ਇਸ ਜੰਗ ’ਚ ਅਮਰੀਕਾ ਤੇ ਨਾਟੋ ਸਹਿਯੋਗੀਆਂ ਵਿਚਾਲੇ ਅਸਹਿਯੋਗ ਵੀ ਸਪੱਸ਼ਟ ਰੂਪ ਨਾਲ ਦਿਖਾਈ ਦੇ ਰਿਹਾ ਹੈ। ਹੋਰਮੁਜ਼ ਜਲਮਾਰਗ ’ਚ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਦੀ ਟਰੰਪ ਦੀ ਅਪੀਲ ਨੂੰ ਨਾਟੋ ਦੇਸ਼ਾਂ ਨੇ ਕੋਈ ਤਵੱਜੋ ਨਹੀਂ ਦਿੱਤੀ। ਪਰ ਬ੍ਰਿਟੇਨ ਹੀ ਕੁਝ ਸੀਮਤ ਸਹਿਯੋਗ ਲਈ ਅੱਗੇ ਆਇਆ। ਉਥੇ, ਈਰਾਨ ਨੇ ਚਲਾਕੀ ਵਾਲਾ ਦਾਅ ਖੇਡਦੇ ਹੋਏ ਕਿਹਾ ਕਿ ਹੋਰਮੁਜ਼ ਜਲ ਮਾਰਗ ਸਿਰਫ਼ ਹਮਲਾਵਰ ਦੇਸ਼ਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਛੱਡ ਕੇ ਬਾਕੀ ਸਭ ਲਈ ਤਾਂ ਖੁੱਲ੍ਹਾ ਹੈ।

ਈਰਾਨ ’ਚ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਇਤਿਹਾਸ ਨੇ ਚਾਹੇ ਹੀ ਇਕ ਨਵੀਂ ਕਰਵਟ ਲਈ ਹੋਵੇ, ਪਰ ਉਥੇ ਕੁਝ ਰਵਾਇਤਾਂ ਜਿਉਂ ਦੀਆਂ ਤਿਉਂ ਬਣੀਆਂ ਰਹੀਆਂ। ਅਜਿਹੀ ਹੀ ਇਕ ਰਵਾਇਤ ਈਰਾਨੀ ਨਵੇਂ ਸਾਲ ਨੌਰੋਜ਼ ਨਾਲ ਜੁੜੀ ਹੋਈ ਹੈ, ਜਿਸ ਨੂੰ ਪਲਟਣ ਲਈ ਦਬਾਅ ਤਾਂ ਜ਼ਰੂਰ ਪਿਆ, ਪਰ ਉਹ ਕਾਰਗਰ ਨਹੀਂ ਰਿਹਾ। ਬਸੰਤ ਰੁੱਤ ਦੇ ਆਉਣ ਦੇ ਨਾਲ ਹੀ 21 ਮਾਰਚ ਨੂੰ ਸ਼ੁਰੂ ਹੋਣ ਵਾਲਾ ਇਹ ਪ੍ਰੋਗਰਾਮ 13 ਦਿਨਾਂ ਤੱਕ ਚੱਲਦਾ ਹੈ। ਇਸੇ ਦੌਰਾਨ ਭਾਰਤ ’ਚ ਰਵਾਇਤੀ ਨਵਾਂ ਸਾਲ, ਉਗਾਦੀ, ਗੁੜੀ ਪੜਵਾ ਤੇ ਚੇਤਰ ਨਰਾਤਿਆਂ ਦਾ ਉਤਸਵ ਵੀ ਮਨਾਇਆ ਜਾਂਦਾ ਹੈ। ਇਹ ਈਰਾਨੀ ਤੇ ਭਾਰਤੀ ਸੱਭਿਆਚਾਰ ਵਿਚਾਲੇ ਕੁਝ ਸਮਾਨਤਾਵਾਂ ਨੂੰ ਵੀ ਦਰਸਾਉਂਦਾ ਹੈ।
