ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇ ਈਰਾਨ ਨੇ 48 ਘੰਟਿਆਂ ਵਿਚ ਹੋਰਮੁਜ਼ ਜਲ ਮਾਰਗ ਨਾ ਖੋਲਿ੍ਹਆ ਤਾਂ ਅਮਰੀਕਾ ਉਸ ਦੇ ਬਿਜਲੀ ਪਲਾਂਟ ਤਬਾਹ ਕਰ ਦੇਵੇਗਾ। ਪਾਕਿਸਤਾਨ ਵੱਲੋਂ ਵਿਚੋਲਗੀ ਕਰਨ ਦੀ ਗੱਲ ਸਾਹਮਣੇ ਆਉਣ ’ਤੇ ਭਾਰਤੀ ਵਿਦੇਸ਼ ਮੰਤਰੀ ਨੇ ਉਸ ਨੂੰ ਦਲਾਲ ਮੁਲਕ ਕਿਹਾ। ਟਰੰਪ ਨੇ ਪਹਿਲਾਂ ਈਰਾਨ ’ਤੇ ਪੰਜ ਦਿਨਾਂ ਲਈ ਹਮਲੇ ਬੰਦ ਕਰਨ ਦਾ ਐਲਾਨ ਕੀਤਾ ਸੀ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਣਨੀਤਕ ਤੌਰ ’ਤੇ ਅਹਿਮ ਹੋਰਮੁਜ਼ ਜਲ ਮਾਰਗ ਖੋਲ੍ਹਣ ਲਈ ਈਰਾਨ ਨੂੰ 6 ਅਪ੍ਰੈਲ ਤੱਕ ਦਾ ਹੋਰ ਸਮਾਂ ਦਿੱਤਾ ਹੈ। ਉਨ੍ਹਾਂ ਉਦੋਂ ਤੱਕ ਈਰਾਨ ਦੇ ਊਰਜਾ ਪਲਾਟਾਂ ’ਤੇ ਹਮਲਾ ਨਾ ਕਰਨ ਦਾ ਐਲਾਨ ਕੀਤਾ ਹੈ। ਈਰਾਨ ਨੇ ਪਹਿਲਾਂ ਹੀ ਟਰੰਪ ਵੱਲੋਂ ਕੀਤੀ ਗਈ ਜੰਗਬੰਦੀ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਈਰਾਨ ਨੇ ਜੰਗ ਦੇ 30ਵੇਂ ਦਿਨ ਭਾਰਤ, ਰੂਸ, ਚੀਨ, ਪਾਕਿਸਤਾਨ ਅਤੇ ਇਰਾਕ ਦੇ ਜਹਾਜ਼ਾਂ ਨੂੰ ਹੋਰਮੁਜ਼ ਜਲਮਾਰਗ ਰਾਹੀਂ ਲੰਘਣ ਦੀ ਆਗਿਆ ਦੇ ਦਿੱਤੀ। ਓਧਰ, ਈਰਾਨੀ ਰੈਵੋਲਿਊਸ਼ਨਰੀ ਗਾਰਡਜ਼ ਦੀ ਜਲ ਸੈਨਾ ਦੇ ਪ੍ਰਮੁੱਖ ਕਮਾਂਡਰ ਅਲੀਰਜ਼ਾ ਤੰਗਸਿਰੀ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਤੋਂ ਪਹਿਲਾਂ ਈਰਾਨ ਨੇ ਅਰਬ ਸਾਗਰ ਵਿਚ ਮੌਜੂਦ ਅਮਰੀਕਾ ਦੇ ਜੰਗੀ ਬੇੜੇ ਅਬਰਾਹਮ ਲਿੰਕਨ ਉੱਤੇ ਅਤੇ ਖਾੜੀ ਦੇਸ਼ਾਂ ਕਤਰ, ਕੁਵੈਤ, ਜਾਰਡਨ ਤੇ ਬਹਿਰੀਨ ਵਿਚਲੇ ਅਮਰੀਕੀ ਫ਼ੌਜੀ ਟਿਕਾਣਿਆਂ (ਏਅਰਬੇਸਜ਼) ’ਤੇ ਹਮਲੇ ਕੀਤੇ। ਟਰੰਪ ਨੇ 15 ਬਿੰਦੂਆਂ ਵਾਲੀ ਪੀਸ ਡੀਲ ਦੀ ਪੇਸ਼ਕਸ਼ ਕੀਤੀ ਸੀ ਜਿਸ ਦੇ ਜਵਾਬ ’ਚ ਈਰਾਨ ਨੇ ਅਮਰੀਕੀ ਪ੍ਰਸਤਾਵ ਠੁਕਰਾਇਆ ਅਤੇ ਜੰਗ ਰੋਕਣ ਲਈ ਸ਼ਰਤਾਂ ਰੱਖੀਆਂ ਜਿਵੇਂ ਕਿ ਅਮਰੀਕਾ ਖਾੜੀ ਦੇਸ਼ਾਂ ਵਿਚਲੇ ਆਪਣੇ ਏਅਰ ਬੇਸ ਬੰਦ ਕਰੇ, ਈਰਾਨ ਨੂੰ ਹੋਰਮੁਜ਼ ਜਲ ਮਾਰਗ ’ਚ ਟੈਕਸ ਵਸੂਲੀ ਦਾ ਕਾਨੂੰਨੀ ਹੱਕ ਮਿਲੇ, ਜੰਗ ਦੇ ਹੁਣ ਤੱਕ ਦੇ ਨੁਕਸਾਨ ਦਾ ਅਮਰੀਕਾ-ਇਜ਼ਰਾਈਲ ਮੁਆਵਜ਼ਾ ਦੇਵੇ, ਹਮਾਸ, ਹਿਜ਼ਬੁੱਲਾ ਤੇ ਹੂਤੀ ਲੜਾਕੂਆਂ ਅਤੇ ਈਰਾਨ ’ਤੇ ਹਮਲਾ ਨਾ ਕਰੇ।
ਇਸ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਸੀ ਕਿ ਜੇ ਈਰਾਨ ਨੇ 48 ਘੰਟਿਆਂ ਵਿਚ ਹੋਰਮੁਜ਼ ਜਲ ਮਾਰਗ ਨਾ ਖੋਲਿ੍ਹਆ ਤਾਂ ਅਮਰੀਕਾ ਉਸ ਦੇ ਬਿਜਲੀ ਪਲਾਂਟ ਤਬਾਹ ਕਰ ਦੇਵੇਗਾ। ਪਾਕਿਸਤਾਨ ਵੱਲੋਂ ਵਿਚੋਲਗੀ ਕਰਨ ਦੀ ਗੱਲ ਸਾਹਮਣੇ ਆਉਣ ’ਤੇ ਭਾਰਤੀ ਵਿਦੇਸ਼ ਮੰਤਰੀ ਨੇ ਉਸ ਨੂੰ ਦਲਾਲ ਮੁਲਕ ਕਿਹਾ। ਟਰੰਪ ਨੇ ਪਹਿਲਾਂ ਈਰਾਨ ’ਤੇ ਪੰਜ ਦਿਨਾਂ ਲਈ ਹਮਲੇ ਬੰਦ ਕਰਨ ਦਾ ਐਲਾਨ ਕੀਤਾ ਸੀ। ਤਕਰੀਬਨ ਪਿਛਲੇ ਚਾਰ ਹਫ਼ਤਿਆਂ ਤੋਂ ਜੰਗ ਦੇ ਲੰਬੀ ਹੋ ਜਾਣ ਕਰਕੇ ਟਰੰਪ ਦਬਾਅ ਹੇਠ ਸੀ। ਟਰੰਪ ਦੀਆਂ ਮੁਸ਼ਕਲਾਂ ਇਹ ਹਨ ਕਿ ਅਮਰੀਕੀ ਫ਼ੌਜ ਨੂੰ ਜੰਗ ਲਈ ਖ਼ਰਚਾ ਨਾ ਮਿਲਣਾ, ਈਰਾਨ ਵੱਲੋਂ ਡਿਮੋਨਾ ਤੇ ਅਰਦ (ਪਰਮਾਣੂ ਕੇਂਦਰਾਂ) ’ਤੇ ਹਮਲਾ, ਨਾਟੋ ਦੇ 32 ਦੇਸ਼ਾਂ ਅਤੇ ਯੂਰਪ ਦਾ ਜੰਗ ਵਿਚ ਸ਼ਾਮਲ ਹੋਣ ਤੋਂ ਇਨਕਾਰ ਅਤੇ ਟਰੰਪ ਦੇ ਖ਼ੁਫ਼ੀਆ ਤੰਤਰ ਈਰਾਨ ਦੀ ਸਮਾਜਿਕ ਅਤੇ ਯੁੱਧਨੀਤਕ ਦ੍ਰਿੜਤਾ ਬਾਰੇ ਸਹੀ ਜਾਣਕਾਰੀ ਦੇਣ ’ਚ ਨਾਕਾਮ ਰਿਹਾ। ਈਰਾਨ ਨੇ ਟਰੰਪ ਦੀ ਜੰਗਬੰਦੀ ਦੀ ਪੇਸ਼ਕਸ਼ ਨੂੰ ਮਜ਼ਾਕ ਕਿਹਾ ਅਤੇ ਤੇਲ-ਗੈਸ ਦੀਆਂ ਵਧ ਰਹੀਆਂ ਕੀਮਤਾਂ ਕਰਕੇ ਮਜਬੂਰਨ ਸਮਝੌਤੇ ਲਈ ਤਰਲਾ ਦੱਸਿਆ। ਈਰਾਨ ਨੇ ‘ਪੂਰੀ ਜਿੱਤ’ ਤੱਕ ਗੱਲਬਾਤ ਕਰਨ ਤੋਂ ਸਪਸ਼ਟ ਇਨਕਾਰ ਕੀਤਾ। ਅਮਰੀਕੀ ਰਾਸ਼ਟਰਪਤੀ ਦੇ ਪੰਜ ਦਿਨਾਂ ਦੇ ਈਰਾਨੀ ਪਾਵਰ ਪਲਾਟਾਂ ’ਤੇ ਹਮਲਾ ਨਾ ਕਰਨ ਦੇ ਹੁਕਮ ਨੂੰ ਟਿੱਚ ਜਾਣਦਿਆਂ ਵੀ ਈਰਾਨ ਨੇ ਤਲਅਵੀਵ ਉੱਤੇ 100 ਵਿਸਫੋਟਕਾਂ ਨਾਲ ਭਰੀ ਮਿਜ਼ਾਈਲ ਦਾਗੀ। ਪੱਛਮੀ ਦੇਸ਼ਾਂ ’ਤੇ ਵੀ ਈਰਾਨ ਨੇ ਮਿਜ਼ਾਈਲਾਂ ਤੇ ਡ੍ਰੋਨਾਂ ਨਾਲ ਹਮਲਾ ਕੀਤਾ।
ਇਹ ਈਰਾਨ ਦੇ ਹਿੱਤ ’ਚ ਹੋਵੇਗਾ ਕਿ ਉਹ ਡ੍ਰੋਨਾਂ ਦੇ ਇਸਤੇਮਾਲ ਅਤੇ ਹੋਰਮੁਜ਼ ਜਲ ਮਾਰਗ ’ਤੇ ਆਪਣੇ ਕੰਟਰੋਲ ਜ਼ਰੀਏ ਯੁੱਧ ਦੀ ਕੀਮਤ ਵਧਾਉਂਦਾ ਜਾਵੇ ਅਤੇ ਉਸ ਕੋਲ ਅਜਿਹਾ ਕਰਨ ਦੀ ਸਮੱਰਥਾ ਵੀ ਹੈ। ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਜੰਗ ਕਦੋਂ ਅਤੇ ਕਿਵੇਂ ਖ਼ਤਮ ਹੋਵੇਗੀ, ਇਹ ਉਨ੍ਹਾਂ ਦੇਸ਼ਾਂ ਦੇ ਉਦੇਸ਼ਾਂ ਤੇ ਅਮਰੀਕਾ-ਇਜ਼ਰਾਈਲ ’ਤੇ ਨਿਰਭਰ ਕਰਦਾ ਹੈ ਜਿਨ੍ਹਾਂ ਨੇ ਯੁੱਧ ਸ਼ੁਰੂ ਕੀਤਾ। ਇਹ ਕੁਝ ਹੱਦ ਤੱਕ ਈਰਾਨ ਦੀ ਪ੍ਰਤੀਕਿਰਿਆ ਅਤੇ ਉਸ ਦੀ ਫ਼ੌਜੀ ਅਤੇ ਰਾਜਨੀਤਕ ਸਮੱਰਥਾ ’ਤੇ ਵੀ ਨਿਰਭਰ ਕਰਦਾ ਹੈ। ਇੱਥੇ ਇਜ਼ਰਾਈਲ ਦੇ ਯੁੱਧ ਦੇ ਉਦੇਸ਼ ਸਪਸ਼ਟ ਰਹੇ ਹਨ। ਉੱਥੇ ਹੀ ਅਮਰੀਕਾ ਦੀ ਸਥਿਤੀ ਕਈ ਵੱਖ-ਵੱਖ ਕਾਰਨਾਂ ਕਰਕੇ ਉਲਝੀ ਹੋਈ ਹੈ। ਈਰਾਨ ਦੀ ਅਯਾਤੁੱਲਾ ਅਲੀ ਖਾਮਨੇਈ ਦੀ ਅਗਵਾਈ ਵਾਲੀ ਸਰਕਾਰ ਆਪਣੇ ਨਾਗਰਿਕਾਂ ਪ੍ਰਤੀ ਬਹੁਤ ਦਮਨਕਾਰੀ ਰਹੀ ਹੈ। ਸੰਨ 1979 ਦੀ ਇਸਲਾਮਿਕ ਕ੍ਰਾਂਤੀ ਮਗਰੋਂ, ਮਹਿਲਾ ਦਿਵਸ ਦੇ ਮੌਕੇ ਤਹਿਰਾਨ ’ਚ ਹਿਜਾਬ ਪਾਉਣ ਵਿਰੁੱਧ ਪ੍ਰਦਰਸ਼ਨ ਹੋਏ ਅਤੇ 1983 ਵਿਚ ਹਿਜਾਬ ਪਾਉਣ ਵਾਲਾ ਕਾਨੂੰਨ ਪਾਸ ਹੋ ਗਿਆ। ਮਹਿੰਗਾਈ ਅਤੇ ਰਿਆਲ ਦੀ ਕੀਮਤ ਵਿਚ ਗਿਰਾਵਟ ਵਿਰੁੱਧ ਦੇਸ਼ ਵਿਆਪੀ ਪ੍ਰਦਰਸ਼ਨ ਹੋਏ ਸਨ। ਇਜ਼ਰਾਈਲ ਚਾਹੁੰਦਾ ਹੈ ਕਿ ਈਰਾਨ ਦੀ ਰਾਜਨੀਤਕ ਵਿਵਸਥਾ ਖ਼ਤਮ ਹੋਵੇ ਜਾਂ ਘੱਟੋ-ਘੱਟ ਉਸ ਦੀ ਫ਼ੌਜੀ ਤਾਕਤ ਅਤੇ ਉਸ ਦੇ ਸਹਿਯੋਗੀ ਲਿਬਨਾਨ ਦਾ ਅੱਤਵਾਦੀ ਸੰਗਠਨ ਹਿਜ਼ਬੁੱਲਾ, ਹਮਾਸ ਮੁੱਕ ਜਾਣ ਪਰ 7 ਅਕਤੂਬਰ 2023 ਦੇ ਹਮਾਸ (ਫਲਸਤੀਨ) ਦੇ ਇਜ਼ਰਾਈਲ ’ਤੇ ਹਮਲੇ ਤੋਂ ਬਾਅਦ ਨਾ ਤਾਂ ਹਮਾਸ ਖ਼ਤਮ ਹੋਇਆ, ਨਾ ਹੀ ਹਿਜ਼ਬੁੱਲਾ। ਹਿਜ਼ਬੁੱਲਾ ਤਾਂ ਸਗੋਂ ਹੋਰ ਵੀ ਸਰਗਰਮ ਹੋ ਗਿਆ ਹੈ। ਇਜ਼ਰਾਈਲ ਦਾ ਰਵੱਈਆ ਈਰਾਨ ਪ੍ਰਤੀ (ਜੋ ਇਕ ਅਰਬ ਦੇਸ਼ ਨਹੀਂ ਹੈ) ਉਸ ਤਰ੍ਹਾਂ ਦਾ ਨਹੀਂ ਜੋ ਫਲਸਤੀਨ ਪ੍ਰਤੀ ਰੱਖਦਾ ਹੈ। ਉਸ ਨੇ ਗਾਜ਼ਾ ਦੀ ਤਬਾਹੀ ਤੇ ਫਲਸਤੀਨੀਆਂ ਦੇ ਵਿਨਾਸ਼ ਨੂੰ ਸਹੀ ਸਮਝਿਆ ਹੈ। ਈਰਾਨ ਦੀ ਸਰਕਾਰ ਨੂੰ ਨਾਕਾਮ ਦੱਸ ਕੇ ਉਸ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਜਾਂਦੀ ਹੈ। ਇਸ ਲਈ ਗਾਜ਼ਾ ਪ੍ਰਤੀ ਜਿਹੜੀ ਰਣਨੀਤੀ ਅਪਣਾਈ ਗਈ, ਉਹੋ ਜਿਹੀ ਈਰਾਨ ਲਈ ਨਹੀਂ ਸੋਚੀ ਜਾ ਸਕਦੀ। ਇਜ਼ਰਾਈਲ ਦਾ ਮੁੱਖ ਟੀਚਾ ਈਰਾਨ ਦੇ ਸਮਾਜ ਨੂੰ ਨਸ਼ਟ ਕਰਨਾ ਨਹੀਂ ਬਲਕਿ ਸਰਕਾਰ ਨੂੰ ਬਦਲਣਾ ਹੈ। ਅਮਰੀਕਾ ਨੇ ਈਰਾਨ ’ਤੇ ਹਮਲੇ ਦੇ ਕਈ ਕਾਰਨ ਦੱਸੇ ਹਨ ਜਿਨ੍ਹਾਂ ਵਿਚ ਰਾਜਨੀਤਕ ਵਿਵਸਥਾ ਬਦਲਣਾ, ਈਰਾਨ ਦੀ ਫ਼ੌਜੀ ਤਾਕਤ ਨੂੰ ਖ਼ਤਮ ਕਰਨਾ ਖ਼ਾਸ ਕਰਕੇ ਉਸ ਦੀ ਮਿਜ਼ਾਈਲ ਬਣਾਉਣ, ਉਨ੍ਹਾਂ ਨੂੰ ਲਾਂਚ ਕਰਨ ਦੀ ਸਮੱਰਥਾ, ਯੂਰੇਨੀਅਮ ਸੋਧ ਕਰਨ ਅਤੇ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣਾ। ਅਰਬ ਦੁਨੀਆ ’ਚ ਈਰਾਨ ਦੇ ਸਹਿਯੋਗੀ ਸਮੂਹਾਂ ਨੂੰ ਖ਼ਤਮ ਕਰਨਾ, ਦਮਨ ਝੱਲ ਰਹੇ ਨਾਗਰਿਕਾਂ ਨੂੰ ਆਜ਼ਾਦ ਕਰਨਾ ਅਤੇ ਅਮਰੀਕਾ ਜਾਂ ਉਸ ਦੇ ਖੇਤਰੀ ਹਿੱਤਾਂ ’ਤੇ ਹਮਲੇ ਤੋਂ ਪਹਿਲਾਂ ਈਰਾਨ ਨੂੰ ਡੂੰਘੀ ਸੱਟ ਮਾਰਨਾ ਹੈ।
