ਬੱਚਿਆਂ ਦੀ ਨਿਗਰਾਨੀ ਰੱਖਣ ’ਚ ਮਾਪੇ, ਅਧਿਆਪਕ ਤੇ ਸਮਾਜ ਕਿੱਥੇ ਪੱਛੜ ਰਿਹਾ ਹੈ? ਅਜਿਹਾ ਤਾਂ ਨਹੀਂ ਕਿ ਪੱਛਮੀ ਮੁਲਕਾਂ ’ਚ ਧੜੱਲੇ ਨਾਲ ਮਨਾਏ ਜਾਂਦੇ ‘ਵੈਲੇਨਟਾਈਨਜ਼ ਡੇ’ ਵਰਗੇ ਦਿਨ ਸਾਡੇ ਬੱਚਿਆਂ ਨੂੰ ਕੁਰਾਹੇ ਪਾ ਰਹੇ ਹਨ? ਜਿਸ ਦੇ ਨਤੀਜੇ ਇਸ ਕਤਲ ਵਰਗੇ ਨਿਕਲ ਰਹੇ ਹਨ।

ਵਿੱਦਿਆ ਦੇ ਮੰਦਰ ਕਹੇ ਜਾਣ ਵਾਲੇ ਸਕੂਲਾਂ/ਕਾਲਜਾਂ ’ਚੋਂ ਵਿਦਿਆਰਥੀਆਂ ਦੇ ਆਪਸੀ ਝਗੜਿਆਂ ਤੇ ਖ਼ੂਨ-ਖ਼ਰਾਬੇ ਦੀਆਂ ਖ਼ਬਰਾਂ ਵੱਡੀ ਚਿੰਤਾ ਪੈਦਾ ਕਰਦੀਆਂ ਹਨ। ਤਰਨਤਾਰਨ ਦੇ ਲਾਅ ਕਾਲਜ ’ਚ ਲੜਕੀ ਦੀ ਇਕ ਵਿਦਿਆਰਥੀ ਵੱਲੋਂ ਕਲਾਸਰੂਮ ’ਚ ਹੀ ਗੋਲ਼ੀ ਮਾਰ ਕੇ ਹੱਤਿਆ ਕਰ ਦੇਣਾ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਹੈ।
ਉਸ ਦੇ ਕਤਲ ਮਗਰੋਂ ਮੁਲਜ਼ਮ ਨੇ ਖ਼ੁਦ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਲੜਕੀ ਦਾ ਕਤਲ ਮੁੱਢਲੀ ਜਾਂਚ ’ਚ ਇਕਤਰਫ਼ਾ ਪ੍ਰੇਮ ਪ੍ਰਸੰਗ ਨਾਲ ਜੋੜਿਆ ਜਾ ਰਿਹਾ ਹੈ। ਦੂਜੇ ਪਾਸੇ ਬੇਹੱਦ ਸਾਧਾਰਨ ਪਰਿਵਾਰ ਦੀ ਇਸ ਲੜਕੀ ਦੇ ਮਾਪਿਆਂ ਦੇ ਹੰਝੂ ਵੀ ਦੇਖੇ ਨਹੀਂ ਜਾ ਰਹੇ। ਇਸ ਘਟਨਾ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਆਖ਼ਰ ਨੌਜਵਾਨ ਪੀੜ੍ਹੀ ’ਚ ਅਸਹਿਣਸ਼ੀਲਤਾ ਸੁਭਾਅ ਦਾ ਹਿੱਸਾ ਕਿਉਂ ਬਣ ਰਹੀ ਹੈ?
ਬੱਚਿਆਂ ਦੀ ਨਿਗਰਾਨੀ ਰੱਖਣ ’ਚ ਮਾਪੇ, ਅਧਿਆਪਕ ਤੇ ਸਮਾਜ ਕਿੱਥੇ ਪੱਛੜ ਰਿਹਾ ਹੈ? ਅਜਿਹਾ ਤਾਂ ਨਹੀਂ ਕਿ ਪੱਛਮੀ ਮੁਲਕਾਂ ’ਚ ਧੜੱਲੇ ਨਾਲ ਮਨਾਏ ਜਾਂਦੇ ‘ਵੈਲੇਨਟਾਈਨਜ਼ ਡੇ’ ਵਰਗੇ ਦਿਨ ਸਾਡੇ ਬੱਚਿਆਂ ਨੂੰ ਕੁਰਾਹੇ ਪਾ ਰਹੇ ਹਨ? ਜਿਸ ਦੇ ਨਤੀਜੇ ਇਸ ਕਤਲ ਵਰਗੇ ਨਿਕਲ ਰਹੇ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਕਿਸੇ ਇਕ ਧਿਰ ’ਤੇ ਜ਼ਿੰਮੇਵਾਰੀ ਥੋਪਣਾ ਇਨਸਾਫ਼ ਨਹੀਂ ਹੋਵੇਗਾ। ਤਰਨਤਾਰਨ ਦੀ ਘਟਨਾ ਸਮੁੱਚੇ ਸਮਾਜਿਕ ਪ੍ਰਬੰਧ ਦੇ ਸੁਰੱਖਿਆ ਪ੍ਰਬੰਧਾਂ ਤੋਂ ਪਰਦਾ ਲਾਹੁੰਦੀ ਹੈ। ਕਾਲਜ ਦੇ ਵਿਦਿਆਰਥੀ ਦੇ ਬੈਗ ’ਚ ਪਿਸਤੌਲ ਹੋਣਾ ਆਮ ਵਰਤਾਰਾ ਨਹੀਂ ਕਿਹਾ ਜਾ ਸਕਦਾ।
ਉਸ ਦੇ ਜ਼ਿਹਨ ’ਚ ਪਹਿਲਾਂ ਹੀ ਮਨ-ਮਾਫ਼ਕ ਜਵਾਬ ਨਾ ਮਿਲਣ ’ਤੇ ਕਤਲ ਕਰਨ ਵਰਗੀ ਯੋਜਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਕੀ ਇਸ ਘਟਨਾ ਤੋਂ ਸਬਕ ਲੈਂਦਿਆਂ ਸੂਬੇ ਦੇ ਸਾਰੇ ਵਿੱਦਿਅਕ ਅਦਾਰਿਆਂ ’ਚ ਕੋਈ ਅਜਿਹੀ ਵਿਵਸਥਾ ਬਣ ਸਕਦੀ ਹੈ ਜਿਸ ’ਚ ਸਕੂਲਾਂ-ਕਾਲਜਾਂ ’ਚ ਚੈਕਿੰਗ ਨੂੰ ਲੈ ਕੇ ਸਖ਼ਤੀ ਕੀਤੀ ਜਾ ਸਕੇ? ਕੀ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਬਾਅਦ ਵੀ ਉਨ੍ਹਾਂ ’ਤੇ ਨਜ਼ਰ ਰੱਖਣੀ ਚਾਹੀਦੀ ਹੈ ਕਿ ਉਹ ਵਿਹਲੇ ਸਮੇਂ ਜਮਾਤਾਂ ’ਚ ਬੈਠੇ ਕੀ ਕਰਦੇ ਹਨ। ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਿਸੇ ਸਕੂਲ ਜਾਂ ਕਾਲਜ ਦੀ ਹਦੂਦ ਅੰਦਰ ਜਾਂ ਬਾਹਰ ਅਜਿਹਾ ਭਾਣਾ ਵਰਤਿਆ ਹੋਵੇ।
