ਇਹ ‘ਸਹਿਜਤਾ’ ਅੱਜ ਦੀਆਂ ਰੀਲਾਂ ਦੇ ਸ਼ੋਰ ਵਿਚ ਕਿਤੇ ਗੁਆਚ ਗਈ ਹੈ। ਰੇਡੀਓ ਮੇਰੇ ਲਈ ਵੀ ਰੂਹ ਦੀ ਖ਼ੁਰਾਕ ਹੈ। ਪਿੰਡਾਂ ਦੀਆਂ ਸੱਥਾਂ ਵਿਚ ਬੋਹੜ ਦੀ ਛਾਂ ਹੇਠਾਂ ਵੱਜਦਾ ਰੇਡੀਓ ਕਿਸੇ ਸਮੇਂ ਸਾਡੇ ਸਮਾਜਿਕ ਜੀਵਨ ਦਾ ਧੁਰਾ ਹੁੰਦਾ ਸੀ। ਖੇਤੀਬਾੜੀ ਦੇ ਨੁਕਤੇ ਹੋਣ ਜਾਂ ਦੇਸ਼-ਵਿਦੇਸ਼ ਦੀਆਂ ਖ਼ਬਰਾਂ, ਰੇਡੀਓ ਹੀ ਲੋਕਾਂ ਦਾ ਸਹਾਰਾ ਬਣਦਾ ਸੀ।

ਅੱਜ ਅਸੀਂ ਡਿਜੀਟਲ ਕ੍ਰਾਂਤੀ ਦੇ ਉਸ ਦੌਰ ਵਿਚ ਖੜ੍ਹੇ ਹਾਂ ਜਿੱਥੇ 15 ਤੋਂ 30 ਸਕਿੰਟਾਂ ਦੀਆਂ ‘ਰੀਲਾਂ’ ਨੇ ਸਾਡੀ ਜ਼ਿੰਦਗੀ ਦੀ ਰਫ਼ਤਾਰ ਨੂੰ ਬੇਹੱਦ ਤੇਜ਼ ਕਰ ਦਿੱਤਾ ਹੈ, ਉੱਥੇ ਹੀ ਰੇਡੀਓ ਦੀ ਆਵਾਜ਼ ਇਕ ਅਜੀਬ ਜਿਹੀ ਸਹਿਜਤਾ ਅਤੇ ਸਕੂਨ ਲੈ ਕੇ ਆਉਂਦੀ ਹੈ। ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਣ ਵਾਲਾ ‘ਵਿਸ਼ਵ ਰੇਡੀਓ ਦਿਵਸ’ ਮੇਰੇ ਲਈ ਸਿਰਫ਼ ਇਕ ਤਰੀਕ ਨਹੀਂ, ਸਗੋਂ ਮੇਰੀਆਂ ਯਾਦਾਂ ਦੇ ਝਰੋਖੇ ਵਿੱਚੋਂ ਗੁਜ਼ਰਨ ਵਾਲਾ ਇਕ ਸੁਖਦ ਅਹਿਸਾਸ ਹੈ।
ਇਹ ਦਿਨ ਸਾਲ 2011 ਵਿਚ ‘ਯੂਨੈਸਕੋ’ ਦੁਆਰਾ ਘੋਸ਼ਿਤ ਕੀਤਾ ਗਿਆ ਸੀ ਪਰ ਮੇਰੇ ਵਰਗੇ ਰੇਡੀਓ ਪ੍ਰੇਮੀਆਂ ਲਈ ਇਸ ਦਾ ਮਹੱਤਵ ਅੰਤਰਰਾਸ਼ਟਰੀ ਅੰਕੜਿਆਂ ਤੋਂ ਕਿਤੇ ਉੱਪਰ ਹੈ। ਮੇਰੇ ਪਰਿਵਾਰ ਦੀ ਰੇਡੀਓ ਨਾਲ ਸਾਂਝ ਬਹੁਤ ਪੁਰਾਣੀ ਅਤੇ ਡੂੰਘੀ ਹੈ। ਮੇਰੇ ਦਾਦਾ ਜੀ, ਜੋ ਸੇਵਾ-ਮੁਕਤ ਅਧਿਆਪਕ ਸਨ, ਰੇਡੀਓ ਦੇ ਬਹੁਤ ਵੱਡੇ ਕਦਰਦਾਨ ਸਨ। ਉਨ੍ਹਾਂ ਲਈ ਰੇਡੀਓ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਸੀ, ਸਗੋਂ ਗਿਆਨ ਦਾ ਉਹ ਖ਼ਜ਼ਾਨਾ ਸੀ ਜਿਸ ਨਾਲ ਉਹ ਹਮੇਸ਼ਾ ਜੁੜੇ ਰਹਿਣਾ ਚਾਹੁੰਦੇ ਸਨ।
ਮੈਨੂੰ ਅੱਜ ਵੀ ਯਾਦ ਹੈ ਕਿ ਉਹ ਆਪਣੇ ਜੀਵਨ ਦੇ ਆਖ਼ਰੀ ਸਮੇਂ ਤੱਕ ਰੇਡੀਓ ਨੂੰ ਹਮੇਸ਼ਾ ਆਪਣੇ ਅੰਗ-ਸੰਗ ਰੱਖਦੇ ਸਨ। ਭਾਵੇਂ ਸਮਾਂ ਬਦਲ ਗਿਆ ਸੀ ਅਤੇ ਟੈਲੀਵਿਜ਼ਨ ਘਰਾਂ ਦਾ ਸ਼ਿੰਗਾਰ ਬਣ ਚੁੱਕਾ ਸੀ ਪਰ ਦਾਦਾ ਜੀ ਦੀ ਰੂਹ ਰੇਡੀਓ ’ਚ ਹੀ ਵਸਦੀ ਸੀ। ਉਹ ਅਕਸਰ ਕਹਿੰਦੇ ਹੁੰਦੇ ਸਨ ਕਿ ਜੋ ਗੰਭੀਰਤਾ ਅਤੇ ਗਿਆਨ ਰੇਡੀਓ ’ਤੇ ਸੁਣਨ ਨੂੰ ਮਿਲਦਾ ਹੈ, ਉਹ ਹੋਰ ਕਿਤੇ ਨਹੀਂ। ਉਨ੍ਹਾਂ ਨੂੰ ਦੇਖ ਕੇ ਹੀ ਮੈਂ ਸਮਝਿਆ ਕਿ ਕੁਝ ਚੀਜ਼ਾਂ ਸਿਰਫ਼ ਤਕਨੀਕੀ ਨਹੀਂ ਹੁੰਦੀਆਂ ਸਗੋਂ ਉਹ ਸਾਡੀ ਰੂਹ ਨਾਲ ਜੁੜੀਆਂ ਹੁੰਦੀਆਂ ਹਨ ਤੇ ਰੂਹ ਦੀ ਖ਼ੁਰਾਕ ਹੁੰਦੀਆਂ ਹਨ।
ਮੇਰਾ ਤਜਰਬਾ ਕਹਿੰਦਾ ਹੈ ਕਿ ਸਮੇਂ ਦੇ ਨਾਲ ਤਰੱਕੀ ਕਰਨੀ ਬਹੁਤ ਜ਼ਰੂਰੀ ਹੈ ਅਤੇ ਅਸੀਂ ਅੱਜ ਦੇ ਵਿਗਿਆਨਕ ਯੁੱਗ ਤੋਂ ਮੁੱਖ ਨਹੀਂ ਮੋੜ ਸਕਦੇ ਪਰ ਤਰੱਕੀ ਦੀ ਇਸ ਅੰਨ੍ਹੀ ਦੌੜ ਵਿਚ ਅਸੀਂ ਉਹ ਬਹੁਤ ਕੁਝ ਗੁਆ ਲਿਆ ਹੈ ਜੋ ਸਾਡੀ ਰੂਹ ਦੇ ਨੇੜੇ ਸੀ। ਅੱਜ ਸਾਡੀਆਂ ਅੱਖਾਂ ਮੋਬਾਈਲ ਸਕਰੀਨਾਂ ਦੀਆਂ ਗੁਲਾਮ ਹੋ ਕੇ ਰਹਿ ਗਈਆਂ ਹਨ ਜੋ ਸਾਨੂੰ ਮਾਨਸਿਕ ਤੌਰ ’ਤੇ ਥਕਾ ਰਹੀਆਂ ਹਨ। ਇਸ ਦੇ ਉਲਟ, ਰੇਡੀਓ ਇਕ ਅਜਿਹਾ ਸਾਧਨ ਹੈ ਜੋ ਸਾਨੂੰ ‘ਸੁਣਨ’ ਅਤੇ ‘ਕਲਪਨਾ’ ਕਰਨ ਦੀ ਅਨੋਖੀ ਆਜ਼ਾਦੀ ਦਿੰਦਾ ਹੈ। ਜਦੋਂ ਰੇਡੀਓ ’ਤੇ ਕੋਈ ਵਾਰਤਾਲਾਪ ਜਾਂ ਗੀਤ ਚੱਲਦਾ ਹੈ ਤਾਂ ਸਾਡੀਆਂ ਅੱਖਾਂ ਥੱਕਦੀਆਂ ਨਹੀਂ, ਸਗੋਂ ਸਾਡਾ ਮਨ ਖ਼ੁਦ ਤਸਵੀਰਾਂ ਸਿਰਜਦਾ ਹੈ।
