- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਲਾਪਰਵਾਹੀ ਵਾਲੇ ਮਾਮਲੇ ’ਚ 14 ਵਿਅਕਤੀਆਂ ਦੀ ਮੌਤ ਅਤੇ ਇਕ ਹਜ਼ਾਰ ਤੋਂ ਵੱਧ ਲੋਕਾਂ ਦੇ ਬਿਮਾਰ ਹੋਣ ਅਤੇ ਇਨ੍ਹਾਂ ’ਚੋਂ ਸੌ ਤੋਂ ਵੱਧ ਲੋਕਾਂ ਦੇ ਹਸਪਤਾਲ ਵਿਚ ਭਰਤੀ ਹੋਣ ਤੋਂ ਇਹ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਕਿੰਨੇ ਜ਼ਿਆਦਾ ਜ਼ਹਿਰੀਲੇ ਪਾਣੀ ਦੀ ਸਪਲਾਈ ਹੋ ਰਹੀ ਸੀ।

ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰ ਦਾ ਦਰਜਾ ਰੱਖਣ ਵਾਲੇ ਇੰਦੌਰ ਵਿਚ ਦੂਸ਼ਿਤ ਪਾਣੀ ਪੀਣ ਨਾਲ 14 ਵਿਅਕਤੀਆਂ ਦੀ ਮੌਤ ਹੋ ਜਾਣਾ ਬਹੁਤ ਹੀ ਦੁਖਦ ਅਤੇ ਸ਼ਰਮਨਾਕ ਘਟਨਾ ਹੈ। ਇਹ ਸਾਫ਼-ਸਫ਼ਾਈ ਦੇ ਮਾਪਦੰਡਾਂ ’ਤੇ ਸਵਾਲ ਖੜ੍ਹੇ ਕਰਨ ਦੇ ਨਾਲ ਹੀ ਨਗਰ ਨਿਗਮ ਦੇ ਨਕਾਰਾਪਣ ਨੂੰ ਬਿਆਨ ਕਰਨ ਵਾਲੀ ਇਕ ਅਜਿਹੀ ਘਟਨਾ ਹੈ ਜੋ ਦੇਸ਼ ਦੇ ਅਕਸ ਨੂੰ ਮਿੱਟੀ ਵਿਚ ਮਿਲਾ ਰਹੀ ਹੈ।
ਇੰਦੌਰ ਦੇ ਭਾਗੀਰਥਪੁਰਾ ਵਿਚ ਦੂਸ਼ਿਤ ਪੀਣਯੋਗ ਪਾਣੀ ਦੀ ਸਪਲਾਈ ਇਸ ਲਈ ਜਾਨਲੇਵਾ ਸਾਬਿਤ ਹੋਈ ਕਿਉਂਕਿ ਸੀਵਰ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਵਿਚ ਚਲਾ ਗਿਆ ਅਤੇ ਫਿਰ ਉਹ ਘਰਾਂ ਤੱਕ ਪੁੱਜ ਗਿਆ। ਜੇ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਬਾਬਤ ਸ਼ਿਕਾਇਤ ’ਤੇ ਤਤਕਾਲ ਧਿਆਨ ਦਿੱਤਾ ਗਿਆ ਹੁੰਦਾ ਤਾਂ ਇਸ ਭਿਆਨਕ ਤ੍ਰਾਸਦੀ ਨੂੰ ਰੋਕਿਆ ਜਾ ਸਕਦਾ ਸੀ ਪਰ ਜਿਵੇਂ ਕਿ ਸਾਡੇ ਮੁਲਕ ਵਿਚ ਹੁੰਦਾ ਹੈ, ਗੰਦੇ ਪਾਣੀ ਦੀ ਸਪਲਾਈ ਦੀਆਂ ਸ਼ਿਕਾਇਤਾਂ ’ਤੇ ਉਦੋਂ ਤੱਕ ਧਿਆਨ ਨਹੀਂ ਦਿੱਤਾ ਗਿਆ, ਜਦ ਤੱਕ ਲੋਕ ਮਰਨ ਨਹੀਂ ਲੱਗੇ।
