ਭਾਰਤ ਵਿਚ ਅੱਜ ਕ੍ਰਿਕਟ ਲੇਖਕ ਇਕ ਸੁਖਦ ਦੁਚਿੱਤੀ ’ਚੋਂ ਗੁਜ਼ਰ ਰਹੇ ਹਨ। ਜਿਵੇਂ-ਜਿਵੇਂ ਸਾਡੇ ਕ੍ਰਿਕਟਰ ਨਵੀਆਂ ਉੱਚਾਈਆਂ ਨੂੰ ਛੂਹ ਰਹੇ ਹਨ, ਲੇਖਕਾਂ ਨੂੰ ਉਨ੍ਹਾਂ ਦੀਆਂ ਜਿੱਤਾਂ ਅਤੇ ਇਸ ਇਤਿਹਾਸਕ ਨਿਰੰਤਰਤਾ ਦੇ ਗੁਣਗਾਨ ਲਈ ਸ਼ਬਦਕੋਸ਼ਾਂ ਵਿਚ ਨਵੇਂ ਵਿਸ਼ੇਸ਼ਣਾਂ, ਤਾਜ਼ਾ ਪ੍ਰਗਟਾਵਿਆਂ ਅਤੇ ਸਟੀਕ ਮੁਹਾਵਰਿਆਂ ਦੀ ਤਲਾਸ਼ ਕਰਨੀ ਪੈ ਰਹੀ ਹੈ। ਪਿਛਲੇ ਤਿੰਨ ਸਾਲਾਂ ਵਿਚ ਸੀਮਤ ਓਵਰਾਂ ਦੀ ਭਾਰਤੀ ਟੀਮ ਨੇ ਆਕਾਸ਼ੀ ਉੱਚਾਈਆਂ ਨੂੰ ਛੂਹਿਆ ਹੈ।

-ਤਰੁਣ ਗੁਪਤ
ਭਾਰਤ ਵਿਚ ਅੱਜ ਕ੍ਰਿਕਟ ਲੇਖਕ ਇਕ ਸੁਖਦ ਦੁਚਿੱਤੀ ’ਚੋਂ ਗੁਜ਼ਰ ਰਹੇ ਹਨ। ਜਿਵੇਂ-ਜਿਵੇਂ ਸਾਡੇ ਕ੍ਰਿਕਟਰ ਨਵੀਆਂ ਉੱਚਾਈਆਂ ਨੂੰ ਛੂਹ ਰਹੇ ਹਨ, ਲੇਖਕਾਂ ਨੂੰ ਉਨ੍ਹਾਂ ਦੀਆਂ ਜਿੱਤਾਂ ਅਤੇ ਇਸ ਇਤਿਹਾਸਕ ਨਿਰੰਤਰਤਾ ਦੇ ਗੁਣਗਾਨ ਲਈ ਸ਼ਬਦਕੋਸ਼ਾਂ ਵਿਚ ਨਵੇਂ ਵਿਸ਼ੇਸ਼ਣਾਂ, ਤਾਜ਼ਾ ਪ੍ਰਗਟਾਵਿਆਂ ਅਤੇ ਸਟੀਕ ਮੁਹਾਵਰਿਆਂ ਦੀ ਤਲਾਸ਼ ਕਰਨੀ ਪੈ ਰਹੀ ਹੈ। ਪਿਛਲੇ ਤਿੰਨ ਸਾਲਾਂ ਵਿਚ ਸੀਮਤ ਓਵਰਾਂ ਦੀ ਭਾਰਤੀ ਟੀਮ ਨੇ ਆਕਾਸ਼ੀ ਉੱਚਾਈਆਂ ਨੂੰ ਛੂਹਿਆ ਹੈ। ਸੰਨ 2023 ਦੇ ਵਨਡੇ ਵਿਸ਼ਵ ਕੱਪ ਫਾਈਨਲ ਵਿਚ ਦਿਲ ਤੋੜਨ ਵਾਲੀ ਹਾਰ ਤੋਂ ਬਾਅਦ ਸਾਡੀ ਸਫਲਤਾ ਦਾ ਗ੍ਰਾਫ ਲਗਾਤਾਰ ਉੱਪਰ ਹੀ ਰਿਹਾ ਹੈ। ਅਸੀਂ 2024 ਦਾ ਟੀ-20 ਵਿਸ਼ਵ ਕੱਪ ਜਿੱਤਿਆ, ਮਾਰਚ 2025 ਵਿਚ ਚੈਂਪੀਅਨਜ਼ ਟਰਾਫੀ, ਸਤੰਬਰ 2025 ਵਿਚ ਏਸ਼ੀਆ ਕੱਪ ਅਤੇ ਹੁਣ ਸਫਲਤਾਪੂਰਵਕ ਆਪਣੇ ਟੀ-20 ਖ਼ਿਤਾਬ ਦਾ ਬਚਾਅ ਕੀਤਾ ਹੈ। ਇਸ ਹਾਲੀਆ ਜਿੱਤ ਨਾਲ ਕਈ ਉਪਲਬਧੀਆਂ ਪਹਿਲੀ ਵਾਰ ਹਾਸਲ ਹੋਈਆਂ। ਭਾਰਤ ਨੇ ਰਿਕਾਰਡ ਤੀਜਾ ਟੀ-20 ਵਿਸ਼ਵ ਕੱਪ ਖ਼ਿਤਾਬ ਜਿੱਤਿਆ ਅਤੇ ਅਸੀਂ ਖ਼ਿਤਾਬ ਦਾ ਬਚਾਅ ਕਰਨ ਵਾਲੀ ਅਤੇ ਪਹਿਲੀ ਜਿੱਤਣ ਵਾਲੀ ਮੇਜ਼ਬਾਨ ਟੀਮ ਬਣ ਗਏ। ਪਿਛਲੇ ਪੰਜ ਬਹੁ-ਰਾਸ਼ਟਰੀ ਟੂਰਨਾਮੈਂਟਾਂ ਵਿੱਚੋਂ ਅਸੀਂ ਚਾਰ ਜਿੱਤੇ ਅਤੇ ਉਨ੍ਹਾਂ ਵਿਚ ਸਾਡਾ ਜਿੱਤ-ਹਾਰ ਦਾ ਰਿਕਾਰਡ 37-2 ਰਿਹਾ ਹੈ। ਇਹ ਅਸਲ ਵਿਚ ਭਾਰਤੀ ਟੀਮ ਦੀ ਨਿਰੰਤਰਤਾ ਅਤੇ ਪ੍ਰਭੂਤਵ ਦਾ ਠੋਸ ਸਬੂਤ ਹੈ। ਹਰ ਸਫਲਤਾ ਕੁਝ ਸਾਹਸੀ ਗਾਥਾਵਾਂ ਨੂੰ ਜਨਮ ਦਿੰਦੀ ਹੈ। ਸੁਖਦ ਇਹ ਹੈ ਕਿ ਇਸ ਵਿਜੈ ਗਾਥਾ ਵਿਚ ਯੋਗਦਾਨ ਦੇਣ ਵਾਲੇ ਇੰਨੇ ਵੱਧ ਖਿਡਾਰੀ ਹਨ ਕਿ ਸਾਰਿਆਂ ਨੂੰ ਯਾਦ ਰੱਖਣਾ ਜਾਂ ਕੁਝ ਹੀ ਲੋਕਾਂ ਦੀ ਪ੍ਰਸ਼ੰਸਾ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਹ ਇਕ ਬੇਹਤਰੀਨ ਸਥਿਤੀ ਹੈ। ਆਖ਼ਰਕਾਰ ਕ੍ਰਿਕਟ ਇਕ ਟੀਮ ਖੇਡ ਹੀ ਹੈ ਜਿੱਥੇ ਵਿਅਕਤੀਗਤ ਉਪਲਬਧੀਆਂ ਤੋਂ ਵੱਧ ਟੀਮ ਦੀ ਸਫਲਤਾ ਮਾਅਨੇ ਰੱਖਦੀ ਹੈ-ਉਹ ਦਰਸ਼ਨ ਜਿਸ ’ਤੇ ਜ਼ੋਰ ਦੇਣ ਦਾ ਕੋਈ ਮੌਕਾ ਕੋਚ ਗੰਭੀਰ ਕਦੇ ਵੀ ਨਹੀਂ ਛੱਡਦੇ।
ਖੇਡ ਨਾਲ ਜੁੜੇ ਉਤਰਾਅ-ਚੜ੍ਹਾਅ ਵੀ ਇਸ ਪੂਰੇ ਟੂਰਨਾਮੈਂਟ ਵਿਚ ਦਿਖਾਈ ਦਿੱਤੇ। ਸੰਜੂ ਸੈਮਸਨ, ਜੋ ਮੂਲ ਟੀਮ ਦਾ ਹਿੱਸਾ ਵੀ ਨਹੀਂ ਸੀ, ‘ਪਲੇਅਰ ਆਫ ਦਿ ਟੂਰਨਾਮੈਂਟ’ ਬਣ ਕੇ ਉੱਭਰਿਆ। ਅਭਿਸ਼ੇਕ ਸ਼ਰਮਾ, ਜੋ ਸਾਡੇ ਪ੍ਰਮੁੱਖ ਬੈਟਸਮੈਨ ਦੇ ਰੂਪ ਵਿਚ ਟੂਰਨਾਮੈਂਟ ਵਿਚ ਗਿਆ ਸੀ, ਸ਼ੁਰੂਆਤੀ ਖ਼ਰਾਬ ਫਾਰਮ ਦੇ ਦੌਰ ਤੋਂ ਗੁਜ਼ਰਿਆਂ। ਜਦੋਂ ਉਸ ਦੀ ਜਗ੍ਹਾ ’ਤੇ ਸਵਾਲ ਉੱਠਣ ਲੱਗੇ ਤਾਂ ਉਸ ਨੇ ਫਾਈਨਲ ਵਿਚ ਇਕ ਸ਼ਾਨਦਾਰ ਪਾਰੀ ਖੇਡੀ। ਈਸ਼ਾਨ ਕਿਸ਼ਨ ਨੇ ਕੱਟੜ ਵਿਰੋਧੀ ਪਾਕਿਸਤਾਨ ਖ਼ਿਲਾਫ਼ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਵਿਅਕਤੀਗਤ ਦੁੱਖ ਦੇ ਬਾਵਜੂਦ ਫਾਈਨਲ ਵਿਚ ਸਾਡੇ ਸਲਾਮੀ ਬੱਲੇਬਾਜ਼ਾਂ ਦੁਆਰਾ ਪ੍ਰਦਾਨ ਕੀਤੀ ਗਈ ਲੈਅ ਨੂੰ ਅੱਗੇ ਵਧਾਇਆ। ਸਾਡੀ ਇਹ ਜਿੱਤ ਕਪਤਾਨ ਦੇ ਮਹੱਤਵਪੂਰਨ ਯੋਗਦਾਨ ਤੋਂ ਬਿਨਾਂ ਵੀ (ਸਿਵਾਏ ਅਮਰੀਕਾ ਖ਼ਿਲਾਫ਼ ਪਹਿਲੇ ਮੈਚ ਵਿਚ) ਸੰਭਵ ਹੋ ਸਕੀ। ਇਸ ਵਿਚ ਜਿੱਥੇ ਤਿਲਕ ਵਰਮਾ ਅਤੇ ਪਾਂਡਿਆ ਨੇ ਕੁਝ ਮੌਕਿਆਂ ’ਤੇ ਸਥਿਤੀ ਨੂੰ ਸੰਭਾਲਿਆ, ਓਥੇ ਹੀ ਸ਼ਿਵਮ ਦੁਬੇ ਨੇ ਇਕ ਫਿਨਿਸ਼ਰ ਦੇ ਰੂਪ ਵਿਚ ਆਪਣੇ ਪ੍ਰਦਰਸ਼ਨ ਨਾਲ ਨਿਰੰਤਰਤਾ ਦੀ ਛਾਪ ਛੱਡੀ। ਬੁਮਰਾਹ ਬਿਨਾਂ ਸ਼ੱਕ ਇਕ ਅਦੁੱਤੀ ਖਿਡਾਰੀ ਬਣਿਆ ਰਿਹਾ। ਉਹ ਦੁਨੀਆ ਦਾ ਸਰਬੋਤਮ ‘ਆਲ ਫਾਰਮੈਟ’ ਗੇਂਦਬਾਜ਼ ਹੈ। ਭਾਰਤ ਲਈ ਖ਼ੁਸ਼ਕਿਸਮਤੀ ਵਾਲੀ ਗੱਲ ਹੈ ਕਿ ਦੁਨੀਆ ਭਰ ਦੇ ਬੱਲੇਬਾਜ਼ ਹੁਣ ਤੱਕ ਉਸ ਦੀ ਕਾਟ ਨਹੀਂ ਲੱਭ ਸਕੇ ਹਨ। ਓਥੇ ਹੀ ਅਕਸ਼ਰ ਪਟੇਲ ਨੇ ਗੇਂਦ ਦੇ ਨਾਲ-ਨਾਲ ਮੈਦਾਨ ’ਤੇ ਆਪਣੀ ਸੂਝ-ਬੂਝ ਅਤੇ ਫੁਰਤੀ ਨਾਲ ਮਹੱਤਵਪੂਰਨ ਯੋਗਦਾਨ ਦਿੱਤਾ।
ਪ੍ਰਸ਼ੰਸਾ ਲਈ ਲਗਪਗ ਪੂਰੀ ਟੀਮ ਦਾ ਜ਼ਿਕਰ ਜ਼ਰੂਰੀ ਹੈ। ਇਹ ਸਾਡੀ ਸਮੂਹਿਕ ਸ਼ਕਤੀ ਅਤੇ ਖੇਡ ਵਿਚ ਡੂੰਘੀ ਪੈਂਠ ਦਾ ਪ੍ਰਮਾਣ ਹੈ। ਇਹ ਯਕੀਨੀ ਬਣਾਉਂਦਾ ਹੈ ਕਿ ਖਿਡਾਰੀ ਲਗਾਤਾਰ ਸਖ਼ਤ ਮਿਹਨਤ ਅਤੇ ਪ੍ਰਦਰਸ਼ਨ ਪ੍ਰਤੀ ਸਚੇਤ ਰਹਿਣ। ਇੱਥੇ ਪੁਰਾਣੀਆਂ ਉਪਲਬਧੀਆਂ ’ਤੇ ਸਕੂਨ ਨਾਲ ਬੈਠਣ ਦਾ ਸਮਾਂ ਨਹੀਂ ਮਿਲਦਾ, ਕਿਉਂਕਿ ਪ੍ਰਤਿਭਾਸ਼ਾਲੀ ਨੌਜਵਾਨਾਂ ਦੀ ਇਕ ਲੰਬੀ ਕਤਾਰ ਹਮੇਸ਼ਾ ਜਗ੍ਹਾ ਲੈਣ ਲਈ ਤਿਆਰ ਰਹਿੰਦੀ ਹੈ। ਇਸ ਨਾਲ ਅਸੁਰੱਖਿਆ ਜਾਂ ਦਬਾਅ ਪੈਦਾ ਹੋ ਸਕਦਾ ਹੈ ਪਰ ਇਹੀ ਭਾਵ ਕ੍ਰਿਕਟਰਾਂ ਨੂੰ ਢਿੱਲੇ ਪੈ ਜਾਣ ਤੋਂ ਬਚਣ ਲਈ ਪ੍ਰੇਰਿਤ ਕਰਦਾ ਹੈ ਜੋ ਲੰਬੇ ਕਰੀਅਰ ਲਈ ਇਕ ਜ਼ਰੂਰੀ ਤੱਤ ਹੈ।
