- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹ ਆਪਣੇ ਨਾਲ-ਨਾਲ ਅਮਰੀਕਾ ਦੀ ਵੀ ਫਜ਼ੀਹਤ ਕਰਵਾ ਰਹੇ ਹਨ। ਜੇ ਉਹ ਇਹ ਸਮਝ ਰਹੇ ਹਨ ਕਿ ਉਨ੍ਹਾਂ ਦੇ ਵਤੀਰੇ ਕਾਰਨ ਉਨ੍ਹਾਂ ਦਾ ਜਾਂ ਅਮਰੀਕਾ ਦਾ ਅਕਸ ਵਧ ਰਿਹਾ ਹੈ ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ। ਅਮਰੀਕਾ ਸਿਰਫ਼ ਆਪਣੀ ਸਾਖ਼ ਹੀ ਨਹੀਂ ਗੁਆ ਰਿਹਾ ਹੈ ਸਗੋਂ ਇਕ ਅਜਿਹੇ ਗ਼ੈਰ-ਜ਼ਿੰਮੇਵਾਰ ਰਾਸ਼ਟਰ ਦੇ ਤੌਰ ’ਤੇ ਵੀ ਉੱਭਰ ਰਿਹਾ ਹੈ ਜੋ ਵਿਸ਼ਵ-ਵਿਵਸਥਾ ਨੂੰ ਤਹਿਸ-ਨਹਿਸ ਕਰ ਕੇ ਅਰਾਜਕਤਾ ਵੱਲ ਧੱਕ ਰਿਹਾ ਹੈ।

ਵੈਨੇਜ਼ੁਏਲਾ ’ਤੇ ਹਮਲਾ ਕਰ ਕੇ ਉੱਥੋਂ ਦੇ ਰਾਸ਼ਟਰਪਤੀ ਨੂੰ ਅਗਵਾ ਕਰਵਾਉਣ ਅਤੇ ਈਰਾਨ ਸਮੇਤ ਹੋਰ ਦੱਖਣੀ ਅਮਰੀਕੀ ਮੁਲਕਾਂ ਨੂੰ ਧਮਕਾਉਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਸ ਤਰ੍ਹਾਂ ਰੂਸ ਤੋਂ ਤੇਲ ਖ਼ਰੀਦਣ ਦੇ ਮਾਮਲੇ ਵਿਚ ਭਾਰਤ ’ਤੇ ਟੈਰਿਫ ਵਧਾਉਣ ਦੀ ਚੇਤਾਵਨੀ ਦਿੱਤੀ, ਉਹ ਉਨ੍ਹਾਂ ਦੇ ਵਧਦੇ ਹੰਕਾਰ ਦਾ ਨਵਾਂ ਸਬੂਤ ਹੈ। ਉਨ੍ਹਾਂ ਨੇ ਜਿਸ ਤਰ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਬਹੁਤ ਚੰਗੇ ਹਨ ਪਰ ਉਹ ਜਾਣਦੇ ਹਨ ਕਿ ਰੂਸ ਤੋਂ ਤੇਲ ਖ਼ਰੀਦਣ ਕਾਰਨ ਮੈਂ ਉਨ੍ਹਾਂ ਤੋਂ ਖ਼ੁਸ਼ ਨਹੀਂ ਅਤੇ ਮੈਨੂੰ ਖ਼ੁਸ਼ ਕਰਨਾ ਜ਼ਰੂਰੀ ਹੈ, ਉਸ ਤੋਂ ਉਨ੍ਹਾਂ ਦੀ ਤਾਨਾਸ਼ਾਹੀ ਵਾਲੀ ਮਾਨਸਿਕਤਾ ਹੀ ਪ੍ਰਗਟ ਹੁੰਦੀ ਹੈ।