ਇਸ ਲਾਪਰਵਾਹੀ ਵਾਲੇ ਮਾਮਲੇ ’ਚ 14 ਵਿਅਕਤੀਆਂ ਦੀ ਮੌਤ ਅਤੇ ਇਕ ਹਜ਼ਾਰ ਤੋਂ ਵੱਧ ਲੋਕਾਂ ਦੇ ਬਿਮਾਰ ਹੋਣ ਅਤੇ ਇਨ੍ਹਾਂ ’ਚੋਂ ਸੌ ਤੋਂ ਵੱਧ ਲੋਕਾਂ ਦੇ ਹਸਪਤਾਲ ਵਿਚ ਭਰਤੀ ਹੋਣ ਤੋਂ ਇਹ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਕਿ ਕਿੰਨੇ ਜ਼ਿਆਦਾ ਜ਼ਹਿਰੀਲੇ ਪਾਣੀ ਦੀ ਸਪਲਾਈ ਹੋ ਰਹੀ ਸੀ। ਇਹ ਸਪਲਾਈ ਇੰਦੌਰ ਦੇ ਉਸ ਇਲਾਕੇ ਵਿਚ ਹੋ ਰਹੀ ਸੀ ਜੋ ਸ਼ਹਿਰੀ ਵਿਕਾਸ ਮੰਤਰੀ ਕੈਲਾਸ਼ ਵਿਜੇਵਰਗੀਯ ਦਾ ਚੋਣ ਹਲਕਾ ਹੈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਕਰਨ ਵਾਲਾ ਮਹਿਕਮਾ ਉਨ੍ਹਾਂ ਦੇ ਮੰਤਰਾਲੇ ਦੇ ਤਹਿਤ ਆਉਂਦਾ ਹੈ। ਜਦ ਮੰਤਰੀ ਸਾਬ੍ਹ ਤੋਂ ਇਸ ਕਾਤਲਾਨਾ ਲਾਪਰਵਾਹੀ ’ਤੇ ਸਵਾਲ ਕੀਤੇ ਗਏ ਤਾਂ ਉਨ੍ਹਾਂ ਨੇ ਸੰਵੇਦਨਹੀਣਤਾ ਦਾ ਸਬੂਤ ਦਿੰਦੇ ਹੋਏ ਅਜਿਹੇ ਸਵਾਲਾਂ ਨੂੰ ‘ਫ਼ਜ਼ੂਲ’ ਕਰਾਰ ਦੇ ਦਿੱਤਾ।
ਇਸ ਤੋਂ ਸੰਤੁਸ਼ਟ ਨਹੀਂ ਹੋਇਆ ਜਾ ਸਕਦਾ ਕਿ ਚੁਫੇਰਿਓਂ ਨੁਕਤਾਚੀਨੀ ਹੋਣ ਤੋਂ ਬਾਅਦ ਕੈਲਾਸ਼ ਵਿਜੇਵਰਗੀਯ ਨੇ ਖੇਦ ਤਾਂ ਪ੍ਰਗਟਾ ਦਿੱਤਾ ਪਰ ਉਨ੍ਹਾਂ ਦੀ ਉਹ ਸੰਵੇਦਨਹੀਣਤਾ ਤਾਂ ਪ੍ਰਗਟ ਹੋ ਹੀ ਗਈ ਜੋ ਅਜਿਹੀਆਂ ਘਟਨਾਵਾਂ ਦਾ ਕਾਰਨ ਬਣਦੀ ਹੈ। ਇਹ ਵੀ ਤਸੱਲੀਬਖ਼ਸ਼ ਨਹੀਂ ਕਿ ਇੰਦੌਰ ਨਗਰ ਨਿਗਮ ਦੇ ਸਬੰਧਤ ਅਫ਼ਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਕਿਉਂਕਿ ਇਕ ਤਾਂ ਮੁਅੱਤਲੀ ਕੋਈ ਸਜ਼ਾ ਨਹੀਂ ਅਤੇ ਦੂਜਾ, ਇਸ ਵਿਚ ਸ਼ੰਕਾ ਹੈ ਕਿ ਅਜਿਹੇ ਉਪਰਾਲੇ ਕੀਤੇ ਜਾ ਸਕਣਗੇ ਜਿਨ੍ਹਾਂ ਸਦਕਾ ਫਿਰ ਕਦੇ ਦੂਸ਼ਿਤ ਪਾਣੀ ਦੀ ਸਪਲਾਈ ਨਾ ਹੋ ਸਕੇ।
