ਤਿਉਹਾਰਾਂ ਦੇ ਸੀਜ਼ਨ ਦੌਰਾਨ ਇਹ ਸਮੱਸਿਆ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਇਨ੍ਹਾਂ ਦਿਨਾਂ ’ਚ ਲੋਕ ਵੱਡੇ ਪੱਧਰ ’ਤੇ ਮਠਿਆਈਆਂ ਤੇ ਤਲੀਆਂ ਹੋਈਆਂ ਚੀਜ਼ਾਂ ਦੀ ਖ਼ਰੀਦਦਾਰੀ ਕਰਦੇ ਹਨ। ਸਿਹਤ ਵਿਭਾਗ ਵੱਲੋਂ ਬੇਸ਼ੱਕ ਹਰੇਕ ਸਾਲ ਭੋਜਨ ਪਦਾਰਥਾਂ ਦੇ ਸੈਂਪਲ ਭਰ ਕੇ ਮਿਲਾਵਟਖੋਰੀ ਕਰਨ ਵਾਲਿਆਂ ’ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਪਰ ਬਹੁਤੇ ਮਾਮਲਿਆਂ ’ਚ ਗੰਭੀਰਤਾ ਨਜ਼ਰ ਨਹੀਂ ਆਉਂਦੀ।

ਖ਼ਰਾਬ ਗੁਣਵੱਤਾ ਵਾਲੇ ਖਾਣ-ਪੀਣ ਦੇ ਸਾਮਾਨ ਕਾਰਨ ਲੋਕਾਂ ਦੀ ਵਿਗੜਦੀ ਸਿਹਤ ਨਾਲ ਜੁੜੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ। ਸਮਾਜ ’ਚ ਜਿਸ ਤਰੀਕੇ ਨਾਲ ਰੇਹੜੀਆਂ ’ਤੇ ਬਣੇ ਭੋਜਨ ਪਦਾਰਥਾਂ ਨੂੰ ਖਾਣ ਦਾ ਰੁਝਾਨ ਵਧਿਆ ਹੈ, ਉਸੇ ਤਰ੍ਹਾਂ ਇਨ੍ਹਾਂ ’ਤੇ ਬਣਨ ਵਾਲੇ ਸਾਮਾਨ ’ਚ ਸਾਫ਼-ਸਫ਼ਾਈ ਨੂੰ ਲੈ ਕੇ ਵੀ ਲਗਾਤਰ ਸਵਾਲ ਉੱਠਦੇ ਆ ਰਹੇ ਹਨ। ਤਰਨਤਾਰਨ ’ਚ ਮੋਮੋਜ਼ ਤੇ ਚਾਂਪ ਖਾਣ ਮਗਰੋਂ ਹੋਈ ਦੋ ਬੱਚਿਆਂ ਦੀ ਮੌਤ ਤੋਂ ਬਾਅਦ ਇਹ ਸਵਾਲ ਹੋਰ ਗੰਭੀਰ ਹੋ ਗਿਆ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਪਿੱਛੇ ਅਸਲ ਦੋਸ਼ੀ ਕੌਣ ਹਨ।
ਤਿਉਹਾਰਾਂ ਦੇ ਸੀਜ਼ਨ ਦੌਰਾਨ ਇਹ ਸਮੱਸਿਆ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਇਨ੍ਹਾਂ ਦਿਨਾਂ ’ਚ ਲੋਕ ਵੱਡੇ ਪੱਧਰ ’ਤੇ ਮਠਿਆਈਆਂ ਤੇ ਤਲੀਆਂ ਹੋਈਆਂ ਚੀਜ਼ਾਂ ਦੀ ਖ਼ਰੀਦਦਾਰੀ ਕਰਦੇ ਹਨ। ਸਿਹਤ ਵਿਭਾਗ ਵੱਲੋਂ ਬੇਸ਼ੱਕ ਹਰੇਕ ਸਾਲ ਭੋਜਨ ਪਦਾਰਥਾਂ ਦੇ ਸੈਂਪਲ ਭਰ ਕੇ ਮਿਲਾਵਟਖੋਰੀ ਕਰਨ ਵਾਲਿਆਂ ’ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਪਰ ਬਹੁਤੇ ਮਾਮਲਿਆਂ ’ਚ ਗੰਭੀਰਤਾ ਨਜ਼ਰ ਨਹੀਂ ਆਉਂਦੀ।
