ਜਦੋਂ ਅੰਗਰੇਜ਼ ਹਕੂਮਤ ਦੌਰਾਨ ਪੰਜਾਬ ਦੇ ਗੁਰਧਾਮ ਅੱਯਾਸ਼ ਮਹੰਤਾਂ, ਗੱਦੀਦਾਰਾਂ ਤੇ ਮਤਮੜ੍ਹੀਆਂ ਦੀਆਂ ਆਪਹੁਦਰੀਆਂ ਕਾਰਨ ਅਪਵਿੱਤਰ ਹੋ ਚੁੱਕੇ ਸਨ ਤਾਂ ਸਿੱਖ ਹਿੱਤਾਂ ਲਈ ਜੂਝਣ ਵਾਲੀ ਨਵੀਂ ਬਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਸਿੱਖ ਜਗਤ ਨੇ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਲ ਹੋ ਕੇ ਤਸੀਹੇ ਝੱਲਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ।
ਜਦੋਂ ਮਨੁੱਖ ਵਿੱਚੋਂ ਅਦਬ ਤੇ ਦਲੇਰੀ ਖ਼ਤਮ ਹੋ ਜਾਂਦੀ ਹੈ, ਉਦੋਂ ਮਨੁੱਖਤਾ ਖ਼ਤਮ ਹੋ ਜਾਂਦੀ ਹੈ। ਲੰਬੀ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਦੀ ਧਰਤੀ ਤੋਂ ਅਨੇਕ ਲਹਿਰਾਂ ਚੱਲੀਆਂ। ਸਮੁੱਚੇ ਹਿੰਦੋਸਤਾਨ ਦੇ ਲੋਕ ਗੁਲਾਮੀ, ਅਨਪੜ੍ਹਤਾ ਅਤੇ ਗ਼ਰੀਬੀ ਕਾਰਨ ਸਾਹ-ਸੱਤਹੀਣ ਹੋ ਚੁੱਕੇ ਸਨ। ਦੇਸ਼ ਨੂੰ ਯੋਗ ਆਗੂਆਂ ਦੀ ਲੋੜ ਸੀ। ਪੰਜਾਬ ਦੀ ਧਰਤੀ ਨੂੰ ਗੁਰੂ ਸਾਹਿਬਾਨ ਨੇ ਕਰਮਯੋਗੀ ਬਣਾ ਕੇ ਅਣਖੀ ਜੀਵਨ ਜਿਉਣ ਦੀ ਗੁੜ੍ਹਤੀ ਦਿੱਤੀ ਹੋਈ ਹੈ।
ਜਦੋਂ ਅੰਗਰੇਜ਼ ਹਕੂਮਤ ਦੌਰਾਨ ਪੰਜਾਬ ਦੇ ਗੁਰਧਾਮ ਅੱਯਾਸ਼ ਮਹੰਤਾਂ, ਗੱਦੀਦਾਰਾਂ ਤੇ ਮਤਮੜ੍ਹੀਆਂ ਦੀਆਂ ਆਪਹੁਦਰੀਆਂ ਕਾਰਨ ਅਪਵਿੱਤਰ ਹੋ ਚੁੱਕੇ ਸਨ ਤਾਂ ਸਿੱਖ ਹਿੱਤਾਂ ਲਈ ਜੂਝਣ ਵਾਲੀ ਨਵੀਂ ਬਣੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਸਿੱਖ ਜਗਤ ਨੇ ਸ਼ਾਂਤਮਈ ਢੰਗ ਨਾਲ ਗੁਰਦੁਆਰਾ ਸੁਧਾਰ ਲਹਿਰ ਵਿਚ ਸ਼ਾਮਲ ਹੋ ਕੇ ਤਸੀਹੇ ਝੱਲਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਨ੍ਹਾਂ ਦਿਨਾਂ ਵਿਚ ਹੀ ਸਿੱਖ ਸ਼ਹਾਦਤਾਂ ਅਤੇ ਗ੍ਰਿਫ਼ਤਾਰੀਆਂ ਦੌਰਾਨ ਅਕਾਲੀਆਂ ਵਿੱਚੋਂ ਹੀ ਇਕ ਗਰਮ ਦਲ ਤਿਆਰ ਹੋ ਗਿਆ। ਇਸ ਲਹਿਰ ਨੂੰ ‘ਬੱਬਰ ਅਕਾਲੀ ਦਲ’ ਦਾ ਨਾਂ ਦਿੱਤਾ ਗਿਆ। ਇਨ੍ਹਾਂ ਬੱਬਰ ਅਕਾਲੀਆਂ ਦਾ ਟੀਚਾ ਹਥਿਆਰਬੰਦ ਸੰਘਰਸ਼ ਵਿਚ ਅੰਗਰੇਜ਼ ਅਫ਼ਸਰਾਂ, ਝੋਲੀ ਚੁੱਕ, ਸੂਹੀਆਂ ਨੂੰ ਸਬਕ ਸਿਖਾਉਣਾ ਸੀ।
ਉੱਨੀ ਅਤੇ 21 ਮਾਰਚ 1921 ਨੂੰ ਸ੍ਰੀ ਨਨਕਾਣਾ ਸਾਹਿਬ ਦੇ ਖ਼ੂਨੀ ਸਾਕੇ ਤੋਂ ਛੇਤੀ ਪਿੱਛੋਂ ਹੁਸ਼ਿਆਰਪੁਰ ਵਿਖੇ ਸਿੱਖ ਐਜੂਕੇਸ਼ਨ ਕਾਨਫਰੰਸ ਦੌਰਾਨ ਮਾਸਟਰ ਮੋਤਾ ਸਿੰਘ ਪਤਾਰਾ ਅਤੇ ਜਲੰਧਰ ਸ਼ਹਿਰ ਦੀ ਬੁੱਕਲ ਵਿਚ ਵਸੇ ਪਿੰਡ ਬੜਿੰਗ ਦੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਵਿਚ ਇਨ੍ਹਾਂ ਜਾਨ ਤਲੀ ’ਤੇ ਰੱਖ ਕੇ ਜੂਝਣ ਵਾਲੇ ਗਰਮਦਲੀਏ ਮਰਜੀਵੜਿਆਂ ਦੀ ਇਕ ਖ਼ੁਫ਼ੀਆ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੇ ਜ਼ਿੰਮੇਵਾਰ ਅਫ਼ਸਰਾਂ ਨੂੰ ਸੋਧਣ ਦਾ ਫ਼ੈਸਲਾ ਕੀਤਾ ਗਿਆ।
ਇਸ ਤੋਂ ਥੋੜ੍ਹੇ ਦਿਨਾਂ ਪਿੱਛੋਂ ਇਨ੍ਹਾਂ ਮਰਜੀਵੜਿਆਂ ਵਿੱਚੋਂ, ਜਿਨ੍ਹਾਂ ਨੂੰ ਇਹ ਕੰਮ ਸੌਂਪਿਆ ਗਿਆ ਸੀ, 23 ਮਈ 1921 ਨੂੰ ਖ਼ੁਫ਼ੀਆ ਏਜੰਸੀ ਦੀ ਸੂਹ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੌਰਾਨ ਮਾਸਟਰ ਮੋਤਾ ਸਿੰਘ ਅਤੇ ਕਿਸ਼ਨ ਸਿੰਘ ਗੜਗੱਜ ਰੂਪੋਸ਼ ਹੋ ਗਏ। ਇਸ ਗੁਪਤਵਾਸ ਦੌਰਾਨ ਜਥੇਦਾਰ ਗੜਗੱਜ ਨੇ ਆਪਣਾ ਇਕ ਗੁਪਤ ਜੱਥਾ ਤਿਆਰ ਕੀਤਾ। ਇਸੇ ਦਾ ਨਾਂ ‘ਚੱਕਰਵਰਤੀ ਜੱਥਾ’ ਰੱਖਿਆ ਗਿਆ। ਇਸ ਜੱਥੇ ਦਾ ਕੰਮ ਪਿੰਡਾਂ ਦੇ ਲੋਕਾਂ ਵਿਚ ਅੰਗਰੇਜ਼ ਸ਼ਾਸਕਾਂ ਵਿਰੁੱਧ ਵਿਦਰੋਹ ਦੀ ਭਾਵਨਾ ਪੈਦਾ ਕਰਨੀ ਸੀ। ਹੁਸ਼ਿਆਰਪੁਰ ਵਿਚ ਜਥੇਦਾਰ ਕਰਮ ਸਿੰਘ ਦੌਲਤਪੁਰੀਏ ਨੇ ਵੀ ਇਸੇ ਲੀਹ ’ਤੇ ਚੱਲਦਿਆਂ ਆਪਣਾ ਜੱਥਾ ਤਿਆਰ ਕੀਤਾ। ਜੱਥੇ ਦਾ ਨਾਂ ‘ਬੱਬਰ ਅਕਾਲੀ ਜੱਥਾ’ ਰੱਖ ਦਿੱਤਾ ਗਿਆ।
ਇਸੇ ਦੌਰਾਨ ਅੰਗਰੇਜ਼ ਹਕੂਮਤ ਵੱਲੋਂ ਬੱਬਰ ਅਕਾਲੀਆਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਇਨਾਮ ਵੀ ਐਲਾਨੇ ਗਏ। ਸਰਕਾਰ ਦੀ ਸਖ਼ਤੀ ਕਾਰਨ ਅੰਦੋਲਨਕਾਰੀ ਸਿੱਖ ਨੌਜਵਾਨਾਂ ਲਈ ਅੰਦੋਲਨ ਚਲਾਉਣਾ ਔਖਾ ਹੋ ਰਿਹਾ ਸੀ। ਸੰਨ 1922-23 ਦੌਰਾਨ ਅਨੇਕਾਂ ਗ਼ਦਾਰਾਂ ਤੇ ਸਰਕਾਰ ਪੱਖੀ ਲੋਕਾਂ ਨੂੰ ਸੋਧਿਆ ਗਿਆ। ਜੂਨ 1924 ਵਿਚ ਲਾਇਲਪੁਰ (ਪਾਕਿਸਤਾਨ) ਹੁਣ ਫੈਸਲਾਬਾਦ ਜ਼ਿਲ੍ਹੇ ਵਿਚ ਵਰਿਆਮ ਸਿੰਘ ਦੀ ਸ਼ਹਾਦਤ ਪਿੱਛੋਂ ਸਮੁੱਚੇ ਪੰਜਾਬ ਵਿੱਚੋਂ ਬੱਬਰਾਂ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਹੋ ਗਈਆਂ। ਗੁਪਤ ਜਥੇਬੰਦੀ ਹੋਣ ਕਰਕੇ ਇਹ ਸਾਰੇ ਸਿੱਖ ਮਰਿਆਦਾ ਦਾ ਪਾਲਣ ਕਰਨ ਵਾਲੇ ਅਤੇ ਨਿੱਤਨੇਮ ਵਿਚ ਪਰਪੱਕ ਸਨ। ਅੰਗਰੇਜ਼ ਸਰਕਾਰ ਮੁਤਾਬਕ ਇਨ੍ਹਾਂ ਦੀ ਗਿਣਤੀ ਦੋ ਸੌ ਦੇ ਲਗਪਗ ਸੀ।
