗੀ ਦੀਆਂ ਸ਼ਿਕਾਇਤਾਂ ਅਤੇ ਸੁਪਨੇ ਇਕ ਦੂਜੇ ਤੋਂ ਅੱਡ ਹੋ ਗਏ। ਯੂਨੀਵਰਸਿਟੀ ਤੋਂ ਐੱਮਫਿੱਲ ਓ ਗਰੇਡ ਵਿਚ ਅਤੇ ਬੀ ਐੱਡ. ਕਰਨ ਨਾਲ ਮਨ ਇਸ ਗੱਲ ਨਾਲ ਸੰਤੁਸ਼ਟ ਹੋ ਗਿਆ ਕਿ ਮੈਂ ਕਾਲਜ ਅਧਿਆਪਕ ਲੱਗਣ ਯੋਗ ਹੋ ਗਿਆ ਹਾਂ। ਦੂਜਾ ਮੈਂ ਆਪਣੇ ਸਕੂਲ `ਚੋਂ ਸਭ ਤੋਂ ਵੱਧ ਪੜ੍ਹਿਆ ਲਿਖਿਆ ਅਧਿਆਪਕ ਹੋ ਗਿਆ ।
ਯੂਨੀਵਰਸਿਟੀ ਦੀ ਪੜ੍ਹਾਈ ਨੇ ਮੇਰੀ ਸੋਚ ਹੀ ਬਦਲ ਦਿੱਤੀ । ਯੂਨੀਵਰਸਿਟੀ ਅਧਿਆਪਕਾਂ ਦੇ ਸੰਪਰਕ `ਚ ਆਉਣ ਕਰਕੇ ਅਤੇ ਉਨ੍ਹਾਂ ਵੱਲੋਂ ਲਿਖੀਆਂ ਗਈਆਂ ਪੁਸਤਕਾਂ ਦੀ ਪ੍ਰੇਰਨਾ ਨੇ ਮੈਨੂੰ ਸਾਹਿਤ ਪੜ੍ਹਨ ਅਤੇ ਲਿਖਣ ਦੀ ਚੇਟਕ ਲਗਾ ਦਿੱਤੀ। ਮੈਂ ਅਖ਼ਬਾਰਾਂ ਅਤੇ ਰਸਾਲਿਆਂ ਲਈ ਲਿਖਣ ਲੱਗ ਪਿਆ। ਬੀਏ ,ਐੱਮਫਿੱਲ, ਬੀ.ਐੱਡ. ਤੱਕ ਚੰਗੇ ਅੰਕ ਹੋਣ ਕਾਰਨ ਮੈਂ ਛੇਤੀ ਹੀ ਸਿੱਧੀ ਭਰਤੀ ਰਾਹੀਂ ਸਕੂਲ ਲੈਕਚਰਾਰ ਚੁਣਿਆ ਗਿਆ ਪਰ ਕਾਲਜ ਅਧਿਆਪਕ ਬਣਨ ਦਾ ਸੁਪਨਾ ਅਜੇ ਵੀ ਮੇਰੇ ਮਨ ਵਿਚ ਤਾਂਘ ਪੈਦਾ ਕਰ ਰਿਹਾ ਸੀ। ਪ੍ਰਾਈਵੇਟ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ `ਚ ਕੱਚੇ ਤੌਰ ’ਤੇ ਮੇਰੀ ਨਿਯੁਕਤੀ ਕਈ ਵਾਰ ਹੋਈ ਪਰ ਸਕੂਲ ਲੈਕਚਰਾਰ ਦੀ ਪੱਕੀ ਨੌਕਰੀ ਹੋਣ ਕਾਰਨ ਮੈਂ ਉਨ੍ਹਾਂ ਕਾਲਜਾਂ `ਚ ਨਹੀਂ ਗਿਆ। ਇਕ ਦਿਨ ਮੈਨੂੰ ਇਕ ਸਰਕਾਰੀ ਮਾਨਤਾ ਅਤੇ ਸਹਾਇਤਾ ਪ੍ਰਾਪਤ ਪ੍ਰਾਈਵੇਟ ਕਾਲਜ ਤੋਂ ਪੱਕੀ ਨੌਕਰੀ ਲਈ ਇੰਟਰਵਿਊ ਆ ਗਈ। ਕਾਲਜ ਅਧਿਆਪਕ ਦੀ ਅਸਾਮੀ ਲਈ ਇੰਟਰਵਿਊ ਪੱਤਰ ਆਇਆ ਵੇਖ ਕੇ ਮੇਰਾ ਮਨ ਬਾਗੋਬਾਗ ਹੋ ਗਿਆ। ਮੈਨੂੰ ਆਪਣੀ ਮਿਹਨਤ ਨੂੰ ਬੂਰ ਪੈਂਦਾ ਨਜ਼ਰ ਆਉਣ ਲੱਗਾ। ਚਿਰਾਂ ਦੀ ਆਸ ਪੂਰੀ ਹੁੰਦੀ ਜਾਪਣ ਲੱਗੀ। ਮੇਰੀ ਖ਼ੁਸ਼ੀ ਦਾ ਇਕ ਕਾਰਨ ਇਹ ਵੀ ਸੀ ਕਿ ਕਾਲਜ ਦਾ ਸਿੱਖਿਆ ਦੇ ਖੇਤਰ ਵਿਚ ਵੱਡਾ ਨਾਂ ਸੀ। ਪ੍ਰਬੰਧਕ ਕਮੇਟੀ ਕਿਸੇ ਦੀ ਸਿਫ਼ਾਰਸ਼ ਮੰਨਣ ਦੀ ਬਜਾਏ ਯੋਗ ਵਿਅਕਤੀ ਨੂੰ ਹੀ ਰੱਖਦੀ ਸੀ । ਮੈਨੂੰ ਆਪਣੀ ਯੋਗਤਾ ਅਤੇ ਗਿਆਨ ’ਤੇ ਭਰੋਸਾ ਸੀ ਤੇ ਚੁਣੇ ਜਾਣ ਦੀ ਆਸ ਵੀ। ਮੈਰਿਟ ਅਤੇ ਇੰਟਰਵਿਊ ਦੇ ਅਧਾਰ ’ਤੇ ਮੈਨੂੰ ਉਮੀਦ ਹੋਈ ਕਿ ਮੈਂ ਹੀ ਚੁਣਿਆ ਜਾਵਾਂਗਾ। ਮੈਂ ਇੰਟਰਵਿਊ ਫਾਰਮ ਵਿਚ ਭਰਿਆ ਹੋਇਆ ਸੀ ਕਿ ਮੈਂ ਸਰਕਾਰੀ ਸਕੂਲ ਵਿਚ ਲੈਕਚਰਾਰ ਵਜੋਂ ਕੰਮ ਕਰ ਰਿਹਾ ਹਾਂ ।
ਇੰਟਰਵਿਊ ਖ਼ਤਮ ਹੋਣ ਤੋਂ ਬਾਅਦ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਨਤੀਜਾ ਸੁਣਾਉਂਦੇ ਹੋਏ ਮੈਨੂੰ ਕਿਹਾ ਕਿ ਯੂਨੀਵਰਸਿਟੀ ਤੋਂ ਆਏ ਵਿਸ਼ਾ ਮਾਹਿਰ ਨੇ ਇਸ ਅਸਾਮੀ ਲਈ ਤੁਹਾਨੂੰ ਚੁਣਿਆ ਹੈ । ਦੂਜਾ ਨੰਬਰ ਤੁਹਾਡੇ ਨਾਲ ਬੈਠੀ ਲੜਕੀ ਦਾ ਹੈ । ਇਹ ਕੁੜੀ ਇਸ ਅਸਾਮੀ ’ਤੇ ਕੱਚੇ ਤੌਰ ’ਤੇ ਪਹਿਲਾਂ ਤੋਂ ਹੀ ਕੰਮ ਰਹੀ ਹੈ। ਇਸ ਦੇ ਮਾਂ ਬਾਪ ਨਹੀਂ ਹਨ। ਇਸ ਦੀ ਤਨਖ਼ਾਹ ਨਾਲ ਇਨ੍ਹਾਂ ਦੇ ਪਰਿਵਾਰ ਦਾ ਖ਼ਰਚ ਚੱਲਦਾ ਹੈ । ਤੁਸੀਂ ਪਹਿਲਾਂ ਹੀ ਸਰਕਾਰੀ ਸਕੂਲ ਵਿਚ ਲੈਕਚਰਾਰ ਹੋ । ਜੇਕਰ ਤੁਸੀਂ ਲਿਖ ਕੇ ਦੇ ਦਿਓ ਤਾਂ ਇਸ ਅਸਾਮੀ ਲਈ ਇਹ ਲੜਕੀ ਪੱਕੇ ਤੌਰ ’ਤੇ ਚੁਣੀ ਜਾ ਸਕਦੀ ਹੈ। ਮੈਂ ਪ੍ਰਬੰਧਕ ਕਮੇਟੀ ਦਾ ਹੁਕਮ ਸੁਣ ਕੇ ਦੁਚਿੱਤੀ ਵਿਚ ਪੈ ਗਿਆ। ਮੈਨੂੰ ਸਮਝ ਨਾ ਆਵੇ ਕਿ ਮੈਂ ਕੀ ਕਰਾਂ ? ਇਕ ਪਾਸੇ ਬਚਪਨ ਤੋਂ ਵੇਖਿਆ ਸੁਪਨਾ ਪੂਰਾ ਹੋਣ ਦਾ ਮੌਕਾ ਮਿਲ ਰਿਹਾ ਸੀ, ਦੂਜੇ ਪਾਸੇ ਉਸ ਕੁੜੀ ਦੇ ਪਰਿਵਾਰ ਦੇ ਗੁਜ਼ਾਰੇ ਦਾ ਸਵਾਲ ਸੀ।
ਮੈਂ ਕਮੇਟੀ ਤੋਂ ਸੋਚਣ ਦਾ ਸਮਾਂ ਲੈ ਕੇ ਕਮਰੇ ਤੋਂ ਬਾਹਰ ਆ ਗਿਆ। ਕੁੜੀ ਵੀ ਮੇਰੇ ਮਗਰ ਆ ਗਈ । ਉਹ ਬਹੁਤ ਨਿੰਮੋਝੂਣੀ ਜਿਹੀ ਹੋ ਕੇ ਕਹਿਣ ਲੱਗੀ, ਭਾਜੀ, ਜੇਕਰ ਤੁਸੀਂ ਮੰਨ ਜਾਓ ਤਾਂ ਮੇਰੀ ਨੌਕਰੀ ਬਚ ਜਾਵੇਗੀ । ਸਾਡੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹੇਗਾ ।ਕੁੜੀ ਦੇ ਸ਼ਬਦਾਂ ਨੇ ਮੈਨੂੰ ਭਾਵੁਕ ਕਰ ਦਿੱਤਾ । ਉਸ ਦੇ ਹੰਝੂਆਂ ਨੇ ਮੈਨੂੰ ਮਜਬੂਰ ਕਰ ਦਿੱਤਾ। ਉਸ ਕੁੜੀ ਨੂੰ ਵੇਖ ਕੇ ਮੈਨੂੰ ਆਪਣੀ ਗ਼ਰੀਬੀ ਯਾਦ ਆ ਗਈ । ਮੈਂ ਉਸੇ ਸਮੇਂ ਕਾਲਜ ਅਧਿਆਪਕ ਦੀ ਪੱਕੀ ਨੌਕਰੀ ਛੱਡਣ ਦਾ ਫ਼ੈਸਲਾ ਕਰ ਲਿਆ। ਭਾਵੇਂ ਮੈਨੂੰ ਮੌਕੇ ਦੀ ਨਜ਼ਾਕਤ ਨੂੰ ਦੇਖ ਕੇ ਕਾਲਜ ਅਧਿਆਪਕ ਦੀ ਉਹ ਪੱਕੀ ਨੌਕਰੀ ਛੱਡਣੀ ਪਈ ਪਰ ਅੱਜ ਵੀ ਮਨ ਵਿਚ ਕਾਲਜ ਅਧਿਆਪਕ ਨਾ ਬਣ ਸਕਣ ਦਾ ਮਲਾਲ ਜ਼ਰੂਰ ਹੈ।
ਪਿੰਸੀਪਲ ਵਿਜੈ ਕੁਮਾਰ
-98726 27136