ਵੱਖ-ਵੱਖ ਸ਼ਾਸਤਰਾਂ ਅਤੇ ਵੱਖੋ-ਵੱਖ ਰਿਸ਼ੀਆਂ-ਮੁਨੀਆਂ ਨੇ ਇਕ ਨਹੀਂ, ਅਨੇਕ ਵਾਰ ਦੁਹਰਾਇਆ ਹੈ ਕਿ ਸੱਚ ਬੋਲਣ ਵਾਲੇ ਨੂੰ ਕਿਸੇ ਤਰ੍ਹਾਂ ਦੀ ਨਾ ਤਾਂ ਨਮੋਸ਼ੀ ਝੱਲਣੀ ਪੈਂਦੀ ਹੈ ਤੇ ਨਾ ਹੀ ਇਹ ਯਾਦ ਰੱਖਣਾ ਪੈਂਦਾ ਹੈ ਕਿ ਕਦੋਂ ਉਸ ਨੇ ਆਪਣੇ ਮੂੰਹੋਂ ਕੀ ਕਿਹਾ ਹੈ। ਨਿਸਬਤ ਇਸ ਦੇ, ਝੂਠ ਬੋਲਣ ਵਾਲਾ ਵਿਅਕਤੀ ਹਰ ਸਮੇਂ ਆਪਣੇ ਬੋਲੇ ਹੋਏ ਸ਼ਬਦਾਂ ਦੀ ਗ੍ਰਿਫ਼ਤ ਵਿਚ ਹੀ ਉਲਝ ਕੇ ਰਹਿ ਜਾਂਦਾ ਹੈ।

ਅੱਜ ਅਸੀਂ ਅਜਿਹੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ ਜਿਸ ਅੰਦਰ ਸਭ ਤੋਂ ਸ਼ਕਤੀਸ਼ਾਲੀ ਸਮਝੇ ਜਾਣ ਵਾਲੇ ਜਾਂ ਆਪੂੰ ਬਣੇ ਦੁਨੀਆ ਦੇ ਠੇਕੇਦਾਰ ਦੇ ਝੱਲ ਖਿਲਾਰੇ ਜਾਂ ਖ਼ੁਰਾਫ਼ਾਤੀ ਦਿਮਾਗ ਦੇ ਅਜੀਬ ਨਮੂਨੇ ਵੇਖਣ ਨੂੰ ਮਿਲ ਰਹੇ ਹਨ। ਤੁਸੀਂ ਠੀਕ ਹੀ ਸਮਝੇ ਹੋ। ਜੀ ਹਾਂ! ਮੈਂ ਈਰਾਨ ਬਨਾਮ ਅਮਰੀਕਾ, ਇਜ਼ਰਾਈਲ ਜੰਗ ਦੀ ਹੀ ਗੱਲ ਕਰ ਰਿਹਾ ਹਾਂ। ਇਸ ਜੰਗ ਦੇ ਕੇਂਦਰ ਵਿਚ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਮੈਂ ਉਨ੍ਹਾਂ ਦੇ ਵਿਵਹਾਰ ਨੂੰ ਸਮਝਣ, ਤੋਲਣ, ਦੇਖਣ, ਪਰਖਣ ਦੀ ਕੋਸ਼ਿਸ਼ ਵਿਚ ਹਾਂ। ਸ਼ਾਇਦ ਹੀ ਇਸ ਤੋਂ ਪਹਿਲਾਂ ਕਦੇ ਕਿਸੇ ਦੇਸ਼ ਦੇ ਰਾਸ਼ਟਰਪਤੀ ਦੇ ਅਜਿਹੇ ਖ਼ੁਰਾਫਾਤੀ ਦਿਮਾਗ ਦੀਆਂ ਪਰਤਾਂ ਨਜ਼ਰ ਆਈਆਂ ਹੋਵਣ। ਹਿਟਲਰ ਹੋਵੇ ਜਾਂ ਮੁਸੋਲਿਨੀ, ਉੱਤਰੀ ਕੋਰੀਆ ਦਾ ਕਿਮ-ਜੌਂਗ-ਉਨ ਹੋਵੇ ਜਾਂ ਕੋਈ ਹੋਰ, ਇਸ ਤਰ੍ਹਾਂ ਦਾ ਵਿਵਹਾਰ ਤਾਂ ਸ਼ਾਇਦ ਹੀ ਕਦੇ ਕਿਸੇ ਨੇ ਕੀਤਾ ਹੋਵੇ। ਨਾ ਨਿਸ਼ਾਨਾ ਸਪਸ਼ਟ, ਨਾ ਮਕਸਦ, ਨਾ ਹੀ ਜ਼ਰੂਰਤ, ਨਾ ਹੀ ਦਸ਼ਾ, ਨਾ ਦਿਸ਼ਾ ਤੇ ਨਾ ਹੀ ਕੋਈ ਦਿਸ਼ਾ-ਨਿਰਦੇਸ਼ ਅਤੇ ਨਾ ਕੋਈ ਨਿਰਦੇਸ਼ਕ। ਪੰਜਾਬੀ ਦੀ ਕਹਾਵਤ ‘ਧੂੜ ’ਚ ਟੱਟੂ ਭਜਾਉਣਾ’ ਸੱਚ ਸਾਬਿਤ ਹੋ ਰਹੀ ਹੈ। ਜਾਂ ਫਿਰ ਜਿਵੇਂ ਬਾਂਦਰ ਟਪੂਸੀਆਂ ਮਾਰਦਾ ਹੈ, ਉਸ ਤਰ੍ਹਾਂ ਦਾ ਵਿਵਹਾਰ ਨਜ਼ਰੀਂ ਪੈ ਰਿਹਾ ਹੈ ਅਤੇ ਉਹ ਵੀ ਦੁਨੀਆ ਭਰ ਦੇ ਸਭ ਤੋਂ ਸ਼ਕਤੀਸ਼ਾਲੀ ਸਮਝੇ ਜਾਣ ਵਾਲੇ ਦੇਸ਼ ਦੇ ਰਾਸ਼ਟਰਪਤੀ ਦਾ।
ਵੱਖ-ਵੱਖ ਸ਼ਾਸਤਰਾਂ ਅਤੇ ਵੱਖੋ-ਵੱਖ ਰਿਸ਼ੀਆਂ-ਮੁਨੀਆਂ ਨੇ ਇਕ ਨਹੀਂ, ਅਨੇਕ ਵਾਰ ਦੁਹਰਾਇਆ ਹੈ ਕਿ ਸੱਚ ਬੋਲਣ ਵਾਲੇ ਨੂੰ ਕਿਸੇ ਤਰ੍ਹਾਂ ਦੀ ਨਾ ਤਾਂ ਨਮੋਸ਼ੀ ਝੱਲਣੀ ਪੈਂਦੀ ਹੈ ਤੇ ਨਾ ਹੀ ਇਹ ਯਾਦ ਰੱਖਣਾ ਪੈਂਦਾ ਹੈ ਕਿ ਕਦੋਂ ਉਸ ਨੇ ਆਪਣੇ ਮੂੰਹੋਂ ਕੀ ਕਿਹਾ ਹੈ। ਨਿਸਬਤ ਇਸ ਦੇ, ਝੂਠ ਬੋਲਣ ਵਾਲਾ ਵਿਅਕਤੀ ਹਰ ਸਮੇਂ ਆਪਣੇ ਬੋਲੇ ਹੋਏ ਸ਼ਬਦਾਂ ਦੀ ਗ੍ਰਿਫ਼ਤ ਵਿਚ ਹੀ ਉਲਝ ਕੇ ਰਹਿ ਜਾਂਦਾ ਹੈ। ਇਹੋ ਜਿਹੀ ਹਾਲਤ ਹੋ ਚੁੱਕੀ ਹੈ ਅੱਜ ਅਮਰੀਕੀ ਰਾਸ਼ਟਰਪਤੀ ਟਰੰਪ ਦੀ। ਉਸ ਦੇ ਇਕ ਤੋਂ ਬਾਅਦ ਇਕ ਅਜਿਹੇ ਬਿਆਨ ਆ ਰਹੇ ਹਨ ਜਿਨ੍ਹਾਂ ਵਿਚਕਾਰ ਕਿਸੇ ਵੀ ਤਰ੍ਹਾਂ ਦਾ ਕੋਈ ਤਾਲਮੇਲ, ਸੰਤੁਲਨ, ਇਕਾਗਰਤਾ ਨਜ਼ਰ ਨਹੀਂ ਆਉਂਦੀ, ਸੱਚਾਈ ਤਾਂ ਬਹੁਤ ਦੂਰ ਦੀ ਕੌਡੀ ਹੈ।
