ਸੱਤਾ ਦੇ ਭੁੱਖੇ ਨੇਤਾਵਾਂ ਨੂੰ ਇਹ ਆਜ਼ਾਦੀ ਰਾਸ ਆਈ ਹੋਵੇਗੀ। ਆਮ ਆਦਮੀ ਨੇ ਤਾਂ ਆਪਣੇ ਪਰਿਵਾਰਾਂ ਦੇ ਕਤਲ ਤੇ ਬੇਪੱਤੀਆਂ ਆਪਣੀਆਂ ਅੱਖਾਂ ਸਾਹਮਣੇ ਵੇਖੀਆਂ। ਸਭ ਛੱਡ-ਛੁਡਾਅ ਕੇ, ਓਸ ਖਿੱਤੇ ਵਿਚ ਆ ਗਏ ਜਿੱਥੇ ਅੱਜ ਵੀ ਬਹੁਤ ਕੁਝ ਠੀਕ ਨਹੀਂ। ਮੌਜੂਦਾ ਹਾਲਾਤ ਬਹੁਤ ਵੱਡੀ ਤਬਦੀਲੀ ਦੀ ਮੰਗ ਕਰਦੇ ਹਨ।

ਮੇਰੇ ਮਾਤਾ-ਪਿਤਾ 1947 ਦੀ ਮੁਲਕ ਦੀ ਵੰਡ ਦਾ ਅਸਹਿ ਦੁਖਾਂਤ ਆਪਣੇ ਪਿੰਡੇ ’ਤੇ ਹੰਢਾਉਂਦਿਆਂ ਲਹਿੰਦੇ ਪੰਜਾਬ ਤੋਂ ਇੱਧਰਲੇ ਪੰਜਾਬ ਆਏ ਸਨ। ਮਾਤਾ ਜੀ ਕੋਲ ਕਦੇ ਬਹਿਣਾ ਤਾਂ ਉਨ੍ਹਾਂ ਨੇ ਵੰਡ ਦੌਰਾਨ ਹੋਈ ਕਤਲੋਗਾਰਤ ਦੀਆਂ ਲੂ-ਕੰਡੇ ਖੜ੍ਹੇ ਕਰ ਦੇਣ ਵਾਲੀਆਂ ਘਟਨਾਵਾਂ ਦਾ ਜ਼ਿਕਰ ਕਰਨਾ ਤੇ ਬਹੁਤ ਉਦਾਸ ਹੋ ਜਾਣਾ, ਕਦੇ ਅੱਖਾਂ ਨਮ ਵੀ ਹੋ ਜਾਣੀਆਂ। ਆਖਣਾ, ‘‘ਪੁੱਤਰਾ, ਕਾਹਦੀ ਆਜ਼ਾਦੀ ਸੀ, ਅਸੀਂ ਤਾਂ ਬਰਬਾਦੀ ਝੱਲੀ ਹੈ।
ਸੱਤਾ ਦੇ ਭੁੱਖੇ ਨੇਤਾਵਾਂ ਨੂੰ ਇਹ ਆਜ਼ਾਦੀ ਰਾਸ ਆਈ ਹੋਵੇਗੀ। ਆਮ ਆਦਮੀ ਨੇ ਤਾਂ ਆਪਣੇ ਪਰਿਵਾਰਾਂ ਦੇ ਕਤਲ ਤੇ ਬੇਪੱਤੀਆਂ ਆਪਣੀਆਂ ਅੱਖਾਂ ਸਾਹਮਣੇ ਵੇਖੀਆਂ। ਸਭ ਛੱਡ-ਛੁਡਾਅ ਕੇ, ਓਸ ਖਿੱਤੇ ਵਿਚ ਆ ਗਏ ਜਿੱਥੇ ਅੱਜ ਵੀ ਬਹੁਤ ਕੁਝ ਠੀਕ ਨਹੀਂ। ਮੌਜੂਦਾ ਹਾਲਾਤ ਬਹੁਤ ਵੱਡੀ ਤਬਦੀਲੀ ਦੀ ਮੰਗ ਕਰਦੇ ਹਨ। ਦੇਸ਼ ਦੇ ਨੇਤਾ ਅਸਲ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਸਿਆਸੀ ਰੋਟੀਆਂ ਸੇਕਣ ਤੇ ਹਰ ਹੀਲੇ ਸੱਤਾ ਹਾਸਲ ਕਰਨ ਦੇ ਆਪਣੇ ਮਸਲੇ ਨੂੰ ਹੱਲ ਕਰਨ ਲਈ ਵਧੇਰੇ ਰੁਚੀ ਰੱਖਦੇ ਹਨ।’’ ਮੈਂ ਕਹਿਣਾ ਕਿ ਮਾਤਾ ਜੀ, 78-79 ਸਾਲਾਂ ਵਿਚ ਦੇਸ਼ ਨੇ ਬਹੁਤ ਖੇਤਰਾਂ ਵਿਚ ਤਰੱਕੀ ਕੀਤੀ ਹੈ ਪਰ ਉਨ੍ਹਾਂ ਨੇ ਉਲਟਾ ਸਵਾਲ ਕਰਨਾ, ‘‘ਕੀ ਇਸ ਤਰੱਕੀ ਦਾ ਲਾਭ ਆਮ ਜਨਤਾ ਨੂੰ ਮਿਲਿਐ?
ਇਹ ਸ਼ਹੀਦਾਂ ਦੇ ਸੁਪਨਿਆਂ ਵਾਲਾ ਭਾਰਤ ਨਹੀਂ ਬਲਕਿ ਅਮੀਰਾਂ ਨੂੰ ਹੋਰ ਅਮੀਰ ਬਣਾਉਣ ਦੇ ਸੁਪਨੇ ਲੈਣ ਵਾਲਾ ਭਾਰਤ ਬਣ ਗਿਆ ਹੈ, ਗ਼ਰੀਬਾਂ ਨੂੰ ਤਾਂ ਗੁੱਲੀ (ਰੋਟੀ) ਦੇ ਲਾਲੇ ਪਏ ਹੋਏ ਨੇ। ਲੱਖਾਂ ਲੋਕ ਭੁੱਖੇ ਸੌਂਦੇ ਨੇ, ਕੀ ਜਾਣਨ ਦੇਸ਼ ਦੇ ਹਾਕਮ। ਓ ਪੁੱਤਰਾ, ਹੋਰ ਵੀ ਬਹੁਤ ਸਮੱਸਿਆਵਾਂ ਨੇ ਜਿਨ੍ਹਾਂ ਵਿੱਚੋਂ ਕਈ ਖ਼ੁਦ ਇਨ੍ਹਾਂ ਨੇਤਾਵਾਂ ਨੇ ਪੈਦਾ ਕੀਤੀਆਂ ਹੋਈਆਂ ਨੇ।’’ ਮਾਤਾ ਜੀ ਆਪਣੇ ਮਨ ਦੀ ਭੜਾਸ ਕੱਢ ਕੇ ਚੁੱਪ ਹੋ ਜਾਂਦੇ ਤੇ ਮੈਂ ਸੋਚਣ ਲਈ ਮਜਬੂਰ ਹੋ ਜਾਂਦਾ।
ਮਾਤਾ ਜੀ ਦੀਆਂ ਗੱਲਾਂ ਵਿਚ ਮੈਨੂੰ ਕਾਫ਼ੀ ਵਜ਼ਨ ਲੱਗਦਾ। ਦੇਸ਼ ਦੀਆਂ ਕਈ ਸਮੱਸਿਆਵਾਂ ਮੇਰੇ ਜ਼ਿਹਨ ਵਿਚ ਉਭਰਨ ਲੱਗਦੀਆਂ। ਭਾਵੇਂ ਅੱਜ ਦੇਸ਼ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਰਪੇਸ਼ ਹਨ ਪਰ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਗਾਰੀ ਤੇ ਵਧ ਰਹੀ ਮਹਿੰਗਾਈ ਦੀ ਹੈ। ਵਿੱਦਿਅਕ ਅਦਾਰਿਆਂ ਵਿੱਚੋਂ ਹਰ ਸਾਲ ਲੱਖਾਂ ਵਿਦਿਆਰਥੀ ਡਿਗਰੀਆਂ ਹਾਸਲ ਕਰ ਕੇ ਰੁਜ਼ਗਾਰ ਦੀ ਤਲਾਸ਼ ਵਿਚ ਨਿਕਲ ਤੁਰਦੇ ਹਨ ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਉਨ੍ਹਾਂ ਦੀ ਲਿਆਕਤ ਮੁਤਾਬਕ ਰੁਜ਼ਗਾਰ ਨਹੀਂ ਮਿਲਦਾ।
ਸੰਨ 2024 ਦੀ ਇੰਡੀਆ ਇੰਪਲਾਇਮੈਂਟ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਿਛਲੇ ਲਗਪਗ 20 ਸਾਲਾਂ ਵਿਚ ਨੌਜਵਾਨਾਂ ਵਿਚ ਬੇਰੁਜ਼ਗਾਰੀ 30 ਫ਼ੀਸਦ ਤੱਕ ਵਧੀ। ਹਰ ਸਾਲ 70 ਤੋਂ 80 ਲੱਖ ਨੌਜਵਾਨ ਰੁਜ਼ਗਾਰ ਹਾਸਲ ਕਰਨ ਵਾਲਿਆਂ ਦੀ ਕਤਾਰ ਵਿਚ ਖੜ੍ਹੇ ਹੋ ਜਾਂਦੇ ਹਨ। ਇਹ ਵੀ ਹਕੀਕਤ ਹੈ ਕਿ ਹਰ ਪੜ੍ਹਿਆ-ਲਿਖਿਆ ਨੌਜਵਾਨ ‘ਵ੍ਹਾਈਟ ਕਾਲਰ’ ਤੇ ਸਰਕਾਰੀ ਨੌਕਰੀ ਦਾ ਚਾਹਵਾਨ ਹੈ ਪਰ ਹਰ ਬੇਰੁਜ਼ਗਾਰ ਨੂੰ ਅਜਿਹੀਆਂ ਨੌਕਰੀਆਂ ਮਿਲਣਾ ਸੰਭਵ ਨਹੀਂ।
ਭਾਵੇਂ ਨੌਜਵਾਨ ਨਿਰਾਸ਼ ਹਨ ਪਰ ਉਨ੍ਹਾਂ ਨੂੰ ਸੋਚਣਾ ਪਵੇਗਾ। ਸਿਰਫ਼ ਡਿਗਰੀਆਂ ਦਾ ਨਹੀਂ, ਅੱਜ ਹੁਨਰ ਦਾ ਮੁੱਲ ਜ਼ਿਆਦਾ ਹੈ। ਉਨ੍ਹਾਂ ਨੂੰ ਕਿਸੇ ਵੀ ਕੰਮ ਵਿਚ ਮੁਹਾਰਤ ਹਾਸਲ ਕਰਨ ਦੀ ਵੀ ਸੋਚਣੀ ਪਵੇਗੀ। ਵਿਦੇਸ਼ਾਂ ਵਿਚ ਵੀ ਸਕਿੱਲਡ ਵਰਕਰਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਦੇਸ਼ ਦੇ ਆਮ ਲੋਕਾਂ ਨੂੰ ਲਗਾਤਾਰ ਵਧ ਰਹੀ ਮਹਿੰਗਾਈ ਦੀ ਮਾਰ ਵੀ ਝੱਲਣੀ ਪੈ ਰਹੀ ਹੈ। ਬਹੁਤੇ ਅਮੀਰ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਗ਼ਰੀਬ ਤੇ ਮੱਧ ਵਰਗ ਸਭ ਤੋਂ ਵੱਧ ਪ੍ਰਭਾਵਿਤ ਹੋ ਰਿਹਾ ਹੈ ਤੇ ਮਹਿੰਗਾਈ ਦੀ ਚੱਕੀ ਵਿਚ ਪਿਸਦਾ ਜਾ ਰਿਹਾ ਹੈ।
ਸਰਕਾਰਾਂ ਦੀਆਂ ਨੀਤੀਆਂ ਅਤੇ ਕੋਸ਼ਿਸ਼ਾਂ ਮਹਿੰਗਾਈ ਦੇ ਗ੍ਰਾਫ ਨੂੰ ਉੱਪਰ ਜਾਣ ਤੋਂ ਨਹੀਂ ਰੋਕ ਸਕੀਆਂ। ਇਨ੍ਹਾਂ ਮੁੱਦਿਆਂ ਤੋਂ ਇਲਾਵਾ ਹੋਰ ਵੀ ਬਹੁਤ ਗੰਭੀਰ ਮਸਲੇ ਹਨ ਜੋ ਸੰਜੀਦਾ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ। ਸਾਡੇ ਦੇਸ਼ ਦੇ ਸਿਸਟਮ ਦੀ ਕਥਿਤ ਨਾਕਾਮੀ ਕਾਰਨ ਕਈ ਅਨਮੋਲ ਜਾਨਾਂ ਚਲੀਆਂ ਜਾਂਦੀਆਂ ਹਨ। ਹਾਦਸੇ-ਦਰ-ਹਾਦਸੇ ਵਾਪਰਦੇ ਹਨ ਪਰ ਅਸੀਂ ਉਨ੍ਹਾਂ ਤੋਂ ਕੋਈ ਸਬਕ ਨਹੀਂ ਸਿੱਖਦੇ। ਕਮੇਟੀਆਂ ਦੇ ਗਠਨ ਹੋ ਜਾਂਦੇ ਹਨ, ਜਾਂਚ ਚੱਲਦੀ ਰਹਿੰਦੀ ਹੈ ਪਰ ਬਹੁਤੀ ਵਾਰੀ ਕੋਈ ਸਿੱਟਾ ਨਹੀਂ ਨਿਕਲਦਾ। ਕਦੀ ਇਹ ਸ਼ਿੱਦਤ ਨਾਲ ਨਹੀਂ ਵਿਚਾਰਿਆ ਗਿਆ ਕਿ ਹਾਦਸੇ ਦੇ ਕੀ ਕਾਰਨ ਸਨ ਤੇ ਅਜਿਹੀਆਂ ਕਿਹੜੀਆਂ ਕਾਰਵਾਈਆਂ ਕੀਤੀਆਂ ਜਾਣ ਕਿ ਭਵਿੱਖ ਵਿਚ ਅਜਿਹੇ ਹਾਦਸੇ ਨਾ ਵਾਪਰਨ।
ਸਾਡੇ ਦੇਸ਼ ਦੇ ਸਿਸਟਮ ਦੀ ਨਾਕਾਮੀ ਦੇਖੋ ਕਿ ਨੋਇਡਾ ਦੇ ਸਪੋਰਟਸ ਸਿਟੀ ਦੇ ਵੱਡੇ ਤੇ ਡੂੰਘੇ ਟੋਏ ਵਿਚ ਡਿੱਗਿਆ ਸਾਫਟਵੇਅਰ ਇੰਜੀਨੀਅਰ ਲਗਪਗ ਦੋ ਘੰਟਿਆਂ ਤੱਕ ਪੁਕਾਰਦਾ ਰਿਹਾ ਕਿ ‘ਮੈਨੂੰ ਬਚਾਅ ਲਵੋ, ਮੈਂ ਮਰਨਾ ਨਹੀਂ ਚਾਹੁੰਦਾ’ ਪਰ ਕੋਈ ਨਾ ਬਹੁੜਿਆ। ਉਹ ਦੁਹਾਈ ਪਾਉਂਦਾ ਰਿਹਾ, ਕੁਰਲਾਉਂਦਾ ਰਿਹਾ। ਜਦੋਂ ਤੱਕ ਗੋਤਾਖੋਰ ਉੱਥੇ ਪਹੁੰਚਦੇ, ਉਸ ਦੀ ਸੁਆਸਾਂ ਦੀ ਮਾਲਾ ਟੁੱਟ ਚੁੱਕੀ ਸੀ। ਉਹ ਕਾਰ ਸਮੇਤ ਡੁੱਬ ਗਿਆ। ਕਿਸੇ ਵੀ ਹਾਦਸੇ ਤੋਂ ਪਹਿਲਾਂ ਅਸੀਂ ਆਪਦਾ ਪ੍ਰਬੰਧਨ ਲਈ ਮੌਕ-ਡ੍ਰਿੱਲਾਂ ਕਰਦੇ ਰਹਿੰਦੇ ਹਾਂ ਪਰ ਹਾਦਸੇ ਸਮੇਂ ਨਾ ਪ੍ਰਸ਼ਾਸਨ ਦੇ ਅਧਿਕਾਰੀ ਸਮੇਂ ਸਿਰ ਪਹੁੰਚਦੇ ਹਨ ਤੇ ਨਾ ਹੀ ਸਾਜ਼ੋ-ਸਾਮਾਨ। ਕੀ ਫ਼ਾਇਦਾ ਅਜਿਹੀਆਂ ਮੌਕ-ਡ੍ਰਿੱਲਾਂ ਕਰਨ ਦਾ, ਕੋਈ ਜਵਾਬਦੇਹੀ ਨਹੀਂ।
ਜਾਂਚ ਕਮਿਸ਼ਨ ਜਾਂ ਕਮੇਟੀਆਂ ਜਿੰਨੀਆਂ ਮਰਜ਼ੀ ਬਣਵਾ ਲਓ। ਸਾਡੇ ਦੇਸ਼ ਦੇ ਨੇਤਾਵਾਂ ਦੀ ਸਿਆਸਤ ਹੱਦ ਦਰਜੇ ਦੀ ਗੰਦੀ ਹੋ ਚੁੱਕੀ ਹੈ। ਦੇਸ਼ ਦੇ ਮੁੱਖ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਇੱਕੋ ਮਕਸਦ ਰਹਿ ਗਿਆ ਹੈ ਕਿ ਸੱਤਾ ’ਤੇ ਕਿਵੇਂ ਕਾਬਜ਼ ਹੋਣਾ ਹੈ, ਭਾਵੇਂ ਇਸ ਦੀ ਕੀਮਤ ਕੁਝ ਵੀ ਤਾਰਨੀ ਪਵੇ। ਵੱਖ-ਵੱਖ ਫ਼ਿਰਕਿਆਂ ਵਿਚ ਨਫ਼ਰਤ ਪੈਦਾ ਕੀਤੀ ਜਾਂਦੀ ਹੈ, ਇੱਥੋਂ ਤੱਕ ਕਿ ਦੰਗਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਇਕ ਫ਼ਿਰਕੇ ਦਾ ਨੇਤਾ ਦੂਜੇ ਫ਼ਿਰਕੇ ਦੇ ਲੋਕਾਂ ਨੂੰ ਗੋਲ਼ੀਆਂ ਨਾਲ ਕਤਲ ਕਰਨ ਲਈ ਉਕਸਾਉਂਦਾ ਹੈ। ਨਫ਼ਰਤ ਦੀਆਂ ਕੰਧਾਂ ਉਸਾਰੀਆਂ ਜਾ ਰਹੀਆਂ ਹਨ।
ਘੱਟ ਗਿਣਤੀਆਂ ਫ਼ਿਰਕੇ ਕਥਿਤ ਤੌਰ ’ਤੇ ਦਬਾਅ ਹੇਠ ਜੀਅ ਰਹੇ ਹਨ। ਡਾਹਢੇ ਦਾ ਸੱਤੀਂ ਵੀਹੀਂ ਸੌ ਹੋ ਗਿਆ ਹੈ। ਦੰਗਿਆਂ ਨੂੰ ਸ਼ਹਿ ਦੇਣ ਤੇ ਲੋਕਾਂ ਦੇ ਕਤਲ ਕਰਵਾਉਣ ਵਾਲੇ ਜਾਂ ਤਾਂ ਆਜ਼ਾਦ ਘੁੰਮ ਰਹੇ ਹਨ ਜਾਂ ਅਦਾਲਤਾਂ ਵੱਲੋਂ ਬਰੀ ਕਰ ਦਿੱਤੇ ਜਾਂਦੇ ਹਨ। ਜਦੋਂ ਅਜਿਹਾ ਹੁੰਦਾ ਹੋਵੇ ਤਾਂ ਲੋਕ, ਖ਼ਾਸ ਕਰਕੇ ਘੱਟ ਗਿਣਤੀ ਭਾਈਚਾਰੇ, ਲੋਕਤੰਤਰ ’ਤੇ ਵਿਸ਼ਵਾਸ ਕਿਵੇਂ ਕਰਨ। ਹੋਰ ਵੀ ਕਈ ਮਸਲੇ ਦੇਸ਼ ਨੂੰ ਦਰਪੇਸ਼ ਹਨ ਪਰ ਉਨ੍ਹਾਂ ਦੀ ਚਰਚਾ ਫਿਰ ਕਦੇ ਕਰਾਂਗਾ।
ਸਿਰਫ਼ ਏਨਾ ਹੀ ਕਹਾਂਗਾ ਕਿ ਜੇਕਰ ਸਾਡੇ ਦੇਸ਼ ਦੇ ਨੇਤਾ ਦੇਸ਼ ਦਾ ਸਹੀ ਮਾਅਨਿਆਂ ਵਿਚ ਸਰਵਪੱਖੀ ਵਿਕਾਸ ਚਾਹੁੰਦੇ ਹਨ ਅਤੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਵਾਲਾ ਭਾਰਤ ਸਿਰਜਣਾ ਚਾਹੁੰਦੇ ਹਨ ਤਾਂ ਸਿਆਸਤ ਨੂੰ ਸੇਵਾ ਭਾਵ ਵਜੋਂ ਲੈਂਦੇ ਹੋਏ, ਧਰਮ ਨਿਰਪੱਖ ਰਹਿੰਦਿਆਂ ਹਰ ਵਰਗ ਦਾ ਸਹਿਯੋਗ ਲੈਣ ਅਤੇ ਸ਼ਿੱਦਤ ਤੇ ਇਮਾਨਦਾਰੀ ਨਾਲ ਕੰਮ ਕਰਨ। ਅਜਿਹੀ ਸੋਚ ਹੀ ਦੇਸ਼ ਦੇ ਹਾਲਾਤ ਬਦਲ ਸਕਦੀ ਹੈ।
-ਪਰਮਜੀਤ ਸਿੰਘ ਪਰਵਾਨਾ
-ਮੋਬਾਈਲ : 98722-09399