ਉਹ ਹਰ ਸਾਲ ਮਾਰਚ ਮਹੀਨੇ ਪੰਜਾਬ ਆਉਂਦੇ ਹਨ। ਉਨ੍ਹਾਂ ਦੇ ਸਨਮਾਨ ਵਿਚ ਬਣੀ ਡਾ. ਗੁਰਦੇਵ ਸਿੰਘ ਖੁਸ਼ ਚੇਅਰ ਵੱਲੋਂ ਸੁਯੋਗ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਜਾਂਦੇ ਹਨ। ਡਾ. ਗੁਰਦੇਵ ਸਿੰਘ ਖੁਸ਼ ਦੀ ਜੀਵਨ ਸਾਥਣ ਬੰਦੋਵਾਲ (ਲੁਧਿਆਣਾ) ਦੀ ਧੀ ਹੈ। ਗੁਰੂ ਹਰਗੋਬਿੰਦ ਕਾਲਜ ਫਾਰ ਵਿਮੈੱਨ ਵਿਚ ਵੀ ਉਹ ਵਿਆਹ ਤੋਂ ਪਹਿਲਾਂ ਪੜ੍ਹਾਉਂਦੇ ਰਹੇ ਹਨ।
ਅੱਜ ਮੇਰੇ ਨਾਲ ਇਹੀ ਕੰਮ ਹੋਇਆ। ਮੇਰੇ ਲਈ ਸੂਰਜ ਦੋ ਵਾਰ ਚੜ੍ਹਿਆ। ਇਕ ਤਾਂ ਸਵੇਰ-ਸਾਰ ਸਾਰਿਆਂ ਦੇ ਨਾਲ ਹੀ। ਦੂਜੀ ਵਾਰ ਅੱਜ ਜਦ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਸਵੇਰੇ 10.30 ਵਜੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਝੋਨਾ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਨੂੰ ਜੀਵਨ ਸਾਥਣ ਸਮੇਤ ਵੇਖਿਆ। ਜ਼ਿੰਦਗੀ ਦਾ ਵੱਡਾ ਹਿੱਸਾ ਉਹ ਅੰਤਰਰਾਸ਼ਟਰੀ ਝੋਨਾ ਖੋਜ ਕੇਂਦਰ ਮਨੀਲਾ (ਫਿਲਪੀਨ) ਵਿਚ ਮੁੱਖ ਵਿਗਿਆਨੀ ਰਹੇ।
ਹੁਣ ਲੰਬੇ ਸਮੇਂ ਤੋਂ ਅਮਰੀਕਾ ਵਿਚ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਵਿਚ ਈਮੈਰੀਟਸ ਸਾਇੰਟਿਸਟ ਹਨ। ਡਾ. ਗੁਰਦੇਵ ਸਿੰਘ ਖੁਸ਼ ਦਾ ਜਨਮ 22 ਅਗਸਤ 1935 ਨੂੰ ਗੋਰਾਇਆ ਨੇੜੇ ਪਿੰਡ ਰੁੜਕੀ ਵਿਖੇ ਹੋਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਬਣਨ ਤੋਂ ਪਹਿਲਾਂ ਜਦ ਏਥੇ ਲਾਇਲਪੁਰੋਂ ਖੇਤੀ ਕਾਲਜ ਆਇਆ ਤਾਂ ਡਾ. ਖੁਸ਼ ਏਥੇ ਪੜ੍ਹਨ ਆ ਗਏ। ਹਾਕੀ ਓਲੰਪੀਅਨ ਪਿਰਥੀਪਾਲ ਸਿੰਘ ਇਨ੍ਹਾਂ ਦੇ ਸਹਿਪਾਠੀ ਤੇ ਫੁੱਟਬਾਲ ਟੀਮ ’ਚ ਸਾਥੀ ਵੀ ਸਨ। ਫ਼ਸਲ ਵਿਗਿਆਨ ਦੇ ਪ੍ਰੋਫੈਸਰ ਤੇ ਖੇਡਾਂ ਦੇ ਇੰਚਾਰਜ ਬਿਸ਼ਨ ਸਿੰਘ ਸਮੁੰਦਰੀ ਨੇ ਪਿਰਥੀਪਾਲ ਸਿੰਘ ਨੂੰ ਹਾਕੀ ਟੀਮ ਵਿਚ ਲੈ ਲਿਆ।
ਉਹੀ ਪਿਰਥੀਪਾਲ ਭਾਰਤੀ ਹਾਕੀ ਟੀਮ ਦੇ ਓਲੰਪਿਕਸ ਵਿਚ ਕਪਤਾਨ ਬਣੇ। ਵਿਸ਼ਵ-ਪ੍ਰਸਿੱਧ ਪੰਜਾਬੀ ਖੇਤੀਬਾੜੀ ਵਿਗਿਆਨੀ ਅਤੇ ਜਣਨ-ਵਿਗਿਆਨੀ (geneticist) ਦੇ ਰੂਪ ਵਿਚ ਡਾ. ਖੁਸ਼ ਵਿਗਿਆਨ ਜਗਤ ਦੇ ਧਰੂ ਤਾਰੇ ਹਨ ਜੋ ਝੋਨੇ ਦੀਆਂ 380 ਤੋਂ ਵਧੇਰੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ (ਜਿਵੇਂ ਕਿ ਆਈਆਰ 36) ਵਿਕਸਤ ਕਰਨ ਲਈ ਜਾਣੇ ਜਾਂਦੇ ਹਨ।
ਉਹ ਫਿਲਪੀਨ ਦੇ ‘ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ’ (ਆਈਆਰਆਰਆਈ) ਵਿਚ 33 ਸਾਲਾਂ ਤੱਕ ਖੋਜ ਦੀ ਅਗਵਾਈ ਕਰ ਚੁੱਕੇ ਹਨ। ਉਨ੍ਹਾਂ ਨੂੰ 1996 ਵਿਚ ‘ਵਿਸ਼ਵ ਖੁਰਾਕ ਪੁਰਸਕਾਰ’ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੇ ਝੋਨੇ ਦੀਆਂ ਕਿਸਮਾਂ ਵਿਚ ਸੁਧਾਰ ਕਰ ਕੇ ਦੁਨੀਆ ਵਿਚ ਝੋਨੇ ਦੀ ਪੈਦਾਵਾਰ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਈ। ਡਾ. ਖੁਸ਼ ਨੇ ਆਪਣੀ ਉਮਰ ਭਰ ਦੀ ਇਨਾਮ ਰਾਸ਼ੀ ਲਗਪਗ ਸਾਢੇ ਤਿੰਨ ਕਰੋੜ ਰੁਪਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਕਈ ਸਾਲ ਪਹਿਲਾਂ ਸੌਂਪ ਦਿੱਤੀ ਸੀ।