ਇਕ ਦਿਨ ਵਿਚ ਕਿਸੇ ਵੀ ਮੁਲਕ ਨੂੰ ਤਬਾਹ ਕਰ ਦੇਣ ਵਰਗਾ ਬਿਆਨ ਦੇਣ ਵਾਲਾ, ਇਕ ਰਾਤ ਵਿਚ ਕਿਸੇ ਵੀ ਮੁਲਕ ਜਾਂ ਕੌਮ ਦੀ ਸੱਭਿਅਤਾ ਨੂੰ ਨੇਸਤੋ-ਨਾਬੂਦ ਕਰ ਦੇਣ ਦਾ ਦਮ ਭਰਨ ਵਾਲਾ ਰਾਸ਼ਟਰਪਤੀ ਜੰਗ ਦੇ ਚਾਲੀ ਦਿਨ ਬੀਤਣ ਉਪਰੰਤ ਵੀ ਅਜਿਹਾ ਗੁਣਗਾਨ ਕਰ ਰਿਹਾ ਹੈ ਜਿਵੇਂ ਸਭ ਕੁਝ ਉਸ ਦੇ ਹੱਥ ਵਿਚ ਹੈ। ਉਹ ਕਹੇਗਾ ਦਿਨ ਤਾਂ ਦਿਨ ਚੜ੍ਹੇਗਾ, ਉਹ ਕਹੇਗਾ ਰਾਤ ਤਾਂ ਰਾਤ ਹੋਵੇਗੀ। ਹੰਕਾਰ ਦਾ ਇੰਨਾ ਵੱਡਾ ਅਤੇ ਵਿਕਰਾਲ ਰੂਪ ਸ਼ਾਇਦ ਹੀ ਕਿਸੇ ਅੰਦਰ ਅੱਜ ਤੋਂ ਪਹਿਲਾਂ ਦਿਖਾਈ ਦਿੱਤਾ ਹੋਵੇ।
ਇੱਕੀਵੀਂ ਸਦੀ ਮਾਨਵਤਾ ਦੇ ਵਿਕਾਸ ਦੀ ਅਜਿਹੀ ਚਰਮ-ਸੀਮਾ ਲੈ ਕੇ ਆਈ ਹੈ ਕਿ ਮਾਨਵਤਾ ਖ਼ੁਦ ਹੀ ਹੈਰਾਨ ਹੋਣ ਦੇ ਨਾਲ-ਨਾਲ ਆਪਣੇ ਧੁਰ ਅੰਦਰੋਂ ਬੇਹੱਦ ਪਰੇਸ਼ਾਨ ਵੀ ਹੈ ਕਿ ਮਾਨਵ ਅੱਜ ਕਿੱਥੇ ਪੁੱਜ ਗਿਆ ਹੈ। ਅਫ਼ਵਾਹਾਂ, ਭਵਿੱਖਬਾਣੀਆਂ ਅਤੇ ਇਤਿਹਾਸ ਵਿੱਚੋਂ ਲੱਭ-ਲੱਭ ਕੇ ਦਿੱਤੀਆਂ ਜਾਣ ਵਾਲੀਆਂ ਅਨੇਕ ਤਰ੍ਹਾਂ ਦੀਆਂ ਮਿਸਾਲਾਂ ਅੱਜ ਕੁੱਲ ਮਾਨਵਤਾ ਨੂੰ ਨਿਰਾਸ਼ਾ ਅਤੇ ਵਹਿਮਾਂ-ਭਰਮਾਂ ਦੇ ਮਹਾਜਾਲ ਵਿਚ ਇਸ ਕਦਰ ਉਲਝਾ ਰਹੀਆਂ ਹਨ ਕਿ ਨਕਲੀ ਬੁੱਧੀਮਤਾ ਯਾਨੀ ਏਆਈ ਦੇ ਇਸ ਯੁੱਗ ਅੰਦਰ ਵਹਿਮ-ਭਰਮ, ਧਾਰਮਿਕ ਅਡੰਬਰਵਾਦ ਮੁੜ ਤੋਂ ਜ਼ੋਰ ਫੜ ਰਹੇ ਹਨ। ਅਮਰੀਕੀ ਰਾਸ਼ਟਰਪਤੀ ਕਦੇ ਆਪਣੇ-ਆਪ ਨੂੰ ਦੇਵ ਦੂਤ, ਕਦੇ ਸ਼ਾਂਤੀ ਦੂਤ ਤੇ ਕਦੇ ਲੋਕ ਹਿੱਤ ਵਿਚ ਭੁਗਤਣ ਵਾਲਾ ਮਹਾਨ ਨੇਤਾ ਦਰਸਾ ਰਿਹਾ ਹੈ ਅਤੇ ਦੂਜੇ ਬੰਨੇ ਵਿਗਿਆਨ ਅਤੇ ਤਕਨਾਲੋਜੀ ਦਾ ਇਸਤੇਮਾਲ ਕਰ ਕੇ ਈਰਾਨ ਵਰਗੇ ਮੁਲਕ ਦੀ ਸੱਤਾ ਉੱਤੇ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਬਜ਼ਾ ਕਰ ਕੇ ਕੁੱਲ ਦੁਨੀਆ ਉੱਤੇ ਆਪਣਾ ਅਜਿਹਾ ਪ੍ਰਭਾਵ ਕਾਇਮ ਕਰਨ ਦੀ ਇੱਛਾ ਰੱਖਦਾ ਹੈ ਕਿ ਦੁਨੀਆ ਉਸ ਦੀਆਂ ਸੋਚਾਂ ਅਨੁਸਾਰ ਆਪਣੇ-ਆਪ ਨੂੰ ਨਾ ਕੇਵਲ ਢਾਲ ਲਵੇ ਸਗੋਂ ਸਮੁੱਚੇ ਵਿਸ਼ਵ ਉੱਤੇ ਉਸ ਦਾ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਕਬਜ਼ਾ ਹੋ ਜਾਵੇ। ਕੀ ਅਜਿਹਾ ਸੰਭਵ ਹੈ? ਇਕ ਛੋਟੇ ਜਿਹੇ ਪਰਿਵਾਰ ਵਿਚ ਵੀ ਸਰਬਸੰਮਤੀ ਨਹੀਂ ਬਣਦੀ। ਦੁਨੀਆ ਨੂੰ ਟਰੰਪ ਦੀਆਂ ਨੀਤੀਆਂ, ਟਪੂਸੀਆਂ ਜਾਂ ਹੰਕਾਰ ਮੁਤਾਬਕ ਢਾਲ ਸਕਣਾ ਅਤਿਅੰਤ ਕਠਿਨ ਹੈ। ਟਰੰਪ ਜਿੰਨੀਆਂ ਮਰਜ਼ੀ ਫੜ੍ਹਾਂ ਮਾਰ ਲਵੇ, ਗਿਰਗਿਟ ਵਾਂਗ ਜਿੰਨੇ ਮਰਜ਼ੀ ਰੰਗ ਬਦਲ ਲਵੇ, ਕੁਦਰਤ ਦੇ ਆਪਣੇ ਕੁਝ ਅਸੂਲ ਨੇ, ਵਿਧਾਨ ਹੈ। ਜਦੋਂ ਕੁਦਰਤ ਜਾਂ ਕਾਇਨਾਤ ਆਪਣੀ ਮਰਿਆਦਾ ਖ਼ੁਦ ਕਾਇਮ ਕਰਨ ਵੱਲ ਹੋਈ ਤਾਂ ਟਰੰਪ ਦੀਆਂ ਹਰਕਤਾਂ ਉਸ ਦੀ ਹੀ ਬਦਖੋਈ ਕਰਵਾਉਣਗੀਆਂ। ਇਹ ਕੰਮ ਸ਼ੁਰੂ ਵੀ ਹੋ ਚੁੱਕਾ ਹੈ ਕਿਉਂਕਿ ਉਹ ਆਪਣੇ ਅਜੀਬੋ-ਗ਼ਰੀਬ ਬਿਆਨਾਂ ਕਾਰਨ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ। ਅਮਰੀਕਾ ਵਿਚ ਹੀ ਟਰੰਪ ਦੀ ਮਾਨਸਿਕ ਸਿਹਤ ’ਤੇ ਸਵਾਲ ਉੱਠਣ ਲੱਗੇ ਹਨ। ਗਿਰਗਿਟ ਦਾ ਰੰਗ ਬਦਲਣਾ ਉਸ ਦੀ ਆਪਣੀ ਲੋੜ ਹੈ, ਨਾ ਕਿ ਉਹ ਕੁਦਰਤ ਦੇ ਕਿਸੇ ਰੰਗ ਨੂੰ ਬਦਲਣ ਦੇ ਸਮਰੱਥ ਹੈ। ਇਹੀ ਗੱਲ ਟਰੰਪ ’ਤੇ ਪੂਰੀ ਤਰ੍ਹਾਂ ਢੁੱਕਦੀ ਹੈ।
-ਡਾ. ਅਸ਼ੋਕ ਕੁਮਾਰ ਖੁਰਾਣਾ
ਮੋਬਾਈਲ : 98149-05361