ਕੁਝ ਸਾਲ ਪਹਿਲਾਂ ਇਕ ਸਰਕਾਰ ਨੇ ਕੁਝ ਸ਼ਹਿਰਾਂ ਨੂੰ ਵਿਸ਼ਵ ਪੱਧਰ ਦੇ ਬਣਾਉਣ ਦਾ ਵਾਅਦਾ ਕੀਤਾ ਸੀ। ਕੀ ਉਹ ਵਾਅਦਾ ਪੂਰਾ ਹੋ ਪਾਇਆ? ਕੀ ਕੋਈ ਵੀ ਸ਼ਹਿਰ ਸਾਫ਼-ਸੁਥਰਾ ਹੋਏ ਬਿਨਾਂ ਵਰਲਡ ਕਲਾਸ ਦਾ ਸ਼ਹਿਰ ਬਣ ਸਕਦਾ ਹੈ? ਵਿਸ਼ਵ ਪੱਧਰ ਦਾ ਬਣਾਉਣ ਵਾਸਤੇ ਬਹੁਤ ਸਾਰੇ ਮਿਆਰਾਂ ’ਤੇ ਖ਼ਰਾ ਉਤਰਨਾ ਪੈਂਦਾ ਹੈ ਜਿਨ੍ਹਾਂ ’ਚੋਂ ਸਭ ਤੋਂ ਵੱਡਾ ਤੇ ਪ੍ਰਮੁੱਖ ਮਿਆਰ ਹੈ ਸ਼ਹਿਰਾਂ ਦਾ ਸਾਫ਼ ਹੋਣਾ।

ਸਾਡਾ ਦੇਸ਼ ਜਿਸ ਨਾਲ ਸਾਨੂੰ ਬਹੁਤ ਪਿਆਰ ਹੈ, ਕੁਦਰਤ ਨੇ ਵੀ ਇਸ ਨੂੰ ਬਹੁਤ ਸੋਹਣਾ ਬਣਾਇਆ ਹੈ। ਸਮੁੰਦਰ, ਨਦੀਆਂ, ਝਰਨੇ ਤੇ ਹਰਿਆਲੀ ਸਭ ਕੁਝ ਦਿੱਤਾ ਹੈ। ਇਸ ਨੂੰ ਤਰ੍ਹਾਂ-ਤਰ੍ਹਾਂ ਦੀਆਂ ਰੁੱਤਾਂ ਨਾਲ ਨਿਵਾਜ਼ਿਆ ਹੈ ਪਰ ਅਸੀਂ ਇਸ ਨੂੰ ਸੰਭਾਲ ਨਾ ਸਕੇ। ਅਸੀਂ ਆਪਣੇ ਦੇਸ਼ ਨੂੰ ਗੰਦਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਕਿਸੇ ਵੀ ਸ਼ਹਿਰ ਨੂੰ ਅਸੀਂ ਸਾਫ਼-ਸੁਥਰਾ ਰੱਖਣ ਵਿਚ ਅਸਫਲ ਰਹੇ।
ਕੁਝ ਸਾਲ ਪਹਿਲਾਂ ਇਕ ਸਰਕਾਰ ਨੇ ਕੁਝ ਸ਼ਹਿਰਾਂ ਨੂੰ ਵਿਸ਼ਵ ਪੱਧਰ ਦੇ ਬਣਾਉਣ ਦਾ ਵਾਅਦਾ ਕੀਤਾ ਸੀ। ਕੀ ਉਹ ਵਾਅਦਾ ਪੂਰਾ ਹੋ ਪਾਇਆ? ਕੀ ਕੋਈ ਵੀ ਸ਼ਹਿਰ ਸਾਫ਼-ਸੁਥਰਾ ਹੋਏ ਬਿਨਾਂ ਵਰਲਡ ਕਲਾਸ ਦਾ ਸ਼ਹਿਰ ਬਣ ਸਕਦਾ ਹੈ? ਵਿਸ਼ਵ ਪੱਧਰ ਦਾ ਬਣਾਉਣ ਵਾਸਤੇ ਬਹੁਤ ਸਾਰੇ ਮਿਆਰਾਂ ’ਤੇ ਖ਼ਰਾ ਉਤਰਨਾ ਪੈਂਦਾ ਹੈ ਜਿਨ੍ਹਾਂ ’ਚੋਂ ਸਭ ਤੋਂ ਵੱਡਾ ਤੇ ਪ੍ਰਮੁੱਖ ਮਿਆਰ ਹੈ ਸ਼ਹਿਰਾਂ ਦਾ ਸਾਫ਼ ਹੋਣਾ।
ਸਭ ਤੋਂ ਪਹਿਲਾਂ ਅਸੀਂ ਦੇਸ਼ ਦੀ ਰਾਜਧਾਨੀ ਨੂੰ ਹੀ ਲੈ ਲਈਏ। ਬਸ ਕੁਝ ਇਲਾਕਿਆਂ ਨੂੰ ਛੱਡ ਕੇ ਬਾਕੀ ਜਗ੍ਹਾ ਤਾਂ ਟੁੱਟੀਆਂ ਸੜਕਾਂ, ਤਾਰਾਂ ਦੇ ਵਿਛੇ ਜਾਲ਼ ’ਤੇ ਗੰਦ-ਮੰਦ ਦੇ ਢੇਰ ਨੇ। ਸਰਕਾਰਾਂ ਨੂੰ ਲੱਗਦਾ ਹੈ ਕਿ ਜੋ ਵੀ ਬਾਹਰੋਂ ਵੱਡੇ ਅਹੁਦੇਦਾਰ ਆਉਂਦੇ ਨੇ, ਉਹ ਸਿਰਫ਼ ਖ਼ਾਸ ਥਾਵਾਂ ਤੋਂ ਹੀ ਲੰਘਦੇ ਨੇ। ਬਸ ਉਨ੍ਹਾਂ ਥਾਵਾਂ ਨੂੰ ਸਾਫ਼ ਦਿਖਾਉਣਾ ਚਾਹੀਦਾ ਹੈ। ਬਾਕੀ ਥਾਵਾਂ ’ਤੇ ਤਾਂ ਆਮ ਜਨਤਾ ਹੀ ਜਾਂਦੀ ਹੈ। ਉਸ ਨੂੰ ਸਫ਼ਾਈ ਦਾ ਕੀ ਫ਼ਰਕ ਪੈਂਦਾ ਹੈ। ਇਲੈਕਸ਼ਨ ਦੇ ਨੇੜੇ ਕੋਈ ਯਮੁਨਾ ਨੂੰ ਸਾਫ਼ ਕਰਨ ਦੀ ਗੱਲ ਕਰਦਾ, ਕੋਈ ਕੂੜੇ-ਕਰਕਟ ਦੇ ਢੇਰਾਂ ਨੂੰ ਹਟਾਉਣ ਦੇ ਵਾਅਦੇ ਕਰਦੇ ਨੇ ਤੇ ਬਾਅਦ ਵਿਚ ਪੰਜ ਸਾਲ ਕੀ ਹੁੰਦਾ ਹੈ, ਕੋਈ ਅਤਾ-ਪਤਾ ਨਹੀਂ।
ਜੇ ਪੰਜਾਬ ਦੀ ਗੱਲ ਕਰੀਏ ਤਾਂ ਸਰਕਾਰ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਜੇ ਦਾਅਵੇ-ਵਾਅਦੇ ਕਰਦੀ ਹੈ। ਉਸ ਨੂੰ ਲੱਗਦਾ ਹੈ ਕਿ ਗਿੱਧੇ ਪਾਉਂਦੀਆਂ ਮੁਟਿਆਰਾਂ ਤੇ ਭੰਗੜੇ ਪਾਉਂਦੇ ਗੱਭਰੂਆਂ ਦੇ ਪੋਸਟਰ ਦਿਖਾ ਕੇ ਜਾਂ ਕੁਝ ਤਿਉਹਾਰ ਮਨਾ ਕੇ ‘ਰੰਗਲਾ ਪੰਜਾਬ’ ਬਣ ਗਿਆ। ਇਸ ‘ਰੰਗਲੇ ਪੰਜਾਬ’ ਵਿਚ ਇਕ ਵੀ ਸ਼ਹਿਰ ਨਹੀਂ ਹੈ ਜੋ ਸਾਫ਼ ਹੋਵੇ। ਬਾਕੀ ਥਾਵਾਂ ਦੀ ਤਾਂ ਗੱਲ ਬਾਅਦ ਵਿਚ ਹੈ। ਆਪਣਾ ‘ਅੰਮ੍ਰਿਤਸਰ ਸਿਫਤੀ ਦਾ ਘਰ’ ਦੀ ਗੱਲ ਕਰੀਏ ਜਿੱਥੇ ਦੇਸ਼-ਵਿਦੇਸ਼ ਤੋਂ ਸਿੱਖ ਸੰਗਤ ਤੇ ਸੈਲਾਨੀ ਆਉਂਦੇ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ। ਸਰਕਾਰ ਨੂੰ ਸਭ ਤੋਂ ਜ਼ਿਆਦਾ ਸੈਰ-ਸਪਾਟੇ ਤੋਂ ਪੈਸਾ ਅੰਮ੍ਰਿਤਸਰ ਤੋਂ ਮਿਲਦਾ ਹੈ। ਫਿਰ ਵੀ ਇਹ ਸ਼ਹਿਰ ਸਾਫ਼-ਸੁਥਰਾ ਨਹੀਂ ਹੈ। ਜਗ੍ਹਾ-ਜਗ੍ਹਾ ਕੂੜਾ-ਕਰਕਟ ਦੇ ਢੇਰ ਲੱਗੇ ਹੋਏ ਹਨ। ਸ਼ਹਿਰ ਵਿਚ ਪ੍ਰਵੇਸ਼ ਕਰਦੇ ਹੀ ਤੁਹਾਨੂੰ ਭੀੜ-ਭੜੱਕਾ ਤੇ ਟੁੱਟੀਆਂ ਸੜਕਾਂ ਦਿਸਣ ਲੱਗ ਪੈਣਗੀਆਂ। ਸੜਕਾਂ ਦੇ ਦੋਵੇਂ ਪਾਸੇ ਕੂੜੇ ਦੇ ਢੇਰ ਦਿਸਣ ਲੱਗ ਜਾਂਦੇ ਹਨ। ਹਰਿਮੰਦਰ ਸਾਹਿਬ ਦੀ ਬਦੌਲਤ ਹੀ ਘੱਟੋ-ਘੱਟ ਇਕ ਸ਼ਹਿਰ ਨੂੰ ਤਾਂ ਸਾਫ਼ ਕਰ ਲਓ। ਹੁਣ ਇਕ ਹੋਰ ਸ਼ਹਿਰ ਦੀ ਗੱਲ ਕਰ ਲੈਂਦੇ ਹਾਂ, ਉਹ ਹੈ ਰਿਆਸਤੀ ਸ਼ਹਿਰ ਪਟਿਆਲਾ। ਕਾਂਗਰਸ ਦੀ ਸਰਕਾਰ ਦੇ ਵਕਤ ਇੱਥੋਂ ਦੇ ਰਾਜਾ ਅਮਰਿੰਦਰ ਸਿੰਘ ਜੋ ਪੰਜਾਬ ਦੇ ਮੁੱਖ ਮੰਤਰੀ ਸਨ, ਉਹ ਇਕ ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ ਨਾ ਬਣਾ ਸਕੇ। ਅੱਜ ਦੀ ਸਰਕਾਰ ਦੇ ਸਿਹਤ ਮੰਤਰੀ ਪਟਿਆਲੇ ਤੋਂ ਹਨ। ਉਨ੍ਹਾਂ ਨੂੰ ਵੀ ਸਿਹਤ ਲਈ ਸਫ਼ਾਈ ਦੀ ਕੋਈ ਮਹੱਤਤਾ ਨਜ਼ਰ ਨਹੀਂ ਆਈ। ਹਰ ਸ਼ਹਿਰ ਵਿਚ ਤਰੱਕੀ ਤਾਂ ਬਹੁਤ ਹੈ ਪਰ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਸਾਡੇ ਦੇਸ਼ ਵਿਚ 28 ਰਾਜ ਹਨ। 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਵੈਸੇ ਤਾਂ ਹਰ ਸ਼ਹਿਰ ਦਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਫ਼ਾਈ ਕਰਨਾ ਬਹੁਤ ਆਸਾਨ ਵੀ ਹੈ ਪਰ ਸ਼ਾਸਨ-ਪ੍ਰਸ਼ਾਸਨ ਦੀ ਨਾਅਹਿਲੀਅਤ ਕਾਰਨ ਕੋਈ ਵੀ ਸਰਕਾਰੀ ਕੰਮ ਚੱਜ ਨਾਲ ਨਹੀਂ ਹੁੰਦਾ। ਸਫ਼ਾਈ ਰੱਖਣ ਲਈ ਸਾਰੇ ਸ਼ਹਿਰਾਂ ਵਿਚ ਸਭ ਤੋਂ ਸੌਖਾ ਅਤੇ ਮਹੱਤਵਪੂਰਨ ਕਦਮ ਹੈ ‘ਵਨ ਟਾਈਮ ਯੂਜ਼ ਪੋਲੀਥੀਨ’ ਪੂਰੀ ਤਰ੍ਹਾਂ ਬੈਨ ਕਰਨਾ ਆਦਿ ਪਰ ਨਾ ਹੀ ਸਰਕਾਰੀ ਨੁਮਾਇੰਦੇ ਇਸ ਗੱਲ ਵੱਲ ਕੋਈ ਤਵੱਜੋ ਦਿੰਦੇ ਹਨ ਅਤੇ ਨਾ ਹੀ ਸਾਡੇ ਸਿਆਸਤਦਾਨ ਅਤੇ ਨਾ ਹੀ ਜਨਤਾ। ਚਲੋ ਸਾਰੇ ਸ਼ਹਿਰਾਂ ਦੀ ਗੱਲ ਛੱਡ ਹੀ ਦੇਈਏ ਪਰ ਜੇ ਹਰ ਸੂਬੇ ਦਾ ਮੁੱਖ ਮੰਤਰੀ ਆਪਣੇ ਸੂਬੇ ਦੀ ਰਾਜਧਾਨੀ ਨੂੰ ਹੀ ਸਫ਼ਾਈ ਵਿਚ ਵਰਲਡ ਕਲਾਸ ਬਣਾ ਦੇਵੇ ਤਾਂ 28 ਸ਼ਹਿਰ ਤਾਂ ਸਾਫ਼ ਹੋ ਹੀ ਜਾਣਗੇ। ਅੱਠ ਕੇਂਦਰ ਸ਼ਾਸਿਤ ਪ੍ਰਦੇਸ਼ ਕੇਂਦਰ ਸਰਕਾਰ ਸਾਫ਼ ਬਣਾਉਣ ਦਾ ਬੀੜਾ ਚੁੱਕ ਲਵੇ ਤਾਂ 8 ਹੋਰ ਸ਼ਹਿਰ ਸਾਫ਼ ਹੋ ਜਾਣਗੇ। ਕਿਸੇ ਵੀ ਗਲੀ-ਕੂਚੇ ’ਚ ਚਲੇ ਜਾਓ, ਸਾਈਡਾਂ ’ਤੇ ਤੁਹਾਨੂੰ ਪੋਲੀਥੀਨ ਬੈਗਜ਼ ਦੇ ਢੇਰਾਂ ਦੇ ਢੇਰ ਨਜ਼ਰ ਆਉਂਦੇ ਨੇ ਜਦਕਿ ਵਿਦੇਸ਼ਾਂ ਵਿਚ ਹਰਿਆਲੀ ਨਾਲ ਹਰੇ-ਭਰੇ ਗਲੀਚੇ ਵਿਛੇ ਨਜ਼ਰ ਆਉਂਦੇ ਨੇ। ਜੇ ਸਾਰੇ ਐੱਮਪੀ ਆਪੋ-ਆਪਣੇ ਹਲਕੇ ਨੂੰ ਸਾਫ਼ ਕਰਵਾ ਦੇਣ ਤਾਂ ਸੋਚੋਂ ਕਿੰਨੇ ਹੋਰ ਸ਼ਹਿਰ ਸਾਫ਼-ਸੁਥਰੇ ਸ਼ਹਿਰਾਂ ਵਿਚ ਸ਼ਾਮਲ ਹੋ ਸਕਦੇ ਹਨ। ਅੱਧੇ ਤੋਂ ਜ਼ਿਆਦਾ ਸ਼ਹਿਰ ਸਾਫ਼ ਹੋ ਸਕਦੇ ਹਨ। ਹਰ ਸਟੇਟ ਵਿਚ ਕੁਝ ਖ਼ਾਸ ਸ਼ਹਿਰ ਜੋ ਸੈਰ-ਸਪਾਟੇ ਲਈ ਜਾਣੇ ਜਾਂਦੇ ਹਨ, ਉਨ੍ਹਾਂ ਨੂੰ ਹੀ ਸਾਫ਼-ਸੁਥਰਾ ਰੱਖਿਆ ਜਾਵੇ ਤਾਂ ਜੋ ਦੁਨੀਆ ਭਰ ਤੋਂ ਆਉਂਦੇ ਸੈਲਾਨੀ ਸਾਡੇ ਦੇਸ਼ ਦੀ ਸ਼ਲਾਘਾ ਕਰ ਸਕਣ। ਹੁਣ ਮੈਂ ਆਪਣੇ ਸ਼ਹਿਰ ਚੰਡੀਗੜ੍ਹ ਦੀ ਗੱਲ ਕਰਾਂ ਜੋ ਸਭ ਤੋਂ ਸੋਹਣਾ ਹੈ ਪਰ ਜੇ ਇਸ ਦੀਆਂ ਮਾਰਕੀਟਾਂ ਦੀਆਂ ਪਿਛਲੀ ਗਲੀਆਂ ਨੂੰ ਦੇਖਿਆ ਜਾਵੇ ਜਾਂ ਆਸੇ-ਪਾਸੇ ਪਿੰਡ ਜੋ ਚੰਡੀਗੜ੍ਹ ਦਾ ਹੀ ਹਿੱਸਾ ਹਨ, ਤਾਂ ਉੱਥੇ ਗੰਦਗੀ ਦੇ ਢੇਰ, ਗੰਦੀਆਂ ਗਲੀਆਂ, ਟੁੱਟੀਆਂ-ਫੁੱਟੀਆਂ ਸੜਕਾਂ ਦੇਖਣ ਨੂੰ ਮਿਲ ਜਾਂਦੀਆਂ ਹਨ। ਇਹ ਆਸੇ-ਪਾਸੇ ਦੇ ਪਿੰਡ ਜੋ ਚੰਡੀਗੜ੍ਹ ਦਾ ਹਿੱਸਾ ਹਨ, ਉਨ੍ਹਾਂ ਦੀ ਉਸਾਰੀ ਚੰਡੀਗੜ੍ਹ ਦੀ ਯੋਜਨਾ ਮੁਤਾਬਕ ਨਹੀਂ ਕੀਤੀ ਹੋਈ ਹੈ। ਹਾਲੇ ਤੱਕ ਤਾਂ ਕਈਆਂ ਪਿੰਡਾਂ ਵਿਚ ਸੀਵਰੇਜ ਤੱਕ ਨਹੀਂ ਪਾਇਆ ਗਿਆ ਹੈ। ਆਪਣੇ ਦੇਸ਼ ਨੂੰ ਸੁੰਦਰ ਬਣਾਉਣ ਲਈ ਕੁਦਰਤ ਦੀਆਂ ਨੇਮਤਾਂ ਨੂੰ ਸੰਭਾਲਿਆ ਜਾਵੇ ਤੇ ਸਾਫ਼-ਸੁਥਰਾ ਰੱਖਿਆ ਜਾਵੇ। ਇਹ ਕੰਮ ਸਭ ਤੋਂ ਸੌਖਾ ਹੈ ਕਿ ਜੇ ਸਰਕਾਰਾਂ ਇਸ ਲਈ ਜੀਅ-ਜਾਨ ਲਗਾ ਕੇ ਕੰਮ ਕਰਨ ਤੇ ਇਸ ਲਈ ਸਖ਼ਤ ਕਾਨੂੰਨ ਬਣਾ ਕੇ ਜਨਤਾ ’ਤੇ ਵੀ ਲਾਗੂ ਕੀਤੇ ਜਾਣ। ਤਾਂ ਹੀ ਇਹ ਕੰਮ ਬਹੁਤ ਜਲਦੀ ਤੇ ਆਸਾਨੀ ਨਾਲ ਹੋ ਸਕਦਾ ਹੈ।
-ਡੇਜ਼ੀ ਵਾਲੀਆ
-ਮੋਬਾਈਲ : 98159-96661