ਇਸ ਰਸਤੇ ਦੀ ਰਣਨੀਤਕ ਮਹੱਤਤਾ ਕਾਰਨ ਕਈ ਦੇਸ਼ਾਂ ਦੇ ਫ਼ੌਜੀ ਸਾਜ਼ੋ-ਸਾਮਾਨ ਦੀ ਆਵਾਜਾਈ ਵੀ ਇੱਥੋਂ ਹੁੰਦੀ ਰਹਿੰਦੀ ਹੈ। ਹੂਤੀ ਹਮਲਿਆਂ ਕਾਰਨ ਕੁਝ ਸਮਿਆਂ ਵਿਚ ਕੰਟੇਨਰ ਸ਼ਿਪਿੰਗ ਵਿਚ ਵੱਡੀ ਕਮੀ ਦਰਜ ਕੀਤੀ ਗਈ ਹੈ ਅਤੇ ਕਈ ਰਿਪੋਰਟਾਂ ਵਿਚ ਇਸ ਦਾ 50 ਤੋਂ 70 ਪ੍ਰਤੀਸ਼ਤ ਤੱਕ ਘਟਣਾ ਦੱਸਿਆ ਗਿਆ ਹੈ, ਹਾਲਾਂਕਿ ਇਹ ਸਥਿਤੀ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ।

ਮੱਧ ਪੂਰਬ ਵਿਚ ਚੱਲ ਰਹੀ ਜੰਗ ਦੌਰਾਨ ਬਾਬ ਅਲ-ਮੰਦਬ ਮਾਰਗ ਸਭ ਤੋਂ ਵੱਧ ਚਰਚਾ ਦਾ ਮੁੱਦਾ ਬਣਿਆ ਹੋਇਆ ਹੈ। ਈਰਾਨ ਵੱਲੋਂ ਇਹ ਸੰਕੇਤ ਦਿੱਤੇ ਗਏ ਹਨ ਕਿ ਜੇਕਰ ਅਮਰੀਕਾ ਨਾਲ ਤਣਾਅ ਵਧਦਾ ਹੈ ਤਾਂ ਉਹ ਇਸ ਖੇਤਰ ਵਿਚ ਆਪਣੇ ਪ੍ਰਭਾਵ, ਖ਼ਾਸ ਕਰਕੇ ਹੂਤੀ ਅੰਦੋਲਨਕਾਰੀਆਂ ਜ਼ਰੀਏ ਵਿਸ਼ਵ ਵਪਾਰ ਅਤੇ ਊਰਜਾ ਸਪਲਾਈ ਵਿਚ ਰੁਕਾਵਟ ਖੜ੍ਹੀ ਕਰ ਸਕਦਾ ਹੈ। ਅੱਜ ਵਿਸ਼ਵ ਸ਼ਕਤੀਆਂ ਦੇ ਵਿਚਕਾਰ ‘ਸ਼ਤਰੰਜ ਦੀ ਬਾਜ਼ੀ’ ਦਾ ਕੇਂਦਰ ਬਣਿਆ ਹੋਇਆ ਇਹ ਮਾਰਗ ਦਰਸਾਉਂਦਾ ਹੈ ਕਿ ਕਿਵੇਂ ਇਕ ਛੋਟਾ ਜਿਹਾ ਸਮੁੰਦਰੀ ਰਸਤਾ ਪੂਰੀ ਦੁਨੀਆ ਦੀ ਸਿਆਸਤ ਤੇ ਆਰਥਿਕਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਲਗਪਗ 10 ਤੋਂ 12% ਵਿਸ਼ਵ ਵਪਾਰ, ਖ਼ਾਸ ਤੌਰ ’ਤੇ ਸਵੇਜ਼ ਨਹਿਰ ਰਾਹੀਂ ਹੋਣ ਵਾਲਾ, ਇਸ ਲਾਂਘੇ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਈਰਾਨ ਬਾਬ ਅਲ-ਮੰਦਬ ਦੀ ਸਰਹੱਦ ਨਾਲ ਨਹੀਂ ਲੱਗਦਾ ਪਰ ਇਲਾਕਾ ਹੂਤੀ ਅੰਦੋਲਨਕਾਰੀਆਂ ਦੇ ਪ੍ਰਭਾਵ ਹੇਠ ਹੈ ਜਿਨ੍ਹਾਂ ਨਾਲ ਈਰਾਨ ਦੇ ਗਹਿਰੇ ਸਬੰਧ ਹਨ।
ਇਸ ਤੋਂ ਇਲਾਵਾ ਇਹ ਇਲਾਕਾ ਸਿੱਧੇ ਤੌਰ ’ਤੇ ਈਰਾਨੀ ਮਿਜ਼ਾਈਲਾਂ ਦੀ ਮਾਰ ਹੇਠ ਹੈ। ਲਾਲ ਸਾਗਰ ਨੂੰ ਅਦਨ ਦੀ ਖਾੜੀ ਅਤੇ ਹਿੰਦ ਮਹਾਸਾਗਰ ਨਾਲ ਜੋੜਨ ਵਾਲਾ ਇਹ ਜਲ ਡਮਰੂ ਉੱਤਰ-ਪੂਰਬ ਵਿਚ ਯਮਨ (ਏਸ਼ੀਆ) ਅਤੇ ਦੱਖਣ-ਪੱਛਮ ਵਿਚ ਜਿਬੂਤੀ ਅਤੇ ਇਰੀਟ੍ਰੀਆ (ਅਫ਼ਰੀਕਾ) ਵਿਚਕਾਰ ਸਥਿਤ ਹੈ। ਇਸ ਜਲ ਡਮਰੂ ਦੀ ਚੌੜਾਈ ਸਭ ਤੋਂ ਤੰਗ ਬਿੰਦੂ ’ਤੇ ਲਗਪਗ 29 ਤੋਂ 32 ਕਿੱਲੋਮੀਟਰ ਮੰਨੀ ਜਾਂਦੀ ਹੈ। ਇਸ ਦੇ ਵਿਚਕਾਰ ਸਥਿਤ ‘ਪੇਰੀਮ ਟਾਪੂ’ ਇਸ ਨੂੰ ਦੋ ਹਿੱਸਿਆਂ ਵਿਚ ਵੰਡਦਾ ਹੈ। ਇਸ ਦਾ ਪੂਰਬੀ ਚੈਨਲ, ਬਾਬ ਲਗਪਗ 3 ਕਿੱਲੋਮੀਟਰ ਚੌੜਾ ਅਤੇ ਘੱਟ ਡੂੰਘਾ ਹੈ। ਇਸ ਦਾ ਪੱਛਮੀ ਚੈਨਲ ਜੋ ਡਾਕਟ-ਅਲ-ਮਾਯੂਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਲਗਪਗ 25 ਤੋਂ 26 ਕਿੱਲੋਮੀਟਰ ਚੌੜਾ ਹੈ ਅਤੇ ਵੱਧ ਡੂੰਘਾ ਹੈ ਜਿਸ ਦੀ ਵਰਤੋਂ ਵੱਡੇ ਅੰਤਰਰਾਸ਼ਟਰੀ ਜਹਾਜ਼ ਕਰਦੇ ਹਨ। ਪੂਰੀ ਦੁਨੀਆ ਦੀ ਆਰਥਿਕਤਾ ਲਈ ਸੰਵੇਦਨਸ਼ੀਲ ਮੰਨੇ ਜਾਣ ਵਾਲੇ ‘ਬਾਬ ਅਲ-ਮੰਦਬ’ ਦਾ ਅਰਬੀ ਭਾਸ਼ਾ ਵਿਚ ਅਰਥ ਹੀ ‘ਹੰਝੂਆਂ ਦਾ ਦਰਵਾਜ਼ਾ’ ਜਾਂ ‘ਅਫ਼ਸੋਸ ਦਾ ਦਰਵਾਜ਼ਾ’ ਹੈ। ਪੁਰਾਣੇ ਸਮਿਆਂ ਵਿਚ, ਇਸ ਜਲ ਡਮਰੂ ਵਿੱਚੋਂ ਗੁਜ਼ਰਨਾ ਬਹੁਤ ਖ਼ਤਰਨਾਕ ਮੰਨਿਆ ਜਾਂਦਾ ਸੀ ਕਿਉਂਕਿ ਇੱਥੇ ਤੇਜ਼ ਸਮੁੰਦਰੀ ਕਰੰਟ ਅਤੇ ਪਾਣੀ ਦੇ ਅੰਦਰ ਚੱਟਾਨਾਂ ਅਤੇ ਰੇਤ ਦੇ ਟਿੱਲਿਆਂ ਕਾਰਨ ਜਹਾਜ਼ੀ ਹਾਦਸੇ ਵੀ ਹੁੰਦੇ ਰਹੇ ਹਨ। ਜਹਾਜ਼ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਨੁਕਸਾਨ ਨਾਲ ਜੋੜ ਕੇ ਇਸ ਨਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਅਰਬੀ ਦੰਦ ਕਥਾਵਾਂ ਅਨੁਸਾਰ ਕਿਸੇ ਸਮੇਂ ਆਏ ਇਕ ਬਹੁਤ ਭਿਆਨਕ ਭੂਚਾਲ ਕਾਰਨ ਏਸ਼ੀਆ ਤੇ ਅਫ਼ਰੀਕਾ ਮਹਾਦੀਪ ਇਕ-ਦੂਜੇ ਤੋਂ ਵੱਖ ਹੋ ਗਏ ਸਨ। ਮੰਨਿਆ ਜਾਂਦਾ ਹੈ ਕਿ ਇਸ ਕੁਦਰਤੀ ਆਫ਼ਤ ਦੌਰਾਨ ਹਜ਼ਾਰਾਂ ਲੋਕ ਪਾਣੀ ਵਿਚ ਡੁੱਬ ਗਏ ਸਨ। ਉਨ੍ਹਾਂ ਮਰਨ ਵਾਲਿਆਂ ਦੇ ਪਰਿਵਾਰਾਂ ਦੇ ਰੋਣ ਅਤੇ ਹੰਝੂਆਂ ਕਾਰਨ ਇਸ ਥਾਂ ਦਾ ਨਾਂ ਇਹ ਪੈ ਗਿਆ। ਵਿਸ਼ਵ ਰਾਜਨੀਤੀ ਅਤੇ ਆਰਥਿਕਤਾ ਲਈ ਬਹੁਤ ਮਹੱਤਤਾ ਰੱਖਣ ਵਾਲਾ ਇਹ ਮਾਰਗ ਯੂਰਪ ਅਤੇ ਏਸ਼ੀਆ ਦੇ ਵਿਚਕਾਰ ਇਕ ਮਹੱਤਵਪੂਰਨ ਸਮੁੰਦਰੀ ਰਸਤਾ ਹੈ। ਸਵੇਜ਼ ਨਹਿਰ ਰਾਹੀਂ ਹੋਣ ਵਾਲਾ ਵੱਡਾ ਹਿੱਸਾ ਵਪਾਰ ਇਸੇ ਰਸਤੇ ਨਾਲ ਜੁੜਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਜੇਕਰ ਸਵੇਜ਼ ਨਹਿਰ ਨੂੰ ਇਕ ‘ਦਰਵਾਜ਼ਾ’ ਮੰਨਿਆ ਜਾਵੇ, ਤਾਂ ਬਾਬ ਅਲ-ਮੰਦਬ ਉਸ ਦਰਵਾਜ਼ੇ ਤੱਕ ਪਹੁੰਚਣ ਵਾਲੀ ‘ਚਾਬੀ’ ਹੈ। ਇਸ ਤੋਂ ਬਿਨਾਂ ਭੂ-ਮੱਧ ਸਾਗਰ ਅਤੇ ਹਿੰਦ ਮਹਾਸਾਗਰ ਵਿਚਕਾਰ ਸਿੱਧਾ ਸਮੁੰਦਰੀ ਸੰਪਰਕ ਪ੍ਰਭਾਵਿਤ ਹੋ ਸਕਦਾ ਹੈ। ਖਾੜੀ ਦੇਸ਼ਾਂ ਤੋਂ ਯੂਰਪ ਅਤੇ ਅਮਰੀਕਾ ਜਾਣ ਵਾਲੇ ਕੱਚੇ ਤੇਲ ਅਤੇ ਪੈਟਰੋਲੀਅਮ ਉਤਪਾਦਾਂ ਦਾ ਵੱਡਾ ਹਿੱਸਾ ਇੱਥੋਂ ਹੀ ਲੰਘਦਾ ਹੈ। ਇਸ ਸਮੇਂ ਹੋਰਮੁਜ਼ ਦੇ ਹਾਲਾਤ ਕਾਰਨ ਵੀ ਇਸ ਮਾਰਗ ਦੀ ਅਹਿਮੀਅਤ ਹੋਰ ਵੱਧ ਚਰਚਾ ਵਿਚ ਰਹਿੰਦੀ ਹੈ।
ਇਸ ਦੀ ਸਥਿਤੀ ਅਜਿਹੀ ਹੈ ਕਿ ਜੇਕਰ ਕੋਈ ਦੇਸ਼ ਜਾਂ ਸੰਗਠਨ ਇਸ ਰਸਤੇ ਨੂੰ ਪੂਰੀ ਤਰ੍ਹਾਂ ਰੋਕ ਦੇਵੇ ਤਾਂ ਵਿਸ਼ਵ ਦੀ ਸਪਲਾਈ ਚੇਨ ਪ੍ਰਭਾਵਿਤ ਹੋ ਸਕਦੀ ਹੈ ਅਤੇ ਤੇਲ ਦੀਆਂ ਕੀਮਤਾਂ ਵਿਚ ਤੇਜ਼ ਉਤਰਾਅ-ਚੜ੍ਹਾਅ ਆ ਸਕਦਾ ਹੈ। ਸਮੁੰਦਰੀ ਡਾਕੂਆਂ ਅਤੇ ਖੇਤਰੀ ਯੁੱਧਾਂ, ਖ਼ਾਸ ਕਰਕੇ ਯਮਨ ਸੰਕਟ ਕਾਰਨ ਇਹ ਖੇਤਰ ਅੰਤਰਰਾਸ਼ਟਰੀ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਹੇਠ ਰਹਿੰਦਾ ਹੈ। ਹਰ ਸਾਲ ਇਸ ਰਸਤੇ ਰਾਹੀਂ ਲਗਪਗ 700 ਬਿਲੀਅਨ ਤੋਂ 1 ਟ੍ਰਿਲੀਅਨ ਡਾਲਰ ਤੱਕ ਦਾ ਸਾਮਾਨ ਗੁਜ਼ਰਦਾ ਮੰਨਿਆ ਜਾਂਦਾ ਹੈ। ਆਮ ਹਾਲਾਤ ਵਿਚ ਰੋਜ਼ਾਨਾ ਲਗਪਗ 50 ਤੋਂ 60 ਵੱਡੇ ਵਪਾਰਕ ਜਹਾਜ਼ ਇੱਥੋਂ ਗੁਜ਼ਰਦੇ ਹਨ ਅਤੇ ਸਾਲਾਨਾ ਲਗਪਗ 20,000 ਤੋਂ 22,000 ਜਹਾਜ਼ ਇਸ ਰਸਤੇ ਦੀ ਵਰਤੋਂ ਕਰਦੇ ਹਨ। ਹਾਲੀਆ ਸਾਲਾਂ ’ਚ ਲਾਲ ਸਾਗਰ ਵਿਚ ਵਧੇ ਤਣਾਅ ਅਤੇ ਹਮਲਿਆਂ ਕਾਰਨ ਕਈ ਵਾਰ ਜਹਾਜ਼ਾਂ ਦੀ ਗਿਣਤੀ ਵਿਚ ਕਾਫ਼ੀ ਕਮੀ ਦਰਜ ਕੀਤੀ ਗਈ ਹੈ ਤੇ ਕੁਝ ਸਮਿਆਂ ਵਿਚ ਇਹ ਗਿਣਤੀ ਘਟ ਕੇ ਲਗਪਗ 20 ਤੋਂ 30 ਜਹਾਜ਼ ਪ੍ਰਤੀ ਦਿਨ ਤੱਕ ਰਹਿ ਜਾਂਦੀ ਹੈ ਕਿਉਂਕਿ ਕਈ ਕੰਪਨੀਆਂ ਆਪਣੇ ਜਹਾਜ਼ਾਂ ਨੂੰ ਅਫ਼ਰੀਕਾ ਦੇ ਦੂਰਲੇ ਰਸਤੇ ਰਾਹੀਂ ਭੇਜ ਰਹੀਆਂ ਹਨ। ਇਸ ਰਸਤੇ ਤੋਂ ਰੋਜ਼ਾਨਾ ਲਗਪਗ 4.5 ਤੋਂ 5 ਮਿਲੀਅਨ ਬੈਰਲ ਤੇਲ ਅਤੇ ਹੋਰ ਪੈਟਰੋਲੀਅਮ ਉਤਪਾਦ ਲੰਘਦੇ ਹਨ। ਇਸ ਵਿਚ ਖਾੜੀ ਦੇਸ਼ਾਂ ਤੋਂ ਯੂਰਪ ਅਤੇ ਹੋਰ ਬਾਜ਼ਾਰਾਂ ਵੱਲ ਜਾਣ ਵਾਲਾ ਕੱਚਾ ਤੇਲ, ਡੀਜ਼ਲ, ਪੈਟਰੋਲ, ਜੈੱਟ ਫਿਊਲ ਅਤੇ ਤਰਲ ਕੁਦਰਤੀ ਗੈਸ ਸ਼ਾਮਲ ਹੁੰਦੇ ਹਨ। ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਹੋਰ ਏਸ਼ਿਆਈ ਦੇਸ਼ਾਂ ਤੋਂ ਯੂਰਪ ਅਤੇ ਅਫ਼ਰੀਕਾ ਵੱਲ ਜਾਣ ਵਾਲਾ ਵੱਡਾ ਉਦਯੋਗਿਕ ਤੇ ਇਲੈਕਟ੍ਰਾਨਿਕ ਸਾਮਾਨ ਵੀ ਇਸੇ ਰਸਤੇ ਰਾਹੀਂ ਲੰਘਦਾ ਹੈ। ਇਹ ਰਸਤਾ ਵਿਸ਼ਵ ਦੀ ਭੋਜਨ ਸੁਰੱਖਿਆ ਲਈ ਵੀ ਕਾਫ਼ੀ ਅਹਿਮ ਹੈ। ਯੂਕਰੇਨ ਅਤੇ ਰੂਸ ਤੋਂ ਵੱਖ-ਵੱਖ ਖੇਤਰਾਂ ਵੱਲ ਜਾਣ ਵਾਲੇ ਅਨਾਜ, ਭਾਰਤ ਤੋਂ ਯੂਰਪ ਜਾਣ ਵਾਲੇ ਬਾਸਮਤੀ ਚੌਲ, ਚਾਹ, ਕੌਫ਼ੀ, ਮਸਾਲੇ ਅਤੇ ਹੋਰ ਦੇਸ਼ਾਂ ਤੋਂ ਆਉਣ ਵਾਲੀਆਂ ਖ਼ੁਰਾਕੀ ਵਸਤਾਂ ਦੀ ਆਵਾਜਾਈ ਲਈ ਇਹ ਮਹੱਤਵਪੂਰਨ ਮਾਰਗ ਹੈ। ਭਾਰਤ, ਬੰਗਲਾਦੇਸ਼ ਅਤੇ ਵੀਅਤਨਾਮ ਤੋਂ ਯੂਰਪੀ ਬਾਜ਼ਾਰਾਂ ਵੱਲ ਜਾਣ ਵਾਲਾ ਕੱਪੜਿਆਂ ਅਤੇ ਜੁੱਤੀਆਂ ਦਾ ਵੱਡਾ ਹਿੱਸਾ ਵੀ ਇਸੇ ਰਸਤੇ ਰਾਹੀਂ ਜਾਂਦਾ ਹੈ।
ਇਸ ਰਸਤੇ ਦੀ ਰਣਨੀਤਕ ਮਹੱਤਤਾ ਕਾਰਨ ਕਈ ਦੇਸ਼ਾਂ ਦੇ ਫ਼ੌਜੀ ਸਾਜ਼ੋ-ਸਾਮਾਨ ਦੀ ਆਵਾਜਾਈ ਵੀ ਇੱਥੋਂ ਹੁੰਦੀ ਰਹਿੰਦੀ ਹੈ। ਹੂਤੀ ਹਮਲਿਆਂ ਕਾਰਨ ਕੁਝ ਸਮਿਆਂ ਵਿਚ ਕੰਟੇਨਰ ਸ਼ਿਪਿੰਗ ਵਿਚ ਵੱਡੀ ਕਮੀ ਦਰਜ ਕੀਤੀ ਗਈ ਹੈ ਅਤੇ ਕਈ ਰਿਪੋਰਟਾਂ ਵਿਚ ਇਸ ਦਾ 50 ਤੋਂ 70 ਪ੍ਰਤੀਸ਼ਤ ਤੱਕ ਘਟਣਾ ਦੱਸਿਆ ਗਿਆ ਹੈ, ਹਾਲਾਂਕਿ ਇਹ ਸਥਿਤੀ ਸਮੇਂ ਦੇ ਨਾਲ ਬਦਲਦੀ ਰਹਿੰਦੀ ਹੈ। ਜ਼ਿਆਦਾਤਰ ਸਾਮਾਨ ਦੇ ਅਫ਼ਰੀਕਾ ਦੇ ਦੂਰ-ਦੁਰਾਡੇ ਰਸਤੇ ਰਾਹੀਂ ਜਾਣ ਕਾਰਨ ਡਲਿਵਰੀ ਵਿਚ 2 ਤੋਂ 3 ਹਫ਼ਤਿਆਂ ਦੀ ਦੇਰੀ ਹੋ ਸਕਦੀ ਹੈ ਜਿਸ ਨਾਲ ਖ਼ਰਚੇ ਅਤੇ ਕੀਮਤਾਂ ’ਤੇ ਅਸਰ ਪੈਂਦਾ ਹੈ। ਜੇਕਰ ਬਾਬ ਅਲ-ਮੰਦਬ ਦਾ ਰਸਤਾ ਬੁਰੀ ਤਰ੍ਹਾਂ ਪ੍ਰਭਾਵਿਤ ਜਾਂ ਬੰਦ ਹੋ ਜਾਂਦਾ ਹੈ ਤਾਂ ਸਮੁੰਦਰੀ ਕਿਰਾਏ ਵਿਚ ਵਾਧੇ ਅਤੇ ਸਪਲਾਈ ਵਿਚ ਦੇਰੀ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਵਿਚ ਪੈਟਰੋਲ, ਡੀਜ਼ਲ ਅਤੇ ਹੋਰ ਦਰਾਮਦੀ ਸਾਮਾਨ ਦੀਆਂ ਕੀਮਤਾਂ ਵਧ ਸਕਦੀਆਂ ਹਨ। ਖ਼ੁਰਾਕੀ ਪਦਾਰਥਾਂ ਅਤੇ ਖੇਤੀ ਨਾਲ ਜੁੜੀਆਂ ਲਾਗਤਾਂ ’ਤੇ ਵੀ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਭਾਰਤ ਤੋਂ ਯੂਰਪ ਜਾਣ ਵਾਲੇ ਸਾਮਾਨ ਦੀ ਲਾਗਤ ਵਧਣ ਨਾਲ ਉਸ ਦੀ ਮੰਗ ’ਤੇ ਵੀ ਅਸਰ ਪੈ ਸਕਦਾ ਹੈ ਜਿਸ ਦਾ ਪ੍ਰਭਾਵ ਕਿਸਾਨਾਂ ਅਤੇ ਵਪਾਰੀਆਂ ’ਤੇ ਪੈ ਸਕਦਾ ਹੈ।
-ਗੁਰ ਕ੍ਰਿਪਾਲ ਸਿੰਘ ਅਸ਼ਕ
-ਮੋਬਾਈਲ : 98780-19889