ਗੱਲ ਕਰਦੇ ਹਾਂ ਸਾਈਕਲ ਦੀ। ਪਿਛਲੇ ਪਹੀਏ ਨੂੰ ਆਸਰਾ ਦੇਣ ਲਈ ਸਟੈਂਡ ਲੱਗਾ ਹੁੰਦਾ ਹੈ। ਮੈਨੂੰ ਵੀ ਪਤਾ ਸੀ ਪਰ ਪਾਰਕਿੰਗ ਕਰਨ ਵਾਲੀ ਜਗ੍ਹਾ ਨੂੰ ਸਾਈਕਲ ਸਟੈਂਡ ਕਹਿੰਦੇ ਹਨ, ਇਸ ਦੀ ਸਮਝ ਬਹੁਤ ਦੇਰ ਬਾਅਦ ਲੱਗੀ। ਦਰਅਸਲ, ਉਦੋਂ ਸਾਈਕਲ ਸਟੈਂਡ ਹੁੰਦੇ ਹੀ ਨਹੀਂ ਸਨ।

ਰੰਗੂਨ (ਯੰਗੂਨ) ਮਿਆਂਮਾਰ ਦਾ ਵੱਡਾ ਸ਼ਹਿਰ ਹੈ। ਪਿਤਾ ਜੀ ਰੇਲਵੇ ’ਚ ਸਨ ਅਤੇ ਅਸੀਂ ਸਰਕਾਰੀ ਕੁਆਰਟਰਾਂ ’ਚ ਰਹਿੰਦੇ ਸਾਂ। ਕੋਈ ਘਰੋਂ ਇੱਧਰ-ਓਧਰ ਜਾਣ ਵੇਲੇ ਤਾਲਾ ਨਹੀਂ ਸੀ ਵਰਤਦਾ। ਇਕ ਮੋਟਾ ਜਿਹਾ ਬੋਲਟੂ ਅਤੇ ਨੱਟ ਹੁੰਦਾ ਸੀ। ਘਰ ਵਿਚ ਬੋਲ-ਚਾਲ ਪੰਜਾਬੀ ਵਿਚ ਹੁੰਦੀ ਸੀ ਪਰ ਸਾਨੂੰ ਏਥੇ ਆ ਕੇ ਕਈ ਗੱਲਾਂ ਦੀ ਸਮਝ ਨਹੀਂ ਸੀ ਪੈਂਦੀ। ਸੁਣਿਆ, ਆਲੂਆਂ ਨੂੰ ਤਾਂ ਅੱਜ-ਕੱਲ੍ਹ ਅੱਗ ਲੱਗੀ ਹੋਈ ਹੈ। ਮੈਂ ਦੁਕਾਨ ’ਤੇ ਚੈੱਕ ਕਰਨ ਗਿਆ ਕਿ ਆਲੂਆਂ ਨੂੰ ਅੱਗ ਕਿਸ ਤਰ੍ਹਾਂ ਲੱਗ ਸਕਦੀ ਹੈ? ਏਹ ਕਿਸ ਤਰ੍ਹਾਂ ਹੋ ਸਕਦੈ? ਇਕ ਵਾਰ ਕਿਸੇ ਦਾ ਸਾਈਕਲ ਚੋਰੀ ਹੋ ਗਿਆ।
ਉਹ ਆਖੇ ਕਿ ਮੇਰਾ ਸਾਈਕਲ ਚੁੱਕਿਆ ਗਿਆ, ਕੋਈ ਚੁੱਕ ਕੇ ਲੈ ਗਿਆ ਏ। ਮੈਂ ਸੋਚਾਂ ਕਿ ਉਸ ਨੇ ਮੋਢੇ ’ਤੇ ਚੁੱਕਿਆ, ਰੇੜ੍ਹ ਕੇ ਕਿਉਂ ਨਾ ਲੈ ਕੇ ਗਿਆ? ਸ਼ਾਇਦ ਤਾਲਾ ਲੱਗਾ ਹੋਣ ਕਰ ਕੇ ਚੁੱਕਿਆ ਹੋਵੇਗਾ। ਦਸਵੀਂ ਜਮਾਤ ਦਾ ਇਮਤਿਹਾਨ ਪੰਜਾਬ ਯੂਨੀਵਰਸਿਟੀ ਲੈਂਦੀ ਸੀ ਅਤੇ ਬੜੀਆਂ ਸਖ਼ਤ ਹਦਾਇਤਾਂ ਸਨ। ਮੇਰਾ ਪਹਿਲਾ ਪਰਚਾ ਸੀ, ਅੰਗਰੇਜ਼ੀ-ਏ। ਇਕ ਦਿਨ ਬਾਅਦ ਅੰਗਰੇਜ਼ੀ-ਬੀ ਦਾ ਸੀ। ਘਰ ਆ ਕੇ ਮੈਂ ਸਿਰ ਫੜ ਕੇ ਬੈਠਾ ਹੋਇਆ ਸਾਂ। ਵੱਡੇ ਭਰਾ ਨੇ ਪੁੱਛਿਆ, ‘‘ਕੀ ਗੱਲ, ਸਿਰ ਦੁਖਦਾ ਏ?’’ ਮੈਂ ਕਿਹਾ, ‘‘ਓਥੇ ਧੌਣ ਨਹੀਂ ਚੁੱਕਣ ਦਿੰਦੇ।’’ ਦਰਅਸਲ ਮੈਂ ਤਿੰਨ-ਤਿੰਨ ਘੰਟੇ ਧੌਣ ਚੁੱਕਦਾ ਹੀ ਨਹੀਂ ਸੀ, ਇਹ ਸਮਝ ਕੇ ਕਿ ਧੌਣ ਚੁੱਕਣ ’ਤੇ ਸਜ਼ਾ ਹੋ ਸਕਦੀ ਹੈ। ਏਹੋ ਸੁਣਿਆ ਸੀ ਕਿ ਧੌਣ ਨਹੀਂ ਚੁੱਕਣੀ।
ਗੱਲ ਕਰਦੇ ਹਾਂ ਸਾਈਕਲ ਦੀ। ਪਿਛਲੇ ਪਹੀਏ ਨੂੰ ਆਸਰਾ ਦੇਣ ਲਈ ਸਟੈਂਡ ਲੱਗਾ ਹੁੰਦਾ ਹੈ। ਮੈਨੂੰ ਵੀ ਪਤਾ ਸੀ ਪਰ ਪਾਰਕਿੰਗ ਕਰਨ ਵਾਲੀ ਜਗ੍ਹਾ ਨੂੰ ਸਾਈਕਲ ਸਟੈਂਡ ਕਹਿੰਦੇ ਹਨ, ਇਸ ਦੀ ਸਮਝ ਬਹੁਤ ਦੇਰ ਬਾਅਦ ਲੱਗੀ। ਦਰਅਸਲ, ਉਦੋਂ ਸਾਈਕਲ ਸਟੈਂਡ ਹੁੰਦੇ ਹੀ ਨਹੀਂ ਸਨ। ਹੌਲੀ-ਹੌਲੀ ਹਸਪਤਾਲ, ਰੇਲਵੇ ਸਟੇਸ਼ਨ, ਬੱਸਾਂ ਦੇ ਅੱਡੇ, ਸਰਕਾਰੀ ਦਫ਼ਤਰ, ਸਕੂਲ, ਕਾਲਜ ਆਦਿ ਵਿਖੇ ਹਰ ਥਾਂ ਸਾਈਕਲ ਸਟੈਂਡ ਬਣ ਗਏ।