ਉਹ ਹਰ ਸਾਲ ਮਾਰਚ ਮਹੀਨੇ ਪੰਜਾਬ ਆਉਂਦੇ ਹਨ। ਉਨ੍ਹਾਂ ਦੇ ਸਨਮਾਨ ਵਿਚ ਬਣੀ ਡਾ. ਗੁਰਦੇਵ ਸਿੰਘ ਖੁਸ਼ ਚੇਅਰ ਵੱਲੋਂ ਸੁਯੋਗ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਜਾਂਦੇ ਹਨ। ਡਾ. ਗੁਰਦੇਵ ਸਿੰਘ ਖੁਸ਼ ਦੀ ਜੀਵਨ ਸਾਥਣ ਬੰਦੋਵਾਲ (ਲੁਧਿਆਣਾ) ਦੀ ਧੀ ਹੈ। ਗੁਰੂ ਹਰਗੋਬਿੰਦ ਕਾਲਜ ਫਾਰ ਵਿਮੈੱਨ ਵਿਚ ਵੀ ਉਹ ਵਿਆਹ ਤੋਂ ਪਹਿਲਾਂ ਪੜ੍ਹਾਉਂਦੇ ਰਹੇ ਹਨ। ਆਪਣੇ ਪਰਿਵਾਰ ਵੱਲੋਂ ਇਨ੍ਹਾਂ ਨੇ ਭੈਣਾਂ ਨਾਲ ਰਲ਼ ਕੇ ਬਾਬਲ ਦੀ ਯਾਦ ਵਿਚ ਬੇਗੋਵਾਲ ਵਿਖੇ ਸਰਕਾਰੀ ਸਕੂਲ ਵਿਚ ਕਈ ਸਾਲ ਪਹਿਲਾਂ ਵੱਡਾ ਸਟੇਡੀਅਮ ਵੀ ਬਣਵਾਇਆ ਸੀ। ਡਾ. ਖੁਸ਼ ਨੂੰ ਮਿਲਣਾ ਹਰ ਵਾਰ ਬੇਹੱਦ ਚੰਗਾ ਲੱਗਦਾ ਹੈ। ਮੈਂ ਕੋਈ ਰਿਸ਼ੀ, ਮੁਨੀ ਜਾਂ ਯੁੱਗ ਪਲਟਾਊ ਗੁਰੂ-ਪੀਰ ਅੱਖੀਂ ਨਹੀਂ ਵੇਖਿਆ ਪਰ ਕਹਿ ਸਕਦਾ ਹਾਂ ਕਿ ਮੈਂ ਰਿਸ਼ੀਆਂ ਵਰਗੇ ਤਪੱਸਵੀ ਵਿਗਿਆਨੀ ਨੂੰ ਅਨੇਕ ਵਾਰ ਪੰਜਾਬ ਤੇ ਅਮਰੀਕਾ ਵਿਚ ਵੇਖਿਆ ਹੈ।
ਜਿਵੇਂ ਰਾਂਝੇ ਨੂੰ ਪੰਜਾਂ ਪੀਰਾਂ ਦਾ ਥਾਪੜਾ ਤੇ ਮਾਣ ਸੀ, ਮੈਨੂੰ ਵੀ ਅੱਜ ਮਾਣ ਮਿਲਿਆ ਜਦੋਂ ਇਕੱਠਿਆਂ ਡਾ. ਸ.ਸ. ਜੌਹਲ ਤੇ ਡਾ. ਗੁਰਦੇਵ ਸਿੰਘ ਖੁਸ਼ ਨੂੰ ਡਾ. ਸਤਿਬੀਰ ਸਿੰਘ ਗੋਸਲ ਵਾਈਸ ਚਾਂਸਲਰ ਪੀਏਯੂ ਤੇ ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਹਾਜ਼ਰੀ ਵਿਚ ਚਰਨ ਬੰਦਨਾ ਕੀਤੀ। ਡਾ. ਨਿਰਮਲ ਸਿੰਘ ਜੌੜਾ ਤੇ ਡਾ. ਰੁਪਿੰਦਰ ਕੌਰ ਤੂਰ ਦਾ ਸ਼ੁਕਰਾਨਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਡਾ. ਕਰਮਜੀਤ ਸਿੰਘ ਦੀ ਲਿਖੀ ਵੱਡ ਆਕਾਰੀ ਪੁਸਤਕ ਦੇ ਲੋਕ ਅਰਪਣ ਮੌਕੇ ਮੈਨੂੰ ਵੀ ਸ਼ਾਮਲ ਹੋਣ ਦਾ ਮੌਕਾ ਦਿੱਤਾ। ਦੁਪਹਿਰ ਦਾ ਪ੍ਰੀਤੀ ਭੋਜ ਛਕਣ ਤੀਕ ਡਾ. ਖੁਸ਼, ਡਾ. ਗੋਸਲ ਦੀ ਸੰਗਤ ਕਰਨਾ ਮੇਰੇ ਸਮੇਤ ਮਿੱਤਰਚਾਰੇ ਲਈ ਸੁਭਾਗੀ ਘੜੀ ਸੀ।
