ਭਾਰਤੀ ਭੌਤਿਕ ਵਿਗਿਆਨੀ ਸਰ ਸੀਵੀ ਰਮਨ ਦੁਆਰਾ 1928 ਵਿਚ ਕੀਤੀ ਗਈ ਰਮਨ ਪ੍ਰਭਾਵ ਦੀ ਖੋਜ ਦੇ ਸਨਮਾਨ ਵਜੋਂ ਭਾਰਤ ਵਿਚ ਹਰ ਸਾਲ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਜਨਤਾ ਵਿਚ ਵਿਗਿਆਨਕ ਜਾਗਰੂਕਤਾ ਅਤੇ ਨਜ਼ਰੀਏ ਨੂੰ ਉਤਸ਼ਾਹਤ ਕਰਨ ਦਾ ਇਕ ਮੌਕਾ ਹੁੰਦਾ ਹੈ।

-ਕਮਲਦੀਪ ਕੌਰ
ਭਾਰਤੀ ਭੌਤਿਕ ਵਿਗਿਆਨੀ ਸਰ ਸੀਵੀ ਰਮਨ ਦੁਆਰਾ 1928 ਵਿਚ ਕੀਤੀ ਗਈ ਰਮਨ ਪ੍ਰਭਾਵ ਦੀ ਖੋਜ ਦੇ ਸਨਮਾਨ ਵਜੋਂ ਭਾਰਤ ਵਿਚ ਹਰ ਸਾਲ 28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਜਨਤਾ ਵਿਚ ਵਿਗਿਆਨਕ ਜਾਗਰੂਕਤਾ ਅਤੇ ਨਜ਼ਰੀਏ ਨੂੰ ਉਤਸ਼ਾਹਤ ਕਰਨ ਦਾ ਇਕ ਮੌਕਾ ਹੁੰਦਾ ਹੈ। ਭਾਰਤੀ ਸੰਵਿਧਾਨ ਦੀ ਧਾਰਾ 51ਏ (ਐੱਚ) ਅਨੁਸਾਰ ਵੀ ‘ਵਿਗਿਆਨਕ ਨਜ਼ਰੀਏ’ ਦਾ ਵਿਕਾਸ ਕਰਨਾ ਹਰੇਕ ਭਾਰਤੀ ਨਾਗਰਿਕ ਦੇ ਮੁੱਢਲੇ ਕਰਤੱਵ ਵਜੋਂ ਦਰਸਾਇਆ ਗਿਆ ਹੈ।
ਭਾਰਤ ਵਿਚ ਔਰਤਾਂ ਸਦੀਆਂ ਤੋਂ ਰਵਾਇਤੀ ਭੂਮਿਕਾਵਾਂ ਤੱਕ ਸੀਮਤ ਸਨ। ਹਾਲਾਂਕਿ, ਮਹਿਲਾ ਵਿਗਿਆਨੀਆਂ ਨੇ ਇਨ੍ਹਾਂ ਰੂੜ੍ਹੀਵਾਦੀ ਧਾਰਨਾਵਾਂ ਨੂੰ ਤੋੜਿਆ ਹੈ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਰਾਹ ਪੱਧਰਾ ਕੀਤਾ ਹੈ। ਇਨ੍ਹਾਂ ਔਰਤਾਂ ਨੇ ਦਿਖਾਇਆ ਹੈ ਕਿ ਔਰਤਾਂ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਵਰਗੇ ਪੁਰਸ਼-ਪ੍ਰਧਾਨ ਖੇਤਰਾਂ ਵਿਚ ਵੀ ਮੱਲਾਂ ਮਾਰ ਸਕਦੀਆਂ ਹਨ।
ਆਨੰਦੀਬਾਈ ਜੋਸ਼ੀ ਪਹਿਲੀ ਭਾਰਤੀ ਮਹਿਲਾ ਡਾਕਟਰ ਸੀ ਜਿਸ ਨੇ ਅਮਰੀਕਾ ਤੋਂ ਐੱਮਡੀ ਦੀ ਡਿਗਰੀ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ 14 ਸਾਲ ਦੀ ਉਮਰ ਵਿਚ ਇਕ ਬੱਚੇ ਨੂੰ ਜਨਮ ਦਿੱਤਾ ਪਰ ਡਾਕਟਰੀ ਦੇਖ-ਭਾਲ਼ ਦੀ ਘਾਟ ਕਾਰਨ ਬੱਚਾ ਸਿਰਫ਼ ਦਸ ਦਿਨ ਹੀ ਜਿਉਂਦਾ ਰਿਹਾ। ਇਸ ਘਟਨਾ ਤੋਂ ਬਾਅਦ ਆਨੰਦੀਬਾਈ ਨੇ ਫ਼ੈਸਲਾ ਕੀਤਾ ਕਿ ਉਹ ਇਕ ਦਿਨ ਡਾਕਟਰ ਬਣੇਗੀ। ਉਨ੍ਹਾਂ ਨੇ ਅਮਰੀਕਾ ਵਿਚ ਪੈਨਸਿਲਵਿਨੀਆ ਦੇ ਮਹਿਲਾ ਮੈਡੀਕਲ ਕਾਲਜ ਤੋਂ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਦੀ ਡਿਗਰੀ ਪੂਰੀ ਹੋਣ ’ਤੇ ਉਨ੍ਹਾਂ ਨੂੰ ਕੁਈਨ ਵਿਕਟੋਰੀਆ ਵੱਲੋਂ ਵਧਾਈ ਸੰਦੇਸ਼ ਭੇਜਿਆ ਗਿਆ। ਇਸ ਤੋਂ ਪਹਿਲਾਂ ਕਿ ਉਹ ਆਪਣੀ ਡਾਕਟਰੀ ਪ੍ਰੈਕਟਿਸ ਸ਼ੁਰੂ ਕਰਦੇ, 26 ਫਰਵਰੀ 1887 ਨੂੰ ਪੁਣੇ ਵਿੱਚ ਟੀਬੀ ਦੀ ਬਿਮਾਰੀ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਸਨਮਾਨ ਵਿਚ ਸ਼ੁੱਕਰ ਗ੍ਰਹਿ ਦੇ ਇਕ ਕ੍ਰੇਟਰ ਦਾ ਨਾਂ ‘ਜੋਸ਼ੀ ਕ੍ਰੇਟਰ’ ਰੱਖਿਆ ਗਿਆ ਹੈ।
ਡਾ. ਕਾਦੰਬਿਨੀ ਬੋਸ ਗਾਂਗੁਲੀ ਅਤੇ ਆਨੰਦੀਬਾਈ ਜੋਸ਼ੀ, ਦੋਵਾਂ ਨੇ 1886 ਵਿਚ ਆਪਣੀ ਡਿਗਰੀ ਪ੍ਰਾਪਤ ਕੀਤੀ ਸੀ ਪਰ ਡਿਗਰੀ ਪ੍ਰਾਪਤ ਕਰਨ ਤੋਂ ਥੋੜ੍ਹੇ ਸਮੇਂ ਬਾਅਦ ਹੀ ਆਨੰਦੀਬਾਈ ਜੋਸ਼ੀ ਸਵਰਗ ਸਿਧਾਰ ਗਈ ਸੀ। ਇਸ ਕਾਰਨ ਕਾਦੰਬਿਨੀ ਗਾਂਗੁਲੀ ਡਾਕਟਰੀ ਪ੍ਰੈਕਟਿਸ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਗਾਂਗੁਲੀ 1884 ਵਿਚ ਕਲਕੱਤਾ ਮੈਡੀਕਲ ਕਾਲਜ ਵਿਚ ਦਾਖ਼ਲਾ ਲੈਣ ਵਾਲੀ ਪਹਿਲੀ ਔਰਤ ਸੀ। ਉਨ੍ਹਾਂ ਦੇ ਬੱਚਿਆਂ ਵਿੱਚੋਂ ਜਯੋਤਿਰਮਈ ਇੱਕ ਆਜ਼ਾਦੀ ਘੁਲਾਟੀਏ ਸਨ ਅਤੇ ਉਨ੍ਹਾਂ ਦੀ ਮਤਰੇਈ ਧੀ ਦਾ ਵਿਆਹ ਫਿਲਮ ਨਿਰਮਾਤਾ ਸੱਤਿਆਜੀਤ ਰੇਅ ਦੇ ਦਾਦੇ ਨਾਲ ਹੋਇਆ ਸੀ। ਔਰਤਾਂ ਦੇ ਅਧਿਕਾਰਾਂ ਲਈ ਮੁਹਿੰਮ ਚਲਾਉਣ ਤੋਂ ਬਾਅਦ ਇਕ ਬੰਗਾਲੀ ਮੈਗਜ਼ੀਨ ਵਿਚ ਉਨ੍ਹਾਂ ਨੂੰ ਅਸਿੱਧੇ ਤੌਰ ’ਤੇ ‘ਵੇਸਵਾ’ ਕਿਹਾ ਗਿਆ ਸੀ। ਉਨ੍ਹਾਂ ਦੇ ਪਤੀ ਨੇ ਅਦਾਲਤ ਦਾ ਸਹਾਰਾ ਲਿਆ ਅਤੇ ਅੰਤ ਕੇਸ ਜਿੱਤਿਆ ਜਿਸ ਵਿਚ ਸੰਪਾਦਕ ਨੂੰ 6 ਮਹੀਨੇ ਕੈਦ ਦੀ ਸਜ਼ਾ ਹੋਈ।
ਕਮਲਾ ਸੋਹਨੀ ਇਕ ਭਾਰਤੀ ਬਾਇਓ-ਕੈਮਿਸਟ ਸੀ ਜੋ ਵਿਗਿਆਨਕ ਵਿਸ਼ੇ ਵਿਚ ਪੀਐੱਚਡੀ ਕਰਨ ਵਾਲੀ ਪਹਿਲੀ ਭਾਰਤੀ ਔਰਤ ਬਣੀ। ਕਮਲਾ ਦੀ ਇੰਡੀਅਨ ਇੰਸਟੀਚਿਊਟ ਆਫ ਸਾਇੰਸਿਜ਼ ਵਿਚ ਖੋਜ ਫੈਲੋਸ਼ਿਪ ਲਈ ਦਿੱਤੀ ਅਰਜ਼ੀ ਨੂੰ ਉਸ ਸਮੇਂ ਦੇ ਡਾਇਰੈਕਟਰ ਅਤੇ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਸੀਵੀ ਰਮਨ ਨੇ ਰੱਦ ਕਰ ਦਿੱਤਾ ਸੀ। ਕਮਲਾ ਨੇ ‘ਸੱਤਿਆਗ੍ਰਹਿ’ ਕਰ ਕੇ ਰਮਨ ਨੂੰ ਦਾਖ਼ਲਾ ਦੇਣ ਲਈ ਮਨਾ ਲਿਆ ਪਰ ਕੁਝ ਸ਼ਰਤਾਂ ਨਾਲ ਜਿਨ੍ਹਾਂ ਵਿੱਚੋਂ ਇਕ ਸੀ ਕਿ ਉਹ ਆਪਣੇ ਮਰਦ ਸਾਥੀਆਂ ਲਈ ‘ਧਿਆਨ ਭਟਕਾਊ’ ਬਣ ਕੇ ਮਾਹੌਲ ਨੂੰ ਖ਼ਰਾਬ ਨਹੀਂ ਕਰੇਗੀ। ਕਮਲਾ ਨੇ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਦੇ ਸੁਝਾਅ ’ਤੇ ‘ਨੀਰਾ’ (ਪਾਮ ਦੇ ਫੁੱਲਾਂ ’ਚੋਂ ਕੱਢਿਆ ਗਿਆ ਰਸ) ’ਤੇ ਕੰਮ ਸ਼ੁਰੂ ਕੀਤਾ। ਕਬਾਇਲੀ ਭਾਈਚਾਰਿਆਂ ਦੇ ਕੁਪੋਸ਼ਿਤ ਬੱਚਿਆਂ ਅਤੇ ਗਰਭਵਤੀਆਂ ਦੇ ਭੋਜਨ ਵਿਚ ਨੀਰਾ ਨੂੰ ਇਕ ਸਸਤੇ ਖ਼ੁਰਾਕ ਪੂਰਕ ਵਜੋਂ ਸ਼ਾਮਲ ਕਰਨ ਨਾਲ ਉਨ੍ਹਾਂ ਦੀ ਸਿਹਤ ਵਿਚ ਮਹੱਤਵਪੂਰਨ ਸੁਧਾਰ ਹੋਇਆ ਹੈ।
ਅਸੀਮਾ ਚੈਟਰਜੀ ਜੈਵਿਕ-ਰਸਾਇਣ ਵਿਗਿਆਨੀ ਸਨ ਜਿਨ੍ਹਾਂ ਨੂੰ ਜੈਵਿਕ-ਰਸਾਇਣ ਵਿਗਿਆਨ ਅਤੇ ਫਾਈਟੋਮੈਡੀਸਨ ਦੇ ਖੇਤਰਾਂ ਵਿਚ ਆਪਣੇ ਕੰਮ ਲਈ ਜਾਣਿਆ ਜਾਂਦਾ ਸੀ। ਉਹ ਕਿਸੇ ਭਾਰਤੀ ਯੂਨੀਵਰਸਿਟੀ ਤੋਂ ਡਾਕਟਰੇਟ ਆਫ ਸਾਇੰਸ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਸੀ। ਸੰਨ 1967 ਵਿਚ ਉਨ੍ਹਾਂ ਨੇ 4 ਮਹੀਨਿਆਂ ਦੇ ਅੰਦਰ ਹੀ ਆਪਣੇ ਪਿਤਾ ਅਤੇ ਪਤੀ ਨੂੰ ਗੁਆ ਦਿੱਤਾ ਪਰ ਉਹ ਕੁਝ ਮਹੀਨਿਆਂ ਬਾਅਦ ਫਿਰ ਆਪਣੇ ਕੰਮ ਵਿਚ ਜੁਟ ਗਈ। ਉਨ੍ਹਾਂ ਨੇ ਐਂਟੀ-ਐਪੀਲੇਪਟਿਕ ਦਵਾਈ-‘ਆਯੂਸ਼-56’ ਦੀ ਖੋਜ ਕੀਤੀ। ਚੈਟਰਜੀ ਨੇ ਆਪਣੀ ਟੀਮ ਨਾਲ ਮਲੇਰੀਆ ਰੋਕੂ ਦਵਾਈਆਂ ਵਿਕਸਤ ਕੀਤੀਆਂ। ਉਨ੍ਹਾਂ ਨੇ ਐਲਕਾਲਾਇਡਜ਼ ਦਾ ਅਧਿਐਨ ਕੀਤਾ ਜੋ ਕੈਂਸਰ ਦੇ ਮਰੀਜ਼ਾਂ ਲਈ ਕੀਮੋਥੈਰੇਪੀ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਵਰਤੇ ਜਾਂਦੇ ਹਨ। ਅਸੀਮਾ ਚੈਟਰਜੀ ਨੂੰ ਪਦਮ ਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਾਜ ਸਭਾ ਮੈਂਬਰ ਵਜੋਂ ਵੀ ਨਾਮਜ਼ਦ ਕੀਤਾ ਗਿਆ ਸੀ।
ਜਾਨਕੀ ਅੰਮਲ ਭਾਰਤ ਦੀ ਪਹਿਲੀ ਬਨਸਪਤੀ ਵਿਗਿਆਨੀ ਸੀ। ਉਨ੍ਹਾਂ ਦਾ ਜਨਮ 4 ਨਵੰਬਰ 1897 ਨੂੰ ਕੇਰਲਾ ਦੇ ਥੈਲਸੇਰੀ ਵਿਖੇ ਹੋਇਆ ਸੀ। ਉਨ੍ਹਾਂ ਨੇ ਪੌਦਿਆਂ ਦੇ ਪ੍ਰਜਣਨ, ਸਾਈਟੋਜੈਨੇਟਿਕਸ ਅਤੇ ਫਾਈਟੋਜੀਓਗ੍ਰਾਫੀ ’ਤੇ ਕੰਮ ਕੀਤਾ। ਕੋਇੰਬਟੂਰ ਦੇ ਸ਼ੂਗਰਕੇਨ ਬ੍ਰੀਡਿੰਗ ਇੰਸਟੀਚਿਊਟ ਵਿਚ ਉਨ੍ਹਾਂ ਨੂੰ ਪੱਛੜੀ ਸ਼੍ਰੇਣੀ ਨਾਲ ਸਬੰਧਤ ਹੋਣ ਕਾਰਨ ਅਤੇ ਅਣ-ਵਿਆਹੀ ਹੋਣ ਕਾਰਨ ਆਪਣੇ ਸਹਿਕਰਮੀਆਂ ਦਾ ਭੇਦ-ਭਾਵ ਸਹਿਣਾ ਪਿਆ। ਸੰਨ 1946 ਵਿੱਚ ਜਾਨਕੀ ਅੰਮਲ ਰੋਇਲ ਹੋਰਟੀਕਲਚਰ ਸੁਸਾਇਟੀ ਦੀ ਪਹਿਲੀ ਮਹਿਲਾ ਵਿਗਿਆਨੀ ਬਣ ਗਏ। ਉਨ੍ਹਾਂ ਨੂੰ 1977 ਵਿਚ ਪਦਮ ਸ੍ਰੀ ਨਾਲ ਸਨਮਾਨਤ ਕੀਤਾ ਗਿਆ। ਟੇਸੀ ਥਾਮਸ, ਜਿਹਨਾਂ ਨੂੰ ‘ਮਿਜ਼ਾਈਲ ਵੂਮੈਨ’ ਵੀ ਕਿਹਾ ਜਾਂਦਾ ਹੈ, ਕਿਸੇ ਮਿਜ਼ਾਈਲ ਪ੍ਰਾਜੈਕਟ ਦੀ ਅਗਵਾਈ ਕਰਨ ਵਾਲੀ ਪਹਿਲੀ ਮਹਿਲਾ ਵਿਗਿਆਨੀ ਵੀ ਹੈ। ਥਾਮਸ ਅਗਨੀ-III ਮਿਜ਼ਾਈਲ ਪ੍ਰਾਜੈਕਟ ਦੀ ਐਸੋਸੀਏਟ ਪ੍ਰੋਜੈਕਟ ਡਾਇਰੈਕਟਰ ਅਤੇ ਮਿਸ਼ਨ ਅਗਨੀ IV ਲਈ ਪ੍ਰਾਜੈਕਟ ਡਾਇਰੈਕਟਰ ਸੀ। ਰਿਤੂ ਕਰਿਧਲ ਅਤੇ ਮੁਥੈਯਾ ਵਨੀਤਾ ਨੂੰ ‘ਰਾਕੇਟ ਵੂਮੈੱਨ’ ਵੀ ਕਿਹਾ ਜਾਂਦਾ ਹੈ। ਰਿਤੂ ਕਰਿਧਲ ਭਾਰਤ ਦੇ ਮੰਗਲ ਗ੍ਰਹਿ ਮਿਸ਼ਨ, ਮੰਗਲਯਾਨ ਦੀ ਡਿਪਟੀ ਆਪ੍ਰੇਸ਼ਨ ਡਾਇਰੈਕਟਰ ਸੀ ਅਤੇ ਮੁਥੈਯਾ ਵਨੀਤਾ ਇਸਰੋ ਦੇ ਚੰਦਰਯਾਨ-2 ਚੰਦਰ ਮਿਸ਼ਨ ਦੀ ਪ੍ਰਾਜੈਕਟ ਡਾਇਰੈਕਟਰ ਸੀ।
ਕਲਪਨਾ ਚਾਵਲਾ ਭਾਰਤੀ-ਅਮਰੀਕੀ ਪੁਲਾੜ ਯਾਤਰੀ ਅਤੇ ਏਅਰੋਸਪੇਸ ਇੰਜੀਨੀਅਰ ਸੀ ਜੋ ਪੁਲਾੜ ਵਿਚ ਉਡਾਣ ਭਰਨ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਸਾਲ 1997 ਵਿਚ ਉਨ੍ਹਾਂ ਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ ਵਿਚ ਉਡਾਣ ਭਰੀ ਸੀ। ਆਪਣੀ ਦੂਜੀ ਪੁਲਾੜ ਯਾਤਰਾ ਦੀ ਵਾਪਸੀ ਸਮੇਂ 1 ਫਰਵਰੀ 2003 ਨੂੰ ਕਲਪਨਾ ਚਾਵਲਾ ਦੇ ਸਪੇਸ ਸ਼ਟਲ ਵਿਚ ਲੈਂਡਿੰਗ ਤੋਂ ਕੁਝ ਮਿੰਟ ਪਹਿਲਾਂ ਹੀ ਵਿਸਫੋਟ ਹੋ ਗਿਆ ਸੀ। ਇਸ ਹਾਦਸੇ ਵਿਚ ਕਲਪਨਾ ਸਮੇਤ 7 ਪੁਲਾੜ ਯਾਤਰੀਆਂ ਦੀ ਮੌਤ ਹੋ ਗਈ। ਇਹ ਉਤਸ਼ਾਹਜਨਕ ਹੈ ਕਿ ਔਰਤਾਂ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰ ਰਹੀਆਂ ਹਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੱਤੀ ਜਾ ਰਹੀ ਹੈ। ਔਰਤਾਂ ਨੂੰ ਸ਼ਸਕਤ ਬਣਾਉਣ, ਉਨ੍ਹਾਂ ਨੂੰ ਦਰਪੇਸ਼ ਚੁਣੌਤੀਆਂ ਦਾ ਹੱਲ ਕਰਨ ਅਤੇ ਹੋਰ ਜ਼ਿਆਦਾ ਤਰੱਕੀ ਕਰਨ ਦੇ ਮੌਕੇ ਦੇਣੇ ਜਾਰੀ ਰੱਖਣੇ ਚਾਹੀਦੇ ਹਨ।
-(ਸਾਇੰਸ ਮਿਸਟ੍ਰੈੱਸ, ਰਾਣੀਮਾਜਰਾ (ਡੇਰਾਬੱਸੀ)।
-ਮੋਬਾਈਲ : 94637-10096