- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਰੀਕਾ ਵੱਲੋਂ ਵੈਨੇਜ਼ੁਏਲਾ ’ਤੇ ਕਬਜ਼ਾ ਕਰਨ ਵੇਲੇ ਤੇ ਅੱਜ ਈਰਾਨ ਨੂੰ ਜੰਗ ਲਈ ਮਜਬੂਰ ਕਰਨ ਦਾ ਭਾਵੇਂ ਅਮਰੀਕੀ ਲੋਕ ਤੇ ਹੋਰਨਾਂ ਕਈ ਦੇਸ਼ਾਂ ਦੇ ਲੋਕ ਵਿਰੋਧ ਕਰ ਰਹੇ ਹਨ ਪਰ ਟਰੰਪ ’ਤੇ ਇਸ ਦਾ ਕੋਈ ਅਸਰ ਨਹੀਂ। ਟਰੰਪ ਦਾ ਆਪਣੇ ਹੀ ਦੇਸ਼ ਵਿਚ ਵਿਰੋਧ ਕਰਨ ਵਾਲਿਆਂ ਵਿਚ ਪਿਛਲੀ ਰਾਸ਼ਟਰਪਤੀ ਦੀ ਚੋਣ ਲੜ ਚੁੱਕੀ ਭਾਰਤੀ ਮੂਲ ਦੀ ਕਮਲਾ ਹੈਰਿਸ ਤੇ ਜਾਰਜੀਆ ਦੀ ਰਿਪਬਲਿਕਨ ਨੇਤਾ ਟੇਲਰ ਗ੍ਰੀਨ ਵੀ ਸ਼ਾਮਿਲ ਹਨ।

ਇਹ ਹਕੀਕਤ ਹੈ ਕਿ ਸਿਆਸਤਦਾਨ ਜੋ ਕਹਿੰਦੇ ਹਨ, ਉਸ ’ਤੇ ਕਦੇ ਪੂਰੇ ਨਹੀਂ ਉਤਰਦੇ। ਬਹੁਤੀ ਵਾਰ ਤਾਂ ਉਹ ਬਹੁਤ ਬੇਸ਼ਰਮੀ ਨਾਲ ਆਪਣੀ ਕਹੀ ਗੱਲ ਤੋਂ ਮੁਕਰ ਜਾਂਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਇਸੇ ਸ਼੍ਰੇਣੀ ’ਚ ਰੱਖਿਆ ਜਾ ਸਕਦਾ ਹੈ। ਟਰੰਪ ਨੇ ਇਜ਼ਰਾਈਲ ਨਾਲ ਰਲ਼ ਕੇ ਈਰਾਨ ਵਿਰੁੱਧ ਜੋ ਜੰਗ ਛੇੜੀ ਹੈ, ਉਹ ਸਭ ਤੋਂ ਵੱਡੀ ‘ਹੈਂਕੜ ਤੇ ਦਾਦਾਗਿਰੀ’ ਵੱਲ ਇਸ਼ਾਰਾ ਕਰਦੀ ਹੈ।
ਸੰਨ 2016 ਵਿਚ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਤੇ ਕਈ ਵਾਰ ਦਿੱਤੇ ਹੋਰਨਾਂ ਭਾਸ਼ਨਾਂ ਦੌਰਾਨ ਉਹ ਜੰਗਾਂ ਦਾ ਬਹੁਤ ਵਿਰੋਧ ਕਰਦੇ ਹੋਏ ਕਹਿੰਦੇ ਰਹੇ ਕਿ ਵਿਦੇਸ਼ੀ ਸਰਕਾਰਾਂ ਨੂੰ ਡੇਗਣ ਦੀ ਹੋੜ ਬੰਦ ਹੋਣੀ ਚਾਹੀਦੀ ਹੈ। ਦੋ ਸਾਲ ਪਹਿਲਾਂ ਹੀ ਉਨ੍ਹਾਂ ਕਿਹਾ ਸੀ ਕਿ ਰਾਸ਼ਟਰਪਤੀ ਦੀ ਚੋਣ ਵਿਚ ਜੇਕਰ ਭਾਰਤੀ ਮੂਲ ਦੀ ਕਮਲਾ ਹੈਰਿਸ ਚੋਣ ਜਿੱਤ ਗਈ ਤਾਂ ਉਹ ਆਲਮੀ ਜੰਗ ਛੇੜ ਦੇਵੇਗੀ। ਅਜਿਹਾ ਸੰਭਵ ਨਹੀਂ ਹੋ ਸਕਿਆ ਪਰ ਜਾਪਦਾ ਹੈ ਕਿ ਡੋਨਾਲਡ ਟਰੰਪ ਇਸ ਜੰਗ ਦਾ ਆਧਾਰ ਤਿਆਰ ਕਰਨ ਲਈ ਆਮਾਦਾ ਸਨ। ਈਰਾਨ ’ਤੇ ਹਮਲੇ ਨਾਲ ਅਰਬ ਜਗਤ ਵਿਚ ਕਸ਼ੀਦਗੀ ਵਧੀ ਹੈ ਤੇ ਜੇ ਇਹ ਜੰਗ ਛੇਤੀ ਨਾ ਰੁਕੀ ਤਾਂ ਇਸ ਦਾ ਅਸਰ ਭਾਰਤ ਸਮੇਤ ਵਿਸ਼ਵ ਦੇ ਹੋਰਨਾਂ ਦੇਸ਼ਾਂ ਵਿਚ ਵੀ ਵੇਖਣ ਨੂੰ ਮਿਲ ਸਕਦਾ ਹੈ।
ਅਮਰੀਕਾ ਵੱਲੋਂ ਵੈਨੇਜ਼ੁਏਲਾ ’ਤੇ ਕਬਜ਼ਾ ਕਰਨ ਵੇਲੇ ਤੇ ਅੱਜ ਈਰਾਨ ਨੂੰ ਜੰਗ ਲਈ ਮਜਬੂਰ ਕਰਨ ਦਾ ਭਾਵੇਂ ਅਮਰੀਕੀ ਲੋਕ ਤੇ ਹੋਰਨਾਂ ਕਈ ਦੇਸ਼ਾਂ ਦੇ ਲੋਕ ਵਿਰੋਧ ਕਰ ਰਹੇ ਹਨ ਪਰ ਟਰੰਪ ’ਤੇ ਇਸ ਦਾ ਕੋਈ ਅਸਰ ਨਹੀਂ। ਟਰੰਪ ਦਾ ਆਪਣੇ ਹੀ ਦੇਸ਼ ਵਿਚ ਵਿਰੋਧ ਕਰਨ ਵਾਲਿਆਂ ਵਿਚ ਪਿਛਲੀ ਰਾਸ਼ਟਰਪਤੀ ਦੀ ਚੋਣ ਲੜ ਚੁੱਕੀ ਭਾਰਤੀ ਮੂਲ ਦੀ ਕਮਲਾ ਹੈਰਿਸ ਤੇ ਜਾਰਜੀਆ ਦੀ ਰਿਪਬਲਿਕਨ ਨੇਤਾ ਟੇਲਰ ਗ੍ਰੀਨ ਵੀ ਸ਼ਾਮਿਲ ਹਨ।
ਨੋਬਲ ਸ਼ਾਂਤੀ ਪੁਰਸਕਾਰ ਨਾ ਮਿਲਣ ’ਤੇ ਔਖੇ ਹੋਏ ਅਤੇ ਭਾਰਤ- ਪਾਕਿਸਤਾਨ ਜੰਗ ਸਮੇਤ ਅੱਠ ਜੰਗਾਂ ਨੂੰ ਖ਼ਤਮ ਕਰਵਾਉਣ ਦਾ ਦਾਅਵਾ ਕਰਨ ਵਾਲੇ ਟਰੰਪ ਸਿਰਫ਼ ਆਪਣੀ ਤਾਕਤ ਦਿਖਾ ਰਹੇ ਹਨ ਤੇ “ਅਮਰੀਕਾ ਫਸਟ” ਵਾਲਾ ਜਨਤਾ ਨਾਲ ਕੀਤਾ ਗਿਆ ਵਾਅਦਾ ਭੁੱਲ ਕੇ ਵਿਸ਼ਵ ਨੂੰ “ਤੀਜੀ ਆਲਮੀ ਜੰਗ” ’ਚ ਝੋਕਣ ਲਈ ਖ਼ਤਰਨਾਕ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਅਮਰੀਕਾ-ਇਜ਼ਰਾਈਲ ਅਤੇ ਈਰਾਨ ਵੱਲੋਂ ਇਕ ਦੂਜੇ ’ਤੇ ਮਿਜ਼ਾਈਲਾਂ ਅਤੇ ਡ੍ਰੋਨ ਰਾਹੀਂ ਤਾਬੜਤੋੜ ਹਮਲੇ ਕੀਤੇ ਜਾ ਰਹੇ ਹਨ। ਸੈਂਕੜੇ ਬੇਕਸੂਰ ਸਕੂਲੀ ਬੱਚੇ ਅਤੇ ਆਮ ਨਾਗਰਿਕ ਇਨ੍ਹਾਂ ਹਮਲਿਆਂ ਵਿਚ ਮਾਰੇ ਜਾ ਚੁੱਕੇ ਹਨ। ਈਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਬਹਾਨਾ ਬਣਾ ਕੇ ਟਰੰਪ ਦੀ ਮਨਸ਼ਾ ਤਾਂ ਉਥੋਂ ਦੀ ਸਰਕਾਰ ਤਬਦੀਲ ਕਰ ਕੇ ਤੇਲ ਸਮੇਤ ਉਸ ਦੇ ਹੋਰਨਾਂ ਸਾਧਨਾਂ ’ਤੇ ਕਬਜ਼ਾ ਕਰਨ ਦੀ ਹੈ।
