ਪਿਛਲੇ ਕੁਝ ਸਾਲਾਂ ’ਚ ਜ਼ਿਆਦਾਤਰ ਵੱਡੇ ਵਾਹਨਾਂ ਦੇ ਟਾਇਰ ਬਦਲਣ ਅਤੇ ਭਾਰਾ ਸਮਾਨ ਚੁੱਕਣ ਲਈ ਵਰਤੇ ਜਾਂਦੇ ਜੈੱਕ ਮਕਾਨਾਂ-ਕੋਠੀਆਂ ਦੀਆਂ ਨੀਹਾਂ ਉੱਚੀਆਂ ਚੁੱਕਣ ਲਈ ਵਰਤੇ ਜਾਣ ਲੱਗੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਦੀ ਸਹਾਇਤਾ ਨਾਲ ਕਈ-ਕਈ ਮਜ਼ਦੂਰ ਮਕਾਨਾਂ ਨੂੰ ਇਕ ਥਾਂ ਤੋਂ ਦੂਜੇ ਥਾਂ ਧੱਕਣ ਦਾ ਕੰਮ ਵੀ ਕਰਦੇ ਹਨ।

ਢਾਂਚਾਗਤ ਵਿਕਾਸ ਦੇ ਇਸ ਦੌਰ ’ਚ ਨਵੇਂ ਢੰਗ-ਤਰੀਕਿਆਂ ਨਾਲ ਵੱਡੇ-ਛੋਟੇ ਨਿਰਮਾਣ ਕਾਰਜ ਹੋ ਰਹੇ ਹਨ। ਧੜਾਧੜ ਇਮਾਰਤਾਂ ਬਣ ਰਹੀਆਂ ਹਨ ਤੇ ਕਈਆਂ ਦੇ ਵਿਸਥਾਰ ਵੱਡੀਆਂ ਉਚਾਈਆਂ ਛੋਹ ਰਹੇ ਹਨ। ਕਈ ਵਾਰ ਨਿਰਮਾਣ ਕੰਮਾਂ ’ਚ ਲਾਪਰਵਾਹੀ ਨਾਲ ਕੀਤੇ ਜਾ ਰਹੇ ਫੇ਼ਰਬਦਲ ਮਹਿੰਗੇ ਪੈ ਜਾਂਦੇ ਹਨ।
ਪਿਛਲੇ ਕੁਝ ਸਾਲਾਂ ’ਚ ਜ਼ਿਆਦਾਤਰ ਵੱਡੇ ਵਾਹਨਾਂ ਦੇ ਟਾਇਰ ਬਦਲਣ ਅਤੇ ਭਾਰਾ ਸਮਾਨ ਚੁੱਕਣ ਲਈ ਵਰਤੇ ਜਾਂਦੇ ਜੈੱਕ ਮਕਾਨਾਂ-ਕੋਠੀਆਂ ਦੀਆਂ ਨੀਹਾਂ ਉੱਚੀਆਂ ਚੁੱਕਣ ਲਈ ਵਰਤੇ ਜਾਣ ਲੱਗੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਇਨ੍ਹਾਂ ਦੀ ਸਹਾਇਤਾ ਨਾਲ ਕਈ-ਕਈ ਮਜ਼ਦੂਰ ਮਕਾਨਾਂ ਨੂੰ ਇਕ ਥਾਂ ਤੋਂ ਦੂਜੇ ਥਾਂ ਧੱਕਣ ਦਾ ਕੰਮ ਵੀ ਕਰਦੇ ਹਨ। ਇਹ ਕਿੰਨਾ ਜਾਨਲੇਵਾ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਬਰਨਾਲਾ ’ਚ ਵਾਪਰੀ ਘਟਨਾ ਤੋਂ ਲਾਇਆ ਜਾ ਸਕਦਾ ਹੈ। ਜੈੱਕ ਲਾ ਕੇ ਉੱਚਾ ਚੁੱਕਿਆ ਮਕਾਨ ਡਿੱਗਣ ਕਾਰਨ ਚਾਰ ਮਜ਼ਦੂਰਾਂ ਦੇ ਮਲਬੇ ਹੇਠਾਂ ਦੱਬੇ ਜਾਣ ਤੇ ਤਿੰਨ ਦੀ ਮੌਤ ਹੋਣਾ ਵੱਡੇ ਸਵਾਲ ਖੜ੍ਹੇ ਕਰ ਰਿਹਾ ਹੈ। ਦੱਸਿਆ ਗਿਆ ਹੈ ਕਿ ਪਿਛਲੇ ਕਈ ਦਿਨਾਂ ਤੋਂ ਜੈੱਕ ਲਾ ਕੇ ਮਕਾਨ ਨੂੰ ਉੱਚਾ ਚੁੱਕਿਆ ਜਾ ਰਿਹਾ ਸੀ।