ਇਨ੍ਹਾਂ ਦਾ ਕੰਮ ਹਥਿਆਰ ਇਕੱਠੇ ਕਰ ਕੇ ਫ਼ੌਜੀਆਂ ਨੂੰ ਸਰਕਾਰ ਵਿਰੁੱਧ ਉਕਸਾਉਣਾ ਅਤੇ ਨੌਜਵਾਨਾਂ ਨੂੰ ਸੰਘਰਸ਼ ਲਈ ਤਿਆਰ ਕਰਨਾ ਸੀ। ਇਸ ਜਥੇਬੰਦੀ ਤੋਂ ਅੰਗਰੇਜ਼ ਹਕੂਮਤ ਇੰਨਾ ਘਬਰਾਈ ਹੋਈ ਸੀ ਕਿ ਪੁਲਿਸ ਦੀ ਮਦਦ ਲਈ ਫ਼ੌਜ ਵੀ ਤਾਇਨਾਤ ਕੀਤੀ ਗਈ। ਸਰਕਾਰ ਨੇ ਸਖ਼ਤੀ ਦਾ ਦੌਰ ਸ਼ੁਰੂ ਕੀਤਾ ਅਤੇ 98 ਬੱਬਰ ਅਕਾਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਲਾਹੌਰ ਸੈਂਟਰਲ ਜੇਲ੍ਹ ਵਿਚ ਮੁਕੱਦਮਾ ਸ਼ੁਰੂ ਹੋਇਆ।
ਦੋ ਤਫ਼ਤੀਸ਼ ਦੌਰਾਨ ਸ਼ਹੀਦ ਹੋ ਗਏ। ਬਾਕੀਆਂ ਨੂੰ ਸੈਸ਼ਨ ਸਪੁਰਦ ਕੀਤਾ ਗਿਆ। ਅਠਾਈ ਫਰਵਰੀ 1925 ਨੂੰ ਫ਼ੈਸਲਾ ਹੋਇਆ ਤ 34 ਬੱਬਰਾਂ ਨੂੰ ਛੱਡ ਦਿੱਤਾ ਗਿਆ, 49 ਨੂੰ ਉਮਰ ਕੈਦ ਤੇ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਛੇ ਬੱਬਰ ਅਕਾਲੀਆਂ ਨੂੰ 27 ਫਰਵਰੀ 1926 ਫਾਂਸੀ ਦੇ ਫੰਦੇ ’ਤੇ ਲਟਕਾਇਆ ਗਿਆ।
ਇਨ੍ਹਾਂ ਸ਼ਹਾਦਤ ਦਾ ਜਾਮ ਪੀਣ ਵਾਲਿਆਂ ਵਿਚ ਜਥੇਦਾਰ ਕਿਸ਼ਨ ਸਿੰਘ ਗੜਗੱਜ, ਬਾਬੂ ਸੰਤਾ ਸਿੰਘ ਛੋਟੀ ਹਰਿਓ, ਭਾਈ ਦਲੀਪ ਸਿੰਘ ਧਾਮੀਆਂ, ਭਾਈ ਕਰਮ ਸਿੰਘ ਹਰੀਪੁਰ, ਭਾਈ ਨੰਦ ਸਿੰਘ ਘੁੜਿਆਲ ਤੇ ਭਾਈ ਧਰਮ ਸਿੰਘ ਹਯਾਤਪੁਰ ਸ਼ਾਮਲ ਸਨ। ਇਨ੍ਹਾਂ ਮਹਾਨ ਸ਼ਹੀਦਾਂ ਦਾ ਸਸਕਾਰ ਲਾਹੌਰ ਵਿਖੇ ਰਾਵੀ ਦਰਿਆ ਦੇ ਕਿਨਾਰੇ ਕੀਤਾ ਗਿਆ। ਇਨ੍ਹਾਂ ਕੌਮੀ ਸ਼ਹੀਦਾਂ ਨੂੰ ਪ੍ਰਣਾਮ।
-ਭਗਵਾਨ ਸਿੰਘ ਜੌਹਲ।