- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਪਾਣੀ ਹੀ ਜੀਵਨ ਹੈ’, ਬਹੁਤ ਥਾਵਾਂ ’ਤੇ ਲਿਖੀ, ਸਬੰਧਤ ਤੁਕ ਮਨ ’ਤੇ ਬਹੁਤ ਡੂੰਘਾ ਅਸਰ ਕਰਦੀ ਹੈ। ਜੇਕਰ ਪਾਣੀ ਨਹੀਂ, ਤਾਂ ਕੁਦਰਤ ਵੀ ਨਜ਼ਰ ਨਹੀਂ ਆਵੇਗੀ। ਪਾਣੀ ਤੋਂ ਬਿਨਾਂ ਸਾਰੇ ਜੀਵ ਜੰਤੂਆਂ, ਫ਼ਸਲਾਂ ਅਤੇ ਮਨੁੱਖੀ ਜੀਵਨ ਦਾ ਨਾਸ ਹੋ ਜਾਵੇਗਾ। ਅੱਜ ਪਾਣੀ ਦੇ ਜੋ ਹਾਲਾਤ ਹੋ ਰਹੇ ਹਨ, ਉਨ੍ਹਾਂ ਬਾਰੇ ਸੁਹਿਰਦ ਹੋ ਕੇ ਸੋਚਣ ਦੀ ਲੋੜ ਹੈ।

‘ਪਾਣੀ ਹੀ ਜੀਵਨ ਹੈ’, ਬਹੁਤ ਥਾਵਾਂ ’ਤੇ ਲਿਖੀ, ਸਬੰਧਤ ਤੁਕ ਮਨ ’ਤੇ ਬਹੁਤ ਡੂੰਘਾ ਅਸਰ ਕਰਦੀ ਹੈ। ਜੇਕਰ ਪਾਣੀ ਨਹੀਂ, ਤਾਂ ਕੁਦਰਤ ਵੀ ਨਜ਼ਰ ਨਹੀਂ ਆਵੇਗੀ। ਪਾਣੀ ਤੋਂ ਬਿਨਾਂ ਸਾਰੇ ਜੀਵ ਜੰਤੂਆਂ, ਫ਼ਸਲਾਂ ਅਤੇ ਮਨੁੱਖੀ ਜੀਵਨ ਦਾ ਨਾਸ ਹੋ ਜਾਵੇਗਾ। ਅੱਜ ਪਾਣੀ ਦੇ ਜੋ ਹਾਲਾਤ ਹੋ ਰਹੇ ਹਨ, ਉਨ੍ਹਾਂ ਬਾਰੇ ਸੁਹਿਰਦ ਹੋ ਕੇ ਸੋਚਣ ਦੀ ਲੋੜ ਹੈ। ਪਾਣੀ ਦਾ ਪੱਧਰ ਡੂੰਘਾ ਹੋਣ ਸਬੰਧੀ, ਮੇਰੀ ਇਕ ਪੁਰਾਣੀ ਯਾਦ ਮਨ ਦੇ ਨਾਲ ਜੁੜੀ ਹੋਈ ਹੈ, ਜੋ ਹਮੇਸ਼ਾ ਤਰੋਤਾਜ਼ਾ ਰਹਿੰਦੀ ਹੈ। ਲਗਪਗ ਚਾਰ ਦਹਾਕੇ ਪਹਿਲਾਂ, ਪਾਣੀ ਦੇ ਹਾਲਾਤ, ਅੱਜ ਦੇ ਮੁਕਾਬਲੇ ਬਹੁਤ ਚੰਗੇ ਸਨ। ਸਾਡੇ ਇਲਾਕੇ ’ਚ, ਡੰਡੀ ਵਾਲੇ ਨਲਕੇ ਘਰਾਂ ’ਚ ਆਮ ਸਨ। ਦੇਖਿਆ ਜਾਵੇ ਡੰਡੀ ਵਾਲੇ ਨਲਕੇ ਦੇ ਦੋ ਲਾਭ ਸਨ। ਇਕ ਤਾਂ ਲੋਕ ਇਸ ਤੋਂ ਸ਼ੁੱਧ ਪਾਣੀ ਪੀਂਦੇ, ਦੂਜਾ ਪੂਰੀ ਸਰੀਰਕ ਕਸਰਤ ਵੀ ਹੋ ਜਾਂਦੀ। ਹੱਥੀ ਟੋਕਾ ਕਰਨਾ ਅਤੇ ਨਲਕਾ ਗੇੜਨਾ ਬਚਪਨ ਤੋਂ ਸ਼ੁਰੂ ਹੋ ਜਾਂਦਾ ਸੀ।
