ਜੇ ਈਰਾਨ ਵਿਰੁੱਧ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਵਿੱਢੀ ਗਈ ਜੰਗ ਲੰਬੀ ਖਿੱਚੀ ਗਈ ਤਾਂ ਬਾਕੀ ਸੰਸਾਰ ਦੇ ਨਾਲ-ਨਾਲ ਅਮਰੀਕੀ ਅਰਥਚਾਰੇ ਦਾ ਵੀ ਸੰਕਟ ਵਧ ਸਕਦਾ ਹੈ।

ਜਿਹੋ ਜਿਹੀ ਸ਼ੰਕਾ ਸੀ, ਉਹੋ ਜਿਹਾ ਹੀ ਹੋਇਆ। ਅਮਰੀਕਾ ਨੇ ਇਜ਼ਰਾਈਲ ਦੇ ਨਾਲ ਮਿਲ ਕੇ ਈਰਾਨ ’ਤੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਦਾ ਤਰਕ ਹੈ ਕਿ ਉਹ ਉੱਥੇ ਸੱਤਾ ਬਦਲਣ ਦੇ ਨਾਲ-ਨਾਲ ਈਰਾਨ ਦੀ ਪਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲੇ ’ਚ ਈਰਾਨ ਦੇ ਸਰਬਉੱਚ ਨੇਤਾ ਅਲੀ ਖਾਮਨੇਈ ਦੀ ਮੌਤ ਦੇ ਨਾਲ ਹੀ ਲਗਪਗ 40 ਸਾਲਾਂ ਤੋਂ ਸੱਤਾ ’ਤੇ ਕਾਬਜ਼ ਇਕ ਕਠੋਰ ਮਜ਼ਹਬੀ ਸ਼ਾਸਨ ਦੇ ਸ਼ਾਸਕ ਦਾ ਅੰਤ ਹੋ ਗਿਆ ਪਰ ਇਸ ਦਾ ਇਹ ਮਤਲਬ ਨਹੀਂ ਕਿ ਇਸ ਦੇਸ਼ ਵਿਚ ਸੱਤਾ ਪਰਿਵਰਤਨ ਵੀ ਹੋਣ ਜਾ ਰਿਹਾ ਹੈ। ਫ਼ਿਲਹਾਲ ਇਸ ਦਾ ਕੋਈ ਸੰਕੇਤ ਨਹੀਂ ਹਨ। ਅਮਰੀਕਾ ਅਤੇ ਇਜ਼ਰਾਈਲ ਈਰਾਨ ’ਤੇ ਹਮਲੇ ਲਈ ਚਾਹੇ ਜੋ ਵੀ ਤਰਕ ਦੇਣ, ਉਹ ਸਹੀ ਨਹੀਂ ਕਹੇ ਜਾ ਸਕਦੇ। ਇਹ ਉਸੇ ਤਰ੍ਹਾਂ ਦਾ ਇਕ ਮਨਮਾਨੀ ਵਾਲਾ ਹਮਲਾ ਹੈ, ਜਿਹੋ ਜਿਹਾ ਵੈਨੇਜ਼ੂਏਲਾ ਵਿਚ ਕੀਤਾ ਗਿਆ ਸੀ। ਅਮਰੀਕਾ ਕਾਫ਼ੀ ਸਮੇਂ ਤੋਂ ਈਰਾਨ ਦੀ ਘੇਰਾਬੰਦੀ ਕਰਨ ਦੇ ਨਾਲ-ਨਾਲ ਉਸ ਨਾਲ ਗੱਲਬਾਤ ਵੀ ਕਰ ਰਿਹਾ ਸੀ। ਇਸ ਵਾਰਤਾ ਦੇ ਦੌਰਾਨ ਹੀ ਉਸ ਨੇ ਈਰਾਨ ’ਤੇ ਹਮਲਾ ਕਰ ਦਿੱਤਾ।