ਇਹ ਸਮਝਿਆ ਜਾਵੇ ਤਾਂ ਚੰਗਾ ਕਿ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਸਿਰਫ਼ ਇੰਦੌਰ ਨਗਰ ਨਿਗਮ ਨੇ ਹੀ ਯਕੀਨੀ ਨਹੀਂ ਬਣਾਉਣੀ ਸਗੋਂ ਸਭ ਛੋਟੇ-ਵੱਡੇ ਸ਼ਹਿਰਾਂ ਅਤੇ ਪਿੰਡਾਂ ਵਿਚ ਵੀ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣੀ ਹੋਵੇਗੀ। ਹਕੀਕਤ ਇਹ ਹੈ ਕਿ ਦੇਸ਼ ਵਿਚ ਆਮ ਤੌਰ ’ਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਤਸੱਲੀਬਖ਼ਸ਼ ਨਹੀਂ ਹੈ। ਇਸ ਦਾ ਸਬੂਤ ਇਹ ਹੈ ਕਿ ਲੋਕਾਂ ਨੂੰ ਸਾਫ਼ ਪੀਣ ਵਾਲੇ ਪਾਣੀ ਲਈ ਆਰਓ ਆਦਿ ਦਾ ਸਹਾਰਾ ਲੈਣਾ ਪੈਂਦਾ ਹੈ ਜਾਂ ਫਿਰ ਪੀਣ ਵਾਲਾ ਪਾਣੀ ਖ਼ਰੀਦਣਾ ਪੈਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਕ ਪਾਸੇ ਜਿੱਥੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੇ ਮਾਪਦੰਡਾਂ ਦੀ ਅਣਦੇਖੀ ਹੁੰਦੀ ਹੈ, ਓਥੇ ਹੀ ਦੂਜੇ ਪਾਸੇ ਟੁੱਟੀਆਂ-ਭੱਜੀਆਂ ਪਾਈਪਲਾਈਨਾਂ ਨੂੰ ਸੁਧਾਰਨ ਦਾ ਕੰਮ ਮੁਸ਼ਕਲ ਨਾਲ ਹੀ ਕੀਤਾ ਜਾਂਦਾ ਹੈ।
ਇਸ ਦਾ ਨਤੀਜਾ ਇਹ ਹੈ ਕਿ ਮਹਾਨਗਰਾਂ ਤੱਕ ਵਿਚ ਗੁਣਵੱਤਾ-ਵਿਹੂਣੇ ਪੀਣ ਵਾਲੇ ਪਾਣੀ ਦੀ ਸਪਲਾਈ ਹੁੰਦੀ ਹੈ। ਇਸ ਕਾਰਨ ਹਰ ਸਾਲ ਟਾਈਫਾਈਡ, ਹੈਪੇਟਾਈਟਿਸ ਤੇ ਹੈਜ਼ਾ ਵਰਗੀਆਂ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੇ ਲੱਖਾਂ ਮਾਮਲੇ ਸਾਹਮਣੇ ਆਉਂਦੇ ਹਨ। ਇਹ ਤੱਥ ਨੀਤੀ ਆਯੋਗ ਦੇ ਸਮੁੱਚੇ ਜਲ ਪ੍ਰਬੰਧਨ ਸੂਚਕ-ਅੰਕ ਦਾ ਹੈ ਕਿ ਭਾਰਤ ਵਿਚ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਥੋੜ੍ਹ ਕਾਰਨ ਹਰ ਵਰ੍ਹੇ ਲਗਪਗ ਦੋ ਲੱਖ ਲੋਕ ਜਾਨੋਂ ਹੱਥ ਧੋ ਬੈਠਦੇ ਹਨ।