ਅਮਰੀਕਾ ਅਤੇ ਈਰਾਨ ਦੇ ਵਿਚਕਾਰ ਐਲਾਨੀ ਗਈ ਨਾਜ਼ੁਕ ਜੰਗਬੰਦੀ ਕਿਸੇ ਸੰਘਰਸ਼ ਦਾ ਅੰਤ ਨਹੀਂ, ਸਗੋਂ ਪੱਛਮੀ ਏਸ਼ੀਆ ਦੀ ਰਾਜਨੀਤੀ ਦੇ ਇਕ ਹੋਰ ਜਟਿਲ ਅਤੇ ਅਨਿਸ਼ਚਿਤ ਗੇੜ ਦੀ ਸ਼ੁਰੂਆਤ ਹੈ। ਜੋ ਘਟਨਾਕ੍ਰਮ ਸਾਹਮਣੇ ਆਇਆ, ਉਹ ਕਿਸੇ ਸਪਸ਼ਟ ਫ਼ੌਜੀ ਜਿੱਤ ਦਾ ਨਤੀਜਾ ਨਹੀਂ ਸਗੋਂ ਰਾਜਨੀਤਕ ਦਬਾਅ, ਰਣਨੀਤਕ ਭੁੱਲਾਂ ਅਤੇ ਬਦਲਦੇ ਆਲਮੀ ਸਮੀਕਰਨਾਂ ਦਾ ਮਿਸ਼ਰਣ ਹੈ। ਹਾਲਾਂਕਿ ਜੰਗਬੰਦੀ ਨਾਲ ਊਰਜਾ ਸਪਲਾਈ ਅਤੇ ਆਲਮੀ ਅਰਥਚਾਰੇ ਨੂੰ ਲੈ ਕੇ ਕੁਝ ਤਤਕਾਲੀ ਰਾਹਤ ਮਿਲੀ ਹੋਵੇ ਪਰ ਇਸ ਦੇ ਡੂੰਘੇ ਸੌੜੇ ਸਵਾਰਥ ਇਕ ਅਜਿਹੀ ਸਥਿਤੀ ਦਾ ਸੰਕੇਤ ਦਿੰਦੇ ਹਨ ਜਿੱਥੇ ਭਾਰੀ ਫ਼ੌਜੀ ਦਬਾਅ ਦੇ ਬਾਵਜੂਦ ਈਰਾਨ ਤੁਲਨਾਤਮਕ ਤੌਰ ’ਤੇ ਮਜ਼ਬੂਤ ਸਥਿਤੀ ਵਿਚ ਉੱਭ

-ਆਨੰਦ ਕੁਮਾਰ
ਜੰਗਬੰਦੀ ਕਿਸੇ ਟਕਰਾਅ ਦਾ ਅੰਤ ਨਹੀਂ, ਸਗੋਂ ਪੱਛਮੀ ਏਸ਼ੀਆ ਦੀ ਰਾਜਨੀਤੀ ਦੇ ਇਕ ਅਨਿਸ਼ਚਿਤ ਗੇੜ ਦੀ ਸ਼ੁਰੂਆਤ ਹੈ।
------
ਅਮਰੀਕਾ ਅਤੇ ਈਰਾਨ ਦੇ ਵਿਚਕਾਰ ਐਲਾਨੀ ਗਈ ਨਾਜ਼ੁਕ ਜੰਗਬੰਦੀ ਕਿਸੇ ਸੰਘਰਸ਼ ਦਾ ਅੰਤ ਨਹੀਂ, ਸਗੋਂ ਪੱਛਮੀ ਏਸ਼ੀਆ ਦੀ ਰਾਜਨੀਤੀ ਦੇ ਇਕ ਹੋਰ ਜਟਿਲ ਅਤੇ ਅਨਿਸ਼ਚਿਤ ਗੇੜ ਦੀ ਸ਼ੁਰੂਆਤ ਹੈ। ਜੋ ਘਟਨਾਕ੍ਰਮ ਸਾਹਮਣੇ ਆਇਆ, ਉਹ ਕਿਸੇ ਸਪਸ਼ਟ ਫ਼ੌਜੀ ਜਿੱਤ ਦਾ ਨਤੀਜਾ ਨਹੀਂ ਸਗੋਂ ਰਾਜਨੀਤਕ ਦਬਾਅ, ਰਣਨੀਤਕ ਭੁੱਲਾਂ ਅਤੇ ਬਦਲਦੇ ਆਲਮੀ ਸਮੀਕਰਨਾਂ ਦਾ ਮਿਸ਼ਰਣ ਹੈ। ਹਾਲਾਂਕਿ ਜੰਗਬੰਦੀ ਨਾਲ ਊਰਜਾ ਸਪਲਾਈ ਅਤੇ ਆਲਮੀ ਅਰਥਚਾਰੇ ਨੂੰ ਲੈ ਕੇ ਕੁਝ ਤਤਕਾਲੀ ਰਾਹਤ ਮਿਲੀ ਹੋਵੇ ਪਰ ਇਸ ਦੇ ਡੂੰਘੇ ਸੌੜੇ ਸਵਾਰਥ ਇਕ ਅਜਿਹੀ ਸਥਿਤੀ ਦਾ ਸੰਕੇਤ ਦਿੰਦੇ ਹਨ ਜਿੱਥੇ ਭਾਰੀ ਫ਼ੌਜੀ ਦਬਾਅ ਦੇ ਬਾਵਜੂਦ ਈਰਾਨ ਤੁਲਨਾਤਮਕ ਤੌਰ ’ਤੇ ਮਜ਼ਬੂਤ ਸਥਿਤੀ ਵਿਚ ਉੱਭਰਦਾ ਦਿਖਾਈ ਦਿੱਤਾ। ਇਸ ਸੰਘਰਸ਼ ਦੀਆਂ ਜੜ੍ਹਾਂ ਈਰਾਨ ਦੇ ਪਰਮਾਣੂ ਪ੍ਰੋਗਰਾਮ ਅਤੇ ਉਸ ਦੇ ਖੇਤਰੀ ਪ੍ਰਭਾਵ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ਵਿਚ ਹਨ। ਇਜ਼ਰਾਈਲ ਇਸ ਨੂੰ ਆਪਣੀ ਹੋਂਦ ਲਈ ਖ਼ਤਰਾ ਮੰਨਦਾ ਰਿਹਾ ਹੈ ਅਤੇ ਉਸ ਨੇ ਇਸ ਦੀ ਪਰਮਾਣੂ ਸਮਰੱਥਾ ਨੂੰ ਕਮਜ਼ੋਰ ਕਰਨ ਦੇ ਟੀਚੇ ਨਾਲ ਫ਼ੌਜੀ ਕਾਰਵਾਈ ਨੂੰ ਜਾਇਜ਼ ਠਹਿਰਾਇਆ। ਅਮਰੀਕਾ ਇਸ ਰਣਨੀਤੀ ਦੇ ਨਾਲ ਹਮੇਸ਼ਾ ਖੜ੍ਹਾ ਦਿਖਾਈ ਦਿੱਤਾ, ਖ਼ਾਸ ਕਰਕੇ ਟਰੰਪ ਦੇ ਦੌਰ ਵਿਚ ਹੋਰ ਵੀ ਮਜ਼ਬੂਤੀ ਨਾਲ। ਇਸ ਦੇ ਪਿੱਛੇ ਇਕ ਵਿਆਪਕ ਟੀਚਾ ਈਰਾਨ ਦੀ ਇਸਲਾਮਿਕ ਵਿਵਸਥਾ ਨੂੰ ਕਮਜ਼ੋਰ ਕਰਨਾ ਜਾਂ ਉਸ ਨੂੰ ਬਦਲਣਾ ਵੀ ਸੀ।
ਇਹ ਮੰਨ ਲਿਆ ਗਿਆ ਸੀ ਕਿ ਬਾਹਰੀ ਫ਼ੌਜੀ ਦਬਾਅ ਈਰਾਨ ਦੇ ਅੰਦਰ ਅਸੰਤੋਸ਼ ਭੜਕਾਏਗਾ ਅਤੇ ਜਨਤਾ ਸਰਕਾਰ ਖ਼ਿਲਾਫ਼ ਉੱਠ ਖੜ੍ਹੀ ਹੋਵੇਗੀ। ਇਸ ਧਾਰਨਾ ਦੇ ਉਲਟ, ਹਮਲਿਆਂ ਨੇ ਈਰਾਨੀ ਸਮਾਜ ਵਿਚ ਇਕ ਕਿਸਮ ਦੀ ਏਕਤਾ ਪੈਦਾ ਕਰ ਦਿੱਤੀ ਅਤੇ ਲੋਕ ਸਰਕਾਰ ਦੇ ਪਿੱਛੇ ਲਾਮਬੰਦ ਹੋ ਗਏ। ਯੁੱਧ ਵਿਚ ਉਮੀਦਾਂ ਦੀ ਪੂਰਤੀ ਨਾ ਹੋਣ ਕਾਰਨ ਅਮਰੀਕਾ ਨੂੰ ਆਪਣੀ ਰਣਨੀਤੀ ’ਤੇ ਦੁਬਾਰਾ ਵਿਚਾਰ ਕਰਨ ਲਈ ਮਜਬੂਰ ਹੋਣਾ ਪਿਆ। ਈਰਾਨ ਦੀ ਪਰਮਾਣੂ ਸਮਰੱਥਾ ਨਸ਼ਟ ਨਹੀਂ ਹੋਈ। ਉਸ ਦੀ ਰਾਜਨੀਤਕ ਵਿਵਸਥਾ ਬਰਕਰਾਰ ਰਹੀ ਅਤੇ ਉਸ ਦੀ ਫ਼ੌਜੀ ਸ਼ਕਤੀ ਨੂੰ ਫ਼ੈਸਲਾਕੁੰਨ ਤੌਰ ’ਤੇ ਕਮਜ਼ੋਰ ਨਹੀਂ ਕੀਤਾ ਜਾ ਸਕਿਆ। ਜਿਵੇਂ-ਜਿਵੇਂ ਸੰਘਰਸ਼ ਲੰਬਾ ਖਿੱਚਦਾ ਗਿਆ, ਅਮਰੀਕਾ ਲਈ ਇਸ ਦੀ ਲਾਗਤ ਵਧਦੀ ਗਈ ਜੋ ਕਿ ਸਿਰਫ਼ ਆਰਥਿਕ ਨਹੀਂ, ਸਗੋਂ ਰਾਜਨੀਤਕ ਵੀ ਸੀ। ਅਮਰੀਕਾ ਵਿਚ ਹੋ ਰਹੀਆਂ ਮੱਧਕਾਲੀ ਚੋਣਾਂ ਨੇ ਸਥਿਤੀ ਨੂੰ ਹੋਰ ਸੰਵੇਦਨਸ਼ੀਲ ਬਣਾ ਦਿੱਤਾ। ਟਰੰਪ ਪ੍ਰਸ਼ਾਸਨ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਉਹ ਇਕ ਅਜਿਹੇ ਯੁੱਧ ਤੋਂ ਬਾਹਰ ਨਿਕਲੇ ਜੋ ਘਰੇਲੂ ਪੱਧਰ ’ਤੇ ਲੋਕਪ੍ਰਿਆ ਨਹੀਂ ਸੀ। ਟਰੰਪ ਦੇ ਸਮਰਥਕ ਵਰਗ ਵਿਚ ਵੀ ਇਸ ਯੁੱਧ ਨੂੰ ਲੈ ਕੇ ਅਸਹਿਜਤਾ ਦਿਖਾਈ ਦੇਣ ਲੱਗੀ ਸੀ। ਇਸ ਤੋਂ ਇਲਾਵਾ, ਈਰਾਨ ਦੇ ਨਾਗਰਿਕ ਢਾਂਚੇ ’ਤੇ ਹਮਲੇ ਦੀ ਧਮਕੀ ਨੇ ਅੰਤਰਰਾਸ਼ਟਰੀ ਪੱਧਰ ’ਤੇ ਯੁੱਧ ਅਪਰਾਧਾਂ ਨੂੰ ਲੈ ਕੇ ਬਹਿਸ ਨੂੰ ਜਨਮ ਦਿੱਤਾ ਜਿਸ ਨਾਲ ਅਮਰੀਕਾ ਦੀ ਨੈਤਿਕ ਸਥਿਤੀ ਵੀ ਕਮਜ਼ੋਰ ਹੋ ਗਈ। ਮੌਜੂਦਾ ਮਾਹੌਲ ਵਿਚ ਜੰਗਬੰਦੀ ਕਿਸੇ ਕੂਟਨੀਤਕ ਸਫਲਤਾ ਤੋਂ ਵੱਧ ਇਕ ਰਣਨੀਤਕ ਮਜਬੂਰੀ ਵਾਂਗ ਦਿਖਾਈ ਦਿੰਦੀ ਹੈ। ਇਸ ਪ੍ਰਕਿਰਿਆ ਵਿਚ ਪਾਕਿਸਤਾਨ ਅਤੇ ਚੀਨ ਦੀ ਭੂਮਿਕਾ ਦਾ ਸਾਹਮਣੇ ਆਉਣਾ ਵੀ ਵਿਸ਼ਵ ਰਾਜਨੀਤੀ ਦੇ ਸ਼ਕਤੀ ਸੰਤੁਲਨ ਵਿਚ ਬਦਲਾਅ ਨੂੰ ਦਰਸਾਉਂਦਾ ਹੈ। ਪਾਕਿਸਤਾਨ ਦਾ ਵਿਚੋਲੇ ਦੇ ਤੌਰ ’ਤੇ ਉੱਭਰਨਾ ਧਿਆਨ ਦੇਣ ਯੋਗ ਹੈ। ਓਥੇ ਹੀ, ਚੀਨ ਦੀ ਭੂਮਿਕਾ ਇਹ ਦਿਖਾਉਂਦੀ ਹੈ ਕਿ ਉਹ ਹੁਣ ਸਿਰਫ਼ ਆਰਥਿਕ ਸ਼ਕਤੀ ਨਹੀਂ, ਸਗੋਂ ਕੂਟਨੀਤਕ ਤੌਰ ’ਤੇ ਵੀ ਪ੍ਰਭਾਵਸ਼ਾਲੀ ਹੈ।
ਹੋਰਮੁਜ਼ ਜਲਮਾਰਗ ਇਸ ਘਟਨਾਚੱਕਰ ਦਾ ਇਕ ਮਹੱਤਵਪੂਰਨ ਪਹਿਲੂ ਬਣ ਕੇ ਉੱਭਰਿਆ। ਦੁਨੀਆ ਦੇ ਲਗਪਗ 20 ਪ੍ਰਤੀਸ਼ਤ ਊਰਜਾ ਸਰੋਤਾਂ ਦੀ ਡਲਿਵਰੀ ਇਸ ਮਾਰਗ ਰਾਹੀਂ ਹੁੰਦੀ ਹੈ। ਜੰਗਬੰਦੀ ਤੋਂ ਬਾਅਦ ਜੇਕਰ ਈਰਾਨ ਇਸ ਮਾਰਗ ’ਤੇ ਪ੍ਰਭਾਵਸ਼ਾਲੀ ਨਿਯੰਤਰਣ ਬਣਾਈ ਰੱਖਦਾ ਹੈ ਤਾਂ ਇਹ ਵਿਸ਼ਵ ਸ਼ਕਤੀ ਸੰਤੁਲਨ ਵਿਚ ਇਕ ਵੱਡਾ ਬਦਲਾਅ ਹੋਵੇਗਾ। ਭਾਵੇਂ ਹੀ ਇਹ ਨਿਯੰਤਰਣ ਰਸਮੀ ਤੌਰ ’ਤੇ ਐਲਾਨਿਆ ਨਾ ਹੋਵੇ ਪਰ ਜੇਕਰ ਜਹਾਜ਼ਾਂ ਦੀ ਆਵਾਜਾਈ ਈਰਾਨ ਦੀ ਨਿਗਰਾਨੀ ਜਾਂ ਸ਼ਰਤਾਂ ਤਹਿਤ ਹੁੰਦੀ ਹੈ ਤਾਂ ਇਸ ਨਾਲ ਉਸ ਦੀ ਰਣਨੀਤਕ ਸਥਿਤੀ ਮਜ਼ਬੂਤ ਹੋਵੇਗੀ। ਸੰਭਵ ਹੈ ਕਿ ਈਰਾਨ ਹੋਰਮੁਜ਼ ਤੋਂ ਗੁਜ਼ਰ ਰਹੇ ਜਹਾਜ਼ਾਂ ਤੋਂ ਟੈਕਸ ਵਸੂਲੇ। ਇਸ ਦਾ ਸਿੱਧਾ ਅਸਰ ਵਿਸ਼ਵ ਤੇਲ ਬਾਜ਼ਾਰ ’ਤੇ ਪਵੇਗਾ। ਤੇਲ ਦੀ ਕੀਮਤਾਂ ਵਿਚ ਵਾਧਾ, ਆਵਾਜਾਈ ਦੀ ਲਾਗਤ ਵਿਚ ਇਜ਼ਾਫ਼ਾ ਅਤੇ ਬੀਮਾ ਪ੍ਰੀਮੀਅਮ ਵਿਚ ਵਾਧਾ ਹੋ ਸਕਦਾ ਹੈ ਜੋ ਵਿਸ਼ਵ ਅਰਥਚਾਰੇ ਨੂੰ ਪ੍ਰਭਾਵਿਤ ਕਰੇਗਾ। ਭਾਰਤ ਵਰਗੇ ਦੇਸ਼ ਲਈ ਇਸ ਦੇ ਡੂੰਘੇ ਅਰਥ ਹੋਣਗੇ ਜੋ ਆਪਣੀ ਜ਼ਰੂਰਤ ਦਾ ਬਹੁਤ ਸਾਰਾ ਤੇਲ ਅਤੇ ਗੈਸ ਦਰਾਮਦ ਕਰਦਾ ਹੈ। ਭਾਰਤ ਨੂੰ ਆਪਣੀ ਕੂਟਨੀਤਕ ਰਣਨੀਤੀ ਬਹੁਤ ਸੰਤੁਲਿਤ ਰੱਖਣੀ ਹੋਵੇਗੀ, ਕਿਉਂਕਿ ਉਸ ਦੇ ਰਿਸ਼ਤੇ ਈਰਾਨ, ਇਜ਼ਰਾਈਲ ਅਤੇ ਅਮਰੀਕਾ, ਤਿੰਨਾਂ ਨਾਲ ਮਹੱਤਵਪੂਰਨ ਹਨ। ਇਸ ਜੰਗਬੰਦੀ ਦੇ ਨਾਲ ਹੀ ਭਾਰਤ ਵਿਚ ਇਸ ਨੂੰ ਲੈ ਕੇ ਰਾਜਨੀਤਕ ਚਰਚਾ ਵੀ ਤੇਜ਼ ਹੋ ਗਈ ਹੈ। ਕੁਝ ਵਿਰੋਧੀ ਆਗੂ ਕਹਿੰਦੇ ਹਨ ਕਿ ਇਸ ਪੂਰੇ ਘਟਨਾਚੱਕਰ ਵਿਚ ਪਾਕਿਸਤਾਨ ਨੇ ਕੂਟਨੀਤਕ ਬੜ੍ਹਤ ਹਾਸਲ ਕਰ ਲਈ। ਹਾਲਾਂਕਿ ਇਹ ਤਰਕ ਅੰਸ਼ਿਕ ਤੌਰ ’ਤੇ ਰਾਜਨੀਤਕ ਹੈ ਪਰ ਅੱਜ ਦੇ ਦੌਰ ਵਿਚ, ਜਿੱਥੇ ਵਿਚੋਲਗੀ ਕਰਨ ਵਾਲੀਆਂ ਸ਼ਕਤੀਆਂ ਵੀ ਖੇਤਰੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਹੀਆਂ ਹਨ, ਉੱਥੇ ਭਾਰਤ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਆਪਣੀ ਕੂਟਨੀਤਕ ਮੌਜੂਦਗੀ ਨੂੰ ਹੋਰ ਮਜ਼ਬੂਤ ਕਰੇ। ਇਹ ਜੰਗਬੰਦੀ ਸਾਨੂੰ ਇਹ ਸਿਖਾਉਂਦੀ ਹੈ ਕਿ ਸਿਰਫ਼ ਫ਼ੌਜੀ ਸ਼ਕਤੀ ਦੇ ਬਲਬੂਤੇ ਜਟਿਲ ਭੂ-ਰਾਜਨੀਤਕ ਸਮੱਸਿਆਵਾਂ ਦਾ ਹੱਲ ਸੰਭਵ ਨਹੀਂ ਹੈ। ਜਿੱਥੇ ਅਮਰੀਕਾ ਅਤੇ ਇਜ਼ਰਾਈਲ ਵਰਗੇ ਸ਼ਕਤੀਸ਼ਾਲੀ ਦੇਸ਼ ਪੂਰੀ ਤਾਕਤ ਲਗਾਉਣ ਦੇ ਬਾਵਜੂਦ ਆਪਣੇ ਸਾਰੇ ਟੀਚਾ ਪ੍ਰਾਪਤ ਨਹੀਂ ਕਰ ਸਕੇ, ਓਥੇ ਹੀ ਈਰਾਨ ਨੇ ਆਪਣੀ ਸਥਿਤੀ ਨੂੰ ਨਾ ਸਿਰਫ਼ ਬਰਕਰਾਰ ਰੱਖਿਆ, ਸਗੋਂ ਉਸ ਨੂੰ ਮਜ਼ਬੂਤ ਵੀ ਕੀਤਾ। ਆਉਣ ਵਾਲੇ ਦਿਨ ਤੈਅ ਕਰਨਗੇ ਕਿ ਇਹ ਜੰਗਬੰਦੀ ਸਥਾਈ ਸ਼ਾਂਤੀ ਵੱਲ ਵਧਦੀ ਹੈ ਜਾਂ ਫਿਰ ਇਕ ਹੋਰ ਵੱਡੇ ਸੰਘਰਸ਼ ਦੀ ਭੂਮਿਕਾ ਤਿਆਰ ਕਰਦੀ ਹੈ। ਫ਼ਿਲਹਾਲ ਭਾਵੇਂ ਸ਼ਾਂਤੀ ਹੋ ਗਈ ਹੋਵੇ ਪਰ ਤਣਾਅ ਅਜੇ ਵੀ ਹੈ। ਵਿਸ਼ਵ ਵਪਾਰ ਦੀ ਜੀਵਨ-ਰੇਖਾ ਵਜੋਂ ਉੱਭਰਿਆ ਹੋਰਮੁਜ਼ ਹੁਣ ਇਕ ਅਜਿਹੇ ਖੇਤਰ ਵਿਚ ਬਦਲ ਗਿਆ ਹੈ ਜਿੱਥੇ ਸ਼ਕਤੀ ਸੰਤੁਲਨ ਅਤੇ ਰਣਨੀਤਕ ਮੁਕਾਬਲੇਬਾਜ਼ੀ ਸਾਫ਼ ਦਿਖਾਈ ਦਿੰਦੀ ਹੈ। ਦੇਖਣਾ ਹੋਵੇਗਾ ਕਿ ਇਹ ਅਸਥਾਈ ਸ਼ਾਂਤੀ ਸਥਾਈ ਹੱਲ ਦਾ ਰਸਤਾ ਬਣਦੀ ਹੈ ਜਾਂ ਇਕ ਹੋਰ ਟਕਰਾਅ ਦਾ ਕਾਰਨ।
-(ਲੇਖਕ ਮਨੋਹਰ ਪਰੀਕਰ ਰੱਖਿਆ ਅਧਿਐਨ ਅਤੇ ਵਿਸ਼ਲੇਸ਼ਣ ਸੰਸਥਾ ਵਿਚ ਫੈਲੋ ਹੈ)।
-response@jagran.com