ਈਰਾਨ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲਿਆਂ ਦਾ ਜਵਾਬ ਦੇਣ ਵਿਚ ਲੱਗਿਆ ਹੋਇਆ ਹੈ। ਉਹ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਗੁਆਂਢੀ ਦੇਸ਼ਾਂ ਜਿਵੇਂ ਕਿ ਸਾਊਦੀ ਅਰਬ, ਬਹਿਰੀਨ, ਕਤਰ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਅਮਰੀਕੀ ਫ਼ੌਜੀ ਅੱਡਿਆਂ ਅਤੇ ਇਨ੍ਹਾਂ ਦੇਸ਼ਾਂ ਦੇ ਨਾਗਰਿਕ ਖੇਤਰਾਂ ਨੂੰ ਵੀ ਨਿਸ਼ਾਨਾ ਬਣਾ ਰਿਹਾ ਹੈ। ਇਸ ਨਾਲ ਪੂਰਬੀ ਏਸ਼ੀਆ ਵਿਚ ਤਣਾਅ ਵਧ ਰਿਹਾ ਹੈ। ਈਰਾਨ ਨੇ ਖਾੜੀ ਦੇ ਦੇਸ਼ਾਂ ਵਿਚ ਮਿਜ਼ਾਈਲਾਂ ਅਤੇ ਡ੍ਰੋਨ ਦਾਗਣ ਦੇ ਨਾਲ-ਨਾਲ ਹੋਰਮੁਜ਼ ਸਮੁੰਦਰੀ ਰਸਤੇ ਨੂੰ ਬੰਦ ਕਰ ਦਿੱਤਾ ਹੈ। ਉਸ ਨੇ ਇਸ ਰਸਤੇ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਕੁਝ ਤੇਲ ਟੈਂਕਰਾਂ ’ਤੇ ਵੀ ਹਮਲਾ ਕੀਤਾ। ਹੋਰਮੁਜ਼ ਜਲ ਮਾਰਗ ਬੰਦ ਹੋਣ ਨਾਲ ਪੱਛਮੀ ਏਸ਼ੀਆ ਤੋਂ ਆਉਣ ਵਾਲੇ ਤੇਲ ਅਤੇ ਗੈਸ ਦੀ ਸਪਲਾਈ ਰੁਕ ਗਈ ਹੈ। ਇਸ ਰਸਤੇ ਤੋਂ ਦੁਨੀਆ ਦੀ ਕੁੱਲ ਖਪਤ ਦੀ ਲਗਪਗ ਇਕ ਚੌਥਾਈ ਹਿੱਸੇ ਦੀ ਤੇਲ ਅਤੇ ਗੈਸ ਦੀ ਸਪਲਾਈ ਹੁੰਦੀ ਹੈ। ਹੋਰਮੁਜ਼ ਸਟਰੇਟ ਬੰਦ ਹੋਣ ਨਾਲ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੂੰ ਤੇਲ ਅਤੇ ਗੈਸ ਦੀ ਸਪਲਾਈ ਵਿਚ ਰੁਕਾਵਟ ਆਉਣ ਦੀ ਸੰਭਾਵਨਾ ਵਧ ਗਈ ਹੈ। ਜੇਕਰ ਪੱਛਮੀ ਏਸ਼ਿਆਈ ਦੇਸ਼ਾਂ ਤੋਂ ਤੇਲ ਅਤੇ ਗੈਸ ਦੀ ਸਪਲਾਈ ਲੰਬੇ ਸਮੇਂ ਤੱਕ ਰੁਕੀ ਰਹਿੰਦੀ ਹੈ ਤਾਂ ਦੁਨੀਆ ਵਿਚ ਊਰਜਾ ਸੰਕਟ ਖੜ੍ਹਾ ਹੋ ਸਕਦਾ ਹੈ। ਈਰਾਨ ਗੁਆਂਢੀ ਦੇਸ਼ਾਂ ਦੇ ਨਾਗਰਿਕ ਖੇਤਰਾਂ ’ਤੇ ਹਮਲਾ ਕਰ ਕੇ ਅਤੇ ਫਿਰ ਹੋਰਮੁਜ਼ ਸਮੁੰਦਰੀ ਰਸਤੇ ਨੂੰ ਬੰਦ ਕਰ ਕੇ ਆਪਣੇ- ਆਪ ਨੂੰ ਦੁਨੀਆ ਤੋਂ ਅਲੱਗ-ਥਲੱਗ ਕਰਨ ਦਾ ਕੰਮ ਕਰ ਰਿਹਾ ਹੈ। ਜੇਕਰ ਉਸ ਨੇ ਆਪਣਾ ਰਵੱਈਆ ਨਹੀਂ ਬਦਲਿਆ ਤਾਂ ਉਸ ਪ੍ਰਤੀ ਜੋ ਥੋੜ੍ਹੀ-ਬਹੁਤ ਹਮਦਰਦੀ ਹੈ, ਉਹ ਖ਼ਤਮ ਹੋਣ ਵਿਚ ਦੇਰ ਨਹੀਂ ਲੱਗੇਗੀ ਕਿਉਂਕਿ ਤੇਲ ਦੇ ਭਾਅ ਲਗਾਤਾਰ ਵਧ ਰਹੇ ਹਨ ਅਤੇ ਇਸ ਨਾਲ ਦੁਨੀਆ ਦੀ ਬੇਚੈਨੀ ਵਧਦੀ ਜਾ ਰਹੀ ਹੈ।
ਇਜ਼ਰਾਈਲ-ਅਮਰੀਕਾ ਅਤੇ ਈਰਾਨ ਦੇ ਯੁੱਧ ਨੇ ਭਾਰਤ ਦੇ ਸਾਹਮਣੇ ਕੂਟਨੀਤਕ ਸੰਤੁਲਨ ਬਣਾਉਣ ਦੀ ਚੁਣੌਤੀ ਵੀ ਖੜ੍ਹੀ ਕਰ ਦਿੱਤੀ ਹੈ ਕਿਉਂਕਿ ਉਸ ਦੇ ਸਬੰਧ ਦੋਹਾਂ ਪੱਖਾਂ ਨਾਲ ਹਨ। ਹਾਲਾਂਕਿ ਭਾਰਤ ਨੇ ਖਾਮਨੇਈ ਦੀ ਮੌਤ ’ਤੇ ਸੋਗ ਪ੍ਰਗਟ ਕੀਤਾ ਹੈ ਅਤੇ ਲਗਾਤਾਰ ਅਜਿਹੇ ਬਿਆਨ ਦੇ ਰਿਹਾ ਹੈ ਕਿ ਕਿਸੇ ਵੀ ਵਿਵਾਦ ਦਾ ਹੱਲ ਗੱਲਬਾਤ ਨਾਲ ਹੋਣਾ ਚਾਹੀਦਾ ਹੈ ਪਰ ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਖਾਮਨੇਈ ਦੀ ਅਗਵਾਈ ਵਾਲਾ ਈਰਾਨ ਦਾ ਮਜ਼ਹਬੀ ਸ਼ਾਸਨ-ਤੰਤਰ ਨਿਰੰਕੁਸ਼ ਸੀ। ਉਹ ਆਪਣੇ ਹੀ ਲੋਕਾਂ ਦਾ ਦਮਨ ਕਰਨ ਲਈ ਬਦਨਾਮ ਸੀ। ਕੁਝ ਹੀ ਦਿਨ ਪਹਿਲਾਂ ਉਸ ਦੀ ਪੁਲਿਸ ਨੇ ਉਨ੍ਹਾਂ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਮਾਰਿਆ ਜੋ ਉਸ ਦੀਆਂ ਨੀਤੀਆਂ ਤੋਂ ਨਾਰਾਜ਼ ਹੋ ਕੇ ਸੜਕਾਂ ’ਤੇ ਉਤਰ ਆਏ ਸਨ। ਖਾਮਨੇਈ ਦੇ ਪੂਰਵਜ ਖੁਮੈਨੀ ਇਸਲਾਮਿਕ ਕ੍ਰਾਂਤੀ ਦੇ ਨਾਂ ’ਤੇ ਰਾਜਸ਼ਾਹੀ ਨੂੰ ਹਟਾ ਕੇ ਈਰਾਨ ਦੀ ਸੱਤਾ ’ਤੇ ਕਾਬਜ਼ ਹੋਏ ਸਨ। ਉਨ੍ਹਾਂ ਨੇ ਆਪਣੇ ਲੋਕਾਂ ਨੂੰ ਕੱਟੜ ਇਸਲਾਮਿਕ ਤੌਰ-ਤਰੀਕਿਆਂ ਨੂੰ ਅਪਣਾਉਣ ਲਈ ਮਜਬੂਰ ਕੀਤਾ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਸੰਭਾਲਣ ਵਾਲੇ ਖਾਮਨੇਈ ਵੀ ਉਨ੍ਹਾਂ ਦੇ ਰਸਤੇ ’ਤੇ ਚੱਲੇ। ਉਨ੍ਹਾਂ ਦੇ ਸੱਤਾ ਵਿਚ ਰਹਿੰਦੇ ਈਰਾਨ ਨੇ ਹਮਾਸ, ਹਿਜ਼ਬੁੱਲਾ, ਹਾਊਤੀ ਜਿਹੇ ਕੱਟੜਪੰਥੀ ਧੜਿਆਂ ਨੂੰ ਸਹਿਯੋਗ ਅਤੇ ਸਮਰਥਨ ਦਿੱਤਾ। ਇਹ ਸਾਰੇ ਧੜੇ ਇਜ਼ਰਾਈਲ ਲਈ ਖ਼ਤਰਾ ਬਣੇ ਹੋਏ ਹਨ।
ਈਰਾਨ ਵਿਚ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਅਮਰੀਕਾ ਨੇ ਕਈ ਵਾਰ ਓਥੇ ਦੇ ਅਸੰਤੁਸ਼ਟਾਂ ਨੂੰ ਬਗ਼ਾਵਤ ਲਈ ਉਕਸਾਇਆ ਪਰ ਉਹ ਸਫਲ ਨਹੀਂ ਹੋ ਸਕਿਆ ਅਤੇ ਦੂਜੇ ਪਾਸੇ ਈਰਾਨ ਨੇ ਇਨ੍ਹਾਂ ਅਸੰਤੁਸ਼ਟਾਂ ਦਾ ਬੇਰਹਿਮੀ ਨਾਲ ਦਮਨ ਕੀਤਾ। ਹਾਲੀਆ ਬਗ਼ਾਵਤ ਨੂੰ ਵੀ ਉਸ ਨੇ ਬੇਰਹਿਮੀ ਨਾਲ ਕੁਚਲਿਆ। ਫ਼ਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਖਾਮਨੇਈ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਜਾਨਸ਼ੀਨ ਕੌਣ ਬਣੇਗਾ। ਇਸ ਵਿਚ ਸੰਦੇਹ ਹੈ ਕਿ ਅਮਰੀਕਾ ਉੱਥੇ ਸੱਤਾ ਪਰਿਵਰਤਨ ਕਰਵਾ ਸਕੇਗਾ। ਜੇਕਰ ਉਹ ਇਸ ਵਿਚ ਸਫਲ ਨਹੀਂ ਹੋਇਆ ਤਾਂ ਟਰੰਪ ਦੇ ਇਰਾਦਿਆਂ ’ਤੇ ਪਾਣੀ ਹੀ ਫਿਰੇਗਾ।
