ਸ਼ਿਲਪਕਾਰ ਦੀਆਂ ਕਲਾਤਮਕ ਬਾਰੀਕੀਆਂ ਸਦਕਾ ਕਾਂਸੀ ਦੀ ਬਣੀ ਤ੍ਰੈਮੂਰਤੀ ਦੀ ਸਰੀਰਕ ਭਾਸ਼ਾ ਬਾਕਮਾਲ ਹੈ। ਅਟੁੱਟ ਦੋਸਤੀ ਦੀ ਪ੍ਰਤੀਕ ਇਹ ਤ੍ਰੈਮੂਰਤੀ ਸਾਂਝੇ ਸਾਹ ਲੈਂਦੀ ਪ੍ਰਤੀਤ ਹੁੰਦੀ ਹੈ। ਇਹ ਵੀ ਅਜਬ ਇਤਫ਼ਾਕ ਹੈ ਕਿ ਤਿੰਨਾਂ ਮਰਜੀਵੜਿਆਂ ਦੀ ਉਮਰ ਇੱਕੋ ਜਿੰਨੀ ਸੀ।
ਆਜ਼ਾਦੀ ਦੇ ਸਾਂਝੇ ਸੁਪਨੇ ਦੇਖਣ ਵਾਲੇ ਹਮਉਮਰ ਗੱਭਰੂਆਂ ਦੀ ਤ੍ਰੈਮੂਰਤੀ ਵਤਨ-ਪ੍ਰਸਤਾਂ ਦੇ ਦਿਲਾਂ ’ਤੇ ਖੁਣੀ ਹੋਈ ਹੈ। ਤਾਉਮਰ ਇਕੱਠੇ ਰਹਿਣ ਦਾ ਹਲਫ਼ ਲੈਣ ਵਾਲੇ ਸ਼ਹਾਦਤ ਤੋਂ ਬਾਅਦ ਵੀ ਵੱਖ ਨਹੀਂ ਹੋ ਸਕਦੇ। ਆਜ਼ਾਦੀ ਤੋਂ ਬਾਅਦ ਜਦੋਂ ਸਰਦਾਰ ਭਗਤ ਸਿੰਘ ਦੇ ਬੁੱਤ ਲਾਉਣ ਦੀ ਹੋੜ ਲੱਗੀ ਤਾਂ ਉਸ ਦੀ ਜਨਣੀ, ਵਿਦਿਆਵਤੀ (ਪੰਜਾਬ ਮਾਤਾ) ਨੇ ਆਵਾਜ਼ ਬੁਲੰਦ ਕੀਤੀ ਕਿ ਉਸ ਦਾ ਪੁੱਤ ਇਕੱਲਾ ਖੜ੍ਹਾ ਜਚਦਾ ਨਹੀਂ।
ਤ੍ਰਿਵੇਣੀ ’ਚੋਂ ਭਲਾ ਕਿਸੇ ਨਦੀ ਨੂੰ ਕਿਵੇਂ ਅਲੱਗ ਕੀਤਾ ਜਾ ਸਕਦਾ ਹੈ! ਹੁਸੈਨੀਵਾਲਾ ਵਿਖੇ ਸਤਲੁਜ ਦਰਿਆ ਵਿਚ ਜਲ-ਪ੍ਰਵਾਹ ਕੀਤੀਆਂ ਅਸਥੀਆਂ ਵੀ ਤਾਂ ਇੱਕੋ ਧਾਰਾ ’ਚ ਵਹੀਆਂ ਸਨ! ਮਾਤਾ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਭਗਤ ਸਿੰਘ, ਸ਼ਿਵਰਾਮ ਰਾਜਗੁਰੂ ਅਤੇ ਸੁਖਦੇਵ ਦੀ ਤ੍ਰੈਮੂਰਤੀ ਚੌਕ-ਚੁਰਾਹਿਆਂ ਤੇ ਸੰਸਦ ਦਾ ਸ਼ਿੰਗਾਰ ਬਣੀ। ਜੋ ਮਰ ਕੇ ਵੀ ਨਹੀਂ ਮਰਦੇ, ਉਨ੍ਹਾਂ ਨੂੰ ਅਮਰ ਸ਼ਹੀਦ ਕਿਹਾ ਜਾਂਦਾ ਹੈ। ਇਸ ਲਈ ‘ਤੇਰੀ-ਮੇਰੀ ਇਕ ਜਿੰਦੜੀ’ ਦੇ ਮਹਾਤਮ ਨੂੰ ਧਿਆਨ ’ਚ ਰੱਖਿਆ ਜਾਵੇ। ਲੁਧਿਆਣਾ ਦੇ ਜਗਰਾਓਂ ਪੁਲ਼ ’ਤੇ ਹੱਥਾਂ ਵਿਚ ਕਿਤਾਬਾਂ ਫੜੀ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਲਾਉਂਦੇ ਹੋਇਆਂ ਦਾ ਬੁੱਤ, ਮਕਬੂਲ ਬੁੱਤਘਾੜੇ ਅਵਤਾਰ ਸਿੰਘ ਨੇ ਰੂਹ ਨਾਲ ਬਣਾਇਆ ਸੀ।
ਸ਼ਿਲਪਕਾਰ ਦੀਆਂ ਕਲਾਤਮਕ ਬਾਰੀਕੀਆਂ ਸਦਕਾ ਕਾਂਸੀ ਦੀ ਬਣੀ ਤ੍ਰੈਮੂਰਤੀ ਦੀ ਸਰੀਰਕ ਭਾਸ਼ਾ ਬਾਕਮਾਲ ਹੈ। ਅਟੁੱਟ ਦੋਸਤੀ ਦੀ ਪ੍ਰਤੀਕ ਇਹ ਤ੍ਰੈਮੂਰਤੀ ਸਾਂਝੇ ਸਾਹ ਲੈਂਦੀ ਪ੍ਰਤੀਤ ਹੁੰਦੀ ਹੈ। ਇਹ ਵੀ ਅਜਬ ਇਤਫ਼ਾਕ ਹੈ ਕਿ ਤਿੰਨਾਂ ਮਰਜੀਵੜਿਆਂ ਦੀ ਉਮਰ ਇੱਕੋ ਜਿੰਨੀ ਸੀ। ਤੇਈ ਮਾਰਚ, 1931 ਨੂੰ ਸੈਂਟਰਲ ਜੇਲ੍ਹ ਲਾਹੌਰ ਵਿਚ ਫਾਂਸੀ ਦਾ ਫੰਦਾ ਚੁੰਮਣ ਵੇਲੇ ਭਗਤ ਸਿੰਘ ਦੀ ਉਮਰ 23 ਸਾਲ, ਪੰਜ ਮਹੀਨੇ ਤੇ 23 ਦਿਨ ਸੀ ਜਦਕਿ ਸੁਖਦੇਵ 23 ਸਾਲ, 10 ਮਹੀਨੇ ਅਤੇ ਅੱਠ ਦਿਨਾਂ ਦਾ ਸੀ। ਰਾਜਗੁਰੂ ਮਹਿਜ਼ ਸਾਢੇ ਬਾਈ ਸਾਲਾਂ ਦਾ ਸੀ। ਤਿੰਨੇ ਸਾਂਝੇ ਮਕਸਦ ਲਈ ਵਤਨ ਤੋਂ ਕੁਰਬਾਨ ਹੋਏ। ਜੋਸ਼ ਦੀ ਤਲਵਾਰ ਨੂੰ ਹੋਸ਼ ਦੀ ਸਾਣ ’ਤੇ ਲਾਉਣ ਵਾਲਾ ਭਗਤ ਸਿੰਘ ਸ਼ਹੀਦ-ਏ-ਆਜ਼ਮ ਅਖਵਾਇਆ।
ਜੋਸ਼ ਤੇ ਹੋਸ਼ ਦੇ ਸਮਤਲ ਨੇ ਉਸ ਨੂੰ ਵਿਲੱਖਣ ਬਣਾਇਆ ਸੀ। ਛੋਟੀ ਉਮਰੇ ਉਸ ਨੇ ਜਾਣ ਲਿਆ ਸੀ ਕਿ ਹੋਸ਼ ਬਿਨਾਂ ਜੋਸ਼ ਦੀ ਪ੍ਰਚੰਡ ਜਵਾਲਾ ਅਰਾਜਕਤਾ ਫੈਲਾਉਂਦੀ ਹੈ। ਇਨਕਲਾਬ ਮਹਿਜ਼ ਹਥਿਆਰਾਂ ਨਾਲ ਨਹੀਂ, ਵਿਚਾਰਾਂ ਨਾਲ ਆਉਂਦਾ ਹੈ। ਮੌਸਮ ਦੇ ਮਿਜ਼ਾਜ ਨੂੰ ਪੜ੍ਹ ਕੇ ਬੀਜ ਸੁੱਟਣ ਦਾ ਵੱਲ ਉਸ ਨੇ ਇਨਕਲਾਬੀ ਸਾਹਿਤ ਪੜ੍ਹ ਕੇ ਸਿੱਖ ਲਿਆ ਸੀ। ਉਹ ਕਿਤਾਬਾਂ ਸੰਗ ਸੌਂਦਾ-ਜਾਗਦਾ। ਕਾਲ ਕੋਠੜੀ ਵਿਚ ਵੀ ਅੱਖਰ ਉਸ ਨੂੰ ਲਟ-ਲਟ ਬਲ਼ਦੇ ਚਿਰਾਗਾਂ ਵਾਂਗ ਭਾਸਦੇ। ਮੁਲਾਕਾਤੀਆਂ ਨੂੰ ਉਹ ਇਨਕਲਾਬੀਆਂ ਦੀਆਂ ਜੀਵਨੀਆਂ, ਸਵੈ-ਜੀਵਨੀਆਂ ਲਿਆਉਣ ਲਈ ਤਾਕੀਦ ਕਰਦਾ। ਫਾਂਸੀ ਤੋਂ ਪਹਿਲਾਂ ਜਦੋਂ ਜੇਲ੍ਹ ਵਾਰਡਨ ਉਸ ਨੂੰ ਬੁਲਾਉਣ ਆਇਆ ਤਾਂ ਉਹ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ।
ਸੂਰਜ ਛਿਪ ਚੁੱਕਾ ਸੀ। ਤੇਈ ਮਾਰਚ 1931 ਨੂੰ 7 ਵੱਜ ਕੇ ਤੇਤੀ ਮਿੰਟ ’ਤੇ ਆਜ਼ਾਦੀ ਸੰਗਰਾਮ ਦੇ ਇਸ ਚਮਕਦੇ-ਦਮਕਦੇ ਸੂਰਜ ਨੇ ਆਪਣੇ ਸਾਥੀਆਂ ਸਣੇ ਅਸਤ ਹੋ ਕੇ ਸਦਾ ਲਈ ਉਦੈ ਹੋਣਾ ਸੀ। ਉਹ ਪੁਸਤਕ ਦਾ ਪੰਨਾ ਮੋੜ ਕੇ ਵਾਰਡਨ ਨਾਲ ਤੁਰ ਪੈਂਦਾ ਹੈ। ਮਤਾਂ, ਉਸ ਨੇ ਕਿਤਾਬ ਦੇ ਬਾਕੀ ਪੰਨੇ ਇਸ ਨਿਸ਼ਾਨੀ ਤੋਂ ਬਾਅਦ ਅਜੇ ਪੜ੍ਹਨੇ ਸਨ। ਤ੍ਰੈਮੂਰਤੀ ਦੇ ਹੱਥਾਂ ਵਿਚ ਫੜੀਆਂ ਕਿਤਾਬਾਂ ਤੇ ਅਮਰ ਸ਼ਹੀਦਾਂ ਦੀਆਂ ਮੁਦਰਾਵਾਂ ਤਾਂ ਇਹੀ ਸੁਨੇਹਾ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ। ਤਾਂਬਾ, ਟਿਨ ਅਤੇ ਜਿਸਤ ਧਾਤਾਂ ਦੇ ਮਿਸ਼ਰਣ ਨਾਲ ਬਣਿਆ ਕਾਂਸੀ ਦਾ ਬੁੱਤ ਸ਼ਹੀਦਾਂ ਦੇ ਇਰਾਦਿਆਂ ਵਾਂਗ ਹੀ ਮਜ਼ਬੂਤ ਹੈ।
