ਈਰਾਨ ’ਤੇ ਹਮਲਾ ਕੌਮਾਂਤਰੀ ਨਿਯਮਾਂ ਦੀ ਉਲੰਘਣਾ ਹੀ ਹੈ ਕਿਉਂਕਿ ਨਾ ਤਾਂ ਸੰਯੁਕਤ ਰਾਸ਼ਟਰ ਨੇ ਇਸ ਦੀ ਆਗਿਆ ਦਿੱਤੀ ਅਤੇ ਨਾ ਹੀ ਸਵੈ-ਰੱਖਿਆ ਲਈ ਇਸ ਦੀ ਕੋਈ ਜ਼ਰੂਰਤ ਸੀ।

ਫ਼ਰਜ਼ ਕਰੋ ਕਿ ਈਰਾਨ ਆਪਣੇ ਏਜੰਟਾਂ ਨੂੰ ਮੈਕਸੀਕੋ ਵਿਚ ਉਤਾਰ ਦੇਵੇ ਅਤੇ ਉੱਥੇ ਉਹ ਟੈਕਸਾਸ ਦੀ ਸਰਹੱਦ ਤੋਂ ਅਮਰੀਕੀ ਫ਼ੌਜੀ ਟਿਕਾਣਿਆਂ ’ਤੇ ਇਕ ਮਿਜ਼ਾਈਲ ਦਾਗ ਦੇਣ। ਭਾਵੇਂ ਹੀ ਉਨ੍ਹਾਂ ਦੀ ਅਜਿਹੀ ਕੋਈ ਮਨਸ਼ਾ ਨਾ ਹੋਵੇ, ਪਰ ਇਸ ਦੌਰਾਨ ਲਾਪਰਵਾਹੀ ਕਾਰਨ ਅਜਿਹੇ ਹਮਲੇ ਵਿਚ ਕੋਈ ਅਮਰੀਕੀ ਸਕੂਲ ਨੇਸਤੋਨਾਬੂਦ ਹੋ ਜਾਵੇ ਜਿਸ ਵਿਚ 175 ਜਾਨਾਂ ਗੁਆਉਣੀਆਂ ਪੈ ਜਾਣ। ਇਸ ਤੋਂ ਬਾਅਦ ਉਹ ਤੇਲ ਦੇ ਡੀਪੂ ਨੂੰ ਸਾੜਨ ਲੱਗ ਜਾਣ ਅਤੇ ਲੋਕਾਂ ਨੂੰ ਰਸਾਇਣਕ ਬਾਰਿਸ਼ ਦਾ ਸ਼ਿਕਾਰ ਬਣਾਉਣ। ਅਜਿਹੇ ਹਾਲਾਤ ਵਿਚ ਸਕੂਲ, ਕਲੀਨਿਕ ਅਤੇ ਆਮ ਜਨਜੀਵਨ ਠੱਪ ਹੋ ਜਾਵੇ ਅਤੇ ਫਿਰ ਵੀ ਈਰਾਨੀ ਆਗੂ ਧਮਕਾਉਣ ਕਿ ਅਮਰੀਕਾ ਨੂੰ ਇਸ ਹੱਦ ਤੱਕ ਤਬਾਹ ਕਰ ਦੇਣਗੇ ਕਿ ਉਹ ਕਦੇ ਫਿਰ ਤੋਂ ਉੱਠ ਖੜ੍ਹਾ ਨਾ ਹੋ ਸਕੇ। ਨਿਸ਼ਚਿਤ ਤੌਰ ’ਤੇ ਅਜਿਹੀ ਸਥਿਤੀ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ-ਨਾਲ ਅਸੀਂ ਸਾਰੇ ਲੋਕ ਬੇਗੁਨਾਹ ਨਾਗਰਿਕਾਂ ’ਤੇ ਹੋਏ ਇਸ ਨਫ਼ਰਤੀ ਹਮਲੇ ਨੂੰ ਲੈ ਕੇ ਆਪਣਾ ਗੁੱਸਾ ਪ੍ਰਗਟ ਕਰਾਂਗੇ ਅਤੇ ਅਜਿਹਾ ਕਰਨਾ ਬਿਲਕੁਲ ਸਹੀ ਵੀ ਹੋਵੇਗਾ।
ਯੁੱਧ ਦਾ ਮੁਹਾਂਦਰਾ ਹਮੇਸ਼ਾ ਦੁਖਦਾਈ ਹੁੰਦਾ ਹੈ। ਦੂਜੇ ਵਿਸ਼ਵ ਯੁੱਧ ਦੌਰਾਨ ਇਸ ਤ੍ਰਾਸਦੀ ਨੇ ਹੋਰ ਵਿਕਰਾਲ ਰੂਪ ਲੈ ਲਿਆ ਸੀ। ਉਸ ਸਮੇਂ ਅਮਰੀਕਾ ਨੇ ਆਪਣੀਆਂ ਮਾਰੂ ਸਮਰੱਥਾਵਾਂ ਨੂੰ ਦਰਸਾਇਆ ਕਿ ਕਿਵੇਂ ਕੁਝ ਹੀ ਘੰਟਿਆਂ ਵਿਚ ਉਹ ਲੱਖਾਂ ਲੋਕਾਂ ਨੂੰ ਮੌਤ ਦੇ ਮੂੰਹ ਵਿਚ ਧੱਕ ਸਕਦਾ ਹੈ। ਜੰਗ ਤੋਂ ਬਾਅਦ ਆਪਣੇ ਦਾਮਨ ’ਤੇ ਪਏ ਛਿੱਟਿਆਂ ਨੂੰ ਸਾਫ਼ ਕਰਨ ਦੀ ਮਨਸ਼ਾ ਨਾਲ ਆਤਮ-ਮੰਥਨ ਕਰਦੇ ਹੋਏ ਅਮਰੀਕਾ ਨੇ ਅਜਿਹੀਆਂ ਆਲਮੀ ਕੋਸ਼ਿਸ਼ਾਂ ਨੂੰ ਲੈ ਕੇ ਪਹਿਲ ਕੀਤੀ ਜਿਸ ਵਿਚ ਯੁੱਧ ਦੀ ਭਿਆਨਕਤਾ ਨਾ ਵਧੇ ਅਤੇ ਖ਼ਾਸ ਕਰਕੇ ਆਮ ਨਾਗਰਿਕਾਂ ਨੂੰ ਨੁਕਸਾਨ ਨਾ ਪਹੁੰਚੇ। ਉਸ ਸਮੇਂ ਜੈਨੇਵਾ ਕਨਵੈਂਸ਼ਨ ਵਰਗੇ ਪ੍ਰੋਟੋਕਾਲਾਂ ਤੋਂ ਇਲਾਵਾ ਹੋਰ ਕਈ ਉਪਾਅ ਕੀਤੇ ਗਏ ਕਿ ਯੁੱਧ ਦੌਰਾਨ ਪੀਣ ਵਾਲੇ ਪਾਣੀ ਦੇ ਸਰੋਤਾਂ ਵਰਗੇ ਢਾਂਚਿਆਂ ਨੂੰ ਹਰਗਿਜ਼ ਨਿਸ਼ਾਨਾ ਨਾ ਬਣਾਇਆ ਜਾਵੇ ਤਾਂ ਜੋ ਨਾਗਰਿਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਨਾ ਹੋਵੇ। ਹਾਲਾਂਕਿ, ਸੱਭਿਅਤਾ ਅਤੇ ਮਨੁੱਖਤਾ ਨੂੰ ਪੋਸ਼ਣ ਦੇਣ ਵਾਲੀ ਅਜਿਹੀ ਪਰੰਪਰਾ ਵੀ ਹਾਲੀਆ ਸਾਲਾਂ ਵਿਚ ਕਈ ਵਾਰ ਤਾਰ-ਤਾਰ ਹੋਈ ਹੈ। ਯੂਕਰੇਨ ’ਤੇ ਹਮਲੇ ਤੋਂ ਬਾਅਦ ਰੂਸ ਨੇ ਨਾਗਰਿਕਾਂ ਲਈ ਬਿਜਲੀ ਦੀ ਸਪਲਾਈ ਤੱਕ ਕੱਟ ਦਿੱਤੀ। ਇਸ ਨਾਲ ਹੱਡ ਕੰਬਾਉਣ ਵਾਲੀਆਂ ਸਰਦੀਆਂ ਯੂਕਰੇਨ ਦੇ ਲੋਕਾਂ ਲਈ ਹੋਰ ਵੀ ਬੇਰਹਿਮ ਸਾਬਿਤ ਹੋ ਗਈਆਂ।