ਸੰਦੇਹ ਇਸ ’ਤੇ ਵੀ ਹੈ ਕਿ ਇਜ਼ਰਾਈਲ ਅਤੇ ਅਮਰੀਕਾ ਈਰਾਨ ਦੀ ਪਰਮਾਣੂ ਹਥਿਆਰ ਬਣਾਉਣ ਦੀ ਸਮਰੱਥਾ ਖ਼ਤਮ ਕਰ ਸਕਣਗੇ। ਪਿਛਲੇ ਸਾਲ ਜੂਨ ਵਿਚ ਜਦੋਂ ਇਨ੍ਹਾਂ ਦੋਹਾਂ ਦੇਸ਼ਾਂ ਨੇ ਈਰਾਨ ’ਤੇ ਹਮਲਾ ਕੀਤਾ ਸੀ ਤਾਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਸ ਦੇ ਪਰਮਾਣੂ ਹਥਿਆਰ ਸਬੰਧੀ ਤੰਤਰ ਨੂੰ ਨੇਸਤੋ-ਨਾਬੂਦ ਕਰ ਦਿੱਤਾ ਗਿਆ ਹੈ।
ਈਰਾਨ ਨੇ ਆਪਣੀ ਸਮੱਸਿਆ ਇਸ ਲਈ ਵਧਾ ਲਈ ਹੈ ਕਿਉਂਕਿ ਇਕ ਤਾਂ ਉਹ ਪਰਮਾਣੂ ਹਥਿਆਰ ਬਣਾਉਣ ’ਤੇ ਉਤਾਰੂ ਹੈ ਅਤੇ ਦੂਜਾ, ਇਜ਼ਰਾਈਲ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾਉਣ ਦੀਆਂ ਗੱਲਾਂ ਕਰਦਾ ਰਹਿੰਦਾ ਹੈ। ਇਸ ਕਾਰਨ ਪੱਛਮੀ ਦੇਸ਼ ਉਸ ਤੋਂ ਡਰੇ ਰਹਿੰਦੇ ਹਨ। ਈਰਾਨ ਕਠੋਰ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਨਾ ਤਾਂ ਹਮਾਸ, ਹਿਜ਼ਬੁੱਲਾ ਜਿਹੇ ਗੁੱਟਾਂ ਨੂੰ ਹਥਿਆਰ ਅਤੇ ਪੈਸਾ ਦੇਣ ਦੀ ਆਪਣੀ ਨੀਤੀ ਛੱਡ ਰਿਹਾ ਹੈ ਅਤੇ ਨਾ ਹੀ ਪਰਮਾਣੂ ਹਥਿਆਰ ਬਣਾਉਣ ਦੇ ਇਰਾਦੇ ਦਾ ਤਿਆਗ ਕਰ ਰਿਹਾ ਹੈ। ਇਨ੍ਹਾਂ ਪਾਬੰਦੀਆਂ ਕਾਰਨ ਉਸ ਦੀ ਅਰਥਵਿਵਸਥਾ ਖ਼ਸਤਾਹਾਲ ਹੈ। ਉਹ ਇਸ ਤੋਂ ਬਾਅਦ ਵੀ ਆਪਣਾ ਰਵੱਈਆ ਬਦਲਣ ਲਈ ਤਿਆਰ ਨਹੀਂ ਕਿ ਉਸ ਦੇ ਸਮਰਥਕ ਦੇਸ਼ ਰੂਸ ਅਤੇ ਚੀਨ ਉਸ ਦੀ ਇਕ ਹੱਦ ਤੋਂ ਵੱਧ ਮਦਦ ਕਰਨ ਵਿਚ ਸਮਰੱਥ ਨਹੀਂ ਹਨ।