ਜੇਕਰ ਅਮਰੀਕਾ ਤੇ ਇਜ਼ਰਾਈਲ ਇਹ ਸਮਝਦੇ ਹਨ ਕਿ ਈਰਾਨ ਦੇ ਚੋਟੀ ਦੇ ਨੇਤਾ ਅਯਾਤੁੱਲਾ ਖਾਮਨੇਈ ਦੀ ਹਮਲੇ ਵਿਚ ਹੋਈ ਮੌਤ ਤੋਂ ਬਾਅਦ ਉਹ ਛੇਤੀ ਈਰਾਨ ’ਤੇ ਕਬਜ਼ਾ ਕਰ ਲੈਣਗੇ ਤਾਂ ਇਹ ਉਨ੍ਹਾਂ ਦੀ ਭੁੱਲ ਹੈ। ਖਾਮਨੇਈ ਆਪਣੀ ਮੌਤ ਤੋਂ ਪਹਿਲਾਂ ਦੇਸ਼ ਦੀ ਅਗਵਾਈ ਕਰਨ ਵਾਸਤੇ “ਦਲੇਰ ਨੇਤਾਵਾਂ” ਦੀ ਵੱਡੀ ਕਤਾਰ ਤਿਆਰ ਕਰ ਗਏ ਹਨ, ਜੋ ਦੋਵੇਂ ਧਾੜਵੀ ਦੇਸ਼ਾਂ ਦਾ ਡਟ ਕੇ ਟਾਕਰਾ ਕਰਨ ਅਤੇ ਦੇਸ਼ ਦੀ ਅਗਵਾਈ ਕਰਨ ਦੇ ਸਮਰੱਥ ਹਨ।
ਜਨਤਾ ਉਨ੍ਹਾਂ ਦੇ ਨਾਲ ਹੈ। ਖਾਮਨੇਈ ਦੀ ਮੌਤ ਦਾ ਵਿਰੋਧ ਕਰਨ ਲਈ ਈਰਾਨ ਦੇ ਲੱਖਾਂ ਲੋਕਾਂ ਦਾ ਸੜਕਾਂ ’ਤੇ ਆ ਜਾਣਾ, ਇਸ ਗੱਲ ਦੀ ਸ਼ਾਹਦੀ ਭਰਦਾ ਹੈ। ਮੌਜੂਦਾ ਈਰਾਨ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਉਸ ਵਿਚ ਦਲੇਰੀ ਤੇ ਦੁਸ਼ਮਣ ਦਾ ਟਾਕਰਾ ਕਰਨ ਦਾ ਬਹੁਤ ਜਜ਼ਬਾ ਵੀ ਹੈ। 1980 ਵਿਚ ਈਰਾਨ-ਇਰਾਕ ਜੰਗ ਅੱਠ ਸਾਲ ਤਕ ਚੱਲੀ। ਦੋਵਾਂ ਪਾਸੇ 5 ਲੱਖ ਤੋਂ ਵੱਧ ਫ਼ੌਜੀ ਤੇ ਇਕ ਲੱਖ ਤੋਂ ਵੱਧ ਆਮ ਨਾਗਰਿਕ ਮਾਰੇ ਗਏ ਪਰ ਈਰਾਨ ਝੁਕਿਆ ਨਹੀਂ।
ਇਸ ਲਈ ਅਮਰੀਕਾ ਨੂੰ ਈਰਾਨ ਨੂੰ ਵੈਨੇਜ਼ੁਏਲਾ ਜਾਂ ਲੀਬੀਆ ਨਹੀਂ ਸਮਝਣਾ ਚਾਹੀਦਾ। ਈਰਾਨ ਨੇ ਭਾਵੇਂ ਅਜੇ ਅਮਰੀਕਾ ਜਾਂ ਇਜ਼ਰਾਈਲ ਦੀ ਧਰਤੀ ’ਤੇ ਕੋਈ ਵੱਡਾ ਹਮਲਾ ਨਾ ਕੀਤਾ ਹੋਵੇ ਪਰ ਉਹ ਅਰਬ ਮੁਲਕਾਂ ’ਚ ਸਥਿਤ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਭਾਰੀ ਹਮਲੇ ਕਰ ਕੇ ਅਮਰੀਕੀ ਪ੍ਰਸ਼ਾਸਨ ਦੇ ਹੌਸਲੇ ਪਸਤ ਕਰਨ ਦੀਆਂ ਕੋਸ਼ਿਸ਼ਾਂ ਵਿਚ ਹੈ।