ਨਿਰਪੱਖ ਟਿੱਪਣੀਕਾਰ ਕਹਿੰਦੇ ਹਨ ਕਿ ਇਹ ਅਸਲ ਵਿਚ ਇਜ਼ਰਾਈਲ ਦਾ ਯੁੱਧ ਹੈ ਅਤੇ ਅਮਰੀਕਾ ਉਸ ਦਾ ਭਾਈਵਾਲ ਹੀ ਹੈ ਜਿਸ ਦਾ ਟੀਚਾ ਸਿਰਫ਼ ਈਰਾਨ ਦੀ ਸਰਕਾਰ ਬਦਲਣਾ ਹੈ, ਉਸ ਦੀ ਪਰਮਾਣੂ ਹਥਿਆਰਾਂ ਦੀ ਯੋਜਨਾ ਨੂੰ ਰੋਕਣਾ ਹੈ ਪਰ ਉਸ ਸਰਕਾਰ ਨੂੰ ਬਦਲਣਾ ਸੰਭਵ ਨਹੀਂ ਹੈ ਜਿਸ ਦੀ ਨੀਂਹ ਮਜ਼ਬੂਤ ਹੋਵੇ। ਸੰਨ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਈਰਾਨ ਨੇ ਸੰਵਿਧਾਨ ਜ਼ਰੀਏ ਇਕ ਧਾਰਮਿਕ ਸ਼ਾਸਨ ਵਿਵਸਥਾ ਬਣਾਈ ਜਿਸ ਵਿਚ ਧਰਮ ਗੁਰੂਆਂ ਕੋਲ ਚੁਣੀ ਹੋਈ ਸਰਕਾਰ ਤੋਂ ਵੀ ਜ਼ਿਆਦਾ ਸ਼ਕਤੀ ਹੈ। ਕ੍ਰਾਂਤੀ ਦੀ ਰੱਖਿਆ ਲਈ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕਾਰਪਸ ਦਾ ਗਠਨ ਕੀਤਾ ਗਿਆ। ਮੌਜੂਦਾ ਲੀਡਰਸ਼ਿਪ ਨੂੰ ਹਟਾਉਣ ਅਤੇ ਘੱਟੋ-ਘੱਟ ਬਾਹਰਲੇ ਦਬਾਅ ਨਾਲ ਵਿਵਸਥਾ ਨੂੰ ਡੇਗਣਾ ਸੰਭਵ ਨਹੀਂ ਲੱਗਦਾ। ਮਿਜ਼ਾਈਲਾਂ ਨੂੰ ਰੋਕਣ ਵਾਲੀ ਏਅਰ ਡਿਫੈਂਸ ਪ੍ਰਣਾਲੀ ਬਹੁਤ ਮਹਿੰਗੀ ਹੁੰਦੀ ਹੈ। ਜਿੰਨੀਆਂ ਜ਼ਿਆਦਾ ਮਿਜ਼ਾਈਲਾਂ ਦਾਗੀਆਂ ਜਾਣਗੀਆਂ, ਮਿਜ਼ਾਈਲ ਡਿਫੈਂਸ ਦੀ ਕੀਮਤ ਓਨੀ ਹੀ ਵਧੇਗੀ ਅਤੇ ਇਹ ਹਮੇਸ਼ਾ ਲਈ ਸੰਭਵ ਨਹੀਂ ਹੈ। ਜੇਕਰ ਯੁੱਧ ਲੰਮਾ ਚੱਲਦਾ ਹੈ ਤਾਂ ਇਹ ਖ਼ਰਚੇ ਵੀ ਵਧਦੇ ਜਾਣਗੇ। ਕੁਝ ਮਿਜ਼ਾਈਲਾਂ ਏਅਰ ਡਿਫੈਂਸ ਨੂੰ ਪਾਰ ਕਰ ਕੇ ਆਪਣੇ ਟੀਚੇ ਤੱਕ ਪਹੁੰਚ ਜਾਣਗੀਆਂ ਜਿਵੇਂ ਤੇਲ ਡੀਪੂ, ਪਾਣੀ ਸਾਫ਼ ਕਰਨ ਵਾਲੇ ਪਲਾਂਟ, ਪਾਵਰ ਸਟੇਸ਼ਨ, ਏਆਈ ਡਾਟਾ ਕੇਂਦਰ ਅਤੇ ਇੱਥੋਂ ਤੱਕ ਕਿ ਹੋਟਲ ਅਤੇ ਸ਼ਾਪਿੰਗ ਮਾਲ ਵੀ। ਈਰਾਨ ਪਹਿਲਾਂ ਤੋਂ ਹੀ ਖਾੜੀ ਦੇਸ਼ਾਂ ਵਿਚ ਅਜਿਹਾ ਕਰ ਰਿਹਾ ਹੈ ਜਿਸ ਨਾਲ ਉਨ੍ਹਾਂ ਦੀ ਅਰਥ-ਵਿਵਸਥਾ ਨੂੰ ਨੁਕਸਾਨ ਹੋ ਰਿਹਾ ਹੈ। ਡ੍ਰੋਨਾਂ ਨੇ ਯੁੱਧ ਦੀ ਪ੍ਰਕਿਰਤੀ ਹੀ ਬਦਲ ਦਿੱਤੀ ਹੈ। ਮਿਜ਼ਾਈਲਾਂ ਦੀ ਤੁਲਨਾ ’ਚ ਡ੍ਰੋਨਾਂ ਨੂੰ ਬਣਾਉਣਾ ਅਤੇ ਲਾਂਚ ਕਰਨਾ ਵੀ ਕਾਫ਼ੀ ਸਸਤਾ ਹੈ ਜਿਵੇਂ ਯੂਕਰੇਨ ਨੇ ਕਰ ਵਿਖਾਇਆ ਹੈ। ਡ੍ਰੋਨ ਯੁੱਧ ਨੂੰ ਲੰਮੇ ਸਮੇਂ ਤੱਕ ਜਾਰੀ ਰੱਖ ਸਕਦੇ ਹਨ ਭਾਵੇਂ ਹੀ ਦੋਵਾਂ ਦੇਸ਼ਾਂ ਦੀ ਸੈਨਿਕ ਤਾਕਤ ਵਿਚ ਵੱਡਾ ਫ਼ਰਕ ਹੋਵੇ। ਅਜੇ ਤੱਕ ਕੋਈ ਨਹੀਂ ਜਾਣਦਾ ਕਿ ਡ੍ਰੋਨ ਬਣਾਉਣ ਦੀ ਸਮੱਰਥਾ ਨੂੰ ਪੂਰੀ ਤਰਾਂ ਕਿਵੇਂ ਖ਼ਤਮ ਕੀਤਾ ਜਾਵੇ। ਦੁਨੀਆ ਦੇ 20 ਫ਼ੀਸਦੀ ਤੇਲ ਤੇ ਗੈਸ ਦੀ ਸਪਲਾਈ ਹੋਰਮੁਜ਼ ਜਲ ਮਾਰਗ ਰਾਹੀਂ ਹੁੰਦੀ ਹੈ। ਇਹ ਈਰਾਨ ਦੇ ਹਿੱਤ ਵਿਚ ਹੋਵੇਗਾ ਕਿ ਡ੍ਰੋਨਾਂ ਦੇ ਇਸਤੇਮਾਲ ਅਤੇ ਹੋਰਮੁਜ਼ ਉੱਤੇ ਆਪਣੇ ਕੰਟਰੋਲ ਰਾਹੀਂ ਯੁੱਧ ਦੀ ਕੀਮਤ ਵਧਾਏ ਅਤੇ ਉਸ ਕੋਲ ਅਜਿਹਾ ਕਰਨ ਦੀ ਸਮੱਰਥਾ ਵੀ ਹੈ। ਵੈਨੇਜ਼ੁਏਲਾ ਵਰਗੀ ਕੋਈ ਸੌਖੀ ਜਿੱਤ ਅਮਰੀਕਾ ਲਈ ਸੰਭਵ ਵੀ ਨਹੀਂ ਹੈ। ਅਮਰੀਕਾ-ਇਜ਼ਰਾਈਲ ਦੀ ਅੜੀ ਅਤੇ ਈਰਾਨ ਦੇ ਟਿਕੇ ਰਹਿਣ ਕਰ ਕੇ ਜੰਗ ਲੰਮੀ ਖਿੱਚੀ ਜਾ ਸਕਦੀ ਹੈ ਤੇ ਇਹ ਕਿਵੇਂ ਤੇ ਕਦੋਂ ਮੁੱਕੇਗੀ, ਕੁਝ ਨਹੀਂ ਕਿਹਾ ਜਾ ਸਕਦਾ।
-ਮੁਖ਼ਤਾਰ ਗਿੱਲ
-ਮੋਬਾਈਲ : 98140-82217