ਬੜਾ ਵੱਡਾ ਬਿਜ਼ਨਸ ਬਣ ਗਿਆ ਸੀ ਇਹ। ਹੁਣ ਤਾਂ ਰੇਹੜੀ ਸਟੈਂਡ ਵੀ ਬਣਨ ਲੱਗੇ ਹਨ। ਏਥੇ ਅੰਮ੍ਰਿਤਸਰ ਵਿਚ ਕੁਈਨ ਵਿਕਟੋਰੀਆ ਦੇ ਸਿੰਘਾਸਨ ’ਤੇ ਬੈਠਣ ਦੀ ਜੁਬਲੀ (50 ਵੀਂ ਵਰ੍ਹੇਗੰਢ) ਦੇ ਅਵਸਰ ’ਤੇ ਸੰਨ 1887 ਵਿਚ ਖੋਲਿ੍ਹਆ ਵੀਜੇ ਹਸਪਤਾਲ ਬੜਾ ਵਿਸ਼ਾਲ ਅਤੇ ਕਾਮਯਾਬ ਸਿਹਤ ਕੇਂਦਰ ਸੀ। ਦੂਰ-ਦੂਰ ਤੋਂ ਮਰੀਜ਼ ਆਉਂਦੇ ਸਨ। ਡਾਕਟਰੀ ਖੇਤਰ ਦੀਆਂ ਸਿਰਕੱਢ ਹਸਤੀਆਂ ਬੜੇ ਨੇਮ ਅਤੇ ਚਾਅ ਨਾਲ ਰੋਗ ਦੀ ਜੜ੍ਹ ਤੱਕ ਜਾਂਦੀਆਂ ਸਨ। ਉਦੋਂ, 1960ਵਿਆਂ ਵਿਚ ਬਹੁਤੇ ਡਾਕਟਰੀ ਟੈੱਸਟ ਹੁੰਦੇ ਹੀ ਨਹੀਂ ਸਨ।
ਪਰਚੀ ਦੇ ਦਸ ਪੈਸੇ ਲੱਗਦੇ ਸਨ ਪਰ ਸਾਈਕਲ ਸਟੈਂਡ ਦੀ ਫੀਸ, ਹਾਲਾਂਕਿ ਨਿਰਧਾਰਤ ਦਸ ਪੈਸੇ ਹੀ ਸੀ, ਠੇਕੇਦਾਰ ਚਾਰ ਆਨੇ ਲੈਂਦਾ ਸੀ। ਇਸ ਮਸਲੇ ’ਤੇ ਕਈ ਵਾਰੀ ਬੋਲ-ਬੁਲਾਰਾ ਵੀ ਹੁੰਦਾ ਸੀ। ਜੇ ਸਾਈਕਲ ਹਸਪਤਾਲੋਂ ਬਾਹਰ ਕਿਤੇ ਖੁੱਲ੍ਹੀ ਜਗ੍ਹਾ ’ਤੇ ਰੱਖ ਆਓ ਤਾਂ ਠੇਕੇਦਾਰ ਜਾਂ ਤਾਂ ਪੁਲਿਸ ਨੂੰ ਕਹਿ ਕੇ ਚੁਕਵਾ ਦੇਂਦਾ ਸੀ ਜਾਂ ਕਿਸੇ ਕੋਲੋਂ ਪੈਂਚਰ ਕਰਵਾ ਦਿੰਦਾ ਸੀ। ਵੈਸੇ ਇਕ ਪੈਂਚਰ ਲਾਉਣ ਵਾਲੀ ਦੁਕਾਨ ਵੀ ਠੇਕੇਦਾਰ ਦੀ ਮੇਹਰਬਾਨੀ ਸਦਕਾ ਚੱਲਦੀ ਸੀ।