ਡੋਨਾਲਡ ਟਰੰਪ ਈਰਾਨ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਹਿ ਰਹੇ ਹਨ ਕਿ ਉਨ੍ਹਾਂ ਦੇ (ਈਰਾਨੀਆਂ) “ਆਜ਼ਾਦ” ਹੋਣ ਦਾ ਹੁਣ “ਸੁਨਹਿਰੀ ਮੌਕਾ” ਹੈ ਪਰ ਵਤਨ ਪ੍ਰਸਤ ਲੋਕ ਅਮਰੀਕਾ ਦਾ ਡਟ ਕੇ ਵਿਰੋਧ ਕਰ ਰਹੇ ਹਨ। ਟਰੰਪ ਦਾਅਵਾ ਤਾਂ ਕਰ ਰਹੇ ਹਨ ਕਿ ਈਰਾਨ ਵਿਰੁੱਧ ਮੁਹਿੰਮ ਚਾਰ ਜਾਂ ਪੰਜ ਹਫ਼ਤੇ ਚੱਲੇਗੀ ਪਰ ਇਸ ਬਾਰੇ ਫ਼ਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇਹ ਤਾਂ ਪੱਕਾ ਹੈ ਕਿ ਜੇਕਰ ਜੰਗ ਲੰਬੀ ਚੱਲੀ ਤਾਂ ਭਾਰਤ ਸਮੇਤ ਵਿਸ਼ਵ ਦੇ ਹੋਰਨਾਂ ਦੇਸ਼ਾਂ ’ਤੇ ਇਹ ਬਹੁਤ ਅਸਰ ਦਿਖਾਏਗੀ।
ਇਕ ਅਨੁਮਾਨ ਅਨੁਸਾਰ ਈਰਾਨ ਸਮੇਤ ਪੱਛਮੀ ਏਸ਼ੀਆ ਵਿਚ 90 ਲੱਖ ਤੋਂ ਵੱਧ ਭਾਰਤੀ ਕੰਮ ਕਰਦੇ ਹਨ। ਵਿਗੜਦੇ ਹਾਲਾਤ ਵਿਚ ਇਨ੍ਹਾਂ ਨੂੰ ਵਤਨ ਵਾਪਸ ਲਿਆਉਣਾ ਭਾਰਤ ਸਰਕਾਰ ਦੀ ਵੱਡੀ ਸਿਰਦਰਦੀ ਹੋਵੇਗੀ। ਇਸ ਤੋਂ ਇਲਾਵਾ ਤੇਲ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਭਾਰਤ ਕੱਚੇ ਤੇਲ ਦਾ ਲਗਪਗ 60 ਫ਼ੀਸਦੀ ਇਸੇ ਖਿੱਤੇ ’ਚੋਂ ਦਰਾਮਦ ਕਰਦਾ ਹੈ। ਤੇਲ ਸਪਲਾਈ ਬੰਦ ਹੋਣ ਜਾਂ ਘੱਟ ਹੋਣ ’ਤੇ ਤੇਲ ਦੀ ਕੀਮਤ ਵਧ ਸਕਦੀ ਹੈ। ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਭਾਰਤੀ ਹੋਰ ਪ੍ਰਭਾਵਿਤ ਹੋਣਗੇ। ਜੰਗਾਂ ਮਸਲੇ ਹੱਲ ਨਹੀਂ ਕਰਦੀਆਂ ਸਗੋਂ ਮਸਲੇ ਹੋਰ ਵਧਾਉਂਦੀਆਂ ਹਨ। ਅਮਰੀਕੀ ਚੜ੍ਹਤ ਦਾ ਵਿਆਪਕ ਵਿਸਥਾਰ ਕਰਨ ਦੀ ਸੋਚ ਦਾ ਤਿਆਗ ਕਰ ਕੇ ਡੋਨਾਲਡ ਟਰੰਪ ਨੂੰ ਵਿਸ਼ਵ ਸ਼ਾਂਤੀ ਲਈ ਦਿਲੋਂ ਕੰਮ ਕਰਦੇ ਹੋਏ ਨੋਬਲ ਸ਼ਾਂਤੀ ਪੁਰਸਕਾਰ ਦਾ ਹੱਕਦਾਰ ਬਣਨਾ ਚਾਹੀਦਾ ਹੈ, ਉਹ ਕੌਮਾਂਤਰੀ ਪੁਰਸਕਾਰ ਜਿਸ ਨੂੰ ਹਾਸਲ ਨਾ ਕਰ ਸਕਣ ’ਤੇ ਉਨ੍ਹਾਂ ਨੂੰ ਬਹੁਤ ਅਫ਼ਸੋਸ ਹੋਇਆ ਸੀ।
ਪਰਮਜੀਤ ਸਿੰਘ ਪਰਵਾਨਾ
-ਮੋਬਾ : 98722 09399