ਜਿੱਤ ਜਸ਼ਨ ਮਨਾਉਣ ਦਾ ਮੌਕਾ ਹੈ ਪਰ ਨਿਰੰਤਰਤਾ ਲਈ ਆਤਮ-ਨਿਰੀਖਣ ਵੀ ਜ਼ਰੂਰੀ ਹੈ। ਸੀਮਤ ਓਵਰਾਂ ਦੇ ਕ੍ਰਿਕਟ ਵਿਚ ਅਸੀਂ ਵਿਸ਼ੇਸ਼ ਸਫਲਤਾ ਹਾਸਲ ਕੀਤੀ ਹੈ ਪਰ ਖੇਡ ਦੇ ਮੂਲ, ਯਾਨੀ ਟੈਸਟ ਫਾਰਮੈਟ ਦਾ ਕੀ? ਸੰਨ 2025 ਦੇ ਇੰਗਲੈਂਡ ਦੇ ਦੌਰੇ ਨੂੰ ਛੱਡ ਦੇਈਏ, ਤਾਂ ਪਿਛਲੇ ਡੇਢ ਸਾਲ ਵਿਚ ਟੈਸਟ ਫਾਰਮੈਟ ਵਿਚ ਸਾਡਾ ਪ੍ਰਦਰਸ਼ਨ ਔਸਤ ਤੋਂ ਹੇਠਾਂ ਰਿਹਾ ਹੈ। ਅਸੀਂ ਆਸਟ੍ਰੇਲੀਆ ਵਿਚ ਹਾਰੇ ਅਤੇ ਘਰ ਵਿਚ ਨਿਊਜ਼ੀਲੈਂਡ ਖ਼ਿਲਾਫ਼ ਸੂਪੜਾ ਸਾਫ਼ ਹੋਣ ਦੀ ਜ਼ਿੱਲਤ ਸਹਿਣੀ ਪਈ। ਉਹ ਸ਼ਾਇਦ ਭਾਰਤੀ ਟੈਸਟ ਟੀਮ ਲਈ ਸਭ ਤੋਂ ਹੇਠਲਾ ਪੱਧਰ ਸੀ। ਅਤੀਤ ਦੀਆਂ ਮਹਾਨ ਟੀਮਾਂ ਚਾਹੇ ਉਹ 70 ਅਤੇ 80 ਦੇ ਦਹਾਕੇ ਦੀ ਵੈਸਟਇੰਡੀਜ਼ ਹੋਵੇ ਜਾਂ 2000 ਦੇ ਦਹਾਕੇ ਦੀ ਆਸਟ੍ਰੇਲੀਆ-ਹਰ ਸਥਿਤੀ ਵਿਚ ਸਾਰੇ ਫਾਰਮੈਟਾਂ ’ਤੇ ਰਾਜ ਕਰਦੀਆਂ ਸਨ। ਇਹ ਪ੍ਰਸ਼ਾਸਕਾਂ ਦੇ ਸੋਚਣ ਦਾ ਵਿਸ਼ਾ ਹੈ ਕਿ ਜਿੱਥੇ ਆਈਪੀਐੱਲ ਸੀਮਤ ਓਵਰਾਂ ਦੀ ਪ੍ਰਤਿਭਾ ਨਿਖਾਰਨ ਦਾ ਬਿਹਤਰ ਮਾਧਿਅਮ ਹੈ, ਓਥੇ ਹੀ ਪੰਜ ਦਿਨਾਂ ਦੇ ਕ੍ਰਿਕਟ ਵਿਚ ਇਸ ਨੂੰ ਦੁਹਰਾਉਣ ਲਈ ਸਾਨੂੰ ਘਰੇਲੂ ਕ੍ਰਿਕਟ-ਉਹੀ ਪੁਰਾਣੀ ਰਣਜੀ ਟਰਾਫੀ, ਦਲੀਪ ਟਰਾਫੀ ਅਤੇ ਈਰਾਨੀ ਕੱਪ-’ਤੇ ਵੱਧ ਧਿਆਨ ਦੇਣਾ ਹੋਵੇਗਾ। ਸਾਡੀ ਬੱਲੇਬਾਜ਼ੀ ਵਿਚ ਤਾਂ ਡੂੰਘਾਈ ਹੈ ਪਰ ਗੇਂਦਬਾਜ਼ੀ ਦੀ ਧਾਰ ਨੂੰ ਹੋਰ ਤੇਜ਼ ਕਰਨ ਦੀ ਜ਼ਰੂਰਤ ਹੈ। ਅਸੀਂ ਬੁਮਰਾਹ ’ਤੇ ਬਹੁਤ ਜ਼ਿਆਦਾ ਨਿਰਭਰ ਹਾਂ ਅਤੇ ਅਸ਼ਵਿਨ ਦੀ ਵਿਦਾਈ ਨੇ ਇਕ ਅਜਿਹੀ ਖ਼ਾਲੀ ਜਗ੍ਹਾ ਪੈਦਾ ਕੀਤੀ ਹੈ, ਜਿਸ ਨੂੰ ਭਰਨਾ ਮੁਸ਼ਕਲ ਹੈ।
22 ਗਜ਼ ਦੀ ਪੱਟੀ ਤੋਂ ਪਰੇ ਦੇਖੀਏ ਤਾਂ ਇਕ ਖੇਡ ਰਾਸ਼ਟਰ ਦੇ ਰੂਪ ਵਿਚ ਭਾਰਤ ਦਾ ਉਦੈ ਹਾਲੇ ਵੀ ਅਧੂਰਾ ਹੈ। ਆਬਾਦੀ ਅਤੇ ਅਰਥ-ਵਿਵਸਥਾ ਨੂੰ ਦੇਖਦੇ ਹੋਏ ਅਸੀਂ ਅੰਤਰਰਾਸ਼ਟਰੀ ਪੱਧਰ ’ਤੇ ਆਪਣੀਆਂ ਸਮਰੱਥਾਵਾਂ ਨਾਲੋਂ ਕਾਫ਼ੀ ਘੱਟ ਪ੍ਰਦਰਸ਼ਨ ਕਰ ਰਹੇ ਹਾਂ। ਇਕ ਹੀ ਖੇਡ ਵਿਚ ਸ਼ਾਨਦਾਰ ਕਾਰਗੁਜ਼ਾਰੀ-ਜਿੱਥੇ ਅਸੀਂ ਸਭ ਤੋਂ ਵੱਡੀ ਵਿੱਤੀ ਸ਼ਕਤੀ ਹਾਂ-ਅਤੇ ਕੁਝ ਹੋਰ ਖੇਡਾਂ ਵਿਚ ਮਾੜੀ-ਮੋਟੀ ਸਫਲਤਾ ਸਮੁੱਚੇ ਨਿਰਾਸ਼ਾਜਨਕ ਨਤੀਜੇ ਦੀ ਭਰਪਾਈ ਨਹੀਂ ਕਰ ਸਕਦੀ। ਇਕ ਵਿਆਪਕ ਰਣਨੀਤਕ ਯੋਜਨਾ ਜ਼ਰੂਰੀ ਹੈ ਤਾਂ ਜੋ ਸਮੇਂ ਦੇ ਨਾਲ ਪ੍ਰਭਾਵਸ਼ਾਲੀ ਪ੍ਰਗਤੀ ਅਤੇ ਨਿਰੰਤਰ ਸਫਲਤਾ ਯਕੀਨੀ ਬਣ ਸਕੇ। ਸਾਡੀ ਜਨਸੰਖਿਆ ਵਿਚ ਅਨੁਵੰਸ਼ਿਕੀ (ਜੈਨੇਟਿਕਸ) ਦੀ ਜੋ ਕਮੀ ਹੋ ਸਕਦੀ ਹੈ, ਉਸ ਨੂੰ ਸਿਖਲਾਈ, ਅਨੁਕੂਲਤਾ ਅਤੇ ਪੋਸ਼ਣ ਜ਼ਰੀਏ ਦੂਰ ਕਰਨਾ ਹੋਵੇਗਾ। ਬਦਲਾਅ ਆਉਣ ਵਿਚ ਪੀੜ੍ਹੀਆਂ ਲੱਗਦੀਆਂ ਹਨ ਅਤੇ ਨਿਰੰਤਰ ਠੋਸ ਕੋਸ਼ਿਸ਼ਾਂ ਦਾ ਕੋਈ ਬਦਲ ਨਹੀਂ ਹੁੰਦਾ। ਕਹਿੰਦੇ ਹਨ ਕਿ ‘ਹਜ਼ਾਰ ਮੀਲ ਦੀ ਯਾਤਰਾ ਇਕ ਛੋਟੇ ਕਦਮ ਨਾਲ ਸ਼ੁਰੂ ਹੁੰਦੀ ਹੈ।’ ਪਰ ਇਸ ਤੋਂ ਪਹਿਲਾਂ ਕਿ ਅਸੀਂ ਇਸ ਯਾਤਰਾ ’ਤੇ ਨਿਕਲੀਏ, ਇਕ ਖੇਡ ਸੰਸਕ੍ਰਿਤੀ ਵਿਕਸਤ ਕਰਨੀ ਜ਼ਰੂਰੀ ਹੈ। ਇਕ ਸਮਾਜ ਦਾ ਖੇਡਾਂ ਪ੍ਰਤੀ ਸਿਰਫ਼ ‘ਉਪਯੋਗਿਤਾਵਾਦੀ’ ਨਜ਼ਰੀਆ ਨਹੀਂ ਹੋ ਸਕਦਾ। ਹਰ ਕੋਈ ਪੇਸ਼ੇਵਰ ਖਿਡਾਰੀ ਨਹੀਂ ਬਣੇਗਾ, ਨਾ ਹੀ ਹਰ ਵਿਅਕਤੀ ਖੇਡਾਂ ਵਿਚ ਸ਼ਾਨਦਾਰ ਕਾਰਗੁਜ਼ਾਰੀ ਜ਼ਰੀਏ ਵਿੱਦਿਅਕ ਸੰਸਥਾਵਾਂ ਵਿਚ ਦਾਖ਼ਲਾ ਜਾਂ ਰੁਜ਼ਗਾਰ, ਨਿਯੁਕਤੀ ਯਕੀਨੀ ਬਣਾਉਣ ਵਿਚ ਸਮਰੱਥ ਹੋਵੇਗਾ। ਫਿਰ ਵੀ, ਸਿਰਫ਼ ਖੇਡਣ ਦੇ ਆਨੰਦ ਲਈ ਖੇਡਣਾ ਅਤੇ ਖੇਡ ਦੇ ਅੰਦਰੂਨੀ ਲਾਭਾਂ ਨੂੰ ਆਤਮਸਾਤ ਕਰਨਾ ਜ਼ਰੂਰੀ ਹੈ। ਜਿਵੇਂ ਕਿ ਕਿਹਾ ਗਿਆ ਹੈ, ‘ਤੁਹਾਡੇ ਕੋਲ ਜੋ ਵੀ ਪ੍ਰਤਿਭਾ ਹੈ, ਉਸ ਦਾ ਉਪਯੋਗ ਕਰੋ। ਯਾਦ ਰਹੇ ਕਿ ਜੰਗਲ ਖ਼ਾਮੋਸ਼ ਹੋ ਜਾਣਗੇ ਜੇਕਰ ਸਿਰਫ਼ ਉਹੀ ਪੰਛੀ ਚਹਿਕਣਗੇ, ਜੋ ਸਭ ਤੋਂ ਵਧੀਆ ਚਹਿਕਦੇ ਹਨ।’
-(ਲੇਖਕ ‘ਦੈਨਿਕ ਜਾਗਰਣ’ ਦੇ ਮੈਨੇਜਿੰਗ ਐਡੀਟਰ ਹਨ)।
-response@jagran.com