ਇਜ਼ਰਾਈਲ ਦੇ ਦਾਅਵੇ ਮੁਤਾਬਕ ਖਾਮਨੇਈ ਦੇ ਧੀ-ਜਵਾਈ, ਨੂੰਹ ਤੇ ਪੋਤੇ ਦੀ ਮੌਤ ਸਣੇ ਈਰਾਨ ਦੇ ਸਿਖਰਲੇ 40 ਅਧਿਕਾਰੀਆਂ ਨੂੰ ਮਾਰ ਦਿੱਤਾ ਗਿਆ ਹੈ। ਇਕ ਧਾਰਮਿਕ ਨੇਤਾ ਦੇ ਰੁਤਬੇ ਵਾਲੇ ਖਾਮਨੇਈ ਦੀ ਮੌਤ ਤੋਂ ਬਾਅਦ ਭਾਰਤ ਸਣੇ ਹੋਰ ਮੁਲਕਾਂ ’ਚ ਵੀ ਲੋਕਾਂ ਨੇ ਅਮਰੀਕਾ ਤੇ ਇਜ਼ਰਾਈਲ ’ਤੇ ਬਹੁਤ ਗੁੱਸੇ ਦਾ ਇਜ਼ਹਾਰ ਕੀਤਾ ਹੈ।

ਇਸ ਵੇਲੇ ਪੂਰਾ ਪੱਛਮੀ ਏਸ਼ੀਆ ਮਹਾਯੁੱਧ ਵਰਗੇ ਹਾਲਾਤ ਝੱਲ ਰਿਹਾ ਹੈ। ਈਰਾਨ ਬਨਾਮ ਇਜ਼ਰਾਈਲ ਤੇ ਅਮਰੀਕਾ ’ਚ ਛਿੜੀ ਜੰਗ ਨੇ ਗੁਆਂਢੀ ਮੁਲਕਾਂ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ’ਚ ਰਹਿਣ ਵਾਲੇ ਭਾਰਤੀਆਂ ਅਤੇ ਪਰਿਵਾਰਾਂ ਨਾਲ ਘੁੰਮਣ ਗਏ ਸੈਲਾਨੀਆਂ ਨੂੰ ਵੱਡੀਆਂ ਪਰੇਸ਼ਾਨੀਆਂ ’ਚ ਪਾ ਦਿੱਤਾ ਹੈ। ਦਰਅਸਲ, ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮਨੇਈ ਦੀ ਮੌਤ ਤੋਂ ਬਾਅਦ ਹਾਲਾਤ ਜ਼ਿਆਦਾ ਗੰਭੀਰ ਹੋ ਗਏ ਹਨ।
ਇਜ਼ਰਾਈਲ ਦੇ ਦਾਅਵੇ ਮੁਤਾਬਕ ਖਾਮਨੇਈ ਦੇ ਧੀ-ਜਵਾਈ, ਨੂੰਹ ਤੇ ਪੋਤੇ ਦੀ ਮੌਤ ਸਣੇ ਈਰਾਨ ਦੇ ਸਿਖਰਲੇ 40 ਅਧਿਕਾਰੀਆਂ ਨੂੰ ਮਾਰ ਦਿੱਤਾ ਗਿਆ ਹੈ। ਇਕ ਧਾਰਮਿਕ ਨੇਤਾ ਦੇ ਰੁਤਬੇ ਵਾਲੇ ਖਾਮਨੇਈ ਦੀ ਮੌਤ ਤੋਂ ਬਾਅਦ ਭਾਰਤ ਸਣੇ ਹੋਰ ਮੁਲਕਾਂ ’ਚ ਵੀ ਲੋਕਾਂ ਨੇ ਅਮਰੀਕਾ ਤੇ ਇਜ਼ਰਾਈਲ ’ਤੇ ਬਹੁਤ ਗੁੱਸੇ ਦਾ ਇਜ਼ਹਾਰ ਕੀਤਾ ਹੈ। ਇਸ ਜੰਗ ਦਾ ਆਲਮੀ ਪੱਧਰ ’ਤੇ ਵਪਾਰ ਅਤੇ ਆਮ ਲੋਕਾਂ ਦੀ ਸੁਰੱਖਿਆ ’ਤੇ ਵੱਡਾ ਪ੍ਰਭਾਵ ਪੈ ਰਿਹਾ ਹੈ।
ਖਾਮਨੇਈ ਦੇ ਵਪਾਰਕ ਹਿੱਤ ਭਾਰਤ ਨਾਲ ਜਿੰਨੇ ਸਾਂਝੇ ਸਨ, ਉਸੇ ਤਰ੍ਹਾਂ ਪੰਜਾਬ ਨੂੰ ਵੀ ਇਸ ਜੰਗ ਦੇ ਦੁਖਾਂਤ ਝੱਲਣੇ ਪੈ ਰਹੇ ਹਨ। ਪੰਜਾਬ ਤੋਂ ਈਰਾਨ ’ਚ ਵੱਖ-ਵੱਖ ਕੰਮਾਂ ਦੀ ਭਾਲ ’ਚ ਪੰਜਾਬੀ ਪਿਛਲੇ ਲੰਬੇ ਸਮੇਂ ਤੋਂ ਪਰਵਾਸ ਕਰ ਰਹੇ ਹਨ। ਜ਼ਿਆਦਾਤਰ ਨਿਰਮਾਣ, ਤੇਲ ਤੇ ਗੈਸ ਖੇਤਰ ਦੇ ਰੁਜ਼ਗਾਰ, ਸੁਰੱਖਿਆ ਸੇਵਾਵਾਂ ਅਤੇ ਹੋਰ ਤਕਨੀਕੀ ਕੰਮਾਂ ਨੂੰ ਲੈ ਕੇ ਇਹ ਪਰਵਾਸ ਜਾਰੀ ਹੈ। ਵਿਦਿਆਰਥੀ ਇਸਲਾਮਿਕ ਪੜ੍ਹਾਈ ਲਈ ਈਰਾਨ ਦਾ ਰੁਖ਼ ਕਰਦੇ ਹਨ।
ਇਸੇ ਤਰ੍ਹਾਂ ਹੀ ਪੂਰੇ ਮੁਲਕ ਤੋਂ ਸ਼ਰਧਾਲੂ ਈਰਾਨ ਦੌਰੇ ’ਤੇ ਹਰ ਸਾਲ ਜਾਂਦੇ ਹਨ। ਇਕ ਸਰਕਾਰੀ ਏਜੰਸੀ ਦੇ ਡਾਟੇ ਮੁਤਾਬਕ ਇਸ ਵੇਲੇ ਈਰਾਨ ਜੰਗ ਕਾਰਨ ਉੱਥੇ ਵੱਖ-ਵੱਖ ਥਾਵਾਂ ’ਤੇ ਅੰਦਾਜ਼ਨ 11 ਹਜ਼ਾਰ ਲੋਕ ਫਸੇ ਹੋਏ ਹਨ। ਇਨ੍ਹਾਂ ’ਚ ਜ਼ਿਆਦਾਤਰ ਉਹ ਹਨ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਈਰਾਨ ਦੀ ਯਾਤਰਾ ’ਤੇ ਸਨ। ਜਿਨ੍ਹਾਂ ਨੇ ਇਨ੍ਹੀਂ ਦਿਨੀਂ ਮੁੜਨਾ ਸੀ ਉਹ ਉਡਾਣਾਂ ਰੱਦ ਹੋਣ ਕਾਰਨ ਉੱਥੇ ਹੀ ਤਣਾਅ ਝੱਲ ਰਹੇ ਹਨ। ਅੰਮ੍ਰਿਤਸਰ ਤੋਂ ਕਰੀਬ ਸੱਤ ਉਡਾਣਾਂ ਰੱਦ ਹੋਈਆਂ ਹਨ। ਬਹੁਤੇ ਯਾਤਰੀ ਦੁਬਈ ਏਅਰਪੋਰਟ ’ਤੇ ਫਸੇ ਹੋਏ ਹਨ। ਬਠਿੰਡਾ ਦੀ ਇਕ ਪ੍ਰਿੰਸੀਪਲ ਨੇ ਸ਼ਾਰਜਾਹ ਹਵਾਈ ਅੱਡੇ ’ਤੋਂ ਉੱਥੋਂ ਦੇ ਭਿਆਨਕ ਹਾਲਾਤ ਦੀ ਵੀਡੀਓ ਰਾਹੀਂ ਜਾਣਕਾਰੀ ਦਿੱਤੀ ਹੈ।