ਇਹ ਸਹੀ ਹੈ ਕਿ ਖਾਮਨੇਈ ਦੀ ਮੌਤ ਨਾਲ ਈਰਾਨੀ ਜਨਤਾ ਦਾ ਇਕ ਵਰਗ ਖ਼ੁਸ਼ ਹੈ ਪਰ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਸੱਤਾ ਬਦਲਣ ਵਿਚ ਸਹਾਇਕ ਬਣ ਸਕੇਗਾ ਕਿਉਂਕਿ ਈਰਾਨੀ ਫ਼ੌਜ ਅਤੇ ਖ਼ਾਸ ਕਰਕੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ ਦੀ ਦੇਸ਼ ’ਤੇ ਮਜ਼ਬੂਤ ਪਕੜ ਹੈ। ਅਜਿਹਾ ਲੱਗਦਾ ਹੈ ਕਿ ਅਮਰੀਕਾ ਨੇ ਬਿਨਾਂ ਕਿਸੇ ਠੋਸ ਰਣਨੀਤੀ ਦੇ ਈਰਾਨ ’ਤੇ ਹਮਲਾ ਕਰ ਦਿੱਤਾ, ਕਿਉਂਕਿ ਸਾਰੇ ਨਾਟੋ ਦੇਸ਼ ਉਸ ਦਾ ਸਾਥ ਦੇਣ ਲਈ ਤਿਆਰ ਨਹੀਂ ਹਨ। ਟਰੰਪ ਨੇ ਇਸ ਹਮਲੇ ਨਾਲ ਵਿਸ਼ਵ ਅਰਥਚਾਰੇ ਦੇ ਸਾਹਮਣੇ ਜੋ ਸੰਕਟ ਵਧਾਇਆ ਹੈ, ਉਸ ਦੀ ਲਪੇਟ ਵਿਚ ਉਹ ਵੀ ਆਵੇਗਾ। ਲੱਗਦਾ ਹੈ ਕਿ ਸੁਪਰੀਮ ਕੋਰਟ ਵੱਲੋਂ ਆਪਣੀ ਟੈਰਿਫ ਨੀਤੀ ਖ਼ਾਰਜ ਕੀਤੇ ਜਾਣ ਕਾਰਨ ਆਪਣੀ ਕਮਜ਼ੋਰ ਹੁੰਦੀ ਸਥਿਤੀ ਤੋਂ ਆਪਣੇ ਲੋਕਾਂ ਦਾ ਧਿਆਨ ਭਟਕਾਉਣ ਲਈ ਟਰੰਪ ਨੇ ਈਰਾਨ ਨੂੰ ਨਿਸ਼ਾਨਾ ਬਣਾਇਆ। ਜੇਕਰ ਟਰੰਪ ਪ੍ਰਸ਼ਾਸਨ ਨੂੰ ਗ਼ੈਰ-ਕਾਨੂੰਨੀ ਠਹਿਰਾਏ ਗਏ ਟੈਰਿਫ ਨੂੰ ਵਾਪਸ ਕਰਨਾ ਪਿਆ ਅਤੇ ਈਰਾਨ ਨਾਲ ਯੁੱਧ ਲੰਬਾ ਖਿੱਚਿਆ ਗਿਆ ਤਾਂ ਬਾਕੀ ਦੁਨੀਆ ਦੇ ਨਾਲ-ਨਾਲ ਅਮਰੀਕੀ ਅਰਥ-ਵਿਵਸਥਾ ਵੀ ਚਰਮਰਾ ਸਕਦੀ ਹੈ। ਇਸੇ ਦੇ ਨਾਲ ਟਰੰਪ ਦਾ ਆਲਮੀ ਤੇਲ ਕਾਰੋਬਾਰ ’ਤੇ ਆਪਣਾ ਦਬਦਬਾ ਬਣਾਉਣ ਅਤੇ ਇਸ ਬਹਾਨੇ ਡਾਲਰ ਦੀ ਚੜ੍ਹਤ ਕਾਇਮ ਰੱਖਣ ਦਾ ਸੁਪਨਾ ਵੀ ਟੁੱਟ ਸਕਦਾ ਹੈ। ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ ਕਿ ਵੈਨੇਜ਼ੂਏਲਾ ਦੀ ਤਰ੍ਹਾਂ ਈਰਾਨ ਵੀ ਆਪਣਾ ਤੇਲ ਡਾਲਰਾਂ ਵਿਚ ਨਹੀਂ ਵੇਚ ਰਿਹਾ ਸੀ।
-ਸੰਜੇ ਗੁਪਤ
-response@jagran.com