ਸਨਅਤੀ ਅਦਾਰੇ ਗੰਧਲਾ ਤੇ ਜ਼ਹਿਰੀਲਾ ਪਾਣੀ ਨਜ਼ਦੀਕ ਲੱਗਦੇ ਪਾਣੀ ਦੇ ਸੋਮਿਆਂ ਵਿਚ ਮਿਲਾ ਕੇ ਵਾਤਾਵਰਨ ਸੰਤੁਲਨ ਵਿਗਾੜ ਰਹੇ ਹਨ। ਅਜੋਕੇ ਉਦਯੋਗੀਕਰਨ ਦੇ ਦੌਰ ਵਿਚ ਪਾਣੀ ਪ੍ਰਦੂਸ਼ਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਸਾਡੇ ਕਾਰਖਾਨੇ ਅਤੇ ਫੈਕਟਰੀਆਂ ਹਨ।

ਮਨੁੱਖੀ ਜੀਵਨ ਵਿਚ ਪਾਣੀ ਦੀ ਮਹੱਤਤਾ ਨੂੰ ਦੇਖਦੇ ਹੋਏ 22 ਮਾਰਚ ਦਾ ਦਿਨ ‘ਵਿਸ਼ਵ ਜਲ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਵਿਚ ਪਾਸ ਮਤੇ ਅਨੁਸਾਰ ਪਹਿਲੀ ਵਾਰ 22 ਮਾਰਚ 1993 ਨੂੰ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦੇਸ਼ ਤਾਜ਼ੇ ਪਾਣੀ ਦੀ ਮਹੱਤਤਾ ਨੂੰ ਉਜਾਗਰ ਕਰਨਾ ਅਤੇ ਜਲ ਸਰੋਤਾਂ ਦੀ ਸੰਭਾਲ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਸਾਲ 2026 ਦੇ ‘ਵਿਸ਼ਵ ਜਲ ਦਿਵਸ’ ਦਾ ਥੀਮ ‘ਪਾਣੀ ਅਤੇ ਲਿੰਗ ਸਮਾਨਤਾ’ ਹੈ ਜਿਸ ਦਾ ਨਾਅਰਾ ਹੈ ‘ਜਿੱਥੇ ਪਾਣੀ ਵਗਦਾ ਹੈ, ਉੱਥੇ ਸਮਾਨਤਾ ਵੀ ਵਧਦੀ ਹੈ।’
ਇਹ ਥੀਮ ਪਾਣੀ ਦੀ ਪਹੁੰਚ, ਸੁਚੱਜਾ ਪ੍ਰਬੰਧਨ ਤੇ ਉੱਚਿਤ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿਚ ਲਿੰਗ ਸਮਾਨਤਾ ਨੂੰ ਯਕੀਨੀ ਬਣਾਉਣ ’ਤੇ ਕੇਂਦਰਿਤ ਹੈ। ਇਸ ਮੁਹਿੰਮ ਦਾ ਮਕਸਦ ਇਸ ਗੱਲ ਨੂੰ ਉਜਾਗਰ ਕਰਨਾ ਹੈ ਕਿ ਪਾਣੀ ਦੀ ਕਮੀ ਤੇ ਮਾੜੀ ਗੁਣਵੱਤਾ ਦਾ ਸਭ ਤੋਂ ਵੱਧ ਅਸਰ ਔਰਤਾਂ ਅਤੇ ਲੜਕੀਆਂ ’ਤੇ ਹੀ ਪੈਂਦਾ ਹੈ।
ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਦੇ ਉਦੇਸ਼ਾਂ ਵਿਚ ਉਦੇਸ਼ ਨੰਬਰ 05 ਲਿੰਗ ਸਮਾਨਤਾ ਤੇ ਉਦੇਸ਼ 06 ਸਾਫ਼ ਪਾਣੀ ਤੇ ਸੈਨੀਟੇਸ਼ਨ ਨੂੰ ਹਾਸਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਵੱਲ ਪ੍ਰੇਰਿਤ ਕਰਨਾ ਹੈ। ਇਸ ਦੇ ਨਾਲ ਹੀ ਪਾਣੀ ਸਬੰਧੀ ਮਾਮਲਿਆਂ ਵਿਚ ਔਰਤਾਂ ਦੀ ਯੋਗ ਅਗਵਾਈ ਵੱਲ ਵੀ ਉਤਸ਼ਾਹਤ ਕਰਨਾ ਹੈ।
ਪਿਛਲੇ 33 ਸਾਲਾਂ ਤੋਂ ਮਨਾਏ ਜਾ ਰਹੇ ਇਸ ਦਿਵਸ ਦੇ ਬਾਵਜੂਦ ਜਲ ਸੰਕਟ ਪੂਰੇ ਵਿਸ਼ਵ ’ਚ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਸੰਸਾਰ ’ਚ 220 ਕਰੋੜ ਲੋਕਾਂ ਨੂੰ ਅੱਜ ਵੀ ਸ਼ੁੱਧ ਪਾਣੀ ਉਪਲਬਧ ਨਹੀਂ ਹੈ। ਸਾਡੇ ਦੇਸ਼ ਦੇ ਸਭ ਤੋਂ ਸਵੱਛ ਸ਼ਹਿਰ ਇੰਦੌਰ ਵਿਚ ਜਲ ਸੰਕਟ ਕਾਰਨ ਜੋ ਕੁਝ ਪਿੱਛੇ ਜਿਹੇ ਵਾਪਰਿਆ, ਉਹ ਸਭ ਦੇ ਸਾਹਮਣੇ ਹੈ। ਮਨੁੱਖ ਦੀ ਮੁੱਢਲੀ ਜ਼ਰੂਰਤ ਪਾਣੀ ਦਾ ਸੰਕਟ ਦੇਸ਼ ਵਿਚ ਇੰਨਾ ਗੰਭੀਰ ਹੋ ਚੁੱਕਾ ਹੈ ਕਿ ਹੁਣ ਸਿਰਫ਼ ਗੱਲਾਂ ਕਰਨ ਨਾਲ ਜਾਂ ਸੋਸ਼ਲ ਮੀਡੀਆ ’ਤੇ ਚਿੰਤਾ ਪ੍ਰਗਟ ਕਰਨ ਨਾਲ ਇਹ ਹੱਲ ਹੋਣ ਵਾਲਾ ਨਹੀਂ।
ਇਸ ਸੰਕਟ ਨੂੰ ਹੁਣ ਸਿਰਫ਼ ਸਰਕਾਰ ਦੇ ਭਰੋਸੇ ਵੀ ਨਹੀਂ ਛੱਡਿਆ ਜਾ ਸਕਦਾ। ਇਸ ਲਈ ਇਕ ਬਹੁਤ ਵੱਡੀ ਲੋਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਇਸ ਸਬੰਧੀ ਸਮਾਜ ਨੂੰ ਵੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਪਵੇਗਾ। ਪਾਣੀ ਦਾ ਵਧਦਾ ਪ੍ਰਦੂਸ਼ਣ, ਪਾਣੀ ਦੇ ਪੱਧਰ ਦਾ ਲਗਾਤਾਰ ਤੇਜ਼ੀ ਨਾਲ ਨੀਵਾਂ ਜਾਣਾ ਅਤੇ ਬਰਸਾਤੀ ਪਾਣੀ ਦਾ ਠੋਸ ਪ੍ਰਬੰਧਨ ਨਾ ਹੋਣ ਕਾਰਨ ਸਥਿਤੀ ਬੇਹੱਦ ਚਿੰਤਾਜਨਕ ਬਣ ਚੁੱਕੀ ਹੈ। ਇਸ ਸੰਕਟ ਦੇ ਹੱਲ ਲਈ ਸੰਜੀਦਗੀ ਨਾਲ ਕੰਮ ਕਰਨਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ, ਕਿਉਂਕਿ ਜਲ ਤੋ ਬਿਨਾਂ ਜਲਵਾਯੂ ਦੀ ਗੱਲ ਸੰਭਵ ਹੀ ਨਹੀਂ।
ਕੁਦਰਤ ਵੱਲੋਂ ਦਿੱਤੇ ਤੋਹਫ਼ਿਆਂ ’ਚੋਂ ਪਾਣੀ ਇਕ ਅਨਮੋਲ ਤੋਹਫ਼ਾ ਹੈ ਜੋ ਪੂਰੀ ਸ੍ਰਿਸ਼ਟੀ ਲਈ ਕੁਦਰਤ ਦਾ ਇਕ ਅਜਿਹਾ ਵਰਦਾਨ ਹੈ ਜਿਸ ਬਿਨਾਂ ਜੀਵ-ਜੰਤੂਆਂ ਅਤੇ ਬਨਸਪਤੀ ਦਾ ਜ਼ਿੰਦਾ ਰਹਿਣਾ ਅਸੰਭਵ ਹੈ। ਅੱਜ ਤੋਂ ਸੈਂਕੜੇ ਸਾਲ ਪਹਿਲਾਂ ਵਿਗਿਆਨਕ ਸੋਚ ਵਾਲੇ ਮਹਾਨ ਗੁਰੂ ਨਾਨਕ ਦੇਵ ਜੀ ਨੇ ਕੁਦਰਤ ਦੇ ਇਸ ਅਨਮੋਲ ਤੋਹਫ਼ੈ ਦੀ ਅਹਿਮੀਅਤ ਬਾਰੇ ਸਾਨੂੰ ਜਾਗਰੂਕ ਕਰ ਕੀਤਾ ਸੀ। ਉਨ੍ਹਾਂ ਨੇ- ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।। ਦਾ ਸੰਦੇਸ਼ ਦੇ ਕੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ। ਜੇ ਜੀਵਨ ਦੀ ਉਤਪਤੀ ਦੀ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਸ ਦੀ ਸ਼ੁਰੂਆਤ ਪਾਣੀ ’ਚ ਹੀ ਹੋਈ ਮੰਨੀ ਜਾਂਦੀ ਹੈ। ਅੱਜ ਵੀ ਮਨੁੱਖੀ ਸਰੀਰ ਦਾ 70 ਪ੍ਰਤੀਸ਼ਤ ਭਾਗ ਪਾਣੀ ਹੀ ਹੈ।
ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਾਣੀ ਸਮਾਜਿਕ ਤੇ ਸੱਭਿਆਚਾਰਕ ਤਰੱਕੀ, ਵਾਤਾਵਰਨ ਤੇ ਕੁਦਰਤ ਦਾ ਸੰਤੁਲਨ, ਦੇਸ਼ ਦੀ ਆਰਥਿਕਤਾ ਦੀ ਮਜ਼ਬੂਤੀ ਤੇ ਤੰਦਰੁਸਤ ਮਾਨਸਿਕਤਾ ਦਾ ਆਧਾਰ ਹੈ। ਪਾਣੀ ਦੀ ਇੰਨੀ ਵੱਡੀ ਮਹੱਤਤਾ ਹੋਣ ਦੇ ਬਾਵਜੂਦ ਇਸ ਅਨਮੋਲ ਕੁਦਰਤੀ ਤੋਹਫ਼ੇ ਦੀ ਬੇਸਮਝੀ ਤੇ ਬੇਕਦਰੀ ਨਾਲ ਕੀਤੀ ਜਾ ਰਹੀ ਵਰਤੋਂ ਨਾਲ ਜਿੱਥੇ ਪਾਣੀ ਦੀ ਭਾਰੀ ਕਮੀ ਮਹਿਸੂਸ ਹੋ ਰਹੀ ਹੈ, ਉੱਥੇ ਹੀ ਗੁਣਵੱਤਾ ਦੀ ਘਾਟ ਚਿੰਤਾ ਦਾ ਬਹੁਤ ਵੱਡਾ ਵਿਸ਼ਾ ਬਣ ਚੁੱਕੀ ਹੈ। ਪਾਣੀ ਸਬੰਧੀ ਚਾਹੇ ਸੰਕਟ ਵਿਸ਼ਵ-ਵਿਆਪੀ ਹੈ ਪਰ ਸਾਡੇ ਦੇਸ਼ ਵਿਚ ਕਮਜ਼ੋਰ ਜਲ ਨੀਤੀ ਅਤੇ ਵਰਤੋਂ ਦੇ ਗ਼ਲਤ ਤੌਰ-ਤਰੀਕਿਆਂ ਕਾਰਨ ਪਾਣੀ ਦੀ ਸਥਿਤੀ ਬਦਤਰ ਹੋ ਚੁੱਕੀ ਹੈ। ਸਾਡੇ ਪਾਣੀ ਦੇ ਸੋਮੇ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ। ਮਨੁੱਖ ਕੁਦਰਤੀ ਸਾਧਨਾਂ ਦੀ ਸੰਭਾਲ ਕਰਨ ਦੀ ਥਾਂ ਪਦਾਰਥਵਾਦੀ ਸੋਚ ਕਾਰਨ ਲਾਲਚੀ ਬਣ ਕੇ ਲਾਭ ਕਮਾਉਣ ਵਾਲੇ ਪਾਸੇ ਤੁਰ ਪਏ ਜਿਸ ਕਾਰਨ ਦੇਸ਼ ਦੇ ਦੋ-ਤਿਹਾਈ ਤੋਂ ਵੱਧ ਪਾਣੀ ਦੇ ਸੋਮਿਆਂ ਦੇ ਭੰਡਾਰ ਖ਼ਤਮ ਕਰ ਚੁੱਕੇ ਹਨ।
ਜੇ ਗੱਲ ਕਰੀਏ ਸਾਡੇ ਖੇਤੀ ਪ੍ਰਧਾਨ ਸੂਬੇ ਪੰਜਾਬ ਦੀ, ਜਿਸ ਦਾ ਨਾਂ ਹੀ ਪੰਜ ਦਰਿਆਵਾਂ ਤੋਂ ਪਿਆ ਹੈ ਤੇ ਜਿਸ ਦੀ ਖ਼ੁਸ਼ਹਾਲੀ ਦਾ ਮੁੱਖ ਕਾਰਨ ਵੀ ਇਹ ਪਾਣੀ ਹੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਪਾਣੀ ਦਾ ਅਜਿਹਾ ਗੰਭੀਰ ਸੰਕਟ ਦੇਖ ਕੇ ਲੱਗਦਾ ਹੈ ਕਿ ਜੇ ਹੁਣ ਵੀ ਨਾ ਸੰਭਲੇ ਤਾਂ ਪੰਜਾਬ ਜਲਦ ਹੀ ਰੇਗਿਸਤਾਨ ਬਣ ਜਾਵੇਗਾ। ਪੰਜਾਬ ਵਿਚ ਪਾਣੀ ਦੇ ਸੋਮਿਆਂ ਨੂੰ ਅੱਜ ਦੂਹਰੀ ਮਾਰ ਪੈ ਰਹੀ ਹੈ। ਪਹਿਲਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਬਹੁਤ ਤੇਜ਼ੀ ਨਾਲ ਨੀਵਾਂ ਜਾਣਾ ਅਤੇ ਦੂਸਰਾ, ਮੌਜੂਦਾ ਪਾਣੀ ਵਿਚ ਵਧਦਾ ਪ੍ਰਦੂਸ਼ਣ।
ਖੇਤੀ ਪ੍ਰਧਾਨ ਸੂਬੇ ’ਚ ਪਾਣੀ ਦਾ ਪੱਧਰ ਜਿਸ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ, ਇਸ ਦਾ ਸਭ ਤੋਂ ਵੱਧ ਨੁਕਸਾਨ ਕਿਸਾਨਾਂ ਨੂੰ ਹੀ ਹੋ ਰਿਹਾ ਹੈ। ਇਹ ਮੁਸੀਬਤ ਵੀ ਅਸੀਂ ਖ਼ੁਦ ਹੀ ਪੈਦਾ ਕੀਤੀ ਹੈ ਖੇਤੀ ਸਾਡੀ ਸੰਸਕ੍ਰਿਤੀ ਸੀ ਪਰ ਹੁਣ ਬਾਜ਼ਾਰੀਕਰਨ ਦੇ ਦੌਰ ਵਿਚ ਦਾਖ਼ਲ ਹੋ ਗਏ ਅਤੇ ਬਾਜ਼ਾਰੀ ਫ਼ਸਲਾਂ ਬੀਜਣ ਲੱਗੇ। ਨੱਬੇ ਪ੍ਰਤੀਸ਼ਤ ਤੱਕ ਭੂ-ਜਲ ਖੇਤੀ ਦੇ ਕੰਮ ਆ ਰਿਹਾ ਹੈ ਜਿਸ ਦੀ ਬਦੌਲਤ ਅੱਜ ਤੋਂ 25 ਸਾਲ ਪਹਿਲਾਂ ਮਾਲਵਾ ਖੇਤਰ ਦਾ ਕਿਸਾਨ 35 ਤੋਂ 40 ਫੁੱਟ ਤੱਕ ਦੇ ਬੋਰ ਤੋਂ ਪਾਣੀ ਲੈ ਕੇ ਖੇਤੀ ਕਰਦੇ ਸਨ ਅਤੇ ਬੋਰ ਦੀ ਲਾਗਤ ਸਿਰਫ਼ 3000 ਤੋਂ 3500 ਰੁਪਏ ਆਉਂਦੀ ਸੀ।
ਅੱਜ ਸਾਧਾਰਨ ਬੋਰ ਦਾ ਪਾਣੀ ਮਿਲਣਾ ਤਾਂ ਇਕ ਸੁਪਨਾ ਹੋ ਗਿਆ ਹੈ। ਹੁਣ ਹਰ ਜ਼ਿਮੀਂਦਾਰ 350 ਤੋਂ 500 ਫੁੱਟ ਦੇ ਸਬਮਰਸੀਬਲ ਪੰਪ ਲਗਵਾ ਕੇ ਖੇਤੀ ਕਰ ਰਿਹਾ ਹੈ ਜਿਸ ਉੱਤੇ 02 ਲੱਖ ਰੁਪਏ ਤੱਕ ਦਾ ਖ਼ਰਚ ਆਉਂਦਾ ਹੈ। ਇਸ ਨਾਲ ਕਿਸਾਨਾਂ ਦੀ ਆਰਥਿਕਤਾ ਤਰਸਯੋਗ ਹੁੰਦੀ ਜਾ ਰਹੀ ਹੈ। ਕਰਜ਼ੇ ਹੇਠ ਦੱਬਿਆ ਕਿਸਾਨ ਖ਼ੁਦਕੁਸ਼ੀਆਂ ਕਰ ਕੇ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਪੰਜਾਬ ਵਿਚ 100 ਪ੍ਰਤੀਸ਼ਤ ਹੀ ਭੂਮੀ ਦੀ ਸਿੰਚਾਈ ਹੁੰਦੀ ਹੈ ਪਰ ਦਰਿਆ ਅਤੇ ਨਹਿਰਾਂ ਮੌਜੂਦ ਹੋਣ ਦੇ ਬਾਵਜੂਦ 70 ਪ੍ਰਤੀਸ਼ਤ ਤੋਂ ਵੱਧ ਸਿੰਚਾਈ ਭੂ-ਜਲ ਰਾਹੀਂ ਹੀ ਕੀਤੀ ਜਾਂਦੀ ਹੈ।
ਪੰਜਾਬ ਅੰਦਰ 30 ਲੱਖ ਹੈਕਟੇਅਰ ਰਕਬਾ ਝੋਨੇ ਹੇਠ ਹੈ ਜਿਸ ਦੀ ਸਿੰਚਾਈ 11.68 ਲੱਖ ਟਿਊਬਵੈੱਲਾਂ ਰਾਹੀਂ ਕੀਤੀ ਜਾਂਦੀ ਹੈ। ਸੂਬੇ ਅੰਦਰ ਜ਼ਮੀਨਦੋਜ਼ ਪਾਣੀ 145 ਫ਼ੀਸਦੀ ਦੀ ਦਰ ਨਾਲ ਕੱਢਿਆ ਜਾ ਰਿਹਾ ਹੈ ਜੋ ਬੇਹੱਦ ਚਿੰਤਾ ਦਾ ਵਿਸ਼ਾ ਹੈ। ਕੇਂਦਰੀ ਗਰਾਊਂਡ ਵਾਟਰ ਬੋਰਡ ਦੀ ਸਾਲ 2022 ਦੀ ਰਿਪੋਰਟ ਅਨੁਸਾਰ ਸੂਬੇ ਦੇ ਕੁੱਲ 153 ਪ੍ਰਬੰਧਕੀ ਬਲਾਕਾਂ ਵਿੱਚੋਂ 117 ਬਲਾਕ ਅਜਿਹੇ ਹਨ ਜਿੱਥੇ ਖ਼ਤਰੇ ਦੀ ਹੱਦ ਤੋਂ ਵੱਧ ਪਾਣੀ ਕੱਢਿਆ ਜਾ ਰਿਹਾ ਹੈ। ਖੇਤੀਬਾੜੀ ਵਿਚ ਕੀਟਨਾਸ਼ਕਾਂ ਅਤੇ ਹੋਰ ਰਸਾਇਣਕ ਖਾਦਾਂ ਦੀ ਲੋੜ ਤੋਂ ਵੱਧ ਹੁੰਦੀ ਵਰਤੋਂ ਕਾਰਨ ਇਹ ਜ਼ਹਿਰੀਲੇ ਤੱਤ ਧਰਤੀ ਹੇਠਲੇ ਪਾਣੀ ਵਿਚ ਪਹੁੰਚ ਚੁੱਕੇ ਹਨ। ਇਸ ਪ੍ਰਦੂਸ਼ਿਤ ਪਾਣੀ ਦੀ ਵਰਤੋਂ ਨੇ ਮਾਲਵਾ ਖੇਤਰ ’ਚ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਨੂੰ ਜਨਮ ਦਿੱਤਾ ਹੈ।
ਸਨਅਤੀ ਅਦਾਰੇ ਗੰਧਲਾ ਤੇ ਜ਼ਹਿਰੀਲਾ ਪਾਣੀ ਨਜ਼ਦੀਕ ਲੱਗਦੇ ਪਾਣੀ ਦੇ ਸੋਮਿਆਂ ਵਿਚ ਮਿਲਾ ਕੇ ਵਾਤਾਵਰਨ ਸੰਤੁਲਨ ਵਿਗਾੜ ਰਹੇ ਹਨ। ਅਜੋਕੇ ਉਦਯੋਗੀਕਰਨ ਦੇ ਦੌਰ ਵਿਚ ਪਾਣੀ ਪ੍ਰਦੂਸ਼ਣ ਲਈ ਸਭ ਤੋਂ ਵੱਧ ਜ਼ਿੰਮੇਵਾਰ ਸਾਡੇ ਕਾਰਖਾਨੇ ਅਤੇ ਫੈਕਟਰੀਆਂ ਹਨ। ਜਦੋਂ ਇਹ ਜ਼ਹਿਰੀਲੇ ਪਦਾਰਥ ਸਾਡੇ ਦਰਿਆਵਾਂ, ਝੀਲਾਂ ਅਤੇ ਹੋਰ ਪਾਣੀ ਦੇ ਸੋਮਿਆਂ ’ਚ ਮਿਲਦੇ ਹਨ ਤਾਂ ਸਭ ਤੋਂ ਵੱਧ ਮਨੁੱਖੀ ਸਿਹਤ ਲਈ ਨੁਕਸਾਨਦੇਹ ਸਾਬਿਤ ਹੁੰਦੇ ਹਨ। ਇਸ ਦੇ ਨਤੀਜੇ ਵਜੋਂ ਪੀਲੀਆ, ਟਾਈਫਾਇਡ, ਹੈਜ਼ਾ, ਹੈਪੇਟਾਈਟਸ, ਅੰਤੜੀ ਰੋਗ, ਹੱਡੀਆਂ ਦੇ ਰੋਗ ਤੇ ਅਨੇਕ ਹੋਰ ਭਿਅੰਕਰ ਬਿਮਾਰੀਆਂ ਮਹਾਮਾਰੀ ਦੇ ਰੂਪ ਵਿਚ ਫੈਲਦੀਆਂ ਹਨ।
ਵਧਦੀ ਆਬਾਦੀ ਅਤੇ ਸ਼ਹਿਰੀਕਰਨ ਨੇ ਵੀ ਪਾਣੀ ਦੇ ਸੋਮਿਆਂ ’ਚ ਪ੍ਰਦੂਸ਼ਣ ਵਿਚ ਬਹੁਤ ਵੱਡਾ ਵਾਧਾ ਕੀਤਾ ਹੈ। ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਧਦੀ ਵਰਤੋਂ ਨੇ ਸੀਵਰੇਜ ਵਿਵਸਥਾ ਤੋਂ ਲੈ ਕੇ ਸਮੁੰਦਰ ਤੱਕ ਤਬਾਹੀ ਮਚਾਈ ਹੋਈ ਹੈ। ਮਨੁੱਖ ਦਾ ਮਲ ਮੂਤਰ, ਸਾਬਣ ਵਾਲਾ ਪਾਣੀ ਅਤੇ ਹੋਰ ਘਰੇਲੂ ਰਹਿੰਦ-ਖੂੰਹਦ ਭਰਪੂਰ ਸੀਵਰੇਜ ਨੂੰ ਸ਼ਹਿਰਾਂ ਤੋਂ ਬਾਹਰ ਲਿਜਾ ਕੇ ਪਾਣੀ ਦੇ ਸੋਮਿਆਂ ਵਿਚ ਮਿਲਾਉਣਾ ਪ੍ਰਚੱਲਿਤ ਸੀਵਰੇਜ ਵਿਵਸਥਾ ਬਣ ਚੁੱਕੀ ਹੈ ਜੋ ਮਨੁੱਖੀ ਸਿਹਤ ਲਈ ਗੰਭੀਰ ਸੰਕਟ ਦਾ ਕਾਰਨ ਬਣ ਰਹੀ ਹੈ।
ਘਰਾਂ ’ਚ ਪਾਣੀ ਦੀ ਬੱਚਤ ਲਈ ਬਹੁਤ ਘੱਟ ਯਤਨ ਕੀਤੇ ਜਾ ਰਹੇ ਹਨ।
ਸਵੇਰੇ ਉੱਠਦੇ ਸਮੇਂ ਦੰਦ ਸਾਫ ਕਰਨ ਤੋਂ ਲੈ ਕੇ ਨਹਾਉਣ ਸਮੇਂ, ਕੱਪੜੇ ਧੋਣ, ਵਾਹਨ ਸਾਫ ਕਰਨ ਅਤੇ ਪਾਣੀ ਸ਼ੁੱਧ ਕਰਨ ਲਈ ਆਰਓ ਦੀ ਹੁੰਦੀ ਵਰਤੋਂ ਨਾਲ ਸੈਂਕੜੇ ਲੀਟਰ ਪਾਣੀ ਹਰ ਘਰ ਵਿਚ ਵਿਅਰਥ ਜਾ ਰਿਹਾ ਹੈ। ਪਾਣੀ ਨੂੰ ਸੋਧਣ ਅਤੇ ਰੀਸਾਈਕਲ ਕਰ ਕੇ ਦੁਬਾਰਾ ਵਰਤੋਂ ਦੇ ਮਾਮਲੇ ਵਿਚ ਦੇਸ਼ ਦੀ ਤਸਵੀਰ ਧੁੰਦਲੀ ਹੈ। ਘਰਾਂ ਵਿਚ ਪਹੁੰਚੇ ਪਾਣੀ ਦਾ 80 ਪ੍ਰਤੀਸ਼ਤ ਭਾਗ ਸੀਵਰ ਵਿਚ ਚਲਾ ਜਾਂਦਾ ਹੈ ਜਦਕਿ ਇਜ਼ਰਾਈਲ ਵਰਗੇ ਦੇਸ਼ ’ਚ 100 ਪ੍ਰਤੀਸ਼ਤ ਪਾਣੀ ਨੂੰ ਸੋਧ ਕੇ 94 ਪ੍ਰਤੀਸ਼ਤ ਦੁਬਾਰਾ ਘਰੇਲੂ ਵਰਤੋਂ ਲਈ ਵਰਤਿਆ ਜਾਂਦਾ ਹੈ। ਮਨੁੱਖੀ ਸਰੀਰ ’ਚ 70 ਪ੍ਰਤੀਸ਼ਤ ਹਿੱਸਾ ਪਾਣੀ ਹੈ, ਸਾਡੇ ਖ਼ੂਨ ਦਾ 90 ਪ੍ਰਤੀਸ਼ਤ ਹਿੱਸਾ ਪਾਣੀ ਹੈ। ਜੇ ਸਰੀਰ ਵਿਚ ਥੋੜ੍ਹੀ ਜਿਹੀ ਪਾਣੀ ਦੀ ਕਮੀ ਹੋ ਜਾਵੇ ਤਾਂ ਸਾਡੀ ਮੌਤ ਤੱਕ ਹੋ ਸਕਦੀ ਹੈ। ਇਸ ਲਈ ਅਸੀਂ ਤੁਰੰਤ ਇਲਾਜ ਕਰਵਾਉਂਦੇ ਹਾਂ।
ਪਾਣੀ ਦੇ ਸੋਮਿਆਂ ’ਚ ਵਧਦੇ ਪ੍ਰਦੂਸ਼ਣ ਨੂੰ ਰੋਕਣ ਤੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਬਿਨਾਂ ਕਿਸੇ ਦੇਰੀ ਦੇ ਵਿਸ਼ੇਸ਼ ਯਤਨ ਕੀਤੇ ਜਾਣ ਦੀ ਸਖ਼ਤ ਜ਼ਰੂਰਤ ਹੈ। ਇਸ ਸੰਕਟ ਦੇ ਹੱਲ ਲਈ ਸਮਾਜ ਤੇ ਸਰਕਾਰਾਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਪਾਣੀ ਦੀ ਬੱਚਤ ਤੇ ਵਰਤੋਂ ਸਬੰਧੀ ਵਿਸ਼ੇਸ਼ ਸਿੱਖਿਆ ਅਤੇ ਟਰੇਨਿੰਗ ਦਾ ਪ੍ਰਬੰਧ ਕਰਨਾ ਜ਼ਰੂਰੀ ਹੈ।
-ਡਾ. ਸਤਿੰਦਰ ਸਿੰਘ
-(ਲੇਖਕ ਸਟੇਟ ਤੇ ਨੈਸ਼ਨਲ ਐਵਾਰਡੀ, ਸਿੱਖਿਆ ਅਤੇ ਵਾਤਾਵਰਨ ਦੇ ਵਿਕਾਸ ਲਈ ਯਤਨਸ਼ੀਲ ਸੰਸਥਾ ਐਗਰੀਡ ਫਾਊਂਡੇਸ਼ਨ ਦਾ ਪ੍ਰਧਾਨ ਹੈ)।-ਮੋਬਾਈਲ : 98154-27554