ਲੋਹੇ ਵਾਂਗ ਕਾਂਸੀ ਨੂੰ ਜੰਗਾਲ ਨਹੀਂ ਲੱਗਦਾ। ਅੱਗ ਵਿਚ ਤਪ ਕੇ ਕਾਂਸੀ ਮਜ਼ਬੂਤ ਧਾਤ ਬਣਦੀ ਹੈ ਜਿਸ ਦੀ ਚਮਕ-ਦਮਕ ਕਦੇ ਫਿੱਕੀ ਨਹੀਂ ਪੈਂਦੀ। ਇਨਕਲਾਬ ਦੇ ਫੋਕੇ ਨਾਅਰਿਆਂ ਤੱਕ ਸੀਮਤ ਕਰਨ ਵਾਲੇ ਜੇ ਤ੍ਰੈਮੂਰਤੀ ਦੇ ਹਾਵ-ਭਾਵ ਹੀ ਸਮਝ ਲੈਣ ਤਾਂ ਉਨ੍ਹਾਂ ਨੂੰ ਸਹਿਜੇ ਹੀ ਸਮਝ ਆ ਜਾਵੇਗੀ ਕਿ ਅੱਗ ਦਾ ਦਰਿਆ ਤੈਰ ਕੇ ਹੀ ਭਗਤ ਸਿੰਘ ਬਣਿਆ ਜਾ ਸਕਦਾ ਹੈ। ਕ੍ਰਾਂਤੀਕਾਰੀਆਂ ਦੇ ਪਰਿਵਾਰ ਵਿਚ ਜਨਮ ਲੈਣ ਵਾਲੇ ਭਗਤ ਸਿੰਘ ਦੇ ਖ਼ੂਨ ਵਿਚ ਹੀ ਇਨਕਲਾਬ ਸੀ ਪਰ ਸ਼ਹੀਦ-ਏ-ਆਜ਼ਮ ਦੀ ਉਪਾਧੀ ਲੈਣ ਲਈ ਉਸ ਨੂੰ ਕਈ ਬਿਖੜੇ ਪੜਾਵਾਂ ’ਚੋਂ ਲੰਘਣਾ ਪਿਆ ਸੀ।
ਜਲ੍ਹਿਆਂਵਾਲਾ ਖ਼ੂਨੀ-ਕਾਂਡ ਸਮੇਂ ਉਹ ਛੋਟੀ ਕਲਾਸ ’ਚ ਪੜ੍ਹਦਾ ਸੀ। ਸਾਕੇ ਤੋਂ ਬਾਅਦ ਉਹ ਸਕੂਲ ਜਾਣ ਦੀ ਬਜਾਏ ਕਤਲੇਆਮ ਵਾਲੀ ਥਾਂ ’ਤੇ ਪੁੱਜ ਕੇ ਖ਼ੂਨ ਨਾਲ ਸਿੰਜੀ ਮਿੱਟੀ ਨੂੰ ਸ਼ੀਸ਼ੀ ਵਿਚ ਲੈ ਕੇ ਖਟਕੜ ਕਲਾਂ ਪੁੱਜਿਆ ਸੀ। ਤਾਉਮਰ ਇਹ ਲਾਲ ਮਿੱਟੀ ਉਸ ਦੇ ਅੰਗ-ਸੰਗ ਰਹੀ। ਇਸ ਮਿੱਟੀ ’ਚੋਂ ਹੀ ਇਨਕਲਾਬ ਦਾ ਬੀਜ ਫੁੱਟਿਆ ਸੀ। ਉਸ ਦੀ ਵਿਚਾਰਧਾਰਾ ਧਾਰਮਿਕ ਲਹਿਰਾਂ ਤੋਂ ਵੀ ਅਭਿੱਜ ਨਹੀਂ ਸੀ। ਕੂਕਾ ਅੰਦੋਲਨ ਦਾ ਵੀ ਉਸ ’ਤੇ ਡੂੰਘਾ ਅਸਰ ਸੀ ਜਿਸ ਦਾ ਜ਼ਿਕਰ ਉਸ ਨੇ ਆਪਣੀਆਂ ਲਿਖਤਾਂ ਵਿਚ ਕੀਤਾ ਹੈ।
ਨਨਕਾਣਾ ਸਾਹਿਬ ਦੇ ਖ਼ੂਨੀ ਕਾਂਡ ਦਾ ਜ਼ਿਕਰ ਵੀ ਉਸ ਦੀਆਂ ਲਿਖਤਾਂ ਵਿਚ ਮਿਲਦਾ ਹੈ। ਇਸ ਕਾਂਡ ਨੇ ਅੰਗਰੇਜ਼ਾਂ ਤੇ ਉਨ੍ਹਾਂ ਵੱਲੋਂ ਥਾਪੇ ਮਹੰਤਾਂ ਖ਼ਿਲਾਫ਼ ਗੁੱਸਾ ਪ੍ਰਚੰਡ ਕੀਤਾ। ਜੈਤੋ ਦੇ ਮੋਰਚੇ ਨੇ ਉਸ ਦੀ ਕਲਮ ਨੂੰ ਕਟਾਰ ਬਣਾ ਦਿੱਤਾ। ਧਾਰਮਿਕ ਲਹਿਰਾਂ ਤੋਂ ਪ੍ਰਭਾਵਿਤ ਹੋਣ ਦੇ ਬਾਵਜੂਦ ਭਗਤ ਸਿੰਘ ਨਾਸਤਿਕ ਕਿਉਂ ਬਣਦਾ ਹੈ, ਇਸ ਨੂੰ ਸਮਝਣ ਲਈ ਤਰਕ ਹੀ ਕਸੌਟੀ ਹੈ। ਧਾਰਮਿਕ ਸਾਹਿਤ ਦਾ ਗਹਿਨ ਅਧਿਐਨ ਕਰਨ ਵਾਲਾ ਉਮਰ ਦੇ ਆਖ਼ਰੀ ਸਮੇਂ ਰੱਬ ਦੀ ਹੋਂਦ ਨੂੰ ਨਕਾਰਦਾ ਹੈ। ਉਹ ਪੁੱਛਦਾ ਹੈ ਕਿ ਜੇ ਰੱਬ ਸਿਰਜਣਹਾਰ ਹੈ ਤਾਂ ਸਮਾਜ ਵਿਚ ਨਾਬਰਾਬਰੀ ਕਿਉਂ ਹੈ? ਬਰਤਾਨਵੀ ਹਾਕਮਾਂ ਨੂੰ ਮਜ਼ਲੂਮਾਂ ’ਤੇ ਤਸ਼ੱਦਦ ਕਰਨ ਤੋਂ ਰੋਕ ਕਿਉਂ ਨਹੀਂ ਦਿੰਦਾ? ਉਹ ਕਿਸੇ ਵੀ ਹਾਲਤ ’ਚ ਅਲੌਕਿਕ ਸ਼ਕਤੀਆਂ ਦਾ ਓਟ-ਆਸਰਾ ਲੈ ਕੇ ਮੌਤ ਸਾਹਮਣੇ ਕਮਜ਼ੋਰ ਨਹੀਂ ਦਿਸਣਾ ਚਾਹੁੰਦਾ। ਇਸੇ ਲਈ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਜੇਲ੍ਹ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਹੱਸ-ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵੇਲੇ ਉਨ੍ਹਾਂ ਦੇ ਮੂੰਹਾਂ ’ਤੇ ਕਾਲੇ ਕੱਪੜੇ ਨਾ ਪਾਏ ਜਾਣ।
ਉਹ ਚਾਹੁੰਦੇ ਸਨ ਕਿ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਆਖ਼ਰੀ ਸਵਾਸ ਲਏ ਜਾਣ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਦਾ ਸ਼ਲੋਕ, ‘‘ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ’’ ਉਸ ਦਾ ਮਾਰਗ-ਦਰਸ਼ਨ ਕਰਦਾ। ਉਸ ਦੇ ਲਬਾਂ ’ਤੇ ‘ਹਿੰਦ ਦੀ ਚਾਦਰ’ ਗੁਰੂ ਤੇਗ ਬਹਾਦਰ ਜੀ ਦਾ ਦੋਹਰਾ ‘‘ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ’’ ਰਹਿੰਦਾ। ਭਵ ਸਾਗਰ ਤੋਂ ਪਹਿਲਾਂ ਉਸ ਨੇ ਭਉ ਸਾਗਰ ਪਾਰ ਕਰ ਲਿਆ ਸੀ। ਉਹ ਮੌਤ ਨੂੰ ਦਾਰਸ਼ਨਿਕ ਅੰਦਾਜ਼ ਵਿਚ ਚੁਣੌਤੀ ਦੇ ਰਿਹਾ ਸੀ। ਜਿਉਂਦੇ ਰਹਿਣ ਨਾਲੋਂ ਉਸ ਨੇ ਸ਼ਹਾਦਤ ਨੂੰ ਪਹਿਲ ਦਿੱਤੀ। ਉਹ ਮਸ਼ਾਲ ਬਣ ਕੇ ਜੀਵਿਆ ਤੇ ਮਿਸਾਲ ਬਣ ਕੇ ਸ਼ਹੀਦ ਹੋਇਆ। ਆਇਰਲੈਂਡ ਦੇ ਆਜ਼ਾਦੀ ਸੰਗਰਾਮ ਦਾ ਵੀ ਉਸ ਨੇ ਖ਼ੂਬ ਅਧਿਐਨ ਕੀਤਾ ਸੀ।
ਆਇਰਿਸ਼ ਰਿਪਬਲਿਕ ਆਰਮੀ ਦੀ ਯੁੱਧ-ਨੀਤੀ ਤੇ ਗੁਰੀਲਾ ਰਣਨੀਤੀ ਤੋਂ ਉਸ ਨੇ ਕਈ ਨੁਕਤੇ ਸਿੱਖੇ ਤੇ ਬਤੌਰ ‘ਕਿਰਤੀ’ ਦੇ ਸੰਪਾਦਕ ਆਪਣੇ ਪਾਠਕਾਂ ਨਾਲ ਸਾਂਝੇ ਕੀਤੇ। ਮੌਤ ਦੇ ਭੈਅ ਤੋਂ ਮੁਕਤ ਹੋਣ ਲਈ ਉਸ ਨੇ ਕਈ ਇਨਕਲਾਬੀ ਫਿਲਮਾਂ ਵੀ ਵੇਖੀਆਂ। ਲਿਓਨਿਡ ਐਂਡਰੇਅ ਦੀ ਕਹਾਣੀ ‘ਸੈਵਨ ਹੂ ਵਰ ਹੈਂਗਡ’ ਉਸ ਨੇ ਆਪਣੇ ਇਨਕਲਾਬੀ ਸਾਥੀਆਂ ਨਾਲ ਸਾਂਝੀ ਕੀਤੀ। ਇਸ ਕਹਾਣੀ ’ਤੇ ਆਧਾਰਤ ਫਿਲਮ ਵੀ ਬਣੀ। ਪਟਕਥਾ ਅਨੁਸਾਰ ਪੰਜ ਕ੍ਰਾਂਤੀਕਾਰੀਆਂ ਸਣੇ ਸੱਤ ਵਿਅਕਤੀਆਂ ਨੂੰ ਜਦੋਂ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਸਭ ਦੀ ਮਨੋਦਸ਼ਾ ਅਲੱਗ ਹੁੰਦੀ ਹੈ। ਇਕ ਅਪਰਾਧੀ ਨੂੰ ਆਪਣੇ ਕੀਤੇ ਦਾ ਪਛਤਾਵਾ ਹੁੰਦਾ ਹੈ। ਦੂਜੇ ਨੂੰ ਪਾਗਲਪਣ ਦਾ ਦੌਰਾ ਪੈਂਦਾ ਹੈ।