ਇਹ ਵੀ ਲਾਪਰਵਾਹੀ ਕਿਹਾ ਜਾ ਸਕਦਾ ਹੈ ਕਿ ਸਵੇਰੇ ਤੜਕੇ ਜਿਸ ਵੇਲੇ ਇਹ ਮਕਾਨ ਡਿੱਗਿਆ, ਉਸ ਵੇਲੇ ਮਜ਼ਦੂਰ ਮਕਾਨ ਦੇ ਹੇਠਾਂ ਹੀ ਸੁੱਤੇ ਪਏ ਸਨ। ਫ਼ਿਲਹਾਲ ਇਹ ਮਾਮਲਾ ਜਾਂਚ ਦੇ ਦਾਇਰੇ ’ਚ ਹੈ ਕਿ ਗ਼ਲਤ ਤਰੀਕੇ ਨਾਲ ਕੀਤੇ ਜਾ ਰਹੇ ਇਸ ਕੰਮ ’ਤੇ ਪ੍ਰਸ਼ਾਸਨ ਦੀ ਨਜ਼ਰ ਸੀ ਜਾਂ ਨਹੀਂ। ਜੈੱਕ ਦੀ ਵਰਤੋਂ ਅਕਸਰ ਮਜ਼ਬੂਤ ਥਾਵਾਂ ’ਤੇ ਰੱਖ ਕੇ ਕੀਤੀ ਜਾਂਦੀ ਹੈ ਪਰ ਘਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਧੱਕਣ ਜਾਂ ਨੀਹਾਂ ਨੂੰ ਉੱਚੀਆਂ ਚੱਕਣ ਵਰਗਾ ਕੰਮ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ।
ਇਸ ਕੰਮ ’ਚ ਲੱਗੇ ਮਜ਼ਦੂਰ ਕਿੰਨੇ ਕੁ ਤਜਰਬੇਕਾਰ ਹੁੰਦੇ ਹਨ, ਉਨ੍ਹਾਂ ਦੀ ਜਾਨਮਾਲ ਦੀ ਰਾਖੀ ਲਈ ਠੇਕੇਦਾਰ ਵੱਲੋਂ ਬੀਮੇ ਸਣੇ ਸੁਰੱਖਿਆ ਦੇ ਹੋਰ ਕੀ ਪ੍ਰਬੰਧ ਕੀਤੇ ਜਾਂਦੇ ਹਨ, ਇਹ ਗੱਲਾਂ ਵੀ ਇਸ ਘਟਨਾ ਤੋਂ ਬਾਅਦ ਆਪਣਾ ਧਿਆਨ ਖਿੱਚ ਰਹੀਆਂ ਹਨ। ਪਹਿਲਾਂ ਵੀ ਅਜਿਹੇ ਨਿਰਮਾਣ ਕਾਰਜ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚ ਕਈ-ਕਈ ਮੰਜ਼ਿਲਾਂ ਵਾਲੇ ਮਕਾਨ ਇਕ ਥਾਂ ਤੋਂ ਦੂਜੀ ਥਾਂ ਲਿਜਾਏ ਗਏ ਜਾਂ ਉਨ੍ਹਾਂ ਨੂੰ ਕਈ ਫੁੱਟ ਉੱਚਾ ਚੁੱਕਿਆ ਗਿਆ ਹੈ। ਬੇਸ਼ੱਕ ਇਸ ਕੰਮ ਨੂੰ ਕਰਨ ਵਾਲੇ ਇਸ ’ਚ ਆਪਣੇ ਤਜਰਬੇ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਇਹ ਕਿਸੇ ਵੀ ਰੂਪ ’ਚ ਖ਼ਤਰੇ ਤੋਂ ਖਾਲੀ ਨਹੀਂ ਹੈ। ਇਸ ਗੱਲ ਦੀ ਵੀ ਗਰੰਟੀ ਨਹੀਂ ਦਿੱਤੀ ਜਾ ਸਕਦੀ ਕਿ ਹਰ ਥਾਂ ਇਹ ਤਜਰਬਾ ਸਫ਼ਲ ਹੋ ਜਾਵੇ।