ਰੇਲਵੇ ਸਟੇਸ਼ਨ ’ਤੇ ਵੀ ਏਹੋ ਕੁਝ ਵੇਖਣ ਨੂੰ ਮਿਲਦਾ ਸੀ। ਉਨ੍ਹਾਂ ਦਿਨਾਂ ਵਿਚ ਹੀ ਮੇਰਾ ਇਕ ਦੋਸਤ ਸਮੁੰਦਰੀ ਜਹਾਜ਼ ਰਾਹੀਂ ਮਲਾਇਆ ਤੋਂ ਸਾਰੇ ਪਰਿਵਾਰ ਨਾਲ ਆਇਆ ਹੋਇਆ ਸੀ। ਉਸ ਕੋਲ ਸਭ ਤੋਂ ਵਧੀਆ ਤਿੰਨ ਗੇਅਰਾਂ ਵਾਲਾ ਹੰਬਰ ਸਾਈਕਲ ਸੀ ਜਿਸ ਦੇ ਅਗਲੇ ਚਿਮਟੇ ਵਿਚ ਹੈਂਡਲ ਨੂੰ ਲਾਕ ਕਰਨ ਦਾ ਪ੍ਰਬੰਧ ਵੀ ਸੀ। ਖ਼ਾਸ ਗੱਲ ਇਹ ਕਿ ਉਸ ਦੇ ਸਟੈਂਡ ਨੂੰ ਵੀ ਲਾਕ ਕੀਤਾ ਜਾ ਸਕਦਾ ਸੀ ਤਾਂ ਕਿ ਆਪਣੇ-ਆਪ ਸਾਈਕਲ ਲੱਥ ਨਾ ਜਾਵੇ। ਇੱਥੋਂ ਦੇ ਸਟੈਂਡ ਲਾਕ ਤੋਂ ਬਗੈਰ ਹੁੰਦੇ ਸਨ। ਉਸੇ ਦੀ ਨਕਲ ਕਰ ਕੇ ਫਿਰ ਏਥੇ ਵੀ ਬਣਨ ਲੱਗ ਪਏ ਪਰ ਬਹੁਤੇ ਲੋਕਾਂ ਨੂੰ ਸਟੈਂਡ-ਲਾਕ ਦਾ ਪਤਾ ਨਹੀਂ ਸੀ ਹੁੰਦਾ। ਜਦ ਤੱਕ ਪੈਰ ਨਾਲ ਲਾਕ ਹਟਾ ਨਾ ਲਵੋ, ਸਾਈਕਲ ਸਟੈਂਡ ਤੋਂ ਨਹੀਂ ਲੱਥ ਸਕਦਾ ਸੀ।
ਪੁਰਾਣੇ ਸਾਈਕਲਾਂ ਨੂੰ ਤਾਂ ਇਹ ਸਟੈਂਡ ਲੱਗਦੇ ਹਨ ਪਰ ਅੱਜ-ਕੱਲ੍ਹ ਦੀ ਨਵੀਂ ਜਨਰੇਸ਼ਨ ਦੇ ਮਹਿੰਗੇ-ਮਹਿੰਗੇ ਸਾਈਕਲਾਂ ਦੇ ਸਟੈਂਡ, ਸਕੂਟਰਾਂ ਵਾਂਗ ਸਾਈਡ ’ਤੇ ਹੁੰਦੇ ਹਨ। ਖ਼ੈਰ, ਮੇਰੀ ਮਾਂ ਤੁਰਨ-ਫਿਰਨ ਤੋਂ ਅਸਮਰੱਥ ਸੀ ਅਤੇ ਮੈਂ ਉਸ ਨੂੰ ਸਾਈਕਲ ’ਤੇ ਬਿਠਾ ਕੇ ਹਸਪਤਾਲ ਦੇ ਧੁਰ ਅੰਦਰ ਓਪੀਡੀ ਤੱਕ ਜਾਣਾ ਹੁੰਦਾ ਸੀ। ਕਈ ਲੋਕੀਂ ਮਰੀਜ਼ ਨੂੰ ਚੁੱਕ ਕੇ ਲਿਜਾਂਦੇ ਸਨ। ਮੈਂ ਰਵਾਂ-ਰਵੀਂ ਰੇੜ੍ਹ ਕੇ ਲਈ ਗਿਆ। ਠੇਕੇਦਾਰ ਦਾ ਨੌਕਰ ਵੀ ਓਥੋਂ ਤੱਕ ਮੇਰੇ ਮਗਰ ਆਇਆ। ਅਖ਼ੀਰ ਦਸ ਪੈਸੇ ਦੇ ਕੇ ਖਹਿੜਾ ਛੁਡਵਾਇਆ। ਉਂਜ ਉਦੋਂ ਮੇਰੇ ਘਰੋਂ ਰਿਕਸ਼ੇ ਦਾ ਕਿਰਾਇਆ ਵੀ ਚਾਰ ਆਨੇ ਸੀ।
ਹੁਣ ਤਾਂ ਬੱਸ-ਸਟੈਂਡ ਵੀ ਸੁਣੀਂਦੇ ਹਨ ਕਿ ਸਕੂਟਰ-ਮੋਟਰਸਾਈਕਲ ਜਾਂ ਕਾਰ ਪਾਰਕ ਕਰਨਾ ਵੱਡਾ ਮਸਲਾ ਹੈ। ਕੋਈ ਜ਼ਿੰਮੇਵਾਰੀ ਨਹੀਂ ਸਮਝਦਾ। ਪੈਸੇ ਖ਼ਰਚਣ ’ਤੇ ਵੀ ਤੁਹਾਨੂੰ ਕੋਈ ਸਰਵਿਸ ਨਹੀਂ ਮਿਲਦੀ, ਧੂੜ ਝਾੜਨ ਲਈ ਕੋਈ ਕੱਪੜਾ ਤੱਕ ਵੀ ਨਹੀਂ ਹੁੰਦਾ। ਉਦੋਂ ਜਿਹੜੀ ਪਰਚੀ ਸਾਈਕਲ ਵਾਲੇ ਨੂੰ ਦਿੱਤੀ ਹੁੰਦੀ ਸੀ, ਉਸ ’ਤੇ ਬੜਾ ਬਰੀਕ ਲਿਖਿਆ ਹੁੰਦਾ ਸੀ “ਟੋਕਰੀ (ਬੈਂਤ ਦੀ) ਅਤੇ ਲਾਈਟ ਦੀ ਜ਼ਿੰਮੇਵਾਰੀ ਨਹੀਂ”।
ਦੱਸਣਾ ਬਣਦਾ ਹੈ ਕਿ ਉਦੋਂ, 1950ਵਿਆਂ ਵਿਚ ਰਾਤ ਵੇਲੇ, ਬਗ਼ੈਰ ਲਾਈਟ ਸਾਈਕਲ ਦਾ ਚਾਲਾਨ ਹੁੰਦਾ ਸੀ। ਇਕ ਨਿੱਕੀ ਜਿਹੀ, ਮਿੱਟੀ ਦੇ ਤੇਲ ਨਾਲ ਜਗਣ ਵਾਲੀ ਲਾਲਟੈਨ ਹੁੰਦੀ ਸੀ ਜਿਹੜੀ ਹੈਂਡਲ ਦੇ ਹੇਠਾਂ ਲੱਗੇ ਲੈਂਪ-ਹੈੱਡ ਵਿਚ ਸਲਾਈਡ ਹੋ ਜਾਂਦੀ ਸੀ। ਕਿਸੇ-ਕਿਸੇ ਸਾਈਕਲ ’ਤੇ ਡਾਈਨਮੋ ਹੁੰਦੀ ਸੀ। ਲੋਕੀਂ ਬੱਲਬ ਕੱਢ ਲੈਂਦੇ ਸਨ। ਇਹ ਠੇਕੇਦਾਰੀ ਬੜਾ ਵੱਡਾ ਵਪਾਰ ਹੈ ਅਤੇ ਹੁਣ ਤਾਂ ਠੇਕੇ ਵੀ ਲੱਖਾਂ ਰੁਪਏ ’ਤੇ ਮਿਲਦੇ ਹਨ।
ਇਕ ਦਿਲਚਸਪ ਵਾਕਿਆ ਯਾਦ ਆ ਰਿਹਾ ਹੈ। ਮੈਂ ਆਪਣੀ ਵੱਡੀ ਭੈਣ, ਜਿਸ ਨੇ ਦਿੱਲੀਓਂ ਆਉਣਾ ਸੀ, ਨੂੰ ਰਿਸੀਵ ਕਰਨ ਲਈ ਰੇਲਵੇ ਸਟੇਸ਼ਨ ’ਤੇ ਗਿਆ। ਮੇਰੇ ਕੋਲ ਮੇਰੇ ਦੋਸਤ ਦਾ ਉਹੋ ਵਲੈਤੀ ਸਾਈਕਲ ਸੀ ਜਿਸ ਦਾ ਹੈਂਡਲ ਵੀ ਲਾਕ ਹੋ ਜਾਂਦਾ ਸੀ, ਭਾਵੇਂ ਵੇਖਣ ਨੂੰ ਸਿੱਧਾ ਹੀ ਲੱਗਦਾ ਸੀ। ਸਟੈਂਡ ਵੀ ਲਾਕ ਵਾਲਾ ਜਿਹੜਾ ਅਜੇ ਬਹੁਤਾ ਪ੍ਰਚਲਿਤ ਨਹੀਂ ਸੀ ਹੋਇਆ। ਜਦੋਂ ਮੈਂ ਸਾਈਕਲ ਵਾਪਸ ਲੈਣ ਲਈ ਸਟੈਂਡ ’ਤੇ ਗਿਆ ਤਾਂ ਠੇਕੇਦਾਰ ਚਾਰ ਆਨੇ ਮੰਗੇ। ਮੈਂ ਆਖਾਂ ਕਿ ਸਾਹਮਣੇ ਸਪਸ਼ਟ ਲਿਖਿਆ ਹੋਇਆ ਹੈ, ਦਸ ਪੈਸੇ। ਦਸ ਪੈਸੇ ਦੇ ਸਿੱਕੇ ਦੀ ਸ਼ਕਲ ਵੀ ਬਣੀ ਹੋਈ ਸੀ ਜਿਹੜੀ ਕਿ ਛੱਜੂ ਰਾਮ (ਠੇਕੇਦਾਰ) ਨੇ ਅੱਧ-ਪਚੱਧ ਢਕੀ ਹੋਈ ਸੀ। ਪਿਛਲੇ ਪਹੀਏ ਨੂੰ ਲੱਗੇ ਤਾਲੇ ਦੀ ਚਾਬੀ ਵੀ ਮੇਰੇ ਕੋਲ ਸੀ।
ਛੱਜੂ ਰਾਮ ਆਖੇ ਕਿ ਇਹ ਸਾਈਕਲ ਤੇਰਾ ਨਹੀਂ। ਮੈਂ ਸਟੇਸ਼ਨ ਮਾਸਟਰ ਕੋਲ ਗਿਆ ਪਲੇਟਫਾਰਮ ਨੰਬਰ ਇਕ ’ਤੇ। ਦੱਸਿਆ ਕਿ ਮੈਂ ਖ਼ਾਲਸਾ ਕਾਲਜ ’ਚ ਪੜ੍ਹਾਉਂਦਾ ਹਾਂ, ਪਰਚੀ ਵੀ ਦਿਖਾਈ ਅਤੇ ਸ਼ਿਕਾਇਤ ਕੀਤੀ ਕਿ ਇਹ ਨਿਰਧਾਰਤ ਫੀਸ ਤੋਂ ਜ਼ਿਆਦਾ ਪੈਸੇ ਮੰਗਦਾ ਹੈ। ਸਟੇਸ਼ਨ ਮਾਸਟਰ ਨੇ ਉਸੇ ਵੇਲੇ ਬੜੀ ਉੱਚੀ ਆਵਾਜ਼ ’ਚ ਕਿਸੇ ਨੂੰ ਸੱਦ ਕੇ ਹੁਕਮ ਕੀਤਾ ਕਿ ਆਹ ਲੈ ਪਰਚੀ ਅਤੇ ਚਾਬੀ ਅਤੇ ਛੱਜੂ ਰਾਮ ਨੂੰ ਕਹੋ ਕਿ ਸਾਈਕਲ ਏਥੇ ਲੈ ਕੇ ਆਵੇ, ਪਲੇਟਫਾਰਮ ’ਤੇ। ਦੋ-ਤਿੰਨ ਮਿੰਟਾਂ ਬਾਅਦ ਛੱਜੂ ਰਾਮ ਨੇ ਸਾਈਕਲ ਦਾ ਪਿਛਲਾ ਪਹੀਆ, ਸਟੈਂਡ ਸਮੇਤ ਚੁੱਕਿਆ ਹੋਇਆ ਸੀ।
ਹੈਂਡਲ ਵੀ ਲਾਕ ਸੀ। ਰੇੜ੍ਹਨਾ ਸੌਖਾ ਨਹੀਂ ਸੀ। ਪਜਾਮੇ ਦਾ ਸੱਜਾ ਪੌਂਚਾ ਦਿਖਾਉਂਦਾ ਹੋਇਆ ਆਖਣ ਲੱਗਾ, ‘‘ਸਰ, ਗ਼ਲਤੀ ਹੋ ਗਈ। ਪਤਾ ਨਹੀਂ ਕੇਹੋ ਜਿਹਾ ਸਾਈਕਲ ਏ, ਮੇਰਾ ਤਾਂ ਆਹ ਵੇਖੋ ਗਿੱਟਾ ਵੀ ਛਿੱਲਿਆ ਗਿਆ ਹੈ ਅਤੇ ਪਜਾਮਾ ਵੀ ਪਾਟ ਗਿਆ ਹੈ।” ਅਸਲ ’ਚ ਉਸ ਨੇ ਸਾਈਕਲ ਨੂੰ ਲਾਉਣ ਵਾਲੀ ਪਰਚੀ ਮੈਨੂੰ ਦੇ ਦਿੱਤੀ ਸੀ ਅਤੇ ਮੈਨੂੰ ਦੇਣ ਵਾਲੀ ਸਾਈਕਲ ’ਤੇ ਲੱਗੀ ਹੋਈ ਸੀ ਅਤੇ ਇਸ ਗ਼ਲਤੀ ਦਾ ਉਹ ਫ਼ਾਇਦਾ ਉਠਾਉਂਦਾ ਪਿਆ ਸੀ। ਸਾਈਕਲ ਤਾਂ ਮੈਂ ਲੈ ਲਿਆ ਪਰ ਛੱਜੂ ਰਾਮ ਦੇ ਗਿੱਟੇ ਵੱਲ ਵੇਖ-ਵੇਖ ਮੇਰਾ ਹਾਸਾ ਨਾ ਰੁਕੇ ਕਿਉਂਕਿ ਉਸ ਨੂੰ ਸਟੈਂਡ-ਲਾਕ ਦਾ ਪਤਾ ਹੀ ਨਹੀਂ ਸੀ ਕਿ ਪੈਰ ਨਾਲ ਕਿਵੇਂ ਲਾਹੀਦਾ ਹੈ। ਛੱਜੂ ਦਾ ਚੁਬਾਰਾ ਸੁਣਦੇ ਸਾਂ, ਮੈਨੂੰ ਛੱਜੂ ਦਾ ਗਿੱਟਾ ਨਹੀਂ ਭੁੱਲਦਾ।
-ਪ੍ਰੋ: ਮੋਹਣ ਸਿੰਘ
-ਮੋਬਾਈਲ : 80545-97595