ਸਿਹਤ ਵਿਭਾਗ ਦੇ ਅਫ਼ਸਰਾਂ ’ਤੇ ਅਜਿਹੇ ਮਾਮਲਿਆਂ ਨੂੰ ‘ਲੈ-ਦੇ ਕੇ’ ਰਫ਼ਾ-ਦਫ਼ਾ ਕਰਨ ਦੇ ਵੀ ਇਲਜ਼ਾਮ ਲੱਗਦੇ ਰਹੇ ਹਨ। ਕਈ ਮਾਮਲਿਆਂ ’ਚ ਆਪਣੇ ਪੱਧਰ ’ਤੇ ਅਫ਼ਸਰ ਵੀ ਢਿੱਲ ਵਰਤਦੇ ਦਿਸਦੇ ਹਨ। ਉਨ੍ਹਾਂ ਦਾ ਇਤਰਾਜ਼ ਹੈ ਕਿ ਅਜਿਹੇ ਜ਼ਿਆਦਾਤਰ ਮਾਮਲੇ ਉਨ੍ਹਾਂ ਨੂੰ ਆਪਣੇ ਪੱਧਰ ’ਤੇ ਨਜਿੱਠਣੇ ਪੈਂਦੇ ਹਨ, ਜਿਸ ਕਰਕੇ ਉਹ ਇਨ੍ਹਾਂ ਦੀ ਸਿਰਦਰਦੀ ਤੋਂ ਬਚਣ ਖ਼ਾਤਰ ਇਨ੍ਹਾਂ ਨੂੰ ਅਣਗੌਲਿਆ ਕਰਨ ਲਈ ਮਜਬੂਰ ਹੋ ਜਾਂਦੇ ਹਨ।
ਇਸ ਦਾ ਖ਼ਮਿਆਜ਼ਾ ਫਿਰ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਜ਼ਹਿਰੀਲਾ ਭੋਜਨ, ਪੀਣ ਵਾਲੇ ਪਦਾਰਥ ਤੇ ਗ਼ੈਰ-ਕਾਨੂੰਨੀ ਤਰੀਕਿਆਂ ਨਾਲ ਤਿਆਰ ਕੀਤੀ ਗਈ ਘਟੀਆ ਦਰਜੇ ਦੀ ਸ਼ਰਾਬ ਵੀ ਲੋਕਾਂ ਲਈ ਜਾਨਲੇਵਾ ਸਾਬਿਤ ਹੋ ਚੁੱਕੀ ਹੈ। ਕਈ ਮਾਮਲਿਆਂ ’ਚ ਸਿਹਤ ਵਿਭਾਗ ਦੀ ਚੌਕਸੀ ਇੱਥੋਂ ਤੱਕ ਢਿੱਲੀ ਹੈ ਕਿ ਨਿੱਜੀ ਤੇ ਸਰਕਾਰੀ ਹਸਪਤਾਲਾਂ ਲਾਗੇ ਗਲ਼-ਸੜ ਚੁੱਕੇ ਫਲਾਂ ਦਾ ਜੂਸ ਕੱਢ ਕੇ ਲੋਕਾਂ ਨੂੰ ਪਿਲਾਇਆ ਜਾ ਰਿਹਾ ਹੈ। ਇਨ੍ਹਾਂ ਦੀਆਂ ਵੀਡੀਓਜ਼ ਵਾਇਰਲ ਹੋਣ ਮਗਰੋਂ ਹੀ ਵਿਭਾਗ ਦੀ ਅੱਖ ਖੁੱਲ੍ਹਦੀ ਹੈ। ਜੂਸ ਦੀਆਂ ਰੇਹੜੀਆਂ ਦੀ ਕੋਈ ਰੁਟੀਨ ਚੈਕਿੰਗ ਨਹੀਂ ਕੀਤੀ ਜਾਂਦੀ।
ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ’ਚ ਖ਼ਰਾਬ ਭੋਜਨ ਤੇ ਜੂਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸਾਲ 2023 ’ਚ ਸੰਗਰੂਰ ਜ਼ਿਲ੍ਹੇ ’ਚ ਸਕੂਲ ’ਚ ਘਟੀਆ ਗੁਣਵੱਤਾ ਵਾਲਾ ਭੋਜਨ ਖਾਣ ਮਗਰੋਂ 50-60 ਵਿਦਿਆਰਥੀ ਬਿਮਾਰ ਹੋ ਗਏ ਸਨ। ਪਟਿਆਲਾ ’ਚ ਜਨਮ ਦਿਨ ਮੌਕੇ ਕੇਕ ਖਾਣ ਤੋਂ ਬਾਅਦ ਇਕ 10 ਸਾਲ ਦੀ ਬੱਚੀ ਦੀ ਮੌਤ ਹੋਈ ਸੀ। ਤਰਨਤਾਰਨ, ਗੁਰਦਾਸਪੁਰ ਤੇ ਅੰਮ੍ਰਿਤਸਰ ’ਚ ਨਕਲੀ ਸ਼ਰਾਬ ਪੀਣ ਪਿੱਛੋਂ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।
ਐੱਨਸੀਆਰਬੀ ਦੀ ਸਾਲ 2023 ਦੀ ਇਕ ਰਿਪੋਰਟ ਮੁਤਾਬਕ 549 ਮੌਤਾਂ ਹੋਈਆਂ ਜਿਨ੍ਹਾਂ ਦੇ ਕਾਰਨ ਖ਼ਰਾਬ ਭੋਜਨ ਨਾਲ ਜੁੜੇ ਹੋਏ ਸਨ। ਮੁਲਕ ਦੇ ਹੋਰ ਹਿੱਸਿਆਂ ’ਚ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਸਾਲ 2023 ’ਚ ਹੀ ਜ਼ਹਿਰੀਲੇ ਭੋਜਨ ਕਾਰਨ 612 ਲੋਕਾਂ ਦੀ ਮੌਤ ਹੋਈ ਸੀ।
ਅਸਾਮ, ਤੇਲੰਗਾਨਾ, ਓਡੀਸ਼ਾ ਤੇ ਉੱਤਰਾਖੰਡ ’ਚ ਸਥਿਤੀ ਜ਼ਿਆਦਾ ਗੰਭੀਰ ਹੈ। ਰੇਹੜੀਆਂ ’ਤੇ ਮਿਲਣ ਵਾਲਾ ਜ਼ਿਆਦਾਤਰ ਭੋਜਨ ਦੇਸ਼ ਦੇ ਖਾਣ-ਪੀਣ ਦੇ ਸੱਭਿਆਚਾਰ ਨਾਲ ਮੇਲ ਵੀ ਨਹੀਂ ਖਾਂਦਾ ਤੇ ਇਨ੍ਹਾਂ ਨੂੰ ਬਣਾਉਣ ਵੇਲੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਵੱਲ ਲੋਕਾਂ ਦਾ ਧਿਆਨ ਨਹੀਂ ਜਾਂਦਾ। ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਖਾਣ-ਪੀਣ ਦਾ ਸਾਮਾਨ ਬਣਾਉਣ ਵਾਲੇ ਲੋਕਾਂ ਦੀ ਰੋਜ਼ਾਨਾ ਚੈਕਿੰਗ ਕੀਤੀ ਜਾਵੇ। ਲੋਕਾਂ ਦਾ ਵੀ ਫ਼ਰਜ਼ ਹੈ ਕਿ ਉਹ ਰੇਹੜੀਆਂ, ਰੈਸਟੋਰੈਂਟਾਂ ਤੇ ਹੋਟਲਾਂ-ਢਾਬਿਆਂ ’ਤੇ ਖਾਣ-ਪੀਣ ਤੋਂ ਪਹਿਲਾਂ ਉੱਥੋਂ ਦੀ ਸਾਫ਼-ਸਫ਼ਾਈ ਦੀ ਆਪਣੇ ਪੱਧਰ ’ਤੇ ਜਾਂਚ ਜ਼ਰੂਰ ਕਰ ਲਿਆ ਕਰਨ।