ਈਰਾਨ ਜੰਗ ਜੇਕਰ ਲੰਬੀ ਚੱਲਦੀ ਹੈ ਤਾਂ ਪੰਜਾਬ ਦੀ ਬਰਾਮਦ ਨੂੰ ਵੱਡੇ ਰੂਪ ’ਚ ਨੁਕਸਾਨ ਝੱਲਣੇ ਪੈ ਸਕਦੇ ਹਨ। ਅਮਰੀਕਾ ਤੇ ਯੂਰਪੀ ਦੇਸ਼ਾਂ ਨੂੰ ਇੱਥੋਂ ਬਣੇ ਕੱਪੜੇ, ਸਾਈਕਲ, ਆਟੋ ਪਾਰਟਸ, ਖੇਡਾਂ ਦਾ ਸਾਮਾਨ ਤੇ ਹੋਰ ਸਮੱਗਰੀ ਭੇਜੀ ਜਾਂਦੀ ਹੈ। ਅਜਿਹੇ ਮਾਹੌਲ ਵਿਚ ਕਾਰੋਬਾਰੀਆਂ ਦੇ ਚਿਹਰਿਆਂ ’ਤੇ ਵੀ ਚਿੰਤਾ ਦੀਆਂ ਲਕੀਰਾਂ ਹਨ। ਪਰੇਸ਼ਾਨੀ ਵਾਲੀ ਗੱਲ ਇਹ ਵੀ ਹੈ ਕਿ ਇਜ਼ਰਾਈਲ ਅਤੇ ਅਮਰੀਕਾ ਰਿਹਾਇਸ਼ੀ ਖੇਤਰਾਂ ’ਤੇ ਅੰਨ੍ਹੇਵਾਹ ਹਮਲੇ ਕਰ ਰਹੇ ਹਨ। ਹਸਪਤਾਲਾਂ, ਸਕੂਲਾਂ ਅਤੇ ਸੱਭਿਆਚਾਰਕ ਥਾਵਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਭਾਰਤੀ ਮੂਲ ਦੇ ਇਕ ਪ੍ਰੋਫੈਸ਼ਨਲ ਤੁਸ਼ਾਰ ਗਗੇਰਨਾ ਨੇ ਇਕ ਪੋਸਟ ਪਾ ਕੇ ਜੰਗ ਦੇ ਭਿਆਨਕ ਤਜਰਬੇ ਨੂੰ ਸਾਂਝਾ ਕੀਤਾ ਹੈ। ਉਸ ਮੁਤਾਬਕ ਉਨ੍ਹਾਂ ਦੀ ਦੁਪਹਿਰ 1 ਵਜੇ ਦਿੱਲੀ ਲਈ ਉਡਾਣ ਸੀ ਪਰ 3 ਵਜੇ ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਲਈ ਕਹਿ ਦਿੱਤਾ ਗਿਆ ਕਿ ਸੰਯੁਕਤ ਅਰਬ ਅਮੀਰਾਤ ’ਤੇ ਹਮਲਾ ਹੋ ਗਿਆ ਹੈ। ਇਸ ਸਭ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ ਯਾਤਰੀਆਂ ਦੇ ਪਿੱਛੇ ਪਰਿਵਾਰਾਂ ’ਤੇ ਕੀ ਗੁਜ਼ਰ ਰਹੀ ਹੈ ।
ਕੇਂਦਰ ਸਰਕਾਰ ਤੇ ਪੰਜਾਬ ਸਣੇ ਸਭ ਸੂਬਾ ਸਰਕਾਰਾਂ ਆਪੋ-ਆਪਣੇ ਲੋਕਾਂ ਦੀ ਜੰਗ ਦੌਰਾਨ ਸੁਰੱਖਿਆ ਕਰਨ ਲਈ ਕਦਮ ਚੁੱਕ ਰਹੀਆਂ ਹਨ। ਲੋਕਾਂ ਦਾ ਫ਼ਰਜ਼ ਹੈ ਕਿ ਉਹ ਅਜਿਹੇ ਮਾਹੌਲ ’ਚ ਵੱਧ ਤੋਂ ਵੱਧ ਚੌਕੰਨੇ ਰਹਿਣ। ਜੰਗ ਲੜ ਰਹੇ ਮੁਲਕਾਂ ਨੂੰ ਵੀ ਪਿਛਲੀਆਂ ਜੰਗਾਂ ਦੇ ਸਿੱਟਿਆਂ ਤੋਂ ਸਬਕ ਲੈਣ ਦੀ ਲੋੜ ਹੈ।