ਭੂ-ਸਿਆਸੀ ਹਾਲਾਤ ’ਤੇ ਚੀਨ ਅਤੇ ਭਾਰਤ ਦੇ ਉਭਾਰ ਨਾਲ 21ਵੀਂ ਸਦੀ ਏਸ਼ੀਆ ਦੀ ਹੋ ਚੱਲੀ ਹੈ। ਟਰੰਪ ਨੇ ਆਰਥਿਕ-ਬਸਤੀਵਾਦੀ ਮਾਨਸਿਕਤਾ ਨਾਲ ਸਾਰੇ ਦੇਸ਼ਾਂ ’ਤੇ ਟੈਰਿਫ ਲਗਾਇਆ। ਉਸ ਨਾਲ ਨਾ ਸਿਰਫ਼ ਭਾਰਤ, ਚੀਨ ਤੇ ਰੂਸ ਨੇੜੇ ਆਏ, ਬਲਕਿ ਅਮਰੀਕਾ ਦੇ ਸਹਿਯੋਗੀ ਦੇਸ਼ ਕੈਨੇਡਾ, ਬ੍ਰਿਟੇਨ ਤੇ ਯੂਰਪੀ ਸੰਘ ਨੇ ਵੀ ਚੀਨ ਅਤੇ ਭਾਰਤ ਵੱਲ ਰੁਖ਼ ਕਰ ਲਿਆ।

ਪੂਰੇ ਵਿਸ਼ਵ ’ਚ ਅਮਰੀਕਾ ਦੀ ਸਾਖ਼ ਇਕ ਆਦਰਸ਼ ਲੋਕਤੰਤਰ ਦੀ ਰਹੀ ਹੈ। ਉਸ ਦੀਆਂ ਉਦਾਰਵਾਦੀ ਕਦਰਾਂ-ਕੀਮਤਾਂ ਨੂੰ ਲੋਕਤੰਤਰ ਦਾ ਮਾਪਦੰਡ ਮੰਨਿਆ ਗਿਆ ਹੈ। ਹਾਲਾਂਕਿ ਪਿਛਲੇ ਦਿਨੀਂ ਉਸ ਪ੍ਰਤੀ ਇਹ ਧਾਰਨਾ ਬਦਲਦੀ ਦਿਖਾਈ ਦੇ ਰਹੀ ਹੈ। ਇਸ ਪਿੱਛੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਵੱਈਆ ਇਕ ਵੱਡੀ ਹੱਦ ਤੱਕ ਜ਼ਿੰਮੇਵਾਰ ਹੈ। ਉਨ੍ਹਾਂ ਦਾ ਚੋਣ ਨਾਅਰਾ ਮੇਕ-ਅਮਰੀਕਾ-ਗ੍ਰੇਟ-ਅਗੇਨ (ਮਾਗਾ) ਭਾਵ ‘ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣਾ ਹੈ’ ਰਿਹਾ। ਇਸ ’ਚ ਵੀ ਇਕ ਸਵੈ ਮਨਜ਼ੂਰੀ ਸੀ ਕਿ ਅਮਰੀਕੀ ਲੋਕਤੰਤਰ ਹੁਣ ਮਹਾਨ ਨਹੀਂ ਰਿਹਾ ਤੇ ਟਰੰਪ ਉਸ ਦਾ ਪੁਰਾਣਾ ਮਾਣ ਵਾਪਸ ਲਿਆਉਣਾ ਚਾਹੁੰਦੇ ਹਨ। ਵੈਸੇ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਅਮਰੀਕੀ ਮਹਾਨਤਾ ਦੇ ਕਿਹੜੇ-ਕਿਹੜੇ ਥੰਮ੍ਹ ਢਹਿ ਗਏ ਹਨ, ਜਿਨ੍ਹਾਂ ਨੂੰ ਉਹ ਇਕ ਵਾਰ ਮੁੜ ਸੁਰਜੀਤ ਕਰਨਾ ਚਾਹੁੰਦੇ ਹਨ।
ਜਦ ਸੋਵੀਅਤ ਸੰਘ ਦੇ ਖਿੰਡਣ ਤੋਂ ਬਾਅਦ ਇਕ ਧਰੁਵੀ ਵਿਸ਼ਵ ’ਚ ਅਮਰੀਕਾ ਇਕਲੌਤੀ ਮਹਾਸ਼ਕਤੀ ਰਹਿ ਗਿਆ, ਤਦ ਟਰੰਪ ਦੀ ਚਿੰਤਾ ਦੇ ਕੀ ਕਾਰਨ ਹੋ ਸਕਦੇ ਹਨ? ਸੰਭਵ ਤੌਰ ’ਤੇ ਬਦਲਦੇ ਭੂ-ਸਿਆਸੀ, ਮੁਦਰਾ ਸਬੰਧੀ ਤੇ ਰੱਖਿਆ ਸਬੰਧੀ ਹਾਲਾਤ ਟਰੰਪ ਨੂੰ ਚਿੰਤਤ ਕਰ ਰਹੇ ਹਨ। ਭੂ-ਸਿਆਸੀ ਹਾਲਾਤ ’ਤੇ ਚੀਨ ਅਤੇ ਭਾਰਤ ਦੇ ਉਭਾਰ ਨਾਲ 21ਵੀਂ ਸਦੀ ਏਸ਼ੀਆ ਦੀ ਹੋ ਚੱਲੀ ਹੈ। ਟਰੰਪ ਨੇ ਆਰਥਿਕ-ਬਸਤੀਵਾਦੀ ਮਾਨਸਿਕਤਾ ਨਾਲ ਸਾਰੇ ਦੇਸ਼ਾਂ ’ਤੇ ਟੈਰਿਫ ਲਗਾਇਆ। ਉਸ ਨਾਲ ਨਾ ਸਿਰਫ਼ ਭਾਰਤ, ਚੀਨ ਤੇ ਰੂਸ ਨੇੜੇ ਆਏ, ਬਲਕਿ ਅਮਰੀਕਾ ਦੇ ਸਹਿਯੋਗੀ ਦੇਸ਼ ਕੈਨੇਡਾ, ਬ੍ਰਿਟੇਨ ਤੇ ਯੂਰਪੀ ਸੰਘ ਨੇ ਵੀ ਚੀਨ ਅਤੇ ਭਾਰਤ ਵੱਲ ਰੁਖ਼ ਕਰ ਲਿਆ। ਇਸ ਨੇ ਦੂਸਰੀ ਆਲਮੀ ਜੰਗ ਤੋਂ ਬਾਅਦ ਦੇ ਦੌਰ ’ਚ ਅਮਰੀਕੀ ਵਿਦੇਸ਼ ਨੀਤੀ ਦੇ ਸਾਹਮਣੇ ਇਕ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
ਜਿਸ ਹਮਲਾਵਰਤਾ ਨਾਲ ਟਰੰਪ ਨੇ ਟੈਰਿਫ ਵਾਰ ਚਲਾਈ, ਜਿਸ ਬੜਬੋਲੇਪਨ ਦੀ ਵਰਤੋਂ ਉਨ੍ਹਾਂ ਨੇ ‘ਗਲੋਬਲ-ਡਿਪਲੋਮੈਸੀ’ ’ਚ ਕੀਤੀ, ਜਿਸ ਬੇਸ਼ਰਮੀ ਨਾਲ ‘ਨੋਬਲ ਸ਼ਾਂਤੀ ਪੁਰਸਕਾਰ’ ਲਈ ਲਾਲਚ ਦਿਖਾਇਆ, ਜਿਸ ਤਰ੍ਹਾਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਤੇ ਉਨ੍ਹਾਂ ਦੀ ਪਤਨੀ ਨੂੰ ਬੰਦੀ ਬਣਾਇਆ, ਜਿਸ ਨਵ-ਸਾਮਰਾਜਵਾਦੀ ਨਜ਼ਰੀਏ ਨਾਲ ਗ੍ਰੀਨਲੈਂਡ ’ਤੇ ਆਪਣਾ ਦਾਅਵਾ ਠੋਕਿਆ, ਉਸ ਨਾਲ ਅਮਰੀਕੀ ਰਾਸ਼ਟਰਪਤੀ ਦਾ ਅਕਸ ਇਕ ‘ਅੰਤਰਰਾਸ਼ਟਰੀ ਡਾਨ’ ਵਰਗਾ ਬਣ ਗਿਆ, ਜੋ ਅੰਤਰਰਾਸ਼ਤਰੀ-ਕਾਨੂੰਨ ਤੇ ਕੂਟਨੀਤਕ-ਸ਼ਿਸ਼ਟਾਚਾਰ ਨੂੰ ਨਜ਼ਰਅੰਦਾਜ਼ ਕਰ ਕੇ ਕੁਝ ਵੀ ਕਰਨ ਲਈ ਤਿਆਰ ਹੈ।
ਇਕ ਪਾਸੇ ਉਹ ਪੀਐੱਮ ਮੋਦੀ ਨੂੰ ਆਪਣਾ ਚੰਗਾ ਦੋਸਤ ਦੱਸਦੇ ਨਹੀਂ ਰੁਕਦੇ ਤਾਂ ਦੂਜੇ ਪਾਸੇ ਉਨ੍ਹਾਂ ਨੂੰ ਉਕਸਾਉਣ ਲਈ ਮਾੜੀ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਰਹੇ। ਉਨ੍ਹਾਂ ਨੇ ਆਪ੍ਰੇਸ਼ਨ ਸਿੰਧੂਰ ’ਤੇ ਵਿਚੋਲਗੀ ਦਾ ਦਾਅਵਾ ਕੀਤਾ। ਭਾਰਤੀ ਅਰਥਚਾਰੇ ਨੂੰ ‘ਡੈੱਡ ਇਕਾਨਮੀ’ ਦੱਸਿਆ, ਜਦਕਿ ਭਾਰਤ ਵਿਸ਼ਵ ਦਾ ਚੌਥਾ ਵੱਡਾ ਅਰਥਚਾਰਾ ਹੈ, ਜੋ ਕੁਝ ਹੀ ਸਮੇਂ ’ਚ ਤੀਜੇ ਸਥਾਨ ’ਤੇ ਪੁੱਜਣ ਦੇ ਨੇੜੇ ਹੈ।ਟਰੰਪ ਦੀਆਂ ਨੀਤੀਆਂ ਨਾਲ ਨਾ ਸਿਰਫ਼ ਏਸ਼ੀਆ, ਅਫਰੀਕਾ ਤੇ ਦੱਖਣੀ ਅਮਰੀਕਾ, ਬਲਕਿ ਅਮਰੀਕਾ ਦੇ ਨੇੜਲੇ ਸਹਿਯੋਗੀਆਂ ’ਚ ਵੀ ਉਸ ਪ੍ਰਤੀ ਸ਼ੱਕ ਤੇ ਬੇਭਰੋਸਗੀ ਵਧ ਗਈ।