ਉਹ ਨਾ ਸਿਰਫ਼ ਪੂਰੀ ਤਰ੍ਹਾਂ ਬੇਲਗਾਮ ਦਿਸ ਰਹੇ ਹਨ ਬਲਕਿ ਕੌਮਾਂਤਰੀ ਕੂਟਨੀਤਕ ਸ਼ਿਸ਼ਟਾਚਾਰ ਦੀਆਂ ਵੀ ਧੱਜੀਆਂ ਉਡਾ ਰਹੇ ਹਨ। ਉਹ ਇੰਜ ਵਿਵਹਾਰ ਕਰ ਰਹੇ ਹਨ ਜਿਵੇਂ ਦੁਨੀਆ ਦੇ ਥਾਣੇਦਾਰ ਹੋਣ ਜਾਂ ਫਿਰ ਉਨ੍ਹਾਂ ਨੂੰ ਵਿਸ਼ਵ ਨੂੰ ਆਪਣੇ ਮੁਤਾਬਕ ਚਲਾਉਣ ਦਾ ਲੋਕ ਫ਼ਤਵਾ ਮਿਲਿਆ ਹੋਇਆ ਹੈ।
ਉਹ ਆਪਣੇ ਨਾਲ-ਨਾਲ ਅਮਰੀਕਾ ਦੀ ਵੀ ਫਜ਼ੀਹਤ ਕਰਵਾ ਰਹੇ ਹਨ। ਜੇ ਉਹ ਇਹ ਸਮਝ ਰਹੇ ਹਨ ਕਿ ਉਨ੍ਹਾਂ ਦੇ ਵਤੀਰੇ ਕਾਰਨ ਉਨ੍ਹਾਂ ਦਾ ਜਾਂ ਅਮਰੀਕਾ ਦਾ ਅਕਸ ਵਧ ਰਿਹਾ ਹੈ ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ। ਅਮਰੀਕਾ ਸਿਰਫ਼ ਆਪਣੀ ਸਾਖ਼ ਹੀ ਨਹੀਂ ਗੁਆ ਰਿਹਾ ਹੈ ਸਗੋਂ ਇਕ ਅਜਿਹੇ ਗ਼ੈਰ-ਜ਼ਿੰਮੇਵਾਰ ਰਾਸ਼ਟਰ ਦੇ ਤੌਰ ’ਤੇ ਵੀ ਉੱਭਰ ਰਿਹਾ ਹੈ ਜੋ ਵਿਸ਼ਵ-ਵਿਵਸਥਾ ਨੂੰ ਤਹਿਸ-ਨਹਿਸ ਕਰ ਕੇ ਅਰਾਜਕਤਾ ਵੱਲ ਧੱਕ ਰਿਹਾ ਹੈ।
ਇਸ ਦੇ ਮਾੜੇ ਨਤੀਜੇ ਅਮਰੀਕਾ ਨੂੰ ਵੀ ਭੁਗਤਣੇ ਪੈਣਗੇ ਕਿਉਂਕਿ ਵਿਸ਼ਵ ਦੇ ਤਮਾਮ ਦੇਸ਼ ਟਰੰਪ ਤੋਂ ਤੰਗ ਆ ਚੁੱਕੇ ਹਨ ਅਤੇ ਇਹ ਇਕ ਤੱਥ ਹੈ ਕਿ ਅੱਜ ਅਮਰੀਕਾ ਓਨਾ ਮਜ਼ਬੂਤ ਨਹੀਂ ਜਿੰਨਾ ਪਹਿਲਾਂ ਹੋਇਆ ਕਰਦਾ ਸੀ। ਟਰੰਪ ਆਪਣੇ ਹੰਕਾਰ ਦੀ ਪੂਰਤੀ ਲਈ ਜਿਸ ਤਰ੍ਹਾਂ ਆਪਣੇ ਦੋਸਤ ਮੁਲਕਾਂ ਨਾਲ ਵੀ ਵੈਰ ਮੁੱਲ ਲੈ ਰਹੇ ਹਨ, ਉਹ ਉਨ੍ਹਾਂ ਨੂੰ ਮਹਿੰਗਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਦਾ ਆਪਹੁਦਰਾਪਣ ਹੋਰ ਮੁਲਕਾਂ ਨੂੰ ਅਮਰੀਕਾ ਵਿਰੁੱਧ ਇਕਜੁੱਟ ਹੋਣ ਵਾਸਤੇ ਮਜਬੂਰ ਕਰ ਰਿਹਾ ਹੈ।
ਇਹ ਬਹੁਤ ਦਿਨਾਂ ਤੱਕ ਸੰਭਵ ਨਹੀਂ ਕਿ ਟਰੰਪ ਦੀ ਅਗਵਾਈ ਵਿਚ ਅਮਰੀਕਾ ਤਾਂ ਮਨਮਾਨੀ ਕਰੇ ਅਤੇ ਵਿਸ਼ਵ ਤੋਂ ਨਿਯਮਾਂ-ਕਾਨੂੰਨਾਂ ਦੇ ਹਿਸਾਬ ਨਾਲ ਚੱਲਣ ਦੀ ਉਮੀਦ ਰੱਖੇ। ਉਹ ਜਿਸ ਤਰ੍ਹਾਂ ਅਸਥਿਰਤਾ ਫੈਲਾਈ ਜਾ ਰਹੇ ਹਨ, ਉਸ ਨਾਲ ਵਿਸ਼ਵ ਸ਼ਾਂਤੀ ਹੀ ਨਹੀਂ, ਅਰਥਚਾਰਾ ਵੀ ਖ਼ਤਰੇ ਵਿਚ ਪੈ ਰਿਹਾ ਹੈ।
ਟਰੰਪ ਨੇ ਭਾਰਤ ’ਤੇ ਪਹਿਲਾਂ ਹੀ 50 ਪ੍ਰਤੀਸ਼ਤ ਟੈਰਿਫ ਥੋਪ ਰੱਖਿਆ ਹੈ। ਇਸ ਵਿਚ 25% ਵਪਾਰ ਸਮਝੌਤਾ ਨਾ ਹੋ ਸਕਣ ਅਤੇ 25 ਫ਼ੀਸਦੀ ਰੂਸ ਤੋਂ ਤੇਲ ਖ਼ਰੀਦਣ ਕਾਰਨ ਹੈ। ਜੇ ਉਹ ਹੋਰ ਟੈਰਿਫ ਵਧਾਉਂਦੇ ਹਨ ਤਾਂ ਇਹ ਇਕ ਤਰ੍ਹਾਂ ਨਾਲ ਭਾਰਤ ’ਤੇ ਪਾਬੰਦੀ ਲਗਾਉਣ ਵਾਂਗ ਹੋਵੇਗਾ। ਇਹ ਠੀਕ ਹੈ ਕਿ ਭਾਰਤ ਨੂੰ ਅਮਰੀਕੀ ਸਹਿਯੋਗ ਦੀ ਜ਼ਰੂਰਤ ਹੈ ਪਰ ਉਸ ਨੂੰ ਉਸ ਦੇ ਗ਼ੈਰ-ਵਾਜਿਬ ਦਬਾਅ ਦਾ ਵਿਰੋਧ ਕਰਨਾ ਹੋਵੇਗਾ।
ਹਕੀਕਤ ਇਹ ਹੈ ਕਿ ਅਮਰੀਕਾ ਨੂੰ ਵੀ ਭਾਰਤ ਦੀ ਜ਼ਰੂਰਤ ਹੈ। ਇਸੇ ਲਈ ਉਹ ਉਸ ਨਾਲ ਵਪਾਰ ਸਮਝੌਤਾ ਕਰਨਾ ਚਾਹੁੰਦੇ ਹਨ। ਭਾਰਤ ਨੂੰ ਟਰੰਪ ਦੀਆਂ ਸ਼ਰਤਾਂ ’ਤੇ ਵਪਾਰ ਸਮਝੌਤਾ ਕਰਨ ਤੋਂ ਬਚਣਾ ਹੋਵੇਗਾ। ਉਸ ਨੂੰ ਇਹ ਵੀ ਅਹਿਸਾਸ ਹੋ ਜਾਣਾ ਚਾਹੀਦਾ ਹੈ ਕਿ ਟਰੰਪ ਦੇ ਮੌਜੂਦਾ ਰੌਂਅ ਕਾਰਨ ਅਮਰੀਕਾ ਨਾਲ ਵਪਾਰ ਸਮਝੌਤਾ ਹੋਣ ਵਿਚ ਹੋਰ ਦੇਰੀ ਹੋ ਸਕਦੀ ਹੈ। ਭਾਰਤ ਨੂੰ ਟਰੰਪ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਜਵਾਬ ਦੇਣ ਦੀ ਜ਼ਰੂਰਤ ਨਹੀਂ ਪਰ ਇਹ ਸਪਸ਼ਟ ਕਰਨ ਤੋਂ ਹਰਗਿਜ਼ ਝਿਜਕਣਾ ਨਹੀਂ ਚਾਹੀਦਾ ਕਿ ਉਹ ਉਨ੍ਹਾਂ ਦੇ ਬੇਲਗਾਮ ਵਿਵਹਾਰ ਅੱਗੇ ਝੁਕਣ ਵਾਲਾ ਨਹੀਂ।