ਪਿਛਲੇ ਮਹੀਨੇ ਪਟਿਆਲਾ ਦੇ ਇਕ ਸਰਕਾਰੀ ਸਕੂਲ ’ਚ ਦਸਵੀਂ ਜਮਾਤ ਦੇ ਵਿਦਿਆਰਥੀ ਨੇ ਬਾਹਰੋਂ ਆਪਣੇ ਸਾਥੀ ਬੁਲਾ ਕੇ ਸਕਿਉਰਿਟੀ ਗਾਰਡ ’ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਬੀਤੇ ਵਰ੍ਹੇ ਲੁਧਿਆਣਾ ਦੇ ਸਰਾਭਾ ਨਗਰ ’ਚ ਸਥਿਤ ਇਕ ਸਕੂਲ ਦੇ ਬਾਹਰ 17 ਸਾਲਾ ਵਿਦਿਆਰਥੀ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ। ਅਜਿਹੀ ਘਟਨਾ ਜਨਵਰੀ ਮਹੀਨੇ ਚੰਡੀਗੜ੍ਹ ਦੇ ਸੈਕਟਰ 39 ਸਥਿਤ ਸਕੂਲ ਦੇ ਬਾਹਰ ਵੀ ਵਾਪਰ ਚੁੱਕੀ ਹੈ। ਅਪ੍ਰੈਲ 2025 ’ਚ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਕੈਂਪਸ ’ਚ ਵੀ ਵਿਦਿਆਰਥੀਆਂ ਦੀਆਂ ਦੋ ਧਿਰਾਂ ਵਿਚਾਲੇ ਜਾਨਲੇਵਾ ਟਕਰਾਅ ਹੋਇਆ ਸੀ।
ਸਾਲ 2024 ’ਚ ਮੋਹਾਲੀ ਦੇ ਸਰਕਾਰੀ ਮਾਡਲ ਸਕੂਲ ’ਚ 8ਵੀਂ ਜਮਾਤ ਦੇ ਵਿਦਿਆਰਥੀ ’ਤੇ ਸਕੂਲ ਦੇ ਬਾਹਰ ਜਾਨਲੇਵਾ ਹਮਲਾ ਕੀਤਾ ਗਿਆ। ਮਾਪਿਆਂ ਨੂੰ ਅਜਿਹੀਆਂ ਘਟਨਾਵਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ ਕਿ ਕਿਤੇ ਕਸੂਰਵਾਰ ਪਰਿਵਾਰਕ ਮਾਹੌਲ ਤਾਂ ਨਹੀਂ। ਬੱਚਿਆਂ ਨੂੰ ਸਮਾਜ ਵਿਚਰਨ ਲਈ ਚੰਗੇ ਸੰਸਕਾਰ ਦੇਣਾ ਮਾਪਿਆਂ ਦਾ ਮੁੱਢਲਾ ਫ਼ਰਜ਼ ਹੈ। ਉਨ੍ਹਾਂ ਦੇ ਦੋਸਤਾਂ-ਮਿੱਤਰਾਂ ’ਚ ਕੌਣ ਹਨ, ਇਸ ਦਾ ਵੀ ਪਤਾ ਰੱਖਣਾ ਚਾਹੀਦਾ ਹੈ।
ਘਰ ਬੱਚਿਆਂ ਦਾ ਪਹਿਲਾ ਸਕੂਲ ਹੈ, ਜਿੱਥੋਂ ਚੰਗੇ ਸੰਸਕਾਰਾਂ ਦੀ ਸਿੱਖਿਆ ਲੈ ਕੇ ਬੱਚੇ ਸਮਾਜ ’ਚ ਵਿਚਰਦੇ ਹਨ। ਇਸ ਤੋਂ ਬਾਅਦ ਹੀ ਉਨ੍ਹਾਂ ਦੇ ਚੰਗੇ ਨਾਗਰਿਕ ਬਣਨ ਦੀ ਕਲਪਨਾ ਕੀਤੀ ਜਾ ਸਕਦੀ ਹੈ। ਸਮਾਜ ’ਚ ਸੁਰੱਖਿਅਤ ਮਾਹੌਲ ਸਿਰਜਣਾ ਸਰਕਾਰਾਂ ਤੇ ਸਥਾਨਕ ਪੁਲਿਸ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਹੈ। ਅਧਿਆਪਕਾਂ ਤੇ ਛੋਟੇ-ਵੱਡੇ ਵਿੱਦਿਅਕ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੇ ਆਲੇ-ਦੁਆਲੇ ਨਿਗਰਾਨੀ ਦੀ ਅਜਿਹੀ ਕੰਧ ਉਸਾਰਨੀ ਚਾਹੀਦੀ ਹੈ ਜਿਸ ਨੂੰ ਕੋਈ ਵੀ ਟੱਪਣ ਦਾ ਹੌਸਲਾ ਨਾ ਕਰ ਸਕੇ।