ਇਸ ਨਾਲ ਇਕ ਨਵੀਂ ਵਿਸ਼ਵ ਵਿਵਸਥਾ ਆਕਾਰ ਲੈਂਦੀ ਦਿਖਾਈ ਦੇ ਰਹੀ ਹੈ। ਟਰੰਪ ਇਸ ਨੂੰ ਸਮਝਦੇ ਹਨ ਤੇ ਇਸ ਲਈ ਉਨ੍ਹਾਂ ਨੇ ਗਾਜ਼ਾ ਸ਼ਾਂਤੀ ਬੋਰਡ ਵਰਗੀ ਪਹਿਲ ਕਰ ਕੇ ਆਪਣੇ ਆਪ ਨੂੰ ਉਸ ਦਾ ਉਮਰ ਭਰ ਦਾ ਮੁਖੀ ਵੀ ਨਾਮਜ਼ਦ ਕਰ ਲਿਆ, ਜਿਸ ਕੋਲ ਆਖ਼ਰੀ ਫ਼ੈਸਲਾਕੁੰਨ ਵੀਟੋ ਹੋਵੇਗਾ। ਅਜਿਹੀ ਪਹਿਲ ਸਥਾਪਿਤ ਅੰਤਰਰਾਸ਼ਟਰੀ ਨਿਯਮਾਂ ਖ਼ਿਲਾਫ਼ ਹੋਣ ਦੇ ਨਾਲ ਹੀ ਸੰਯੁਕਤ ਰਾਸ਼ਟਰ ਦਾ ਬਦਲ ਬਣ ਕੇ ਉਸ ਨੂੰ ਤਬਦੀਲ ਕਰਨ ਦੀ ਮਾੜੀ ਕੋਸ਼ਿਸ਼ ਵੀ ਹੈ।
ਮੁਦਰਾ ਸਬੰਧੀ ਮੋਰਚੇ ਨੂੰ ਲੈ ਕੇ ਵੀ ਟਰੰਪ ਤਣਾਅ ’ਚ ਹਨ। ਦੂਜੀ ਆਲਮੀ ਜੰਗ ਤੋਂ ਬਾਅਦ ਤੋਂ ਦੁਨੀਆ ’ਚ ਡਾਲਰ ਦਾ ਬੋਲਬਾਲਾ ਹੈ। ਵਿਸ਼ਵ ਪੱਧਰੀ ਮੁਦਰਾ ਲੈਣ-ਦੇਣ ’ਚ ਅਮਰੀਕੀ ਬੈਂਕਾਂ ਤੇ ਸਵਿਫਟ ਵਰਗੀਆਂ ਵਿਵਸਥਾਵਾਂ ਦਾ ਏਕਾਧਿਕਾਰ ਹੈ। ਇਨ੍ਹਾਂ ਦੀ ਵਰਤੋਂ ਅਮਰੀਕਾ ਸਾਰੇ ਦੇਸ਼ਾਂ ਖ਼ਿਲਾਫ਼ ਹਥਿਆਰ ਦੇ ਰੂਪ ’ਚ ਕਰਦਾ ਰਿਹਾ ਹੈ। ਜਿਵੇਂ ਰੂਸ-ਯੂਕਰੇਨ ਜੰਗ ਕਾਰਨ ਅਮਰੀਕਾ ਨੇ 2022 ’ਚ ਰੂਸ ਦੇ ਮੁਦਰਾ ਭੰਡਾਰ ’ਤੇ ਰੋਕ ਲਾ ਦਿੱਤੀ।
ਇਹ ਇਕ ਖ਼ਤਰੇ ਦੀ ਘੰਟੀ ਹੀ ਸੀ। ਇਸ ਤੋਂ ਸਬਕ ਲੈਂਦੇ ਹੋਏ ਭਾਰਤ ਨੇ ਅਮਰੀਕੀ ਗੋਲਡ-ਬਾਂਡ ਦੀ ਵਿਕਰੀ ਕੀਤੀ ਤੇ ਆਪਣੇ ਡਾਲਰ ਭੰਡਾਰ ਨੂੰ 2023 ’ਚ 40 ਫ਼ੀਸਦੀ ਤੋਂ ਘਟਾ ਕੇ 26 ਫ਼ੀਸਦੀ ਕਰ ਦਿੱਤਾ। ਭਾਰਤੀ ਰਿਜ਼ਰਵ ਬੈਂਕ ਨੇ ਜਰਮਨੀ, ਨਿਊਜ਼ੀਲੈਂਡ, ਰੂਸ, ਬੰਗਲਾਦੇਸ਼, ਇਜ਼ਰਾਈਲ, ਸਿੰਗਾਪੁਰ, ਸ੍ਰੀਲੰਕਾ, ਇੰਗਲੈਂਡ ਸਮੇਤ 22 ਦੇਸ਼ਾਂ ਦੇ ਬੈਂਕਾਂ ਨੂੰ ਭਾਰਤ ’ਚ ਸਪੈਸ਼ਲ ਵੋਸਟ੍ਰੋ ਰੁਪਇਆ ਅਕਾਊਂਟ’ ਖੋਲ੍ਹਣ ਦੀ ਮਨਜ਼ੂਰੀ ਦਿੱਤੀ, ਜਿਸ ਨਾਲ ਇਨ੍ਹਾਂ ਦੇ ਨਾਲ ਡਾਲਰ ਦੀ ਥਾਂ ਰੁਪਏ ’ਚ ਵਪਾਰ ਹੋਵੇਗਾ। ਇਸੇ ਵਿਚਾਲੇ ਯੂਰਪੀ ਸੰਘ ਦੇ ਨਾਲ ਇਕ ਵੱਡੇ ਵਪਾਰ ਸਮਝੌਤੇ ’ਤੇ ਵੀ ਸਹਿਮਤੀ ਬਣੀ।
ਇਸ ਤੋਂ ਬਾਅਦ ਅਮਰੀਕਾ ’ਤੇ ਦਬਾਅ ਬਣਨਾ ਸੁਭਾਵਿਕ ਹੀ ਸੀ, ਜਿਸ ਦਾ ਨਤੀਜਾ ਭਾਰਤ ਦੇ ਨਾਲ ਦੁਵੱਲੇ ਲਾਭ ਵਾਲੇ ਇਕ ਅੰਤ੍ਰਿਮ ਵਪਾਰ ਸਮਝੌਤੇ ਦੇ ਰੂਪ ’ਚ ਨਿਕਲਿਆ। ਭਾਰਤ ਨੇ ਅਮਰੀਕਾ ਦੇ ਸਾਹਮਣੇ ਸਪੱਸ਼ਟ ਕਰ ਦਿੱਤਾ ਕਿ ਉਹ ਦਬਾਅ ’ਚ ਝੁਕਣ ਵਾਲਾ ਦੇਸ਼ ਨਹੀਂ ਤੇ ਉਸ ਕੋਲ ਬਦਲਾਂ ਦੀ ਕਮੀ ਨਹੀਂ। ਆਖ਼ਰ 140 ਕਰੋੜ ਖਪ਼ਤਕਾਰਾਂ ਵਾਲਾ ਦੇਸ਼ ਕਿਸੇ ਦੇ ਅੱਗੇ ਝੁਕੇ ਵੀ ਕਿਉਂ? ਇਹ ਵੀ ਯਾਦ ਰੱਖਿਆ ਜਾਵੇ ਕਿ ਜੇ ਭਾਰਤ ਨੂੰ ਅਮਰੀਕਾ ਦੀ ਜ਼ਰੂਰਤ ਹੈ ਤਾਂ ਅਮਰੀਕਾ ਨੂੰ ਵੀ ਤਾਂ ਭਾਰਤ ਦੀ ਓਨੀ ਦੀ ਜ਼ਰੂਰਤ ਹੈ।
ਟਰੰਪ ਦੀ ਇਕ ਚਿੰਤਾ ਰੱਖਿਆ ਤੰਤਰ ਨਾਲ ਵੀ ਜੁੜੀ ਹੈ। ਭਾਰਤ ਰੱਖਿਆ ਉਤਪਾਦਨ ’ਚ ‘ਮੇਕ ਇਨ ਇੰਡੀਆ’ ਦੇ ਰਾਹ ’ਤੇ ਤੁਰ ਪਿਆ ਹੈ। ਇਕ ਤਾਂ ਭਾਰਤ ਵੱਡੇ ਪੱਧਰ ’ਤੇ ਘਰੇਲੂ ਉਤਪਾਦਨ ਦੀ ਦਿਸ਼ਾ ’ਚ ਵਧ ਰਿਹਾ ਹੈ ਤਾਂ ਦੂਜੇ ਪਾਸੇ ਵਿਦੇਸ਼ੀ ਖ਼ਰੀਦ ਦੇ ਮਾਮਲੇ ’ਚ ਵੀ ਬਹੁਤ ਸੋਚ ਸਮਝ ਕੇ ਕਦਮ ਵਧਾ ਰਿਹਾ ਹੈ। ਪਿਛਲੇ ਸਾਲ ਭਾਰਤ ਨੇ ਫਰਾਂਸ ਤੋਂ 63 ਹਜ਼ਾਰ ਕਰੋੜ ਰੁਪਏ ਦੇ ਰਾਫੇਲ ਜੈੱਟ ਖ਼ਰੀਦੇ ਜਦਕਿ 50 ਫ਼ੀਸਦੀ ਟਰੰਪ ਟੈਰਿਫ ਕਾਰਨ ਉਨ੍ਹਾਂ ਦੇ ਸਟ੍ਰਾਈਕਰ ਵ੍ਹੀਕਲ, ਜੈਵਲਿਨ ਮਿਜ਼ਾਈਲ ਤੇ ਬੋਇੰਗ ਪੀ81 ਏਅਰਕ੍ਰਾਫਟ ਦੀ ਖ਼ਰੀਦ ਰੋਕ ਦਿੱਤੀ। ਟਰੰਪ ਨੇ ਇਹ ਇਸ਼ਾਰਾ ਵੀ ਸਮਝਿਆ ਤੇ ਆਖ਼ਰ ਭਾਰਤ ਦੇ ਨਾਲ ਵਪਾਰ ਸਮਝੌਤਾ ਕਰਨ ਤੇ ਟੈਰਿਫ ਘਟਾਉਣ ਲਈ ਮਜਬੂਰ ਹੋਇਆ। ਦੁਵੱਲੇ ਸਬੰਧਾਂ ’ਚ ਹੁਣ ਹਾਲਾਤ ਚਾਹੇ ਹੀ ਆਮ ਹੁੰਦੇ ਦਿਖਾਈ ਦੇ ਰਹੇ ਹੋਣ, ਪਰ ਟਰੰਪ ਦੀ ਹਮਲਾਵਰਤਾ ਨਾਲ ਭਾਰਤੀਆਂ ਦੇ ਮਨ ’ਚ ਉਨ੍ਹਾਂ ਪ੍ਰਤੀ ਸ਼ੱਕ ਤੇ ਅਮਰੀਕੀ ਲੋਕਤੰਤਰ ਲਈ ਕੁਝ ਨਿਰਾਸ਼ਾ ਜ਼ਰੂਰ ਵਧੀ ਹੈ। ਵੈਸੇ ਟਰੰਪ ਤੇ ਅਮਰੀਕਾ ਇਕ ਦੂਜੇ ਦੇ ਸਮਾਨਾਰਥੀ ਨਹੀਂ ਹਨ। ਅਮਰੀਕੀ ਜਨਤਾ ਦਾ ਇਕ ਵੱਡਾ ਵਰਗ ਵੀ ਟਰੰਪ ਤੋਂ ਪਰੇਸ਼ਾਨ ਹੈ। ਖ਼ੁਸ਼ਕਿਸਮਤੀ ਨਾਲ ਭਾਰਤ-ਅਮਰੀਕਾ ਸਬੰਧ ਡੂੰਘੀਆਂ ਜਮਹੂਰੀ ਕਦਰਾਂ-ਕੀਮਤਾਂ ’ਤੇ ਆਧਾਰਤ ਹਨ। ਸੰਭਵ ਹੈ ਕਿ ਅੱਗੇ ਅਮਰੀਕਾ ਆਪਣਾ ਜਮਹੂਰੀ ਅਕਸ ਤੇ ਮਹਾਨਤਾ ਦੀ ਪਨਰ ਸਥਾਪਨਾ ਕਰੇ।
-ਡਾ. ਏਕੇ ਵਰਮਾ
(ਲੇਖਕ ਸੈਂਟਰ ਫਾਰ ਦ ਸਟਡੀ ਆਫ ਸੋਸਾਇਟੀ ਐਂਡ ਪਾਲੀਟਿਕਸ ਦਾ ਡਾਇਰੈਕਟਰ ਅਤੇ ਸਿਆਸੀ ਵਿਸ਼ਲੇਸ਼ਕ ਹੈ)
response@jagran.com