ਦੇਖਿਆ ਜਾਵੇ ਤਾਂ ਇਸ ਸਾਲ ਨੌਰੋਜ਼ ਈਰਾਨ ਲਈ ਬਹੁਤ ਚੰਗਾ ਨਹੀਂ ਰਿਹਾ, ਕਿਉਂਕਿ ਅਮਰੀਕਾ ਤੇ ਇਜ਼ਰਾਈਲ ਨੇ ਉਸ ਖ਼ਿਲਾਫ਼ ਜੰਗ ਛੇੜੀ ਹੋਈ ਹੈ। ਲਗਾਤਾਰ ਹਮਲਿਆਂ ਤੇ ਸੁਪਰੀਮ ਆਗੂਆਂ ਦੀ ਮੌਤ ਦੇ ਬਾਵਜੂਦ ਈਰਾਨੀਆਂ ਦਾ ਹੌਸਲਾ ਡਿੱਗਾ ਨਹੀਂ ਹੈ। ਸੰਭਵ ਹੈ ਕਿ ਇਸ ਪਿੱਛੇ ਕਰਬਲਾ ਦੀ ਸ਼ਹਾਦਤ ਉਨ੍ਹਾਂ ਦੀ ਪ੍ਰੇਰਣਾ ਬਣੀ ਹੈ। ਇਸਲਾਮਿਕ ਕ੍ਰਾਂਤੀ ਦੌਰਾਨ ਅਯਾਤੁੱਲਾ ਖੁਮੈਨੀ ਇਹ ਨਾਰਾ ਵੀ ਦਿਆ ਕਰਦੇ ਸਨ ਕਿ ‘ਹਰ ਦਿਨ ਆਸ਼ੁਰਾ ਹੈ ਤੇ ਹਰ ਥਾਂ ਕਰਬਲਾ ਹੈ।’ ਇਸ ਦਾ ਸਿੱਧਾ ਮਤਲਬ ਹੈ ਕਿ ਹਰ ਦਿਨ ਸੰਘਰਸ਼ ਹੈ ਤੇ ਹਰ ਸੰਘਰਸ਼ ਕਰਬਲਾ ਦੀ ਰਣਭੂਮੀ ਹੈ। ਅਮਰੀਕਾ ਇਜ਼ਰਾਈਲ ਦੇ ਖ਼ਿਲਾਫ਼ ਜਾਰੀ ਇਸ ਲੜਾਈ ’ਚ ਈਰਾਨੀ ਇਸੇ ਸੰਕਲਪ ਦੇ ਨਾਲ ਵਿਰੋਧ ਦਾ ਪ੍ਰਤੀਕ ਬਣ ਕੇ ਉੱਭਰੇ ਹਨ।
ਇਸ ’ਚ ਕੋਈ ਸ਼ੱਕ ਨਹੀਂ ਕਿ ਦੁਨੀਆ ਦੀ ਸਭ ਤੋਂ ਤਾਕਤਵਰ ਅਮਰੀਕੀ ਫ਼ੌਜ ਤੇ ਇਜ਼ਰਾਈਲ ਦੇ ਸਾਂਝੇ ਹਮਲਿਆਂ ’ਚ ਈਰਾਨ ਨੂੰ ਬਹੁਤ ਨੁਕਸਾਨ ਪੁੱਜਾ ਹੈ। ਪਹਿਲਾਂ ਤੋਂ ਹੀ ਸਾਰੀਆਂ ਪਾਬੰਦੀਆਂ ਸਹਿ ਰਹੇ ਈਰਾਨ ਲਈ ਇਸ ਜੰਗ ਨੇ ਮੁਸ਼ਕਲਾਂ ਹੋਰ ਵਧਾਉਣ ਦਾ ਕੰਮ ਕੀਤਾ ਹੈ। ਉਸ ਦੇ ਪਰਮਾਣੂ ਟਿਕਾਣਿਆਂ ਤੋਂ ਲੈ ਕੇ ਸੰਵੇਦਨਸ਼ੀਲ ਅਤੇ ਰਣਨੀਤਕ ਰੂਪ ਨਾਲ ਮਹੱਤਵਪੂਰਨ ਕੇਂਦਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਉਸ ਦੀ ਸਿਖਰਲੀ ਲੀਡਰਸ਼ਿਪ ਦਾ ਲਗਪਗ ਸਫਾਇਆ ਹੋ ਗਿਆ ਹੈ, ਜਿਸ ’ਚ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਤੋਂ ਲੈ ਕੇ ਬਹੁਤ ਪ੍ਰਭਾਵਸ਼ਾਲੀ ਅਲੀ ਲਾਰੀਜਾਨੀ ਵਰਗੇ ਦਿੱਗਜ ਵੀ ਸ਼ਾਮਲ ਹਨ।
