ਸਕੂਲ ਤੋਂ ਛੁੱਟੀ ਹੋਣ ਪਿੱਛੋਂ ਲੋਢੇ ਵੇਲੇ ਬਾਅਦ ਵਿਚ ਜੱਜ ਬਣਿਆ ਲੜਕਾ ਆਪਣੇ ਬਾਪ ਦੀ ਰੇਹੜੀ ’ਤੇ ਆ ਖੜ੍ਹਦਾ। ਬਾਪ ਘਰ ਜਾ ਕੇ ਦੋ ਘੜੀਆਂ ਪਿੱਠ ਸਿੱਧੀ ਕਰ ਆਉਂਦਾ। ਉਸ ਦਾ ਕੇਲਿਆਂ ਦਾ ਕੰਮ ਚੰਗਾ ਰੁੜ੍ਹਿਆ। ਰੋਡਵੇਜ਼ ਵਾਲਿਆਂ ਨਾਲ ਕੁਝ ਜਾਣ-ਪਛਾਣ ਵੀ ਬਣ ਗਈ।

ਇਕ ਰਿਟਾਇਰਡ ਸੈਸ਼ਨ ਜੱਜ ਦਾ ਬਾਪ ਕੇਲਿਆਂ ਦੀ ਰੇਹੜੀ ਲਾਉਂਦਾ ਸੀ। ਉਸ ਨੂੰ ਰੇਹੜੀ ਲਾਉਣ ਲਈ ਥਾਂ ਵੀ ਬੜੀ ਟਿਕਾਣੇ ਸਿਰ ਮਿਲੀ ਸੀ। ਨਵਾਂਸ਼ਹਿਰ ਦੇ ਬੱਸ ਅੱਡੇ ਤੋਂ ਬਾਹਰ ਨਿਕਲਦਿਆਂ ਜਿੱਥੇ ਅੱਡਾ ਫੀਸ ਕਟਵਾਉਣ ਲਈ ਬੱਸਾਂ ਰੁਕਦੀਆਂ ਹਨ, ਉੱਥੇ ਉਹ ਰੇਹੜੀ ਲਾਉਂਦਾ ਸੀ। ਵਧੇਰੇ ਕਰਕੇ ਮੁਸਾਫ਼ਰ ਬੱਸ ਅੱਡੇ ਦੇ ਅੰਦਰ ਉਡੀਕ ਕਰਨ ਦੀ ਥਾਂ ਉੱਥੋਂ ਬੱਸ ਚੜ੍ਹਦੇ ਹਨ। ਇਸ ਕਰਕੇ ਉਸ ਦੀ ਰੇਹੜੀ ’ਤੇ ਸਵੇਰ ਤੋਂ ਸ਼ਾਮ ਤੱਕ ਗਾਹਕ ਪਿਆ ਰਹਿੰਦਾ। ਉਸ ਦਾ ਬਾਪ ਚਿਤਰੀ ਵਾਲੇ ਕੇਲਿਆਂ ਵਾਲਾ ਬਾਣੀਆ ਕਰਕੇ ਜਾਣਿਆ ਜਾਂਦਾ ਸੀ।
ਸਕੂਲ ਤੋਂ ਛੁੱਟੀ ਹੋਣ ਪਿੱਛੋਂ ਲੋਢੇ ਵੇਲੇ ਬਾਅਦ ਵਿਚ ਜੱਜ ਬਣਿਆ ਲੜਕਾ ਆਪਣੇ ਬਾਪ ਦੀ ਰੇਹੜੀ ’ਤੇ ਆ ਖੜ੍ਹਦਾ। ਬਾਪ ਘਰ ਜਾ ਕੇ ਦੋ ਘੜੀਆਂ ਪਿੱਠ ਸਿੱਧੀ ਕਰ ਆਉਂਦਾ। ਉਸ ਦਾ ਕੇਲਿਆਂ ਦਾ ਕੰਮ ਚੰਗਾ ਰੁੜ੍ਹਿਆ। ਰੋਡਵੇਜ਼ ਵਾਲਿਆਂ ਨਾਲ ਕੁਝ ਜਾਣ-ਪਛਾਣ ਵੀ ਬਣ ਗਈ। ਉਸ ਨੇ ਮਿਲ-ਮਿਲਾ ਕੇ ਬੱਸ ਅੱਡੇ ਦੇ ਅੰਦਰ ਫ਼ਲਾਂ ਦਾ ਕਾਊਂਟਰ ਲਾ ਲਿਆ। ਜੱਜ ਬਣਨ ਤੋਂ ਪਹਿਲਾਂ ਉਸ ਨੇ ਬੀਏ ਤੱਕ ਦੀ ਪੜ੍ਹਾਈ ਆਰੀਆ ਕਾਲਜ ਨਵਾਂਸ਼ਹਿਰ ਤੋਂ ਕੀਤੀ।
ਉਹ ਕੰਮ ਵਿਚ ਬਾਪ ਦਾ ਪੂਰਾ ਹੱਥ ਵਟਾਉਂਦਾ। ਉਸ ਨੇ ਜੇਬ ਖ਼ਰਚ ਕਦੇ ਨਹੀਂ ਸੀ ਮੰਗਿਆ। ਬੀਏ ਤੱਕ ਉਸ ਨੇ ਬਾਜ਼ਾਰ ਤੋਂ ਕੋਈ ਕਿਤਾਬ ਮੁੱਲ ਨਹੀਂ ਸੀ ਲਈ ਸਗੋਂ ਆਪਣੇ ਪ੍ਰੋਫੈਸਰਾਂ ਦੇ ਨਾਂ ’ਤੇ ਕਾਲਜ ਦੀ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਸਾਲ ਭਰ ਲਈ ਇਸ਼ੂ ਕਰਾ ਕੇ ਬੁੱਤਾ ਸਾਰਦਾ ਰਿਹਾ। ਲਾਅ ਵਿਚ ਵੀ ਉਹਨੇ ਸੀਨੀਅਰਾਂ ਤੋਂ ਨੋਟਿਸ ਮੰਗ ਕੇ ਆਪਣਾ ਕੰਮ ਸਾਰਿਆ ਸੀ। ਦੂਜੇ ਬੰਨੇ ਉਕਤ ਜੱਜ ਦਾ ਪਿਤਾ ਆਪਣੇ ਕੰਨੀਓਂ ਪੁੱਤ ਨੂੰ ਪੜ੍ਹਾਉਣ ਲਈ ਪੂਰੀ ਵਾਹ ਲਾ ਦੇਣੀ ਚਾਹੁੰਦਾ ਸੀ। ਬਾਪ ਦੀ ਇੱਛਾ ਸੀ ਕਿ ਉਸ ਦਾ ਬੇਟਾ ਉਹਦੀ ਤਰ੍ਹਾਂ ਲੋਕਾਂ ਦੇ ਹੱਥਾਂ ਵੱਲ ਨਾ ਝਾਕੇ ਸਗੋਂ ਕਿਸੇ ਚੰਗੇ ਅਹੁਦੇ ’ਤੇ ਪੁੱਜ ਜਾਵੇ। ਉਸ ਦੇ ਪੁੱਤਰ ਦੇ ਆਪਣੇ ਅੰਦਰ ਵੀ ਇਕ ਚਿਣਗ ਸੀ ਜਿਹੜੀ ਉਸ ਨੂੰ ਕੁਝ ਬਣਨ ਲਈ ਟਿਕਣ ਨਹੀਂ ਸੀ ਦਿੰਦੀ।
ਉਸ ਨੇ ਬੀਏ ਤੋਂ ਬਾਅਦ ਲਾਅ ਕਾਲਜ ਵਿਚ ਦਾਖ਼ਲਾ ਲੈ ਲਿਆ। ਨਵਾਂਸ਼ਹਿਰ ਤੋਂ ਲਾਅ ਕਾਲਜ 35 ਕੁ ਕਿੱਲੋਮੀਟਰ ਦੂਰ ਪੈਂਦਾ ਹੋਣੈ। ਉਸ ਨੇ ਕਾਲਜ ਆਉਣ-ਜਾਣ ਲਈ ਰੋਡਵੇਜ਼ ਦਾ ਰਿਆਇਤੀ ਬੱਸ ਪਾਸ ਬਣਾ ਲਿਆ ਸੀ। ਉਸ ਨੂੰ ਇਹ ਤਾਂ ਪਤਾ ਸੀ ਕਿ ਕਾਲਜ ਦੀ ਬੱਸ ਉੱਤੇ ਉਹਦੇ ਲਈ ਜਾਣਾ ਸੌਖਾ ਰਹੇਗਾ ਪਰ ਉਹ ਭਾੜਾ ਵੱਧ ਹੋਣ ਕਰਕੇ ਡਰ ਗਿਆ। ਕਾਲਜ ਤੋਂ ਬੱਸ ਲੈ ਕੇ ਸਿੱਧਾ ਨਵਾਂਸ਼ਹਿਰ ਦੇ ਬੱਸ ਅੱਡੇ ’ਤੇ ਆ ਉਤਰਦਾ। ਬਾਪ ਵੀ ਦੋ ਘੰਟੇ ਘਰ ਜਾ ਕੇ ਪਿੱਠ ਸਿੱਧੀ ਕਰ ਲੈਂਦਾ। ਜਿਸ ਦਿਨ ਬਾਪ ਨੇ ਕਿਧਰੇ ਜਾਣਾ ਹੁੰਦਾ ਤਾਂ ਉਹ ਕਾਊਂਟਰ ’ਤੇ ਬੈਠ ਕੇ ਗੋਦੀ ਵਿਚ ਕਿਤਾਬ ਰੱਖ ਕੇ ਪੜ੍ਹਦਾ ਰਹਿੰਦਾ। ਐੱਲਐੱਲਬੀ ਦੇ ਆਖ਼ਰੀ ਸਾਲ ਦਾ ਨਤੀਜਾ ਆਉਣ ਤੋਂ ਕੁਝ ਚਿਰ ਬਾਅਦ ਹੀ ਜੁਡੀਸ਼ਰੀ ਦੇ ਇਮਤਿਹਾਨ ਦਾ ਇਸ਼ਤਿਹਾਰ ਅਖ਼ਬਾਰਾਂ ਵਿਚ ਛਪ ਗਿਆ। ਉਹ ਬਹੁਤ ਦੇਰ ਤੱਕ ਕਿਤਾਬਾਂ ਵਿਚ ਵੜਿਆ ਰਹਿੰਦਾ। ਅਖ਼ਬਾਰਾਂ ਉਹ ਬਾਪ ਦੀ ਫ਼ਲਾਂ ਦੀ ਦੁਕਾਨ ਦੇ ਨਾਲ ਵਾਲੇ ਸਟਾਲ ਤੋਂ ਮੁਫ਼ਤ ਵਿਚ ਪੜ੍ਹ ਕੇ ਵਾਪਸ ਮੋੜ ਦਿੰਦਾ।
ਉਸ ਨੇ ਕਦੇ ਅੰਗਰੇਜ਼ੀ ਤੇ ਪੰਜਾਬੀ ਅਖ਼ਬਾਰਾਂ ਦਾ ਐਡੀਟੋਰੀਅਲ ਪੜ੍ਹਨ ਤੋਂ ਨਹੀਂ ਸੀ ਛੱਡਿਆ। ਇਮਤਿਹਾਨ ਦੇ ਦਿਨਾਂ ਵਿਚ ਉਸ ਨੇ ਦੁਕਾਨ ’ਤੇ ਆਉਣਾ ਬੰਦ ਕਰ ਦਿੱਤਾ ਸੀ। ਪ੍ਰੀਖਿਆ ਦੇ ਕੇ ਵਿਹਲਾ ਹੋਇਆ ਤਾਂ ਕਈ ਮਹੀਨੇ ਆਪ ਕਾਊਂਟਰ ’ਤੇ ਬੈਠਾ ਰਿਹਾ। ਜਿਸ ਦਿਨ ਜੁਡੀਸ਼ਰੀ ਦੀ ਪ੍ਰੀਖਿਆ ਦਾ ਨਤੀਜਾ ਆਇਆ ਤਾਂ ਉਸ ਨੂੰ ਭਿਣਕ ਨਾ ਪਈ।
ਉਸ ਨੂੰ ਉਦੋਂ ਪਤਾ ਲੱਗਾ ਜਦੋਂ ਇਕ ਚੈਨਲ ਦੀ ਟੀਮ ਉਸ ਦੀ ਇੰਟਰਵਿਊ ਕਰਨ ਆ ਪੁੱਜੀ। ਉਸ ਦੀ ਪਹਿਲੀ ਪੋਸਟਿੰਗ ਸਿਵਲ ਜੱਜ ਜੂਨੀਅਰ ਡਵੀਜ਼ਨ ਬਠਿੰਡਾ ਦੇ ਤੌਰ ’ਤੇ ਹੋਈ। ਇਸ ਤੋਂ ਬਾਅਦ ਉਹ ਬਠਿੰਡਾ ਦੀਆਂ ਜ਼ਿਲ੍ਹਾ ਅਦਾਲਤਾਂ ਵਿਚ ਹੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਣਿਆ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਜੋਂ ਉਸ ਦੀ ਪੋਸਟਿੰਗ ਮੋਹਾਲੀ ਦੀਆਂ ਜ਼ਿਲ੍ਹਾ ਅਦਾਲਤਾਂ ਵਿਚ ਹੋਈ ਸੀ। ਸੈਸ਼ਨ ਜੱਜ ਵਜੋਂ ਸੇਵਾ ਮੁਕਤ ਉਹ ਚੰਡੀਗੜ੍ਹ ਤੋਂ ਹੋਇਆ ਸੀ। ਉਸ ਨੂੰ ਆਪ ਜਿੰਨਾ ਪੜ੍ਹਨ ਦਾ ਸ਼ੌਕ ਸੀ, ਉਸ ਦੇ ਬੱਚੇ ਓਨੇ ਹੀ ਨਿਠੱਲੇ ਨਿਕਲੇ। ਦੋਹਾਂ ਨੇ ਕਾਲਜ ਦੀ ਪੜ੍ਹਾਈ ਵਿੱਚੇ ਛੱਡ ਦਿੱਤੀ ਸੀ। ਵੱਡੇ ਨੂੰ ਉਸ ਨੇ ਮੋਹਾਲੀ ਵਿਚ ਸਟੀਲ ਦੀ ਫੈਕਟਰੀ ਲਾ ਦਿੱਤੀ ਸੀ। ਛੋਟੇ ਨੂੰ ਕੌਫ਼ੀ ਹਾਊਸ ਸ਼ੁਰੂ ਕਰਵਾ ਦਿੱਤਾ ਸੀ। ਦੋਵੇਂ ਕੰਮ ਕਰਦੇ ਰਹੇ ਪਰ ਵਪਾਰ ਰੁੜ੍ਹਿਆ ਕਿਸੇ ਦਾ ਵੀ ਨਹੀਂ ਹੈ। ਹਾਂ ਇਕ ਗੱਲ ਜ਼ਰੂਰ ਹੋ ਗਈ ਬਈ ਬਾਪ ਜੱਜ ਹੋਣ ਕਰਕੇ ਵੱਡੇ ਬੇਟੇ ਨੂੰ ਰਿਸ਼ਤਾ ਚੰਗੇ ਘਰ ਦਾ ਜੁੜ ਗਿਆ ਸੀ। ਉਸ ਨੇ ਮੁੰਡੇ ਦਾ ਵਿਆਹ ਗੱਜ-ਵੱਜ ਕੇ ਕੀਤਾ। ਵਿਆਹ ਵੇਲੇ ਮੰਤਰੀਆਂ-ਸੰਤਰੀਆਂ ਅਤੇ ਹਾਈ ਕੋਰਟ ਦੇ ਜੱਜਾਂ ਲਈ ਵੱਖ ਗਜੀਬੋ ਬਣਾਏ ਗਏ।
ਦੂਜੇ ਮਹਿਮਾਨਾਂ ਲਈ ਵਧੀਆ ਤਰ੍ਹਾਂ ਦਾ ਅੱਡ ਬੰਦੋਬਸਤ ਸੀ। ਪੇਂਡੂ ਰਿਸ਼ਤੇਦਾਰਾਂ ਨੂੰ ਪਿੱਛੇ ਬਿਠਾਉਣ ਲਈ ਉਸ ਨੇ ਕੈਟਰਿੰਗ ਵਾਲੇ ਦੀ ਅੰਦਰਖਾਤੇ ਡਿਊਟੀ ਲਾ ਰੱਖੀ ਸੀ ਕਿ ਪਿੱਛੇ ਦੀਆਂ ਕਤਾਰਾਂ ਵਿਚ ਲੱਗੀਆਂ ਕੁਰਸੀਆਂ ਉੱਤੇ ਬਿਠਾਉਣੇ ਹਨ। ਇਹ ਗੱਲ ਮੈਨੂੰ ਕੈਟਰਿੰਗ ਵਾਲੇ ਨੇ ਉਦੋਂ ਦੱਸੀ ਜਦੋਂ ਮੈਂ ਉਸ ਨੂੰ ਕੰਮ ਦੇਣ ਲਈ ਆਪਣੇ ਘਰ ਬੁਲਾਇਆ ਸੀ। ਉਹ ਕਹਿ ਰਿਹਾ ਸੀ ਕਿ ਕਈ ਵੱਡੇ ਲੋਕਾਂ ਦੀ ਪਿੰਡਾਂ ਵਾਲਿਆਂ ਨੂੰ ਸੱਦਣ ਦੀ ਮਜਬੂਰੀ ਹੁੰਦੀ ਹੈ ਪਰ ਉਹ ਕੈਟਰਰ ਨੂੰ ਪਰਦੇ ਨਾਲ ਪਹਿਲਾਂ ਹੀ ਸਮਝਾ ਦਿੰਦੇ ਹਨ ਕਿ ਪਿੰਡਾਂ ਵਾਲਿਆਂ ਨੂੰ ਪਿਛਲੀਆਂ ਕੁਰਸੀਆਂ ਵੱਲ ਤੋਰਦੇ ਰਹਿਣਾ ਹੈ ਪਰ ਉਨ੍ਹਾਂ ਨੂੰ ਮਹਿਸੂਸ ਵੀ ਨਹੀਂ ਹੋਣ ਦੇਣਾ। ਮੇਰੀਆਂ ਅੱਖਾਂ ਮੂਹਰੇ ਉਹ ਬੇਬੇ-ਬਾਪੂ ਆ ਖੜ੍ਹਦੇ ਹਨ ਜਿਨ੍ਹਾਂ ਦਾ ਆਪਣੇ ਡਿਪਟੀ ਕਮਿਸ਼ਨਰ ਪੁੱਤ ਨੂੰ ਕੁਰਸੀ ’ਤੇ ਬੈਠਿਆਂ ਦੇਖਣ ਦਾ ਚਾਅ ਚੁੱਕਿਆ ਨਹੀਂ ਸੀ ਜਾਂਦਾ।
ਪੁੱਤ ਨੇ ਬੇਬੇ-ਬਾਪੂ ਨੂੰ ਆਪਣੇ ਦਫ਼ਤਰ ਦੇ ਦਰਵਾਜ਼ੇ ਦੇ ਬਾਹਰ ਖੜ੍ਹਿਆਂ ਦੇਖ ਕੇ ਰੀਡਰ ਰਾਹੀਂ ਪਿੰਡ ਆਲੇ ਆਂਟੀ-ਅੰਕਲ ਨੂੰ ਉਡੀਕ ਕਮਰੇ ਵਿਚ ਬਿਠਾਉਣ ਲਈ ਕਹਿ ਦਿੱਤਾ ਸੀ। ਮੂਹਰੇ ਤੋਂ ਦੋਵੇਂ ਬੇਬੇ-ਬਾਪੂ ਰੀਡਰ ਨੂੰ ਏਨਾ ਕਹਿ ਕੇ ਉਨ੍ਹੀਂ ਪੈਰੀਂ ਮੁੜ ਗਏ ਕਿ ਪੁੱਤ ਨੂੰ ਕਹਿ ਦੇਣਾ ਕਿ ਬਸ ਡੀਸੀ ਦੀ ਕੁਰਸੀ ’ਤੇ ਬੈਠਿਆਂ ਦੇਖਣ ਦੀ ਭੁੱਖ ਸੀ। ਮੈਂ ਇਕ ਹੋਰ ਘਟਨਾ ਯਾਦ ਆਉਣ ਨਾਲ ਮਸਾਂ ਸੰਭਲਿਆ। ਇਕ ਬਾਪ ਆਪਣੇ ਜੱਜ ਪੁੱਤ ਨੂੰ ਉਸ ਦੇ ਮੋਢੇ ਉੱਤੇ ਹੱਥ ਰੱਖ ਕੇ ਪੁੱਛਦਾ ਹੈ ਕਿ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਕੌਣ ਹੈ ਤਾਂ ਉਸ ਦੇ ਮੂੰਹ ’ਚੋਂ ਨਿਕਲਦਾ ਹੈ ਤੇਰਾ ਪੁੱਤ’। ਇਸ ਤੋਂ ਪਹਿਲਾਂ ਕਿ ਬਾਪ ਕੁਝ ਹੋਰ ਪੁੱਛਦਾ, ਉਸ ਨੇ ਆਪ ਹੀ ਕਹਿ ਦਿੱਤਾ,‘‘ਜਿਸ ਪੁੱਤ ਦੇ ਸਿਰ-ਮੋਢੇ ਉੱਤੇ ਬਾਪ ਦਾ ਹੱਥ ਹੋਵੇ, ਉਹੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਬੰਦਾ ਹੁੰਦਾ ਹੈ।’’ਬਾਪ ਦੀਆਂ ਅੱਖਾਂ ਵਿਚ ਅੱਥਰੂ ਸਨ। ਇਹ ਸੋਚ ਕੇ ਮੇਰੀਆਂ ਅੱਖਾਂ ਵਿੱਚੋਂ ਵੀ ਅੱਥਰੂ ਟਪਕਣ ਲੱਗੇ।
-ਕਮਲਜੀਤ ਸਿੰਘ ਬਨਵੈਤ
-ਮੋਬਾਈਲ : 98147-34035