ਡਾ. ਖੁਸ਼ ਨਾਲ ਬਿਸ਼ਨ ਸਿੰਘ ਸਮੁੰਦਰੀ ਦੀ ਸ਼ਖ਼ਸੀਅਤ ਬਾਰੇ ਬਹੁਤ ਗੱਲਾਂ ਹੋਈਆਂ। ਡਾ. ਸਾਬ੍ਹ ਦੀਆਂ ਅੱਖਾਂ ਵਿਚ ਆਪਣੇ ਅਧਿਆਪਕ ਸਮੁੰਦਰੀ ਜੀ ਬਾਰੇ ਗੱਲ ਕਰਦਿਆਂ ਨਿਵੇਕਲੀ ਚਮਕ ਸੀ। ਉਹ ਬੋਲ ਰਹੇ ਸਨ, ਅਸੀਂ ਸੁਣ ਰਹੇ ਸਾਂ। ਮੈਂ ਡਾ. ਕਰਮਜੀਤ ਸਿੰਘ ਵਾਈਸ ਚਾਂਸਲਰ ਜੀਐੱਨਡੀਯੂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਯੂਨੀਵਰਸਿਟੀ ਵਿਚ ਡਾ. ਖੁਸ਼ ਜੀ ਤੋਂ ਬਿਸ਼ਨ ਸਿੰਘ ਸਮੁੰਦਰੀ ਯਾਦਗਾਰੀ ਲੈਕਚਰ ਕਰਵਾਉਣ।
ਉਨ੍ਹਾਂ ਨੇ ਤੁਰੰਤ ਉਨ੍ਹਾਂ ਨੂੰ ਬੇਨਤੀ ਕੀਤੀ ਪਰ ਡਾ. ਖੁਸ਼ ਦੇ ਪਹਿਲਾਂ ਮਿੱਥੇ ਰੁਝੇਵਿਆਂ ਕਾਰਨ ਉਨ੍ਹਾਂ ਅਗਲੇ ਸਾਲ ਆਉਣ ਦਾ ਪੱਕਾ ਕਰ ਦਿੱਤਾ। ਡਾ. ਖੁਸ਼ ਨੇ ਦੱਸਿਆ ਕਿ ਕਿਵੇਂ ਸਮੁੰਦਰੀ ਜੀ ਦੇ ਸਭ ਤੋਂ ਨਿੱਕੇ ਸਪੁੱਤਰ ਤਰਨਜੀਤ ਸਿੰਘ ਸੰਧੂ ਦੇ ਅਮਰੀਕਾ ਵਿਚ ਭਾਰਤੀ ਰਾਜਦੂਤ ਹੁੰਦਿਆਂ ਕਿੰਨਾ ਸਮਾਂ ਸਮੁੰਦਰੀ ਸਾਹਿਬ ਨੂੰ ਚੇਤੇ ਕਰਦਿਆਂ ਗੁਜ਼ਾਰਿਆ। ਡਾ. ਗੁਰਦੇਵ ਸਿੰਘ ਖੁਸ਼ ਨੂੰ ਜਦ ਵੀ ਮਿਲਦਾ ਹਾਂ ਤਾਂ ਮੈਨੂੰ ਆਪਣੇ ਵਤਨ ਦੀ ਅਲਗਰਜ਼ੀ ’ਤੇ ਤਰਸ ਆਉਂਦਾ ਹੈ।
ਜਿਸ ਭਾਰਤੀ ਪੁੱਤਰ ਨੇ ਪੂਰੇ ਗਲੋਬ ’ਤੇ ਆਪਣੀਆਂ ਝੋਨੇ ਦੀਆਂ ਵਿਕਸਤ ਕਿਸਮਾਂ ਨਾਲ 80 ਫ਼ੀਸਦੀ ਰਕਬਾ ਮੱਲਿਆ, ਉਸ ਨੂੰ ਭਾਰਤ ਰਤਨ ਜਾਂ ਪਦਮ ਵਿਭੂਸ਼ਨ ਦੇਣ ਦੀ ਥਾਂ ਸਿਰਫ਼ ਪਦਮਸ੍ਰੀ ਦੇ ਕੇ ਬੁੱਤਾ ਸਾਰਿਆ ਗਿਆ। ਡਾ. ਖੁਸ਼ ਇਨ੍ਹਾਂ ਰੁਤਬਿਆਂ ਮੁਰਾਤਬਿਆਂ ਤੋਂ ਕਿਤੇ ਉਚੇਰੇ ਹਨ। ਖੇਤੀਬਾੜੀ ਵਿਚ ਨੋਬਲ ਪ੍ਰਾਈਜ਼ ਨਹੀਂ ਮਿਲਦਾ।