ਅਜਿਹੇ ਹਾਲਾਤ ’ਚ ਸੰਭਵ ਤੌਰ ’ਤੇ ਕੋਈ ਹੋਰ ਦੇਸ਼ ਗੋਡੇ ਟੇਕ ਚੁੱਕਾ ਹੁੰਦਾ, ਪਰ ਈਰਾਨ ਨੇ ਜ਼ਬਰਦਸਤ ਪਲਟਵਾਰ ਕੀਤਾ। ਉਸ ਨੇ ਇਜ਼ਰਾਈਲ ਦੇ ਉਨ੍ਹਾਂ ਟਿਕਾਣਿਆਂ ’ਤੇ ਵੀ ਹਮਲੇ ਕੀਤੇ, ਜਿਨ੍ਹਾਂ ਬਾਰੇ ਅਜਿਹਾ ਸੋਚਿਆ ਵੀ ਨਹੀਂ ਜਾ ਸਕਦਾ ਸੀ। ਈਰਾਨ ਦੀ ਮਿਜ਼ਾਈਲ ਤੇ ਡ੍ਰੋਨ ਸਮਰੱਥਾ ਨੇ ਵੱਡੇ-ਵੱਡੇ ਰਣਨੀਤੀਕਾਰਾਂ ਨੂੰ ਵੀ ਹੈਰਾਨ ਕਰਨ ਦਾ ਕੰਮ ਕੀਤਾ। ਉਸ ਨੇ ਹੋਰਮੁਜ਼ ਜਲ ਮਾਰਗ ’ਤੇ ਆਪਣਾ ਕੰਟਰੋਲ ਮਜ਼ਬੂਤ ਕਰ ਕੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ। ਨਾਲ ਹੀ ਖਾੜੀ ਖੇਤਰ ’ਚ ਅਮਰੀਕੀ ਸਹਿਯੋਗੀਆਂ ਤੇ ਉਨ੍ਹਾਂ ਦੀ ਜਾਇਦਾਦ ਨੂੰ ਨਿਸ਼ਾਨਾ ਬਣਾ ਕੇ ਆਪਣੇ ਹੌਸਲੇ ਦੇ ਨਾਲ ਹੀ ਮਾਰੂ ਸਮਰੱਥਾ ਦਾ ਪ੍ਰਦਰਸ਼ਨ ਕਰ ਕੇ ਇਕ ਤਰ੍ਹਾਂ ਹਮਲਾਵਰਾਂ ਨੂੰ ਹੀ ਕੁਝ ਹੱਦ ਤੱਕ ਰੱਖਿਆਤਮਕ ਰੁਖ਼ ਅਪਣਾਉਣ ਲਈ ਮਜਬੂਰ ਕਰ ਦਿੱਤਾ।
ਕਿਉਂਕਿ ਹੁਣ ਇਹ ਜੰਗ ਪੰਜਵੇਂ ਹਫ਼ਤੇ ’ਚ ਪ੍ਰਵੇਸ਼ ਕਰ ਗਈ ਹੈ, ਇਸ ਲਈ ਇਹ ਉਤਸੁਕਤਾ ਸੁਭਾਵਿਕ ਹੈ ਕਿ ਇਹ ਕਿਸ ਦਿਸ਼ਾ ’ਚ ਜਾ ਰਹੀ ਹੈ। ਇਹ ਸਹੀ ਹੈ ਕਿ ਅਮਰੀਕਾ-ਇਜ਼ਰਾਈਲ ਨੇ ਈਰਾਨ ਦੇ ਸੁਪਰੀਮ ਲੀਡਰ ਨੂੰ ਮਾਰ ਦਿੱਤਾ, ਪਰ ਸੱਤਾ ਦੇ ਢਾਂਚੇ ’ਚ ਉਮੀਦ ਮੁਤਾਬਕ ਤਬਦੀਲੀ ਦੀ ਉਨ੍ਹਾਂ ਦੀ ਇੱਛਾ ਨਾ ਤਾਂ ਪੂਰੀ ਹੋ ਸਕੀ ਹੈ ਤੇ ਨਾ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ। ਉਲਟਾ ਜੋ ਨਵੇਂ ਆਗੂ ਕਮਾਨ ਸੰਭਾਲ ਰਹੇ ਹਨ, ਉਹ ਪੁਰਾਣੇ ਆਗੂਆਂ ਤੋਂ ਵੀ ਜ਼ਿਆਦਾ ਕੱਟੜਤਾ ਦਿਖਾ ਰਹੇ ਹਨ। ਇਸ ਕਾਰਨ ਇਹ ਦੇਖਣਾ ਪਵੇਗਾ ਕਿ ਹਮਲਿਆਂ ’ਚ ਈਰਾਨੀ ਆਗੂਆਂ ਨੂੰ ਜਿਸ ਤਰ੍ਹਾਂ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਲੀਡਰਸ਼ਿਪ ਦੇ ਪੱਧਰ ’ਤੇ ਕੋਈ ਸੰਕਟ ਪੈਦਾ ਹੁੰਦਾ ਹੈ ਜਾਂ ਇਹ ਸਿਲਸਿਲਾ ਕੱਟੜਪੰਥੀ ਆਵਾਜ਼ਾਂ ਨੂੰ ਹੀ ਮਜ਼ਬੂਤ ਕਰਨ ਦਾ ਕੰਮ ਕਰੇਗਾ। ਜੋ ਵੀ ਹੋਵੇ, ਜੰਗ ਰੁਕਣ ਤੋਂ ਬਾਅਦ ਵੀ ਗੱਲਬਾਤ ਦਾ ਰਾਹ ਆਸਾਨ ਨਹੀਂ ਦਿਖਾਈ ਦਿੰਦਾ। ਅਮਰੀਕਾ ਵੱਲੋਂ ਗੱਲਬਾਤ ਦਾ ਦਾਅ ਚੱਲਣ ਦੀ ਗੱਲ ’ਤੇ ਈਰਾਨੀ ਖੇਮੇ ਦੀਆਂ ਪ੍ਰਤੀਕਿਰਿਆਵਾਂ ਵੀ ਇਹੀ ਸੰਕੇਤ ਦਿੰਦੀਆਂ ਹਨ।
ਇਕ ਹੱਦ ਤੱਕ ਇਹ ਸੰਭਵ ਹੈ ਕਿ ਅਮਰੀਕੀ-ਇਜ਼ਰਾਇਲੀ ਹਮਲਿਆਂ ’ਚ ਈਰਾਨੀ ਪਰਮਾਣੂ ਪ੍ਰੋਗਰਾਮ ਦਾ ਲੱਕ ਟੁੱਟ ਜਾਵੇ ਤੇ ਜਲ ਸੈਨਾ ਸੁਸਤ ਪੈ ਜਾਵੇ, ਪਰ ਈਰਾਨ ਦੀ ਡ੍ਰੋਨ ਅਤੇ ਮਿਜ਼ਾਈਲ ਸਮਰੱਥਾ ਨੇ ਖਾੜੀ ਦੇਸ਼ਾਂ ਦੇ ਸਾਹ ਰੋਕ ਕੇ ਰੱਖੇ ਹਨ। ਇੰਨਾ ਹੀ ਨਹੀਂ, ਹਿੰਦ ਮਹਾਸਾਗਰ ਸਥਿਤ ਅਮਰੀਕਾ-ਬ੍ਰਿਟੇਨ ਦੇ ਸਾਂਝੇ ਫ਼ੌਜੀ ਅੱਡੇ ਡਿਏਗੋ ਗਾਰਸ਼ੀਆ ’ਤੇ ਈਰਾਨੀ ਮਿਜ਼ਾਈਲਾਂ ਦੇ ਵਾਰ ਨੇ ਵੀ ਦਿਖਾਇਆ ਕਿ ਤਹਿਰਾਨ ਕਿੱਥੇ ਤੱਕ ਮਾਰ ਕਰਨ ’ਚ ਸਮਰੱਥ ਹੈ। ਚਾਹੇ ਹੀ ਇਹ ਲੜਾਈ ਅਮਰੀਕਾ ਤੇ ਇਜ਼ਰਾਈਲ ਮਿਲ ਕੇ ਲੜ ਰਹੇ ਹੋਣ, ਪਰ ਦੋਵਾਂ ਧਿਰਾਂ ਵਿਚਾਲੇ ਕਈ ਬਿੰਦੂਆਂ ’ਤੇ ਅਸਹਿਮਤੀ ਵੀ ਉੱਭਰੀ ਹੈ। ਈਰਾਨ ਦੇ ਸਾਊਥ ਪਾਰਸ ਤੇਲ ਅਤੇ ਗੈਸ ਖੇਤਰ ’ਤੇ ਇਜ਼ਰਾਇਲੀ ਹਮਲੇ ’ਤੇ ਅਮਰੀਕਾ ਨੇ ਸਪੱਸ਼ਟ ਰੂਪ ਨਾਲ ਕਿਹਾ ਕਿ ਇਸ ਨੂੰ ਲੈ ਕੇ ਉਸ ਨੂੰ ਵਿਸ਼ਵਾਸ ’ਚ ਨਹੀਂ ਲਿਆ ਗਿਆ। ਬਾਅਦ ’ਚ ਚਾਹੇ ਹੀ ਨੇਤਨਯਾਹੂ ਨੇ ਈਰਾਨੀ ਊਰਜਾ ਜਾਇਦਾਦਾਂ ਨੂੰ ਨਿਸ਼ਾਨਾ ਨਾ ਬਣਾਏ ਜਾਣ ਦੇ ਸੰਕੇਤ ਦਿੱਤੇ, ਪਰ ਇਹ ਤਾਂ ਸਾਹਮਣੇ ਆਇਆ ਹੀ ਕਿ ਇਜ਼ਰਾਈਲ ਨੇ ਆਪਣੀਆਂ ਯੋਜਨਾਵਾਂ ਪੂਰੀ ਤਰ੍ਹਾਂ ਸਾਂਝੀਆਂ ਨਹੀਂ ਕੀਤੀਆਂ। ਇਸ ਹਮਲੇ ਨਾਲ ਪਰੇਸ਼ਾਨ ਈਰਾਨ ਨੇ ਖਾੜੀ ਦੇਸ਼ਾਂ ਦੇ ਮੁੱਖ ਤੇਲ ਅਤੇ ਗੈਸ ਖੇਤਰਾਂ ’ਤੇ ਹਮਲੇ ਕੀਤੇ, ਜਿਸ ਤੋਂ ਬਾਅਦ ਊਰਜਾ ਸਰੋਤਾਂ ਦੀਆਂ ਕੀਮਤਾਂ ਅਸਮਾਨੀ ਚੜ੍ਹਣ ਲੱਗੀਆਂ।
ਇਸ ਜੰਗ ’ਚ ਅਮਰੀਕਾ ਤੇ ਨਾਟੋ ਸਹਿਯੋਗੀਆਂ ਵਿਚਾਲੇ ਅਸਹਿਯੋਗ ਵੀ ਸਪੱਸ਼ਟ ਰੂਪ ਨਾਲ ਦਿਖਾਈ ਦੇ ਰਿਹਾ ਹੈ। ਹੋਰਮੁਜ਼ ਜਲਮਾਰਗ ’ਚ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਦੀ ਟਰੰਪ ਦੀ ਅਪੀਲ ਨੂੰ ਨਾਟੋ ਦੇਸ਼ਾਂ ਨੇ ਕੋਈ ਤਵੱਜੋ ਨਹੀਂ ਦਿੱਤੀ। ਪਰ ਬ੍ਰਿਟੇਨ ਹੀ ਕੁਝ ਸੀਮਤ ਸਹਿਯੋਗ ਲਈ ਅੱਗੇ ਆਇਆ। ਉਥੇ, ਈਰਾਨ ਨੇ ਚਲਾਕੀ ਵਾਲਾ ਦਾਅ ਖੇਡਦੇ ਹੋਏ ਕਿਹਾ ਕਿ ਹੋਰਮੁਜ਼ ਜਲ ਮਾਰਗ ਸਿਰਫ਼ ਹਮਲਾਵਰ ਦੇਸ਼ਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਛੱਡ ਕੇ ਬਾਕੀ ਸਭ ਲਈ ਤਾਂ ਖੁੱਲ੍ਹਾ ਹੈ। ਈਰਾਨ ਨੇ ਆਪਣੇ ਹਮਲਿਆਂ ਨਾਲ ਅਮਰੀਕੀ ਰੱਖਿਆ ਕਵਚ ਦੀ ਕਮਜ਼ੋਰੀ ਵੀ ਉਜਾਗਰ ਕਰ ਦਿੱਤੀ, ਜਿਸ ਦੇ ਭਰੋਸੇ ਖਾੜੀ ਦੇਸ਼ ਬੈਠੇ ਰਹੇ। ਈਰਾਨ ਨੇ ਜ਼ਾਹਰ ਕਰ ਦਿੱਤਾ ਕਿ ਉਨ੍ਹਾਂ ਲਈ ਅਮਰੀਕੀ ਰੱਖਿਆ ਕਵਚ ਅਟੁੱਟ ਨਹੀਂ ਹੈ। ਇਸ ਜੰਗ ਨਾਲ ਸ਼ੀਆ ਤੇ ਸੁੰਨੀ ਵਿਚਾਲੇ ਟਕਰਾਅ ਦੀ ਖੱਡ ਵੀ ਚੌੜੀ ਹੁੰਦੀ ਜਾ ਰਹੀ ਹੈ।
ਇਸ ਪੂਰੇ ਸੰਕਟ ’ਚ ਸੰਯੁਕਤ ਰਾਸ਼ਟਰ ਦਾ ਚੁੱਪੀ ਧਾਰੀ ਰੱਖਣਾ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ। ਖਾੜੀ ਦੇਸ਼ਾਂ ਤੇ ਜਾਰਡਨ ’ਤੇ ਈਰਾਨੀ ਹਮਲਿਆਂ ਦੀ ਨਿੰਦਾ ਤੋਂ ਇਲਾਵਾ ਸੰਯੁਕਤ ਰਾਸ਼ਟਰ ਸਿਰਫ਼ ਖਾਨਾਪੂਰਤੀ ਹੀ ਕਰਦਾ ਦਿਖਾਈ ਦੇ ਰਿਹਾ ਹੈ। ਓਮਾਨ ਸਮੇਤ ਕੁਝ ਹੋਰ ਦੇਸ਼ ਵਿਚ-ਵਿਚਾਲੇ ਸਰਗਰਮ ਹਨ, ਪਰ ਹੁਣ ਜੰਗ ਰੋਕਣ ਲਈ ਈਰਾਨ ਬਹੁਤ ਸਖ਼ਤ ਸ਼ਰਤਾਂ ਸਾਹਮਣੇ ਰੱਖ ਰਿਹਾ ਹੈ। ਹਾਲ-ਫ਼ਿਲਹਾਲ ਸ਼ਾਂਤੀ ਦੇ ਕਿਸੇ ਮਨਜ਼ੂਰ ਸਮਝੌਤੇ ’ਤੇ ਗੱਲ ਬਣਦੀ ਤਾਂ ਨਹੀਂ ਦਿਖਾਈ ਦਿੰਦੀ, ਪਰ ਅਸੀਂ ਅਜਿਹੀ ਉਮੀਦ ਤਾਂ ਕਰ ਹੀ ਸਕਦੇ ਹਾਂ। ਸਾਲ 1961 ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦ ਈਦ ਤੇ ਨੌਰੋਜ਼ ਇਕ ਹੀ ਸਮੇਂ ’ਤੇ ਮਨਾਏ ਗਏ। ਕਹਿਣਾ ਮੁਸ਼ਕਲ ਹੈ ਕਿ ਕੀ ਅਜਿਹਾ ਦੁਰਲੱਭ ਸੰਜੋਗ ਇਸ ਖੇਤਰ ’ਚ ਜੰਗਬੰਦੀ ਦਾ ਮਕਸਦ ਬਣ ਕੇ ਖੇਤਰ ’ਚ ਸ਼ਾਂਤੀ ਅਤੇ ਖ਼ੁਸ਼ਹਾਲੀ ਲਿਆ ਸਕਦਾ ਹੈ?
-ਏ. ਭਾਰਤ ਭੂਸ਼ਣ ਬਾਬੂ
(ਪੱਛਮੀ ਏਸ਼ੀਆ ’ਚ ਸੇਵਾ ’ਚ ਰਿਹਾ ਲੇਖਕ ਭਾਰਤੀ ਸੂਚਨਾ ਸੇਵਾ ਦਾ ਸਾਬਕਾ ਅਧਿਕਾਰੀ ਹੈ)
response@jagran.com