ਇਹ ‘ਸਹਿਜਤਾ’ ਅੱਜ ਦੀਆਂ ਰੀਲਾਂ ਦੇ ਸ਼ੋਰ ਵਿਚ ਕਿਤੇ ਗੁਆਚ ਗਈ ਹੈ। ਰੇਡੀਓ ਮੇਰੇ ਲਈ ਵੀ ਰੂਹ ਦੀ ਖ਼ੁਰਾਕ ਹੈ। ਪਿੰਡਾਂ ਦੀਆਂ ਸੱਥਾਂ ਵਿਚ ਬੋਹੜ ਦੀ ਛਾਂ ਹੇਠਾਂ ਵੱਜਦਾ ਰੇਡੀਓ ਕਿਸੇ ਸਮੇਂ ਸਾਡੇ ਸਮਾਜਿਕ ਜੀਵਨ ਦਾ ਧੁਰਾ ਹੁੰਦਾ ਸੀ। ਖੇਤੀਬਾੜੀ ਦੇ ਨੁਕਤੇ ਹੋਣ ਜਾਂ ਦੇਸ਼-ਵਿਦੇਸ਼ ਦੀਆਂ ਖ਼ਬਰਾਂ, ਰੇਡੀਓ ਹੀ ਲੋਕਾਂ ਦਾ ਸਹਾਰਾ ਬਣਦਾ ਸੀ। ਅੱਜ ਦੇ ਦੌਰ ਵਿਚ ਰੇਡੀਓ ਦੀ ਸਾਰਥਕਤਾ ਪਹਿਲਾਂ ਨਾਲੋਂ ਵੀ ਵਧ ਗਈ ਹੈ। ਇਹ ਸੰਚਾਰ ਦਾ ਸਭ ਤੋਂ ਸਸਤਾ ਅਤੇ ਸਰਲ ਸਾਧਨ ਹੈ। ਰੇਡੀਓ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੈ ਕਿ ਇਹ ਤੁਹਾਡੀਆਂ ਅੱਖਾਂ ਅਤੇ ਹੱਥਾਂ ਨੂੰ ਵਿਹਲਾ ਰੱਖਦਾ ਹੈ।
ਇਕ ਮਜ਼ਦੂਰ ਖੇਤ ਵਿਚ ਕੰਮ ਕਰਦਿਆਂ, ਇਕ ਮਾਂ ਰਸੋਈ ਵਿਚ ਖਾਣਾ ਬਣਾਉਂਦਿਆਂ ਅਤੇ ਇਕ ਮੁਸਾਫ਼ਰ ਸਫ਼ਰ ਦੌਰਾਨ ਇਸ ਦਾ ਆਨੰਦ ਮਾਣ ਸਕਦਾ ਹੈ। ਇਹ ਸਾਨੂੰ ਇਕੱਲੇ ਹੋਣ ਦੇ ਬਾਵਜੂਦ ਕਿਸੇ ਦੀ ਸੰਗਤ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਰੀਲਾਂ ਦੀ ਕਾਹਲੀ ਵਾਲੀ ਦੁਨੀਆ ਤੋਂ ਕੱਢ ਕੇ ਮਾਨਸਿਕ ਸ਼ਾਂਤੀ ਵੱਲ ਲੈ ਕੇ ਜਾਂਦਾ ਹੈ। ਭਾਵੇਂ ਅੱਜ ਰੇਡੀਓ ਨੇ ‘ਐੱਫਐੱਮ ਅਤੇ ‘ਪੌਡਕਾਸਟ’ ਦਾ ਰੂਪ ਲੈ ਲਿਆ ਹੈ ਪਰ ਇਸ ਦੇ ਅੰਦਰੋਂ ਆਉਂਦੀ ਮਨੁੱਖੀ ਆਵਾਜ਼ ਅੱਜ ਵੀ ਸਾਡੀ ਸੱਭਿਆਚਾਰਕ ਵਿਰਾਸਤ ਦੀ ਰਾਖੀ ਕਰ ਰਹੀ ਹੈ। ਵਿਸ਼ਵ ਰੇਡੀਓ ਦਿਵਸ ’ਤੇ ਮੇਰਾ ਇਹੀ ਸੁਨੇਹਾ ਹੈ ਕਿ ਤਰੱਕੀ ਜ਼ਰੂਰ ਕਰੋ ਪਰ ਆਪਣੀ ਰੂਹ ਦੇ ਸਾਥੀ ਇਸ ‘ਜਾਦੂਈ ਡੱਬੇ’ ਨਾਲੋਂ ਨਾਤਾ ਨਾ ਤੋੜੋ।
-ਜਤਿੰਦਰ ਸ਼ਰਮਾ,
ਪਿੰਡ: ਭੁੱਚੋ ਖੁਰਦ (ਬਠਿੰਡਾ)।
-ਮੋਬਾਈਲ : 95014-75400