ਨਹਿਰੀ ਰਜਵਾਹਿਆਂ ’ਤੇ ਲੱਗੇ ਨਲਕਿਆਂ ਦਾ ਪਾਣੀ ਸ਼ਰਬਤ ਵਰਗਾ ਹੁੰਦਾ। ਸਾਡੇ ਖੇਤ ’ਚ ਨਹਿਰੀ ਮਇਨਰ ’ਤੇ ਨਲਕਾ ਲੱਗਿਆ ਹੁੰਦਾ ਸੀ, ਆਲੇ-ਦੁਆਲੇ ਦੇ ਸਾਰੇ ਲੋਕ, ਖੇਤੀ ਕੰਮ ਕਰਨ ਵਾਲੇ, ਉਸ ਨਲਕੇ ਦਾ ਪਾਣੀ ਪੀਂਦੇ, ਪਾਣੀ ਨਹਿਰ ਦੇ ਪਾਣੀ ਵਰਗਾ ਮਿੱਠਾ ਹੁੰਦਾ ਸੀ। ਇਸ ਤਰ੍ਹਾਂ ਹੀ ਸਾਡੇ ਪਿੰਡ ਨਹਿਰੀ ਰਜਵਾਹੇ ’ਤੇ ਦੋ-ਤਿੰਨ ਨਲਕੇ ਲੱਗੇ ਹੁੰਦੇ ਸਨ। ਸਾਰਾ ਪਿੰਡ ਉਨ੍ਹਾਂ ਨਲਕਿਆਂ ਤੋਂ ਪਾਣੀ ਭਰਦਾ, ਪਿੰਡ ਦੀਆਂ ਕੁੜੀਆਂ ਅਤੇ ਬਜ਼ੁਰਗ ਮਾਵਾਂ ਦੀ ਰੌਣਕ ਸਾਰਾ ਦਿਨ ਨਲਕਿਆਂ ’ਤੇ ਰਹਿੰਦੀ। ਭਲੇ ਵੇਲੇ, ਸਾਰੇ ਪਿੰਡ ਦੀਆਂ ਔਰਤਾਂ ਨਹਿਰੀ ਰਜਵਾਹੇ ’ਤੇ ਕੱਪੜੇ ਧੋਂਦੀਆਂ। ਉਹ ਬਹੁਤ ਚੰਗੇ ਦਿਨ ਸਨ। ਉਸ ਸਮੇਂ ਖੇਤਾਂ ’ਚ ਟਿਊਬਵੈੱਲ ਬਹੁਤ ਘੱਟ ਸਨ ਅਤੇ ਬਿਜਲੀ ਮੋਟਰਾਂ ਦੇ ਕੁਨੈਕਸ਼ਨ ਬਹੁਤ ਥੋੜ੍ਹੇ ਲੋਕਾਂ ਦੇ ਸਨ। ਪਾਣੀ ਦਾ ਪੱਧਰ ਬਿਲਕੁਲ ਉੱਪਰ ਸੀ। ਅਸੀਂ ਉਨ੍ਹਾਂ ਦਿਨਾਂ ’ਚ, ਪਹਿਲੀ ਵਾਰ ਮੋਨੋ-ਬਲਾਕ ਮੋਟਰ ਲਿਆਂਦੀ, ਜਿਸ ’ਤੇ ਪਟਾ ਚਾੜ੍ਹਨ ਦੀ ਲੋੜ ਨਹੀਂ ਸੀ। ਉਨ੍ਹਾਂ ਦਿਨਾਂ ’ਚ, ਜਲੰਧਰ ਦੂਰਦਰਸ਼ਨ ’ਤੇ, ਪੰਜਾਬੀ ਗਾਇਕ ਮਲਕੀਤ ਸਿੰਘ ਵੱਲੋਂ ਇਸ ਪੰਪ ਦੀ ਮਸ਼ਹੂਰੀ ਲਈ ਗਾਏ ਗੀਤ ਦੇ ਬੋਲ ਵੀ ਮੇੇਰੇ ਮਨ ’ਚ ਵਸੇ ਹੋਏ ਹਨ। ਜਦੋਂ ਅਸੀਂ ਮੋਨੋ ਬਲਾਕ ਮੋਟਰ ਲਿਆਏ, ਖਵਾਜ਼ਾ ਬਲੀ ਦੀ ਸੀਰਨੀ ਵੰਡੀ ਪਰ ਜਦੋਂ ਮੋਟਰ ਚਲਾ ਕੇ ਵੇਖਣ ਲੱਗੇ ਤਾਂ ਮੋਟਰ ਦੀ ਪਾਵਰ ਜ਼ਿਆਦਾ ਹੋਣ ਕਾਰਨ, ਮੋਟਰ ਪਾਣੀ ਨਾ ਬਾਹਰ ਕੱਢੇ। ਅਸੀਂ ਸ਼ਸ਼ੋਪੰਜ ’ਚ ਪੈ ਗਏ। ਮੋਟਰ ਚਲਾਉਣ ਲਈ, ਬਹੁਤ ਜੱਦੋ-ਜਹਿਦ ਕਰਨੀ ਪਈ। ਮੋਟਰ ਚਲਾਉਣ ਦੇ ਲਈ, ਪਹਿਲੀ ਵਾਰ ਖੂਹੀ ਪੁੱਟਣ ਦੀ ਵਿਊਂਤ ਬਣਾਈ, ਪਿੰਡ ’ਚ ਜਲਦੀ ਕੋਈ, ਖੂਹੀ ਪੁੱਟਣ ਵਾਲਾ ਵਿਅਕਤੀ ਨਾ ਮਿਲੇ। ਫਿਰ ਲਾਲ ਸਿੰਘ ਨੇ ਖੂਹੀ ਪੁੱਟਣ ਦਾ ਕੰਮ ਆਰੰਭ ਕੀਤਾ। ਇਹ ਇਲਾਕੇ ’ਚ ਪਹਿਲੀ ਵਾਰ ਹੋ ਰਿਹਾ ਸੀ। ਪਿੰਡ ਦੇ ਲੋਕੀ ਵੇਖਣ ਆਉਂਦੇ, ਤਕਰੀਬਨ 15 ਫੁੱਟ ਦੇ ਕਰੀਬ ਖੂਹੀ ਪੁੱਟੀ ਅਤੇ ਇੱਟਾਂ ਦੇ ਨਾਲ ਪੱਕੀ ਕੀਤੀ। ਦਸ ਦਿਨਾਂ ’ਚ ਇਹ ਕਾਰਜ ਪੂਰਾ ਕੀਤਾ। ਉਸ ਸਮੇਂ ਪਾਣੀ ਦਾ ਪੱਧਰ ਤਕਰੀਬਨ 15 ਫੁੱਟ ਦੇ ਕਰੀਬ ਸੀ, ਖੂਹੀ ਪੁੱਟਣ ’ਤੇ ਧਰਤੀ ਵਿੱਚੋਂ ਪਾਣੀ ਆ ਗਿਆ।
ਮਨ ’ਚ ਫਿਰ ਬਹੁਤ ਚਾਅ ਸੀ ਕਿ ਮੋਟਰ ਕਦੋਂ ਚੱਲੇਗੀ। ਸਾਡੇ ਪਿੰਡ ਦੇ ਬਹੁਤ ਹੀ ਬੌਧਿਕ ਅਤੇ ਤਕਨੀਕੀ ਪੱਖ ਜਾਨਣ ਵਾਲੇ ਮਿਸਤਰੀ ਰਣਜੀਤ ਸਿੰਘ ਨੇ ਬਿਜਲੀ ਦੀਆਂ ਤਾਰਾਂ ਲਾ ਕੇ, ਮੋਟਰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਦੂਜੀ ਵਾਰ ਸਫਲਤਾ ਹੱਥ ਨਾ ਲੱਗੀ। ਬਿਜਲੀ ਦੇ ਮੀਟਰ ਨਾਲ, ਰਣਜੀਤ ਸਿੰਘ ਨੇ ਮੋਟਰ ਦਾ ਲੋਡ ਚੈੱਕ ਕੀਤਾ, ਬਿਜਲੀ ਦੀ ਵੋਲਟੇਜ਼ ਖੇਤ ’ਚ ਘੱਟ ਆ ਰਹੀ ਸੀ, ਮੋਟਰ ਨਾ ਚੱਲੀ। ਮਨ ’ਚ ਨਿਰਾਸ਼ਤਾ ਪੈਦਾ ਹੋਈ ਪਰ ਜਿਵੇਂ ਕਹਿੰਦੇ ਹਨ, ‘ਜਿੱਥੇ ਚਾਹ, ਉੱਥੇ ਰਾਹ।’ ਮੋਟਰ ਨਾ ਚੱਲਣ ਸਬੰਧੀ, ਪੂਰੇ ਪਿੰਡ ’ਚ ਚਰਚਾ ਹੋਈ। ਕਈ ਮਹੀਨੇ ਲੰਘ ਗਏ। ਮੇਰੇ ਪਿਤਾ ਜੀ ਖੇਤ ’ਚ ਕੰਮ ਕਰ ਰਹੇ ਸਨ। ਬਿਜਲੀ ਬੋਰਡ ਦਾ, ਸਾਡੇ ਨੇੜੇ ਪਿੰਡ ਲੇਹਲ ਖੁਰਦ ਦਾ, ਸ੍ਰੀ ਰਾਮਧਾਰੀ ਜੇ.ਈ, ਸਾਡੇ ਖੇਤ ’ਚ ਇਕ ਰੱਬੀ ਫਰਿਸ਼ਤਾ ਬਣ ਕੇ ਆਇਆ। ਉਸ ਨੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਦੱਸੋ ਸਰਪੰਚ ਸਾਹਿਬ, ਤੁਹਾਡੀ ਮੋਟਰ ਚਲਾ ਦਿਆਂ? ਮੇਰੇ ਪਿਤਾ ਜੀ ਕਹਿਣ ਲੱਗੇ ਕਿ ਜੇਕਰ ਤੁਸੀਂ ਇਹ ਕੰਮ ਕਰ ਦੇਵੋ, ਤਾਂ ਅਸੀਂ ਤੁਹਾਨੂੰ ਸਦਾ ਯਾਦ ਰੱਖਾਂਗੇ। ਰਾਮਧਾਰੀ ਨੇ ਬਿਜਲੀ ਦੀ ਨਵੀਂ ਲਾਈਨ ਦਾ, ਐਸਟੀਮੇਟ ਬਣਾਇਆ। ਜਿਸ ’ਤੇ ਤਕਰੀਬਨ 14 ਖੰਭੇ ਲੱਗੇ ਅਤੇ ਖੇਤ ’ਚ ਟ੍ਰਾਂਸਫ਼ਾਰਮ ਫਿੱਟ ਕੀਤਾ। ਇਸ ਕੰਮ ਨੂੰ ਤਕਰੀਬਨ ਛੇ ਮਹੀਨੇ ਲੱਗ ਗਏ ਪਰ ਜਦੋਂ ਸਾਡੇ ਖੇਤ ’ਚ ਨਵੀਂ ਲਾਈਨ ਨਾਲ ਬਿਜਲੀ ਆਈ, ਤਾਂ ਬਿਜਲੀ ਦਾ ਲਾਟੂ ਹੀ ਹੱਦੋਂ ਵੱਧ ਚਾਨਣ ਕਰ ਰਿਹਾ ਸੀ। ਉਹ ਦਿਨ ਆ ਗਿਆ, ਜਿਸ ਦਾ ਅਸੀਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਬਿਜਲੀ ਮਿਸਤਰੀ ਰਣਜੀਤ ਸਿੰਘ ਨੇ ਤਾਰਾਂ ਪਾਈਆਂ, ਮੇਰੇ ਚੇਤੇ ਹੈ ਕਿ ਖਵਾਜ਼ਾ ਬਲੀ ਅਤੇ ਨਵੇ ਟ੍ਰਾਂਸਫ਼ਾਰਮ ਦੇ ਲੱਡੂ ਵੰਡੇ ਗਏ। ਮੈਂ ਉਦੋਂ ਬੱਚਾ ਸੀ ਤਾਂ ਮੈਨੂੰ ਮੋਟਰ ਚਲਾਉਣ ਲਈ ਕਿਹਾ ਗਿਆ। ਜਦੋਂ ਮੋਟਰ ਨੇ ਪਾਣੀ ਸੁੱਟਿਆ ਤਾਂ ਸਾਡਾ ਸਾਰਿਆਂ ਦਾ, ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੇਰੇ ਉਹ ਪੰਜਾਬੀ ਦੇ ਗਾਇਕ ਮਲਕੀਤ ਦੀ ਮਸ਼ਹੂਰੀ ਅੱਖਾਂ ਅੱਗੇ ਘੁੰਮਣ ਲੱਗੀ। ਸੱਚਮੁੱਚ ਵੱਧ ਪਾਣੀ ਦੀਆਂ ਗੱਲਾਂ, ਪੂਰੇ ਪਿੰਡ ’ਚ ਹੋਣ ਲੱਗੀਆਂ। ਉਸ ਤੋਂ ਬਾਅਦ ਤਾਂ ਟਿਊਬਵੈੱਲ ਦੀਆਂ ਖੂਹੀਆਂ ਪੁੱਟਣ ਦਾ, ਕੰਮ ਆਮ ਹੋ ਗਿਆ।
ਬਹੁਤ ਸਾਰੇ ਕਿਸਾਨ, ਇਨ੍ਹਾਂ ਮੌਤ ਦੀਆਂ ਖੂਹੀਆਂ ’ਚ, ਆਪਣੀ ਜੀਵਨ ਲੀਲਾ ਖ਼ਤਮ ਕਰ ਗਏ। ਕਿਉਂਕਿ ਕਈ ਵਾਰੀ ਇਨ੍ਹਾਂ ਖੂਹੀਆਂ ’ਚ ਗੈਸ ਬਣ ਜਾਂਦੀ ਅਤੇ ਕਈ ਵਾਰੀ ਸੱਪਾਂ ਦੇ ਡੰਗਣ ਨਾਲ ਕਿਸਾਨਾਂ ਦੀ ਜਾਨ ਗਈ। ਕਈ ਵਾਰੀ ਮਿੱਟੀ ਦੀਆਂ ਢਿੱਗਾਂ ਡਿੱਗਣ ਨਾਲ ਵੀ ਹਾਦਸੇ ਹੋਏ। ਸਮਾਂ ਬਦਲਿਆ, ਘਰ-ਘਰ ਟਿਊਬਵੈੱਲ ਹੋ ਗਏ। ਨਵੀਂ ਤਕਨੀਕ ਨਾਲ, ਸਮਰਸੀਬਲ ਮੋਟਰਾਂ ਆ ਗਈਆਂ, ਖੂਹੀਆਂ ਪੁੱਟਣਾ ਬੀਤੇ ਸਮੇਂ ਦੀ ਗੱਲ ਬਣ ਕੇ ਰਹਿ ਗਈ। ਖੂਹੀਆਂ ਹੈ ਵੀ ਮੌਤ ਦਾ ਘਰ ਸੀ।
