- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਹੁੰਦਾ ਤਾਂ ਰੈਗਿੰਗ ਕਾਰਨ ਡਿਪ੍ਰੈਸ਼ਨ ਵਿਚ ਚਲੀ ਗਈ ਧਰਮਸ਼ਾਲਾ ਸ਼ਹਿਰ ਦੇ ਇਕ ਕਾਲਜ ਦੀ ਵਿਦਿਆਰਥਣ ਬੇਵਕਤ ਜਹਾਨੋਂ ਰੁਖ਼ਸਤ ਨਾ ਹੁੰਦੀ। ਪਿਛਲੇ ਦਿਨੀਂ ਉਸ ਦੀ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਇਸ ਵਿਦਿਆਰਥਣ ਦੇ ਮਾਪਿਆਂ ਵੱਲੋਂ ਉਸ ਦੇ ਸੁਨਹਿਰੀ ਭਵਿੱਖ ਲਈ ਸੰਜੋਏ ਗਏ ਸੁਪਨੇ ਚਕਨਾਚੂਰ ਹੋ ਗਏ।
ਕਾਫ਼ੀ ਲੰਬੇ ਅਰਸੇ ਤੋਂ ਉੱਚ ਵਿੱਦਿਅਕ ਅਦਾਰਿਆਂ ਵਿਚ ਰੈਗਿੰਗ ਦੇ ਨਾਂ ’ਤੇ ਸੀਨੀਅਰਾਂ ਵੱਲੋਂ ਨਵੇਂ ਵਿਦਿਆਰਥੀਆਂ ਨਾਲ ਕੀਤੀ ਜਾਂਦੀ ਰੈਗਿੰਗ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਬੇਸ਼ੱਕ ਬਹੁਤੀ ਵਾਰ ਇਸ ਕਾਰਨ ਵਾਪਰਦੀਆਂ ਦੁਖਦਾਈ ਘਟਨਾਵਾਂ ਸਰਕਾਰਾਂ ਅਤੇ ਸਬੰਧਤ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਦੇ ਧਿਆਨ ਵਿੱਚ ਆਈਆਂ ਵੀ ਪਰ ਉਹ ਆਈਆਂ-ਗਈਆਂ ਹੀ ਹੁੰਦੀਆਂ ਰਹੀਆਂ ਹਨ। ਬੇਸ਼ੱਕ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਕਾਨੂੰਨ ਦੀ ਵਿਵਸਥਾ ਵੀ ਕੀਤੀ ਗਈ ਹੈ ਪਰ ਜ਼ਮੀਨੀ ਪੱਧਰ ’ਤੇ ਇਸ ਉੱਤੇ ਸਖ਼ਤੀ ਨਾਲ ਅਮਲ ਨਹੀਂ ਹੋ ਰਿਹਾ।
ਜੇਕਰ ਇਸ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਹੁੰਦਾ ਤਾਂ ਰੈਗਿੰਗ ਕਾਰਨ ਡਿਪ੍ਰੈਸ਼ਨ ਵਿਚ ਚਲੀ ਗਈ ਧਰਮਸ਼ਾਲਾ ਸ਼ਹਿਰ ਦੇ ਇਕ ਕਾਲਜ ਦੀ ਵਿਦਿਆਰਥਣ ਬੇਵਕਤ ਜਹਾਨੋਂ ਰੁਖ਼ਸਤ ਨਾ ਹੁੰਦੀ। ਪਿਛਲੇ ਦਿਨੀਂ ਉਸ ਦੀ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ। ਇਸ ਵਿਦਿਆਰਥਣ ਦੇ ਮਾਪਿਆਂ ਵੱਲੋਂ ਉਸ ਦੇ ਸੁਨਹਿਰੀ ਭਵਿੱਖ ਲਈ ਸੰਜੋਏ ਗਏ ਸੁਪਨੇ ਚਕਨਾਚੂਰ ਹੋ ਗਏ।
ਇਸ ਵਿਦਿਆਰਥਣ ਦੇ ਪਰਿਵਾਰਕ ਮੈਬਰਾਂ ਦੇ ਬਿਆਨ ’ਤੇ ਕਾਂਗੜਾ ਪੁਲਿਸ ਨੇ ਕਾਲਜ ਦੇ ਇਕ ਪ੍ਰੋਫੈਸਰ ਅਤੇ ਚਾਰ ਵਿਦਿਆਰਥਣਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 75 ,115 (2), 3(5) ਤੇ ਹਿਮਾਚਲ ਪ੍ਰਦੇਸ਼ ਵਿੱਦਿਅਕ ਸੰਸਥਾਨ ( ਰੈਗਿੰਗ ਰੋਕੂ) ਐਕਟ 2009 ਦੀ ਧਾਰਾ 3 ਤਹਿਤ ਕੇਸ ਦਰਜ ਕਰ ਲਿਆ ਹੈ। ਸਬੰਧਤ ਪ੍ਰੋਫੈਸਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਪਰ ਕੀ ਇਸ ਨਾਲ ਪੀੜਤ ਪਰਿਵਾਰ ਦੇ ਹੋਏ ਇਸ ਵੱਡੇ ਨੁਕਸਾਨ ਦੀ ਭਰਪਾਈ ਹੋ ਸਕੇਗੀ? ਮਾਪੇ ਆਪਣੇ ਬੱਚਿਆਂ ਨੂੰ ਕਾਲਜਾਂ ਵਿਚ ਉੱਚ ਵਿੱਦਿਆ ਹਾਸਲ ਕਰਨ ਲਈ ਭੇਜਦੇ ਹਨ ਤਾਂ ਕਿ ਉਹ ਪੜ੍ਹ-ਲਿਖ ਕੇ ਆਪਣਾ ਭਵਿੱਖ ਸੰਵਾਰ ਸਕਣ। ਇਸ ਵਾਸਤੇ ਮਾਪੇ ਆਪਣਾ ਸਭ ਕੁਝ ਦਾਅ ’ਤੇ ਲਗਾ ਦਿੰਦੇ ਹਨ ਅਤੇ ਆਪਣੀਆਂ ਇੱਛਾਵਾਂ ਨੂੰ ਡੂੰਘਾ ਦਫ਼ਨ ਕਰ ਦਿੰਦੇ ਹਨ। ਉਨ੍ਹਾਂ ਦੇ ਮਨਾਂ ’ਤੇ ਉਦੋਂ ਡੂੰਘੇ ਜ਼ਖ਼ਮ ਹੋ ਜਾਂਦੇ ਹਨ ਜਦੋਂ ਬੱਚੇ ਵਿੱਦਿਅਕ ਅਦਾਰਿਆਂ ਵਿਚ ਤਸ਼ੱਦਦ ਦਾ ਸ਼ਿਕਾਰ ਹੋ ਜਾਂਦੇ ਹਨ। ਸਾਰੇ ਵਿਦਿਆਰਥੀ ਇੱਕੋ ਜਿਹੇ ਨਹੀਂ ਹੁੰਦੇ।
ਕੁਝ ਸ਼ਰਾਰਤੀ ਮਾਨਸਿਕਤਾ ਵਾਲੇ ਨਾ ਖ਼ੁਦ ਪੜ੍ਹਦੇ ਹਨ ਅਤੇ ਨਾ ਦੂਜਿਆਂ ਨੂੰ ਪੜ੍ਹਨ ਦਿੰਦੇ ਹਨ ਅਤੇ ਮਾਹੌਲ ਨੂੰ ਖ਼ਰਾਬ ਕਰਦੇ ਹਨ। ਕੁਝ ਭੋਲੇ-ਭਾਲੇ ਅਤੇ ਸੰਜੀਦਾ ਮਾਨਸਿਕਤਾ ਵਾਲੇ ਵਿਦਿਆਰਥੀ ਇਨ੍ਹਾਂ ਦੇ ਤਸ਼ੱਦਦ ਦਾ ਸ਼ਿਕਾਰ ਹੋ ਜਾਂਦੇ ਹਨ। ਵਿੱਦਿਆ ਹਾਸਲ ਕਰਨਾ ਹਰ ਬੱਚੇ ਦਾ ਬੁਨਿਆਦੀ ਹੱਕ ਹੈ ਪਰ ਹੁੱਲੜਬਾਜ਼ੀ ਵਾਲੇ ਮਾਹੌਲ ਵਿਚ ਬੱਚੇ ਕਿਵੇਂ ਪੜ੍ਹ ਸਕਦੇ ਹਨ? ਚਾਹੀਦਾ ਤਾਂ ਇਹ ਹੈ ਕਿ ਹਰ ਸਾਲ ਨਵੇਂ ਸੈਸ਼ਨ ਮੌਕੇ ਪੁਰਾਣੇ ਵਿਦਿਆਰਥੀਆਂ ਵੱਲੋਂ ਨਵੇਂ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾਵੇ।
ਇਸ ਨਾਲ ਵਿਦਿਆਰਥੀਆਂ ਵਿਚ ਪੜ੍ਹਾਈ ਲਈ ਸੁਖਾਵਾਂ ਮਾਹੌਲ ਪੈਦਾ ਹੋਵੇਗਾ ਅਤੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਅਤੇ ਵਿੱਦਿਅਕ ਅਦਾਰਿਆਂ ਦਾ ਨਾਂ ਵੀ ਰੋਸ਼ਨ ਹੋਵੇਗਾ। ਰੈਗਿੰਗ ਬਿਮਾਰ ਮਾਨਸਿਕਤਾ ਦੀ ਉਪਜ ਹੈ ਜਿਸ ਨਾਲ ਕਿਸੇ ਦਾ ਵੀ ਭਲਾ ਨਹੀਂ ਹੁੰਦਾ। ਸਰਕਾਰਾਂ ਅਤੇ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਰੈਗਿੰਗ ਦੇ ਨਾਂ ’ਤੇ ਹੁੰਦੇ ਤਸ਼ੱਦਦ ਨੂੰ ਰੋਕਣ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਇਸ ਚਲਨ ਨੂੰ ਜੜ੍ਹੋਂ ਖ਼ਤਮ ਕਰ ਦੇਣਾ ਚਾਹੀਦਾ ਹੈ।
-ਪ੍ਰਸ਼ੋਤਮ ਬੈਂਸ, ਨਵਾਂਸ਼ਹਿਰ।