ਅਮਰੀਕਾ ਵਾਪਸੀ ਮੌਕੇ ਜੇਡੀ ਵੇਂਸ ਨੇ ਕਿਹਾ ਕਿ ਅਸੀਂ ਈਰਾਨ ਸਾਹਮਣੇ ਸਭ ਤੋਂ ਵਧੀਆ ਪ੍ਰਸਤਾਵ ਛੱਡ ਕੇ ਜਾ ਰਹੇ ਹਾਂ। ਇਸ ਗੱਲਬਾਤ ’ਚ ਵੀ ਮੇਜ਼ ’ਤੇ ਈਰਾਨ ਨਹੀਂ ਸੀ ਹਾਰਿਆ, ਸਿਰਫ਼ ਅਮਰੀਕਾ ਦੁਚਿੱਤੀ ਦਾ ਸ਼ਿਕਾਰ ਹੁੰਦੇ ਹੋਏ ਗੱਲਬਾਤ ਤੋਂ ਟਾਲਾ ਵੱਟ ਗਿਆ ਸੀ। ਟਰੰਪ ਨੇ ਗੱਲਬਾਤ ਦੇ ਮਨ-ਮਾਫ਼ਕ ਨਤੀਜੇ ਨਾ ਨਿਕਲਣ ਤੋਂ ਬੁਖਲਾਹਟ ਵਿਚ ਆ ਕੇ ਹੋਰਮੁਜ਼ ਜਲ ਡਮਰੂ ਦੀ ਨਾਕਾਬੰਦੀ ਦਾ ਐਲਾਨ ਕਰ ਦਿੱਤਾ।

ਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪ ਸਹੇੜੀ ਈਰਾਨ ਸਮੱਸਿਆ ਵਿਚ ਇਸ ਕਦਰ ਫਸਦਾ ਚਲਾ ਜਾ ਰਿਹਾ ਹੈ ਕਿ ਉਸ ਨੂੰ ਕੁਝ ਸੁੱਝ ਨਹੀਂ ਰਿਹਾ ਕਿ ਉਹ ਇਸ ਵਿੱਚੋਂ ਹੁਣ ਕਿਵੇਂ ਸੁਰੱਖਿਅਤ ਅਤੇ ਸਨਮਾਨਿਤ ਢੰਗ ਨਾਲ ਬਾਹਰ ਨਿਕਲੇ। ਪਿਛਲੇ 47 ਸਾਲਾਂ ਤੋਂ ਅਮਰੀਕੀ ਆਰਥਿਕ ਤੇ ਯੁੱਧਨੀਤਕ ਪਾਬੰਦੀਆਂ, ਜੂਨ 2025 ਵਿਚ 12 ਰੋਜ਼ਾ ਜੰਗ ਵਿਚ ਈਰਾਨੀ ਪਰਮਾਣੂ ਟਿਕਾਣੇ ਤਬਾਹ ਕਰਨਾ, 28 ਫਰਵਰੀ 2026 ਨੂੰ ਇਜ਼ਰਾਇਲੀ ਪੀਐੱਮ ਬੈਂਜਾਮਿਨ ਨੇਤਨਯਾਹੂ ਅਤੇ ਅੰਦਰਖਾਤੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ-ਬਿਨ-ਸੁਲਤਾਨ ਦੇ ਬਹਿਕਾਵੇ ’ਚ ਆ ਕੇ ਈਰਾਨ ’ਤੇ ਸਿੱਧਾ ਹਮਲਾ ਕਰਨਾ, ਸੱਤਾ ਪਰਿਵਰਤਨ ਲਈ ਉਸ ਦੇ ਸੁਪਰੀਮ ਆਗੂ ਅਯਾਤੁੱਲਾ ਖਾਮਨੇਈ ਨਾਲ ਪਹਿਲੀ ਕਤਾਰ ਦੀ ਲੀਡਰਸ਼ਿਪ, ਫ਼ੌਜੀ ਜਨਰਲਾਂ ਅਤੇ ਇੰਟੈਲੀਜੈਂਸ ਮੁਖੀ ਨੂੰ ਢੇਰ ਕਰਨਾ ਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨੇ ’ਤੇ ਲੈਣਾ ਮੰਦਭਾਗਾ ਵਰਤਾਰਾ ਸੀ।
ਈਰਾਨ ਦੀ ਸੱਭਿਅਤਾ ਦਾ ਨਾਸ਼ ਕਰਨ ਅਤੇ ਉਸ ਦਾ ਭੂਗੋਲਿਕ ਖੁਰਾ-ਖੋਜ ਮਿਟਾਉਣ ਦਾ ਅਤੀ ਨਿੰਦਣਯੋਗ ਅਤੇ ਸ਼ਰਮਨਾਕ ਬਿਆਨ ਜਾਰੀ ਕਰਨ ਦਾ ਸਿੱਧਾ ਮਤਲਬ ਸੀ ਕਿ ਟਰੰਪ ਈਰਾਨ ਵਿਰੁੱਧ ਪਰਮਾਣੂ ਸ਼ਕਤੀ ਦਾ ਪ੍ਰਯੋਗ ਕਰਨ ਦੀ ਧਮਕੀ ਦੇ ਰਹੇ ਸਨ। ਟਰੰਪ ਦੀ ਸਭ ਤੋਂ ਵੱਡੀ ਗ਼ਲਤੀ ਨੇਤਨਯਾਹੂ ਨਾਲ ਮਿਲ ਕੇ ਈਰਾਨ ਦੇ ਸੁਪਰੀਮ ਆਗੂ ਨੂੰ ਪਹਿਲੇ ਦਿਨ 28 ਫਰਵਰੀ ਵਾਲੇ ਹਮਲੇ ਵਿਚ ਮਾਰਨਾ ਸੀ ਜਿਸ ਨੇ ਪੂਰੀ 9 ਕਰੋੜ ਈਰਾਨੀ ਕੌਮ ਨੂੰ ਇਕਜੁੱਟ ਕਰ ਦਿੱਤਾ ਜਿਸ ਨੇ ਆਖ਼ਰੀ ਵਿਅਕਤੀ ਅਤੇ ਆਖ਼ਰੀ ਸਾਹ ਤੱਕ ਲੜਨ ਦਾ ਸੰਕਲਪ ਧਾਰਨ ਕਰ ਲਿਆ।
ਇਸ ਕਾਰਵਾਈ ਨੇ ਟਰੰਪ ਅਤੇ ਨੇਤਨਯਾਹੂ ਦੀ ਸਾਰੀ ਦੀ ਸਾਰੀ ਯੋਜਨਾ ’ਤੇ ਪਾਣੀ ਫੇਰ ਦਿੱਤਾ। ਇਜ਼ਰਾਈਲ ਦੀ ਬਦਨਾਮ ਖ਼ੁਫ਼ੀਆ ਏਜੰਸੀ ਮੋਸਾਦ ਦੇ ਭਰੋਸੇ ਦੇ ਉਲਟ ਈਰਾਨ ਅੰਦਰ ਸੱਤਾ ਦੀ ਤਬਦੀਲੀ ਲਈ ਕੋਈ ਬਸ਼ਰ ਸੜਕ ’ਤੇ ਨਹੀਂ ਉਤਰਿਆ। ਟਰੰਪ ਸਮਝਦਾ ਸੀ ਕਿ ਜਿਵੇਂ ਅਮਰੀਕਾ ਨੇ 19 ਅਗਸਤ 1953 ਵਿਚ ਈਰਾਨ ਅੰਦਰ ਲੋਕਤੰਤਰੀ ਢੰਗ ਨਾਲ ਚੁਣੇ ਹੋਏ ਪ੍ਰਧਾਨ ਮੰਤਰੀ ਮੁਹੰਮਦ ਮੁਸਦੇਗ ਦਾ ਤਖ਼ਤਾ ਪਲਟ ਕੇ ਆਪਣਾ ਕਠਪੁਤਲੀ ਸ਼ਾਸਨ ਸ਼ਾਹ ਰਜ਼ਾ ਮੁਹੰਮਦ ਪਹਿਲਵੀ ਦੀ ਅਗਵਾਈ ਵਿਚ ਸਥਾਪਤ ਕਰ ਲਿਆ ਸੀ, ਇੰਜ ਹੀ ਹੁਣ ਕਰ ਲਵੇਗਾ। ਉਲਟਾ ਈਰਾਨੀ ਡ੍ਰੋਨਾਂ, ਬੈਲੇਸਟਿਕ ਮਿਜ਼ਾਈਲਾਂ ਅਤੇ ਆਕਾਸ਼ ਟੋਹ ਤਕਨੀਕ ਨੇ ਨਾ ਸਿਰਫ਼ ਅਮਰੀਕਾ ਅਤੇ ਇਜ਼ਰਾਈਲ ਨੂੰ ਲੋਹੇ ਦੇ ਚਨੇ ਚਬਾਏ ਬਲਕਿ ਖਾੜੀ ਦੇਸ਼ਾਂ ਅੰਦਰ 10 ਤੋਂ ਵੱਧ ਅਮਰੀਕੀ ਫ਼ੌਜੀ ਅੱਡੇ ਤਬਾਹ ਕਰ ਕੇ ਰੱਖ ਦਿੱਤੇ।
ਖਾੜੀ ਦੇਸ਼ਾਂ ਵਿਚ ਜੈ ਚੰਦ ਅਤੇ ਮੀਰ ਜਾਫਰ ਦੇ ਨਕਾਬ ਵਿਚ ਸਥਾਪਤ ਖਾੜੀ ਦੇਸ਼ਾਂ ਦੇ ਮੁੱਢਲੇ ਢਾਂਚੇ, ਤੇਲ ਅਤੇ ਗੈਸ ਸੰਸਥਾਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ। ਵੱਡੇ ਪੱਧਰ ’ਤੇ ਇਜ਼ਰਾਈਲ ਦੇ ਪ੍ਰਮੁੱਖ ਸ਼ਹਿਰ ਅਤੇ ਮੂਲ ਢਾਂਚੇ ਨਾਲ ਸਬੰਧਤ ਸੰਸਥਾਨ ਨਿਸ਼ਾਨੇ ’ਤੇ ਲੈ ਕੇ ਉਸ ਨੂੰ ਨਾਨੀ ਚੇਤੇ ਕਰਾਈ। ਈਰਾਨ ਦੀ ਇਸ ਤਾਕਤ ਤੋਂ ਪੂਰਾ ਵਿਸ਼ਵ ਦੰਗ ਰਹਿ ਗਿਆ। ਪਿਛਲੇ 6 ਹਜ਼ਾਰ ਸਾਲ ਤੋਂ ਜੀਵਤ ਈਰਾਨੀ ਸੱਭਿਅਤਾ ਦੇ ਇਸ ਜਜ਼ਬੇ ਨੇ ਨਿਰਸੰਦੇਹ ਵਿਸ਼ਵ ਮਹਾਸ਼ਕਤੀ ਦਾ ਖੇਖਣ ਕਰ ਰਹੇ ਅਮਰੀਕਾ ਨੂੰ ਗੋਡਿਆਂ ਭਰਨੇ ਸ਼ਾਂਤੀ ਦੀ ਮੇਜ਼ ’ਤੇ ਬੈਠਣ ਦਾ ਰਾਹ ਤਲਾਸ਼ਣ ਲਈ ਮਜਬੂਰ ਕਰ ਦਿੱਤਾ।
ਅੰਦਰਖਾਤੇ ਚੀਨ, ਤੁਰਕੀ, ਮਿਸਰ, ਕਤਰ, ਸਾਊਦੀ ਅਰਬ ਅਤੇ ਪਾਕਿਸਤਾਨ ਆਦਿ ਅਮਰੀਕਾ ਅਤੇ ਈਰਾਨ ਦਰਮਿਆਨ ਸਿੱਧੀ ਗੱਲਬਾਤ ਦਾ ਹੱਲ ਤਲਾਸ਼ ਰਹੇ ਸਨ। ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕਰਦਿਆਂ ਟਰੰਪ ਨੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਖੇ ਪਹਿਲੀ ਵਾਰ ਅਮਰੀਕਾ ਅਤੇ ਈਰਾਨ ਦਰਮਿਆਨ ਗੱਲਬਾਤ ਦਾ ਰਸਤਾ ਚੁਣਿਆ। ਵੈਸੇ ਅਮਰੀਕਾ ਭਲੀਭਾਂਤ ਜਾਣਦਾ ਸੀ ਕਿ ਈਰਾਨ ਕਦੇ ਵੀ ਮੇਜ਼ ਉੱਤੇ ਗੱਲਬਾਤ ਵਿਚ ਨਹੀਂ ਹਾਰਿਆ। ਛੱਬੀ ਫਰਵਰੀ ਨੂੰ ਓਮਾਨ ਦੀ ਵਿਚੋਲਗੀ ਰਾਹੀਂ ਈਰਾਨ ਤੇ ਅਮਰੀਕਾ- ਇਜ਼ਰਾਈਲ ਵਿਚਕਾਰ ਸਹਿਮਤੀ ਲਗਪਗ ਸਿਰੇ ਚੜ੍ਹਨ ਵਾਲੀ ਸੀ ਕਿ ਟਰੰਪ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਅਤੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਦੇ ਕਹਿਣ ’ਤੇ ਈਰਾਨ ’ਤੇ ਹਮਲਾ ਕਰ ਦਿੱਤਾ ਸੀ।
ਬਾਰਾਂ ਅਪ੍ਰੈਲ ਨੂੰ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੇਂਸ ਤੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗਰ ਗਾਲੀਬਾਫ ਤੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਦੀ ਅਗਵਾਈ ’ਚ ਕਰੀਬ 21 ਘੰਟੇ ਕਿਸੇ ਸਹਿਮਤੀ ’ਤੇ ਪਹੁੰਚਣ ਲਈ ਗੱਲਬਾਤ ਹੋਈ ਪਰ ਈਰਾਨੀ ਪਰਮਾਣੂ ਈਂਧਨ ਅਤੇ ਹਾਰਮੋਜ਼ ਜਲਡਮਰੂ ਲਾਂਘਾ ਖੋਲ੍ਹਣ ਦੇ ਮੁੱਦਿਆਂ ’ਤੇ ਸਹਿਮਤੀ ਨਾ ਬਣਨ ਕਰਕੇ ਗੱਲਬਾਤ ਸਿਰੇ ਨਾ ਚੜ੍ਹ ਸਕੀ। ਇਸ ਦੇ ਨਾਲ ਹੀ ਇਜ਼ਰਾਈਲ ਵੱਲੋਂ ਗੋਲ਼ੀਬੰਦੀ ਦੀ ਉਲੰਘਣਾ ਕਰਦਿਆਂ ਲਗਾਤਾਰ ਲਿਬਨਾਨ ’ਤੇ ਹਮਲੇ ਜਾਰੀ ਰੱਖੇ ਗਏ ਜਦਕਿ ਲਿਬਨਾਨ ਵੀ ਇਸ ਗੋਲ਼ੀਬੰਦੀ ਯੋਜਨਾ ਦਾ ਹਿੱਸਾ ਸੀ।
ਅਮਰੀਕਾ ਵਾਪਸੀ ਮੌਕੇ ਜੇਡੀ ਵੇਂਸ ਨੇ ਕਿਹਾ ਕਿ ਅਸੀਂ ਈਰਾਨ ਸਾਹਮਣੇ ਸਭ ਤੋਂ ਵਧੀਆ ਪ੍ਰਸਤਾਵ ਛੱਡ ਕੇ ਜਾ ਰਹੇ ਹਾਂ। ਇਸ ਗੱਲਬਾਤ ’ਚ ਵੀ ਮੇਜ਼ ’ਤੇ ਈਰਾਨ ਨਹੀਂ ਸੀ ਹਾਰਿਆ, ਸਿਰਫ਼ ਅਮਰੀਕਾ ਦੁਚਿੱਤੀ ਦਾ ਸ਼ਿਕਾਰ ਹੁੰਦੇ ਹੋਏ ਗੱਲਬਾਤ ਤੋਂ ਟਾਲਾ ਵੱਟ ਗਿਆ ਸੀ। ਟਰੰਪ ਨੇ ਗੱਲਬਾਤ ਦੇ ਮਨ-ਮਾਫ਼ਕ ਨਤੀਜੇ ਨਾ ਨਿਕਲਣ ਤੋਂ ਬੁਖਲਾਹਟ ਵਿਚ ਆ ਕੇ ਹੋਰਮੁਜ਼ ਜਲ ਡਮਰੂ ਦੀ ਨਾਕਾਬੰਦੀ ਦਾ ਐਲਾਨ ਕਰ ਦਿੱਤਾ।
ਵਿਡੰਬਨਾ ਦੇਖੋ! ਜਿਸ ਜਲ ਡਮਰੂ ਦੀ ਨਾਕਾਬੰਦੀ ਨੂੰ ਅਮਰੀਕਾ ਈਰਾਨ ਤੋਂ ਹਟਾਉਣਾ ਚਾਹੁੰਦਾ ਸੀ, ਖ਼ੁਦ ਉਸ ਦੀ ਨਾਕਾਬੰਦੀ ਕਰ ਰਿਹਾ ਹੈ? ਉਸ ਨੇ ਐਲਾਨ ਕਰਦਿਆਂ ਕਿਹਾ ਕਿ ਈਰਾਨ ਸਾਡੇ ਨਾਲ ਸਮਝੌਤਾ ਚਾਹੁੰਦਾ ਹੈ ਪਰ ਉਹ ਕਿਸੇ ਵੀ ਸੂਰਤ ’ਚ ਉਸ ਨੂੰ ਪਰਮਾਣੂ ਹਥਿਆਰਾਂ ਦੀ ਆਗਿਆ ਨਹੀਂ ਦੇਣਗੇ। ਉਹ ਈਰਾਨ ਤੋਂ ਪਰਮਾਣੂ ਈਂਧਨ ਪ੍ਰਾਪਤ ਕਰ ਕੇ ਛੱਡਣਗੇ ਅਤੇ ਉਸ ਨੂੰ ਵਿਸ਼ਵ ਨੂੰ ਬਲੈਕਮੇਲ ਨਹੀਂ ਕਰਨ ਦੇਣਗੇ। ਟਰੰਪ ਨੇ ਸੀਲਜ਼ ਫ਼ੌਜੀਆਂ ਨੂੰ ਅਮਰੀਕਾ ਦੀ ਵਿਸ਼ਵ ਦੀ ਸਰਬੋਤਮ ਨੇਵੀ ਨਾਲ ਹੋਰਮੁਜ਼ ਜਲ ਡਮਰੂ ਦੀ ਨਾਕਾਬੰਦੀ 13 ਅਪ੍ਰੈਲ ਤੋਂ ਲਾਗੂ ਕਰ ਦਿੱਤੀ।
ਇਜ਼ਰਾਈਲ ਨੇ ਇਸ ਨਾਕਾਬੰਦੀ ਦੀ ਹਾਮੀ ਭਰੀ ਹੈ। ਟਰੰਪ ਨੇ ਐਲਾਨ ਕੀਤਾ ਕਿ ਜੋ ਵੀ ਤੇਲ ਟੈਂਕਰ ਜਾਂ ਜਹਾਜ਼ ਇਸ ਨਾਕਾਬੰਦੀ ਨੇੜੇ ਆਇਆ, ਉਹ ਤਬਾਹ ਕਰ ਦਿੱਤਾ ਜਾਵੇਗਾ। ਹੋਰਮੁਜ਼ ਜਲ ਡਮਰੂ ਨਾਕਾਬੰਦੀ ’ਤੇ ਬਾਜ਼ ਵਾਂਗ ਅੱਖ ਰੱਖਣ ਵਾਲੇ ਈਰਾਨੀ ਰੈਵੋਲਿਊਸ਼ਨਰੀ ਗਾਰਡਜ਼ ਦਾ ਕਹਿਣਾ ਹੈ ਕਿ ਅਮਰੀਕਾ ਸਾਫ਼ ਦੱਸੇ ਕਿ ਕੀ ਜੰਗਬੰਦੀ ਜਾਰੀ ਹੈ ਜਾਂ ਖ਼ਤਮ ਕਰ ਦਿੱਤੀ ਗਈ ਹੈ। ਜੇ ਜੰਗਬੰਦੀ ਖ਼ਤਮ ਕੀਤੀ ਗਈ ਹੈ ਤਾਂ ਅਸੀਂ ਜੰਗ ਲਈ ਤਤਪਰ ਬੈਠੇ ਹਾਂ।
ਜੋ ਵੀ ਕੋਈ ਇਸ ਜਲ ਡਮਰੂ ਦੇ ਨੇੜੇ ਆਇਆ, ਉਸ ਨੂੰ ਤਬਾਹ ਕਰ ਦਿੱਤਾ ਜਾਵੇਗਾ। ਇਸਲਾਮਾਬਾਦ ਵਿਖੇ ਗੱਲਬਾਤ ਸਮੇਂ ਅਮਰੀਕਾ ਨੇ ਸਦੋ ਡਿਸਟਰੋਇਰ ਜਹਾਜ਼ ਜਲ ਡਮਰੂ ਅੰਦਰ ਵਾੜਨ ਦੀ ਹਿਮਾਕਤ ਕੀਤੀ ਪਰ ਈਰਾਨੀ ਗਾਰਡਾਂ ਵੱਲੋਂ ਲਲਕਾਰਨ ’ਤੇ ਉਹ ਭੱਜ ਗਏ। ਇਸੇ ਦੌਰਾਨ ਇਕ ਹੋਰ ਸਨਸਨੀਖੇਜ਼ ਖ਼ੁਲਾਸਾ ਹੋਇਆ ਕਿ ਅਮਰੀਕਾ ਦਾ 200 ਮਿਲੀਅਨ ਦਾ ਜਾਸੂਸੀ ਡ੍ਰੋਨ ਐੱਮਕਿਊ-4ਸੀ ਟਰਾਈਟੋਨ ਜੋ ਸੰਨ 2018 ’ਚ ਬਣਾਇਆ ਗਿਆ ਸੀ ਅਤੇ ਜਿਸ ਨੂੰ ਅੱਜ ਤੱਕ ਕੋਈ ਸ਼ਕਤੀ ਨਹੀਂ ਸੀ ਸੁੱਟ ਸਕੀ, ਉਸ ਨੂੰ ਫਾਰਸ ਦੀ ਖਾੜੀ ’ਚ ਈਰਾਨ ਦੀ ਆਕਾਸ਼ ਟੋਹ ਤਕਨੀਕ ਨੇ ਨੇਸਤੋਨਾਬੂਦ ਕਰ ਦਿੱਤਾ।
ਫਰਾਂਸ, ਯੂਕੇ, ਕੈਨੇਡਾ, ਆਸਟ੍ਰੇਲੀਆ, ਸਪੇਨ ਆਦਿ ਦੇਸ਼ਾਂ ਨੇ ਇਸ ਨਾਕਾਬੰਦੀ ਤੋਂ ਨਾ ਸਿਰਫ਼ ਟਾਲਾ ਵੱਟਿਆ ਬਲਕਿ ਕਿਸੇ ਵੀ ਤਰ੍ਹਾਂ ਦੇ ਯੁੱਧ ਦੀ ਵਿਰੋਧਤਾ ਦਾ ਐਲਾਨ ਕੀਤਾ ਹੈ। ਚੀਨ ਨੇ ਦੋ ਟੁੱਕ ਕਹਿ ਦਿੱਤਾ ਹੈ ਕਿ ਸਾਡੇ ਲਈ ਇਹ ਰੂਟ ਪਹਿਲਾਂ ਤੋਂ ਹੀ ਖੁੱਲ੍ਹਾ ਹੈ। ਸਾਡੀ ਇਸ ਵਿਚ ਆਵਾਜਾਈ ਪੁਰਾਣੀ ਹੈ। ਅਸੀਂ ਇਹ ਜਾਰੀ ਰੱਖਾਂਗੇ। ਚੀਨ 37.7, ਭਾਰਤ 14.7, ਦੱਖਣੀ ਕੋਰੀਆ 12%, ਜਾਪਾਨ 10.9% ਅਤੇ ਬਾਕੀ ਦੇਸ਼ 30.9% ਤੇਲ ਇਸੇ ਲਾਂਘੇ ਰਾਹੀਂ ਖ਼ਰੀਦ ਕੇ ਲਿਜਾਂਦੇ ਹਨ। ਈਰਾਨ ਨੇ ਅਮਰੀਕਾ ਤੇ ਇਜ਼ਰਾਈਲ ਤੋਂ ਇਲਾਵਾ ਵਿਸ਼ਵ ਦੇ ਸਭ ਦੇਸ਼ਾਂ ਨੂੰ ਉਸ ਨਾਲ ਇਸ ਲਾਂਘੇ ਰਾਹੀਂ ਤੇਲ ਦਾ ਵਪਾਰ ਕਰਨ ਦਾ ਸੱਦਾ ਦਿੱਤਾ ਹੋਇਆ ਹੈ। ਯਾਦ ਰਹੇ ਕਿ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਐਲਾਨ ਕੀਤਾ ਸੀ ਕਿ ਕਿਸੇ ਵੀ ਜੰਗ ਵਿਚ ਉਹ ਪਹਿਲੀ ਗੋਲ਼ੀ ਨਹੀਂ ਚਲਾਉਣਗੇ ਪਰ ਦੂਸਰੀ ਚਲਾਉਣ ਦੀ ਇਜਾਜ਼ਤ ਨਹੀਂ ਦੇਣਗੇ।
ਨਾਟੋ ਅਤੇ ਯੂਰਪੀ ਦੇਸ਼ ਵੀ ਇਸ ਲਾਂਘੇ ਰਾਹੀਂ ਈਰਾਨ ਨਾਲ ਵਪਾਰ ਜਾਰੀ ਰੱਖਣਾ ਚਾਹੁੰਦੇ ਹਨ। ਸੋ, ਅਜਿਹੀ ਸੂਰਤ ਵਿਚ ਇਹ ਨਾਕੇਬੰਦੀ ਕਿਵੇਂ ਸਿਰੇ ਚੜ੍ਹੇਗੀ ਜਾਂ ਸਥਾਈ ਰਹੇਗੀ, ਇਹ ਯਕੀਨੀ ਨਹੀਂ ਹੈ। ਨਾਕਾਬੰਦੀ ਦੇ ਐਲਾਨ ਨਾਲ ਹੀ ਤੇਲ-ਗੈਸ ਦੀਆਂ ਕੀਮਤਾਂ ਚੜ੍ਹਨ ਲੱਗ ਪਈਆਂ ਹਨ ਤੇ ਪੂਰੇ ਵਿਸ਼ਵ ’ਚ ਵਿੱਤੀ ਸੰਕਟ ਮੰਡਰਾਉਣ ਲੱਗ ਪਿਆ ਹੈ। ਅਮਰੀਕਾ ਦੇ ਲੋਕ ਟਰੰਪ ਦੇ ਵਿਰੁੱਧ ਹੋ ਗਏ ਹਨ ਤੇ ਹੁਣ ਤੱਕ ਉਸ ਦੇ 47ਵੇਂ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਤਿੰਨ ਵਾਰ ਪੂਰੇ ਅਮਰੀਕਾ ਵਿਚ ਲੱਖਾਂ ਲੋਕ ਉਸ ਵਿਰੁੱਧ ਮੁਜ਼ਾਹਰੇ ਕਰ ਚੁੱਕੇ ਹਨ। ਜੇਕਰ ਨਵੰਬਰ 2026 ’ਚ ਮੱਧਕਾਲੀ ਚੋਣਾਂ ’ਚ ਉਹ ਹਾਰ ਜਾਂਦੇ ਹਨ ਤਾਂ ਉਨ੍ਹਾਂ ਵਿਰੁੱਧ ਅਮਰੀਕੀ ਸੰਸਦ ’ਚ ਮਹਾਦੋਸ਼ ਚਲਾਇਆ ਜਾ ਸਕਦਾ ਹੈ।
-ਦਰਬਾਰਾ ਸਿੰਘ ਕਾਹਲੋਂ
-(ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ)।
-ਸੰਪਰਕ : +128982929