ਅੱਜ ਜਦੋਂ ਕਿਤੇ ਮੋਟਰ ਖ਼ਰਾਬ ਹੋ ਜਾਂਦੀ ਹੈ, ਤਾਂ ਪਾਣੀ ਪਾਇਪ ’ਚ ਤਾਰੇ ਵਾਂਗ ਵੀ ਨਜ਼ਰ ਆਉਣੋਂ ਹਟ ਗਿਆ। ਕਈ ਵਾਰੀ ਤਾਂ ਇੰਝ ਲੱਗਦਾ ਹੈ, ਕਿਤੇ ਪੜ੍ਹਦਿਆਂ, ਜਿਵੇਂ ‘ਹਾਏ ਨੌਕਰੀ! ਵਾਲਾ ਲੇਖ ਲਿਖਦੇ ਸੀ। ਕਿਤੇ ਭਵਿੱਖ ’ਚ, ਪਾਣੀ ਲਈ ਸਾਨੂੰ ਤਰਸਣਾ ਨਾ ਪੈ ਜਾਵੇ। ਅੱਜ ਪੰਜਾਬ ਦੇ ਬਹੁਤੇ ਜ਼ਿਲ੍ਹੇ ਪਾਣੀ ਦਾ ਨੀਵਾਂ ਪੱਧਰ ਹੋਣ ਕਾਰਨ, ਡਾਰਕ ਜ਼ੋਨ ’ਚ ਚਲੇ ਗਏ ਹਨ। ਸੋ ਅੱਜ ਪਾਣੀ ਨੂੰ ਬਚਾਉਣ ਦੀ ਜ਼ਰੂਰਤ ਹੈ। ਪਾਣੀ ਦੀ ਅੰਨ੍ਹੇਵਾਹ ਵਰਤੋਂ, ਰੋਕਣਾ ਸਮੇਂ ਦੀ ਵੱਡੀ ਲੋੜ ਹੈ। ਗੁਰਬਾਣੀ ’ਚ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ। ਆਪਾਂ ਇਸ ਨੂੰ ਸਤਿਕਾਰ ਦਈਏ, ਆਉਣ ਵਾਲੀਆਂ ਪੀੜ੍ਹੀਆ ਦਾ ਸੋਚੀਏ। ਉੱਘੇ ਅਰਥ ਸ਼ਾਸਤਰੀ ਸਰਦਾਰਾ ਸਿੰਘ ਜੌਹਲ ਦੀ ਸਲਾਹ ਕਿਸਾਨਾਂ ਨੂੰ ਜ਼ਰੂਰ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਸੀ ਕਿ ‘ਮੇਰੇ ਪੰਜਾਬ ਦੇ ਪਿਆਰੇ ਕਿਸਾਨੋ, ਅੱਜ ਉਹ ਫ਼ਸਲ ਬੀਜਣੀ ਸ਼ੁਰੂ ਕਰ ਦੇਵੋ, ਜਿਹੜੀ ਪਾਣੀ ਖ਼ਤਮ ਹੋਣ ’ਤੇ ਬੀਜੋਗੇ। ਫਿਰ ਹੀ ਅਸੀਂ ਪਾਣੀ ਆਪਣੇ ਲਈ ਰੱਖ ਸਕਦੇ ਹਾਂ, ਨਹੀਂ ਤਾਂ ਰੱਬ ਹੀ ਰਾਖਾ ਹੈ।’ ਅੰਤ ’ਚ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦੀਆਂ ਤੁਕਾਂ ਵੀ ਚੇਤੇ ਆ ਰਹੀਆਂ, ‘ਕਿੱਥੋਂ ਤੁਰ ਕੇ, ਕਿੱਥੇ ਪਹੁੰਚੀ, ਵੇਖੋ ਆਣ ਕਹਾਣੀ, ਪੰਜ ਦਰਿਆਵਾਂ ਦੀ ਧਰਤੀ ’ਤੇ, ਮੁੱਲ ਵਿਕਦਾ ਹੈ ਪਾਣੀ।’