ਜੇ ਮਿਲਦਾ ਹੁੰਦਾ ਤਾਂ ਡਾ. ਖੁਸ਼ ਦਾ ਨਾਂ ਉਸ ਵਿਚ ਸ਼ਾਮਲ ਹੁੰਦਾ। ਨੋਬਲ ਪ੍ਰਾਈਜ਼ ਜਿੰਨੀ ਰਾਸ਼ੀ ਵਾਲਾ ਜਾਪਾਨ ਪ੍ਰਾਈਜ਼ ਮਿਲਣ ਉਪਰੰਤ ਜਦ ਉਹ ਪੰਜਾਬ ਆਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੂੰ ਮਿਲ ਕੇ ਖ਼ੁਸ਼ੀ ਸਾਂਝੀ ਕੀਤੀ। ਮੈਨੂੰ ਮਾਣ ਹੈ ਕਿ ਉਨ੍ਹਾਂ ਦੀ ਉਸ ਖ਼ੁਸ਼ੀ ਵਿਚ ਸਟਨ ਹਾਊਸ ਦੇ ਬਾਹਰਲੇ ਲਾਅਨ ਵਿਚ ਹੋਏ ਸਮਾਗਮ ਵਿਚ ਮੈਂ ਵੀ ਸ਼ਾਮਲ ਸਾਂ, ਆਪਣੇ ਮਿੱਤਰ ਤੇਜ ਪ੍ਰਤਾਪ ਸਿੰਘ ਸੰਧੂ ਸਮੇਤ।
ਡਾ. ਖੁਸ਼ ਵੱਲੋਂ ਵਿਕਸਤ ਕੀਤੀਆਂ ਵੱਧ ਝਾੜ ਦੇਣ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਝੋਨੇ ਦੀਆਂ ਕਿਸਮਾਂ ਸਦਕਾ ਸੰਸਾਰ ਵਿਚ ਚੌਲਾਂ ਦੀ ਉਪਜ ਦੁੱਗਣੀ ਹੋ ਗਈ ਸੀ। ਇਸ ਨਾਲ ਦੁਨੀਆ ਭਰ ਵਿਚ ਕਰੋੜਾਂ ਲੋਕਾਂ ਨੂੰ ਭੁੱਖਮਰੀ ਤੋਂ ਬਚਾਇਆ ਜਾ ਸਕਿਆ ਹੈ। ਸੰਸਾਰ ਦੀ ਅੱਧੀ ਤੋਂ ਵੱਧ ਵਸੋਂ ਦੀ ਮੁੱਖ ਖ਼ੁਰਾਕ ਹੋਣ ਕਾਰਨ ਚੌਲਾਂ ਨੂੰ ਜੀਵਨ, ਦੌਲਤ ਅਤੇ ਵਿਕਾਸ ਦੀ ਫ਼ਸਲ ਮੰਨਿਆ ਜਾਂਦਾ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਇਸ ਇਤਿਹਾਸਕ ਦੇਣ ਲਈ ਵੀਅਤਨਾਮ ਵਿਖੇ ਵਿਨਫਿਊਚਰ ਫਾਊਂਡੇਸ਼ਨ ਨੇ ਆਪਣਾ 5 ਲੱਖ ਡਾਲਰ ਵਾਲਾ ਕੌਮਾਂਤਰੀ ਇਨਾਮ ਡਾ. ਖੁਸ਼ ਨੂੰ ਦੇਣ ਦਾ ਫ਼ੈਸਲਾ ਕੀਤਾ ਸੀ।
-ਗੁਰਭਜਨ ਗਿੱਲ
-ਮੋਬਾਈਲ : 98726-31199