ਸੰਯੁਕਤ ਰਾਸ਼ਟਰ ਸੰਘ ਮੁਤਾਬਕ ਇਜ਼ਰਾਈਲ ਨੇ ਗਾਜ਼ਾ ਵਿਚ ਫਲਸਤੀਨ ਦੇ ਲੋਕਾਂ ਨੂੰ ਦਾਣੇ-ਦਾਣੇ ਲਈ ਤਰਸਾ ਦਿੱਤਾ। ਉਸ ਨੇ ਸਿਹਤ ਕੇਂਦਰਾਂ ਤੋਂ ਲੈ ਕੇ ਵਿੱਦਿਅਕ ਸੰਸਥਾਵਾਂ ’ਤੇ ਭਿਆਨਕ ਬੰਬਾਰੀ ਕੀਤੀ ਅਤੇ ਬੱਚਿਆਂ ਨੂੰ ਵੀ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕੀਤਾ। ਸੰਯੁਕਤ ਅਰਬ ਅਮੀਰਾਤ ਨੇ ਸੂਡਾਨ ਵਿਚ ਅਜਿਹੀ ਮਿਲੀਸ਼ੀਆ ਨੂੰ ਸ਼ਹਿ ਦਿੱਤੀ ਜਿਸ ਨੇ ਸਮੂਹਿਕ ਜਬਰ-ਜਨਾਹਾਂ ਅਤੇ ਕਤਲੇਆਮ ਨੂੰ ਅੰਜਾਮ ਦਿੱਤਾ। ਉੱਥੇ ਪਹਿਲਾਂ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ’ਤੇ ਆਫ਼ਤ ਦੀ ਇਕ ਨਵੀਂ ਬਾਰਿਸ਼ ਆ ਗਈ।
ਜਿੱਥੇ ਤੱਕ ਗਾਜ਼ਾ ਦੀ ਗੱਲ ਹੈ ਤਾਂ ਉੱਥੇ ਅਮਰੀਕਾ ਦੁਆਰਾ ਸਪਲਾਈ ਕੀਤੇ ਜਾ ਰਹੇ ਹਥਿਆਰਾਂ ਨਾਲ ਹੀ ਤਬਾਹੀ ਮਚਾਈ ਗਈ ਅਤੇ ਵਾਸ਼ਿੰਗਟਨ ਨੇ ਆਪਣੇ ਸਹਿਯੋਗੀ ਦੀ ਨਿੰਦਾ ਕਰਨ ਤੋਂ ਵੀ ਗੁਰੇਜ਼ ਹੀ ਕੀਤਾ। ਇਸ ਦੇ ਬਾਵਜੂਦ, ਉਸ ਨੇ ਅੱਧੇ-ਅਧੂਰੇ ਮਨ ਨਾਲ ਹੀ ਸਹੀ, ਪਰ ਉੱਥੇ ਯੁੱਧ ਦੌਰਾਨ ਵੀ ਆਮ ਤੌਰ-ਤਰੀਕਿਆਂ ਨੂੰ ਕਾਇਮ ਰੱਖਣ ਦੀ ਵਕਾਲਤ ਜਾਰੀ ਰੱਖੀ। ਜਦਕਿ ਈਰਾਨ ਦੇ ਮਾਮਲੇ ਵਿਚ ਮੈਨੂੰ ਇਸ ਗੱਲ ਦਾ ਡਰ ਹੈ ਕਿ ਉਹ ਆਪਣੇ ਇਸ ਰੁਖ਼ ਤੋਂ ਵੀ ਪਲਟ ਜਾਵੇ ਤਾਂ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ। ਇਸ ਯੁੱਧ ਵਿਚ ਉਨ੍ਹਾਂ ਕਦਰਾਂ-ਕੀਮਤਾਂ ਨੂੰ ਛਿੱਕੇ ਟੰਗਿਆ ਜਾ ਸਕਦਾ ਹੈ ਜਿਨ੍ਹਾਂ ਨਾਲ ਸਾਰੇ ਸੱਭਿਅਕ ਦੇਸ਼ ਆਪਣੇ-ਆਪ ਨੂੰ ਬੱਝੇ ਹੋਏ ਮਹਿਸੂਸ ਕਰਦੇ ਸਨ। ਉਹ ਕਦਰਾਂ-ਕੀਮਤਾਂ ਜੋ ਸਾਡੀ ਸਾਂਝੀ ਮਾਨਵਤਾ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਜ਼ਰੂਰੀ ਸਮਝੀਆਂ ਗਈਆਂ ਹਨ। ਈਰਾਨ ’ਤੇ ਹਮਲਾ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਹੀ ਪ੍ਰਤੀਤ ਹੁੰਦਾ ਹੈ ਕਿਉਂਕਿ ਨਾ ਤਾਂ ਸੰਯੁਕਤ ਰਾਸ਼ਟਰ ਨੇ ਇਸ ਦੀ ਆਗਿਆ ਦਿੱਤੀ ਹੈ ਅਤੇ ਨਾ ਹੀ ਆਤਮ-ਰੱਖਿਆ ਲਈ ਇਸ ਦੀ ਕੋਈ ਲੋੜ ਸੀ। ਈਰਾਨ ਦਾ ਦੋਸ਼ ਹੈ ਕਿ ਉਸ ਦੇ ਉਸ ਪਲਾਂਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ ਜਿਸ ਜ਼ਰੀਏ 30 ਪਿੰਡਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਹੁੰਦੀ ਸੀ। ਹਾਲਾਂਕਿ ਅਮਰੀਕਾ ਅਤੇ ਇਜ਼ਰਾਈਲ ਨੇ ਇਸ ਦੋਸ਼ ਨੂੰ ਖ਼ਾਰਜ ਕੀਤਾ ਹੈ। ਇਸ ਦੇ ਨਾਲ ਹੀ, ਈਰਾਨੀ ਰੈੱਡ ਕਰੈਸੈਂਟ ਸੁਸਾਇਟੀ ਦਾ ਇਹ ਵੀ ਕਹਿਣਾ ਹੈ ਕਿ ਦੇਸ਼ ਵਿਚ 14 ਮੈਡੀਕਲ ਕਾਲਜ, 65 ਸਕੂਲ ਅਤੇ 17,000 ਘਰ ਹਮਲਿਆਂ ਦੇ ਸ਼ਿਕਾਰ ਬਣੇ ਹਨ। ਮੌਜੂਦਾ ਮੁਹਾਂਦਰੇ ਨੂੰ ਲੈ ਕੇ ਯੂਨੀਸੈਫ ਦਾ ਕਹਿਣਾ ਹੈ ਕਿ ਵੱਖ-ਵੱਖ ਦੇਸ਼ਾਂ ਵਿਚ ਛਿੜੀ ਜੰਗ ਕਾਰਨ ਹੁਣ ਤੱਕ 1,100 ਤੋਂ ਵੱਧ ਬੱਚੇ ਮਾਰੇ ਜਾ ਚੁੱਕੇ ਹਨ। ਮੈਂ ਇਸ ਗੱਲ ਨੂੰ ਲੈ ਕੇ ਹੋਰ ਜ਼ਿਆਦਾ ਚਿੰਤਤ ਹਾਂ ਕਿ ਜੇ ਟਰੰਪ ਦੀ ਹਤਾਸ਼ਾ ਵਧਦੀ ਗਈ ਅਤੇ ਪਹਿਲਾਂ ਤੋਂ ਨਿਰਧਾਰਤ ਟੀਚਿਆਂ ’ਤੇ ਨਿਸ਼ਾਨੇ ਨਾਲ ਉਨ੍ਹਾਂ ਦੇ ਮਨਸੂਬੇ ਪੂਰੇ ਨਹੀਂ ਹੁੰਦੇ, ਤਾਂ ਉਹ ਫ਼ੌਜੀ ਟਿਕਾਣਿਆਂ ਦੇ ਨਾਲ-ਨਾਲ ਇਲੈਕਟ੍ਰਿਕ ਗ੍ਰਿਡਾਂ, ਹਾਈਵੇ ਅਤੇ ਪੁਲਾਂ ਵਰਗੀਆਂ ਨਾਗਰਿਕ ਸੁਵਿਧਾਵਾਂ ਨਾਲ ਜੁੜੇ ਢਾਂਚਿਆਂ ’ਤੇ ਵੀ ਹਮਲਾ ਕਰ ਸਕਦੇ ਹਨ ਤਾਂ ਜੋ ਈਰਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਜਾ ਸਕੇ। ਇਸ ਨਾਲ ਨਾਗਰਿਕਾਂ ਦੀਆਂ ਮੁਸ਼ਕਲਾਂ ਵਧਣਗੀਆਂ ਅਤੇ ਅਸੰਤੋਸ਼ ਭੜਕ ਸਕਦਾ ਹੈ। ਰਾਸ਼ਟਰਪਤੀ ਅਤੇ ਉਨ੍ਹਾਂ ਦੇ ਆਸ-ਪਾਸ ਜਮ੍ਹਾ ਜੁੰਡਲੀ ਨੇ ਅਜਿਹੇ ਇਰਾਦੇ ਜ਼ਾਹਰ ਵੀ ਕੀਤੇ ਹਨ। ਟਰੰਪ ਨੇ ਪ੍ਰੈੱਸ ਨੂੰ ਬਾਕਾਇਦਾ ਇਹ ਕਿਹਾ ਹੈ, ‘ਜੇ ਉਨ੍ਹਾਂ ਨੇ ਕੋਈ ਹਿਮਾਕਤ ਕੀਤੀ ਤਾਂ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਇਆ ਜਾਵੇਗਾ ਕਿ ਉਸ ਤੋਂ ਉੱਭਰਨ ਲਈ ਦੁਨੀਆ ਵਿਚ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਸਕੇਗਾ।’
ਪੂਰੀ ਦੁਨੀਆ ਇਹ ਦੇਖ ਰਹੀ ਹੈ। ਜਿੱਥੇ ਕੁਝ ਦੇਸ਼ਾਂ ਨੇ ਈਰਾਨ ’ਤੇ ਹਮਲੇ ਨੂੰ ਸਹੀ ਦੱਸਿਆ ਹੈ, ਉੱਥੇ ਹੀ ਇਸ ਦਾ ਵਿਰੋਧ ਕਰਨ ਵਾਲੇ ਵੀ ਘੱਟ ਨਹੀਂ ਹਨ। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਈਰਾਨ ’ਤੇ ਅਮਰੀਕੀ-ਇਜ਼ਰਾਇਲੀ ਹਮਲੇ ਨੂੰ ਬੇਪਰਵਾਹੀ ਨਾਲ ਭਰਿਆ ਅਤੇ ਗ਼ੈਰ-ਕਾਨੂੰਨੀ ਦੱਸਿਆ ਹੈ। ਸਵਿਸ ਰੱਖਿਆ ਮੰਤਰੀ ਨੇ ਕਿਹਾ ਕਿ ਅਮਰੀਕੀ ਹਮਲਾ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ। ਫਰਾਂਸ ਦੇ ਸਾਬਕਾ ਪ੍ਰਧਾਨ ਮੰਤਰੀ ਡੋਮੀਨਿਕ ਡੀ ਵਿਲੇਪਿਨ ਨੇ ਅਮਰੀਕੀ ਯੁੱਧ ਨੂੰ ‘ਗ਼ੈਰ-ਕਾਨੂੰਨੀ, ਅਨੈਤਿਕ, ਬੇਅਸਰ ਅਤੇ ਘਾਤਕ’ ਦੱਸਦੇ ਹੋਏ ਉਸ ’ਤੇ ਰੋਕ ਲਗਾਉਣ ਦੀ ਅਪੀਲ ਕੀਤੀ ਹੈ। ਕੁਝ ਲੋਕਾਂ ਦਾ ਤਾਂ ਇੱਥੋਂ ਤੱਕ ਮੰਨਣਾ ਹੈ ਕਿ ਟਰੰਪ ਅਮਰੀਕਾ ਨੂੰ ਦਿਸ਼ਾਹੀਣ ਅਤੇ ਅਰਾਜਕ ਦੇਸ਼ ਬਣਾਉਣ ’ਤੇ ਉਤਾਰੂ ਹਨ।
ਟਰੰਪ ਦੇ ਛੇੜੇ ਇਸ ਯੁੱਧ ਦਾ ਵਿਰੋਧ ਕਰਨ ਦੇ ਹੋਰ ਵੀ ਕਈ ਵਿਵਹਾਰਕ ਕਾਰਨ ਹਨ। ਇਸ ਨਾਲ ਈਰਾਨ ਦੀ ਮੁੱਲਾਸ਼ਾਹੀ ਦਾ ਆਧਾਰ ਢਹਿ-ਢੇਰੀ ਹੋਣ ਦੀ ਬਜਾਏ ਹੋਰ ਮਜ਼ਬੂਤ ਹੋ ਗਿਆ ਹੈ। ਮੋਜਤਬਾ ਖਾਮਨੇਈ ਦੀ ਤਾਜਪੋਸ਼ੀ ਦੇ ਰੂਪ ਵਿਚ ਅਸੀਂ ਇਕ ਅਜਿਹੇ ਆਗੂ ਨੂੰ ਸਥਾਪਤ ਕਰਨ ਦਾ ਮਾਧਿਅਮ ਬਣ ਗਏ ਜੋ ਆਪਣੇ ਪਿਤਾ ਦੀ ਤੁਲਨਾ ਵਿਚ ਕਾਫ਼ੀ ਵੱਧ ਕੱਟੜ ਹੈ। ਹੋਰਮੁਜ਼ ਜਲਮਾਰਗ ’ਚ ਅੜਿੱਕਾ ਪੈਣ ਨਾਲ ਤੇਲ-ਗੈਸ ਦੀ ਕੀਮਤਾਂ ਦੇ ਚੜ੍ਹਨ ਨਾਲ ਹੀ ਰਸਾਇਣਕ ਖਾਦਾਂ ਦੀ ਸਪਲਾਈ ’ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਹਨ। ਜਿੱਥੇ ਤੱਕ ਜਾਨ-ਮਾਲ ਦੇ ਨੁਕਸਾਨ ਦਾ ਸਵਾਲ ਹੈ ਤਾਂ ਯੁੱਧ ਤੋਂ ਬਾਅਦ ਅਮਰੀਕਾ ਅਤੇ ਈਰਾਨ, ਦੋਵੇਂ ਜਗ੍ਹਾ ਹਾਲਾਤ ਹੋਰ ਖ਼ਰਾਬ ਹੋਣ ਦੀ ਸੰਭਾਵਨਾ ਵਧ ਗਈ ਹੈ। ਇਸ ਯੁੱਧ ਨੂੰ ਬਾਅਦ ਵਿਚ ਇਸ ਲਈ ਵੀ ਯਾਦ ਕੀਤਾ ਜਾਵੇਗਾ ਕਿ ਯੁੱਧ ਦੀ ਭਿਆਨਕਤਾ ਅਤੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਇਕ ਸਮੇਂ ਜੋ ਯਤਨ ਕੀਤੇ ਗਏ, ਉਹ ਬੀਤੇ ਵਿਚ ਕਿਵੇਂ ਮਲੀਆਮੇਟ ਹੋ ਗਏ ਸਨ। ਜੇ ਅਜਿਹਾ ਹੁੰਦਾ ਹੈ ਤਾਂ ਮਨੁੱਖਤਾ ਹੀ ਇਸ ਦੀ ਸਭ ਤੋਂ ਵੱਡੀ ਭੁਗਤ-ਭੋਗੀ ਹੋਵੇਗੀ।
-ਨਿਕੋਲਸ ਕ੍ਰਿਸਟੋਫ
-(ਲੇਖਕ ‘ਦਿ ਨਿਊਯਾਰਕ ਟਾਈਮਜ਼’ ਦਾ ਕਾਲਮਕਾਰ ਹੈ)।
-response@jagran.com