ਜ਼ਿਆਦਾਤਰ ਬੁਕਿੰਗ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਖ਼ਦਸ਼ਿਆਂ ਕਾਰਨ ਹੋ ਰਹੀ ਹੈ। ਮੁਲਕ ਦੇ ਕਈ ਹਿੱਸਿਆਂ ’ਚ ਜਮ੍ਹਾਖੋਰੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਮਿਲਨਾਡੂ ’ਚ ਇਕ ਗੈਸ ਏਜੰਸੀ ਦੇ ਮਾਲਕ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ 1 ਹਜ਼ਾਰ ਤੋਂ ਵੱਧ ਸਿਲੰਡਰ ਸਟੋਰ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ। ਇਹ ਸਿਲੰਡਰ 4 ਤੋਂ 5 ਹਜ਼ਾਰ ਰੁਪਏ ਦਾ ਮੁਨਾਫ਼ਾ ਕਮਾਉਣ ਦੇ ਚੱਕਰ ’ਚ ਸਟੋਰ ਕੀਤੇ ਗਏ ਸਨ।

ਪੱਛਮੀ ਏਸ਼ੀਆ ਇਸ ਵੇਲੇ ਜੰਗ ਦਾ ਤਣਾਅ ਸਹਿ ਰਿਹਾ ਹੈ। ਭਾਰਤ ’ਚ ਵੀ ਇਸ ਦਾ ਅਸਰ ਦਿਸ ਰਿਹਾ ਹੈ। ਇੱਥੇ ਕਈ ਦਿਨਾਂ ਤੋਂ ਲੋਕਾਂ ਨੂੰ ਘਰੇਲੂ ਤੇ ਵਪਾਰਕ ਵਰਤੋਂ ਲਈ ਗੈਸ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ। ਕਾਰੋਬਾਰ ਬੰਦ ਹੋਣ ਦੇ ਕਿਨਾਰੇ ਆ ਗਏ ਹਨ। ਸਿਲੰਡਰਾਂ ਦੀ ਕਾਲਬਾਜ਼ਾਰੀ ਤੇ ਜਮ੍ਹਾਖੋਰੀ ਕਾਰਨ ਲੋਕਾਂ ਨੂੰ ਗੈਸ ਏਜੰਸੀਆਂ ਦੇ ਬਾਹਰ ਲੰਬੀਆਂ-ਲੰਬੀਆਂ ਕਤਾਰਾਂ ’ਚ ਖੜ੍ਹੇ ਹੋਣਾ ਪੈ ਰਿਹਾ ਹੈ। ਦੇਸ਼ ਭਰ ’ਚ ਪਿਛਲੇ ਹਫ਼ਤੇ ਸ਼ਨਿਚਰਵਾਰ ਨੂੰ 77 ਲੱਖ ਤੋਂ ਵੱਧ ਲੋਕਾਂ ਨੇ ਐੱਲਪੀਜੀ ਦੀ ਬੁਕਿੰਗ ਕੀਤੀ ਅਤੇ ਇਸ ਤੋਂ ਇਕ ਦਿਨ ਪਹਿਲਾਂ ਇਹ ਗਿਣਤੀ 88 ਲੱਖ ਤੋਂ ਵੱਧ ਸੀ।
ਜ਼ਿਆਦਾਤਰ ਬੁਕਿੰਗ ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਦੇ ਖ਼ਦਸ਼ਿਆਂ ਕਾਰਨ ਹੋ ਰਹੀ ਹੈ। ਮੁਲਕ ਦੇ ਕਈ ਹਿੱਸਿਆਂ ’ਚ ਜਮ੍ਹਾਖੋਰੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਤਾਮਿਲਨਾਡੂ ’ਚ ਇਕ ਗੈਸ ਏਜੰਸੀ ਦੇ ਮਾਲਕ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ 1 ਹਜ਼ਾਰ ਤੋਂ ਵੱਧ ਸਿਲੰਡਰ ਸਟੋਰ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ। ਇਹ ਸਿਲੰਡਰ 4 ਤੋਂ 5 ਹਜ਼ਾਰ ਰੁਪਏ ਦਾ ਮੁਨਾਫ਼ਾ ਕਮਾਉਣ ਦੇ ਚੱਕਰ ’ਚ ਸਟੋਰ ਕੀਤੇ ਗਏ ਸਨ।
ਲਖਨਊ ’ਚ 1483 ਥਾਵਾਂ ’ਤੇ ਪੁਲਿਸ ਨੇ ਛਾਪੇਮਾਰੀ ਕੀਤੀ ਹੈ ਅਤੇ 24 ਦੇ ਕਰੀਬ ਐੱਫਆਈਆਰ ਦਰਜ ਕੀਤੀਆਂ ਹਨ। ਮੁੰਬਈ, ਛੱਤੀਸਗੜ੍ਹ, ਦਿੱਲੀ ਤੇ ਬਰੇਲੀ ’ਚ ਵੀ ਜਮ੍ਹਾਖੋਰੀ ਦੇ ਮਾਮਲੇ ਸਾਹਮਣੇ ਆਏ ਹਨ। ਸਹੀ ਜਾਣਕਾਰੀ ਦੀ ਘਾਟ ਕਾਰਨ ਕਈ ਵਾਰ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ ਤੇ ਲੋਕਾਂ ਨੂੰ ਮਜਬੂਰਨ ਮਹਿੰਗੇ ਭਾਅ ਸਿਲੰਡਰ ਖ਼ਰੀਦਣੇ ਪੈਂਦੇ ਹੈ। ਬੇਸ਼ੱਕ ਇਹ ਗ਼ੈਰ-ਕਾਨੂੰਨੀ ਮੁਨਾਫ਼ੇ ਸਰਕਾਰ ਤੇ ਜਾਂਚ ਏਜੰਸੀਆਂ ਤੋਂ ਅੱਖ ਬਚਾ ਕੇ ਲਏ ਜਾਂਦੇ ਹਨ ਪਰ ਲੋਕਾਂ ਨੂੰ ਇਨ੍ਹਾਂ ਪ੍ਰਤੀ ਵੱਧ ਜਾਗਰੂਕ ਹੋਣ ਦੀ ਲੋੜ ਹੈ। ਘਰੇਲੂ ਤੇ ਵਪਾਰਕ ਵਰਤੋਂ ਵਾਲੇ ਸਿਲੰਡਰਾਂ ਦੇ ਬਦਲ ਲੱਭਣੇ ਚਾਹੀਦੇ ਹਨ। ਇਸ ਨਿਰਭਰਤਾ ਨੂੰ ਲੋਕਾਂ ਨੂੰ ਆਪਣੇ ਪੱਧਰ ’ਤੇ ਘਟਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸ ਵੇਲੇ ਇਕ ਪਾਸੇ ਗੈਸ ਸਿਲੰਡਰਾਂ ਦੀ ਬਾਜ਼ਾਰ ’ਚ ਕਮੀ ਦੇ ਚਰਚੇ ਹਨ ਤੇ ਦੂਜੇ ਪਾਸੇ ਨਵੇਂ ਤਰੀਕੇ ਦੇ ਬਿਜਲੀ ਨਾਲ ਚੱਲਣ ਵਾਲੇ ਚੁੱਲ੍ਹਿਆਂ ਦੀ ਇਸ਼ਤਿਹਾਰਬਾਜ਼ੀ ਵੀ ਜ਼ੋਰਾਂ ’ਤੇ ਹੈ। ਕਿਤੇ ਨਾ ਕਿਤੇ ਇਹ ਤਣਾਅ ਦੇ ਦਿਨਾਂ ’ਚ ਲੋਕਾਂ ਲਈ ਲਾਹੇਵੰਦ ਸਿੱਧ ਹੋ ਰਹੇ ਹਨ। ਸ਼ਹਿਰੀ ਖੇਤਰਾਂ ’ਚ ਗੈਸ ਚੁੱਲ੍ਹਿਆਂ ਦੀ ਮਦਦ ਨਾਲ ਹੀ ਰੋਜ਼ਾਨਾ ਭੋਜਨ ਪਕਾਇਆ ਜਾਂਦਾ ਹੈ ਪਰ ਇਸ ਦੇ ਬਦਲ ਲੱਭਣੇ ਬੇਹੱਦ ਲਾਜ਼ਮੀ ਹਨ।