ਇਸ ਦਾ ਸਾਰਾ ਤਾਣਾਬਾਣਾ ਭਰੋਸੇ ’ਤੇ ਟਿਕਿਆ ਹੋਇਆ ਹੈ। ਵੱਡੀਆਂ-ਛੋਟੀਆਂ ਇਮਾਰਤਾਂ ਦੇ ਨਿਰਮਾਣ ਕਾਰਜ ਬੇਪਰਵਾਹੀ ਤੇ ਸੁਰੱਖਿਆ ਪ੍ਰਬੰਧਾਂ ਦੀ ਅਣਦੇਖੀ ਕਰ ਕੇ ਕਿਸੇ ਵੀ ਰੂਪ ’ਚ ਸਿਰੇ ਨਹੀਂ ਚਾੜ੍ਹੇ ਜਾ ਸਕਦੇ। ਨਿਰਮਾਣ ਕੰਮਾਂ ਦੌਰਾਨ ਹਾਦਸੇ ਵਾਪਰਨੇ ਆਮ ਵਰਤਾਰਾ ਹੈ। ਛੋਟੀ ਜਿਹੀ ਲਾਪਰਵਾਹੀ ਵੱਡੇ-ਵੱਡੇ ਪੁਲਾਂ, ਇਮਾਰਤਾਂ ਤੇ ਉੱਚੀਆਂ ਮੰਜ਼ਿਲਾਂ ਨੂੰ ਹੇਠਾਂ ਸੁੱਟਣ ’ਚ ਦੇਰ ਨਹੀਂ ਲਾਉਂਦੀ। ਇਹ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ ਕਿ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ’ਚ ਹੋਣ ਵਾਲੇ ਹਰ ਤਰ੍ਹਾਂ ਦੇ ਢਾਂਚਾਗਤ ਨਿਰਮਾਣ ਕਾਰਜ ਵੱਲ ਉਸ ਦੀ ਨਜ਼ਰ ਹੋਵੇ।
ਇਹ ਕਾਨੂੰਨੀ ਤੌਰ ’ਤੇ ਯਕੀਨੀ ਬਣਾਇਆ ਗਿਆ ਹੈ ਕਿ ਕੋਈ ਵੀ ਇਮਾਰਤ ਤਿਆਰ ਕਰਦਿਆਂ ਉਸ ’ਚ ਸੁਰੱਖਿਆ ਮਪਦੰਡ ਪੂਰੇ ਰੱਖੇ ਜਾਣਗੇ। ਪੇਸ਼ੇਵਰ ਅਤੇ ਤਜਰਬੇਕਾਰ ਹੱਥਾਂ ਨੂੰ ਹੀ ਕੰਮ ਸੌਂਪਿਆ ਜਾਣਾ ਚਾਹੀਦਾ ਹੈ। ਠੇਕੇਦਾਰ ਵੀ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਦਾਰ ਹਨ ਕਿ ਉਹ ਮਜ਼ਦੂਰਾਂ ਦੀ ਸੁਰੱਖਿਆ ਪੁਖ਼ਤਾ ਕਰਨ ਲਈ ਕਿਹੜੇ ਕਦਮ ਚੁੱਕਦੇ ਹਨ। ਬੇਸ਼ੱਕ ਇਹ ਰੁਜ਼ਗਾਰ ਦਾ ਮਸਲਾ ਹੈ ਪਰ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਥੋੜ੍ਹਾ ਜਿਹਾ ਖ਼ਰਚਾ ਬਚਾਉਣ ਦੇ ਚੱਕਰ ’ਚ ਅਜਿਹੇ ਤਜਰਬੇ ਨਾ ਕੀਤੇ ਜਾਣ ਜੋ ਜਾਨ ’ਤੇ ਭਾਰੇ ਪੈ ਜਾਣ।