ਦੂਜੇ ਪਾਸੇ ਪੰਜ ਦੇਸ਼ ਭਗਤ ਕ੍ਰਾਂਤੀਕਾਰੀ ਦਲੇਰੀ ਨਾਲ ਫਾਂਸੀ ਚੜ੍ਹਦੇ ਹਨ। ‘ਅੰਕਲ ਟੌਮਸ ਕੈਬਿਨ’ ਫਿਲਮ ਵੀ ਉਸ ਨੇ ਆਪਣੇ ਕ੍ਰਾਂਤੀਕਾਰੀ ਸਾਥੀਆਂ ਨਾਲ ਲਾਹੌਰ ਦੇ ਸਿਨੇਮਾਘਰ ’ਚ ਵੇਖੀ ਸੀ। ਫਿਲਮ ਦੀ ਕਹਾਣੀ ਨੇ ਅਮਰੀਕਾ ਦੀ ਗੁਲਾਮੀ ਪ੍ਰਥਾ ਬਾਰੇ ਵੱਡੀ ਲਹਿਰ ਪੈਦਾ ਕੀਤੀ ਸੀ। ਦੁਨੀਆ ਭਰ ਦੇ ਇਨਕਲਾਬੀਆਂ ਬਾਰੇ ਸੁਣ-ਪੜ੍ਹ ਕੇ ਉਸ ਦਾ ਖ਼ੂਨ ਖੌਲਦਾ। ਉਸ ਦਾ ਦਿਲ ਕਰਦਾ ਕਿ ਉਹ ਇਨਕਲਾਬੀਆਂ ਦੀ ਆਕਾਸ਼-ਗੰਗਾ ਵਿਚ ਉਹ ਵੀ ਤਾਰੀਆਂ ਲਾਵੇ। ਕ੍ਰਾਂਤੀਕਾਰੀਆਂ ਦਾ ਧਰੂ-ਤਾਰਾ ਬਣਨ ਲਈ ਉਹ ਆਪਣੇ ਦਿਲੋ-ਦਿਮਾਗ ਨੂੰ ਟਿਕਾਉਂਦਾ ਤੇ ਬਾਕੀਆਂ ਨੂੰ ਸਮਝਾਉਂਦਾ ਰਿਹਾ।
ਆਪਣੀ ਮਾਤਾ ਨੂੰ ਉਸ ਨੇ ਅਰਜ਼ੋਈ ਕੀਤੀ ਕਿ ਉਹ ਫਾਂਸੀ ਤੋਂ ਪਹਿਲਾਂ ਉਸ ਨੂੰ ਮਿਲਣ ਨਾ ਆਵੇ ਕਿਉਂਕਿ ਇਨਕਲਾਬੀ ਦੀ ਮਾਂ ਦੀਆਂ ਅੱਖਾਂ ਵਿਚ ਆਏ ਹੰਝੂ ਲਹਿਰ ਨੂੰ ਕਮਜ਼ੋਰ ਕਰਨਗੇ। ਛੋਟੇ ਭਰਾ ਕੁਲਤਾਰ ਨੂੰ ਲਿਖੇ ਆਖ਼ਰੀ ਖ਼ਤ ਦੀ ਇਬਾਰਤ ਭਗਤ ਸਿੰਘ ਦੀ ਅੰਦਰੂਨੀ ਮਹਾਸ਼ਕਤੀ ਦਾ ਝਲਕਾਰਾ ਪੇਸ਼ ਕਰਦੀ ਹੈ। ਉਹ ਲਿਖਦਾ ਹੈ, ‘‘ਤੇਰੀਆਂ ਅੱਖਾਂ ਵਿਚ ਹੰਝੂ ਦੇਖ ਕੇ ਦੁੱਖ ਹੋਇਆ।’’ ਉਹ ਭਰਾ ਨੂੰ ਪੜ੍ਹਾਈ ਵਿਚ ਦਿਲ ਲਾਉਣ ਤੇ ਸਿਹਤ ਦਾ ਖ਼ਿਆਲ ਰੱਖਣ ਦੀ ਵੀ ਤਾਕੀਦ ਕਰਦਾ ਹੈ। ਆਖ਼ਰ ਵਿਚ ਉਹ ਲਿਖਦਾ ਹੈ, ‘‘ਉਸੇ ਯੇਹ ਫ਼ਿਕਰ ਹੈ ਹਰਦਮ, ਨਯਾ ਤਰਜ਼-ਏ-ਜ਼ਫ਼ਾ ਕਯਾ ਹੈ/ਹਮੇਂ ਯੇਹ ਸ਼ੌਕ ਹੈ ਦੇਖੇਂ, ਸਿਤਮ ਕੀ ਇੰਤਹਾ ਕਯਾ ਹੈ।’’
ਵਰਿੰਦਰ ਸਿੰਘ ਵਾਲੀਆ
ਸੰਪਾਦਕ