ਪੇਂਡੂ ਖੇਤਰਾਂ ’ਚ ਅੱਜ ਵੀ ਮਿੱਟੀ ਦੇ ਚੁੱਲ੍ਹੇ ਲੱਕੜ ਦੀ ਮਦਦ ਨਾਲ ਬਲ਼ਦੇ ਹਨ। ਕਈ ਥਾਈਂ ਪਾਥੀਆਂ ਵੀ ਵਰਤੀਆਂ ਜਾਂਦੀਆਂ ਹਨ ਪਰ ਸ਼ਹਿਰਾਂ ’ਚ ਇਹ ਔਖਾ ਕੰਮ ਹੈ ਤੇ ਇੱਥੇ ਗੈਸ ਚੁੱਲ੍ਹਿਆਂ ਦੀ ਮਦਦ ਨਾਲ ਸਾਰੇ ਕੰਮ ਹੁੰਦੇ ਹਨ। ਸ਼ਹਿਰਾਂ ’ਚ ਖਾਣਾ ਗਰਮ ਕਰਨ ਲਈ ਮਾਈਕ੍ਰੋਵੇਵ ਓਵਨ ਅਤੇ ਇੰਡਕਸ਼ਨ ਸਟੋਵ ਵਰਗੇ ਆਧੁਨਿਕ ਬਦਲ ਮੌਜੂਦ ਹਨ। ਬਾਜ਼ਾਰ ’ਚ ਇਸ ਵੇਲੇ ਕਈ ਤਰ੍ਹਾਂ ਦੇ ਬਿਜਲੀ ਨਾਲ ਚੱਲਣ ਵਾਲੇ ਸਟੋਵ ਤੇ ਚੁੱਲ੍ਹੇ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਗੈਸ ਦੇ ਬਦਲ ਦੇ ਰੂਪ ’ਚ ਕੀਤੀ ਜਾ ਸਕਦੀ ਹੈ। ਕਈ ਕੁੱਕਰ ਵੀ ਮਾਰਕੀਟ ’ਚ ਉੁਪਲਬਧ ਹਨ ਜਿਨ੍ਹਾਂ ਦੀ ਮਦਦ ਨਾਲ ਖਾਣਾ ਪਕਾਇਆ ਜਾ ਸਕਦਾ ਹੈ।
ਇਲੈਕਟ੍ਰਾਨਿਕਸ ਦੀਆਂ ਦੁਕਾਨਾਂ ’ਤੇ ਇਹ ਆਸਾਨੀ ਨਾਲ ਮਿਲ ਜਾਂਦੇ ਹਨ। ਇਸ ਦੇ ਨਾਲ-ਨਾਲ ਸੋਲਰ ਕੁੱਕਰ ਲਾਹੇਵੰਦ ਹੋ ਸਕਦਾ ਹੈ। ਬੇਸ਼ੱਕ ਇਨ੍ਹਾਂ ਦੀਆਂ ਵੱਧ ਕੀਮਤਾਂ ਕਾਰਨ ਇਹ ਖ਼ਰੀਦਣੇ ਸਾਰਿਆਂ ਦੀ ਪਹੁੰਚ ’ਚ ਨਹੀਂ ਹਨ ਪਰ ਫਿਰ ਵੀ ਇਹ ਰਸੋਈ ਦੇ ਬਦਲਵੇ ਪ੍ਰਬੰਧ ਹੋ ਸਕਦੇ ਹਨ। ਜਮ੍ਹਾਖੋਰੀ ਤੇ ਕਾਲਾਬਾਜ਼ਾਰੀ ਕਰਨ ਵਾਲਿਆਂ ਨੂੰ ਵੀ ਮੌਕਾਪ੍ਰਸਤੀ ਛੱਡ ਕੇ ਲੋਕਾਂ ਦੀ ਆਰਥਿਕ ਲੁੱਟ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕਿਸੇ ਵੀ ਚੀਜ਼ ਦੀ ਕਿੱਲਤ ਨਾਲ ਜੁੜੀਆਂ ਜਾਣਕਾਰੀਆਂ ਦੀ ਪੁਸ਼ਟੀ ਕਰਨੀ ਚਾਹੀਦੀ ਹੈ ਤੇ ਅਫ਼ਵਾਹਾਂ ਫੈਲਾਉਣ ਅਤੇ ਇਨ੍ਹਾਂ ’ਤੇ ਭਰੋਸਾ ਕਰਨ ਤੋਂ ਬਚਣਾ ਚਾਹੀਦਾ ਹੈ।