ਮਿਆਂਮਾਰ ਦਾ ਪਹਿਲਾ ਨਾਂ ਬਰਮਾ ਹੁੰਦਾ ਸੀ। ਉੱਥੇ ਮਾਂਡਲੇ ਵਿਖੇ ਮੇਰੇ ਭਾਈਆ ਜੀ (ਪਿਤਾ ਜੀ) ਰੇਲਵੇ ਵਿਚ ਸ਼ੈੱਡ ਫੋਰਮੈਨ ਸਨ। ਰੇਲਵੇ ਕਰਮਚਾਰੀਆਂ ਦੇ ਕੁਆਰਟਰ ਰੇਲ ਲਾਈਨ ਦੇ ਨਾਲ-ਨਾਲ ਹੀ ਹੁੰਦੇ ਸਨ ਅਤੇ ਮੇਰਾ ਸਕੂਲ ਰੇਲੇ-ਰੇਲ ਤਕਰੀਬਨ ਇਕ ਕਿਲੋਮੀਟਰ ਦੂਰ ਪੈਂਦਾ ਸੀ। ਕਈ ਵਾਰ ਕੋਈ ਸ਼ੰਟਿੰਗ-ਇੰਜਣ ਡਰਾਈਵਰ ਮੈਨੂੰ ਜਾਂਦਿਆਂ ਵੇਖ ਲੈਂਦਾ ਤਾਂ ਮੈਨੂੰ ਚੁੱਕ ਕੇ ਇੰਜਣ ’ਚ ਚੜ੍ਹਾ ਲੈਂਦਾ। ਏਸੇ ਤਰ੍ਹਾਂ ਆਉਂਦੀ ਵਾਰੀ ਵੀ। ਯਾਨੀ ਮੈਂ ਕਹਿ ਸਕਦਾ ਹਾਂ ਕਿ ਮੈਂ ਆਪਣੇ ਪ੍ਰਾਇਮਰੀ ਸਕੂਲ ਵਿਚ ਸਾਈਕਲ, ਮੋਟਰਸਾਈਕਲ ਜਾਂ ਕਾਰ ਵਿਚ ਨਹੀਂ, ਸਟੀਮ ਲੋਕੋਮੋਟਿਵ ’ਤੇ ਜਾਂਦਾ ਹੁੰਦਾ ਸੀ।

-ਪ੍ਰੋ. ਮੋਹਣ ਸਿੰਘ
ਮਿਆਂਮਾਰ ਦਾ ਪਹਿਲਾ ਨਾਂ ਬਰਮਾ ਹੁੰਦਾ ਸੀ। ਉੱਥੇ ਮਾਂਡਲੇ ਵਿਖੇ ਮੇਰੇ ਭਾਈਆ ਜੀ (ਪਿਤਾ ਜੀ) ਰੇਲਵੇ ਵਿਚ ਸ਼ੈੱਡ ਫੋਰਮੈਨ ਸਨ। ਰੇਲਵੇ ਕਰਮਚਾਰੀਆਂ ਦੇ ਕੁਆਰਟਰ ਰੇਲ ਲਾਈਨ ਦੇ ਨਾਲ-ਨਾਲ ਹੀ ਹੁੰਦੇ ਸਨ ਅਤੇ ਮੇਰਾ ਸਕੂਲ ਰੇਲੇ-ਰੇਲ ਤਕਰੀਬਨ ਇਕ ਕਿਲੋਮੀਟਰ ਦੂਰ ਪੈਂਦਾ ਸੀ। ਕਈ ਵਾਰ ਕੋਈ ਸ਼ੰਟਿੰਗ-ਇੰਜਣ ਡਰਾਈਵਰ ਮੈਨੂੰ ਜਾਂਦਿਆਂ ਵੇਖ ਲੈਂਦਾ ਤਾਂ ਮੈਨੂੰ ਚੁੱਕ ਕੇ ਇੰਜਣ ’ਚ ਚੜ੍ਹਾ ਲੈਂਦਾ। ਏਸੇ ਤਰ੍ਹਾਂ ਆਉਂਦੀ ਵਾਰੀ ਵੀ। ਯਾਨੀ ਮੈਂ ਕਹਿ ਸਕਦਾ ਹਾਂ ਕਿ ਮੈਂ ਆਪਣੇ ਪ੍ਰਾਇਮਰੀ ਸਕੂਲ ਵਿਚ ਸਾਈਕਲ, ਮੋਟਰਸਾਈਕਲ ਜਾਂ ਕਾਰ ਵਿਚ ਨਹੀਂ, ਸਟੀਮ ਲੋਕੋਮੋਟਿਵ ’ਤੇ ਜਾਂਦਾ ਹੁੰਦਾ ਸੀ। ਮੈਂ ਉਸੇ ਵੇਲੇ ਇੰਜਣ ਦੇ ਵਿਸਲ ਵਾਲੀ ਰੱਸੀ ਖਿੱਚਣੀ। ਸਟੀਮ ਇੰਜਣ ਦੀ ਵਿਸਲ ਵਜਾਉਣੀ ਹਰ ਲੜਕੇ ਦਾ ਸੁਪਨਾ ਹੁੰਦਾ ਹੈ। ਐਨੀ ਵੱਡੀ ਮਸ਼ੀਨਰੀ ਦੀ ਸਮਝ ਕਿੱਥੇ?ਪਰ ਮੈਂ ਸਟਾਰਟ ਕਰਨ ਵਾਲਾ ਲੀਵਰ ਸਮਝ ਗਿਆ। ਇਕ ਵਾਰੀ ਇਕ ਸ਼ੰਟਿੰਗ-ਇੰਜਣ ਸ਼ੈੱਡ ਵਿਚ ਆਇਆ। ਡਰਾਈਵਰ ਭਾਈਆ ਜੀ ਨਾਲ ਕੁਝ ਗੱਲਬਾਤ ਕਰ ਰਿਹਾ ਸੀ। ਮੈਂ ਤੇ ਮੇਰਾ ਇਕ ਦੋਸਤ ਲੀਵਰ ਨਾਲ ਲਮਕ ਗਏ। ਬਸ, ਸ਼ਸ਼ਸ਼ੀ… ਦੀ ਆਵਾਜ਼ ਸੁਣ ਜਮੱਈ (ਡਰਾਈਵਰ ਦਾ ਨਾਂ) ਭੱਜਾ ਆਇਆ।
ਸੰਨ 1942 ਵਿਚ ਵਿਸ਼ਵ ਯੁੱਧ ਦੌਰਾਨ ਅਸੀਂ ਬਰਮਾ ਦੇਸ਼ ਛੱਡ ਕੇ ਦੋ ਮਹੀਨੇ ਪੈਦਲ ਪੈਂਡਾ ਕਰਕੇ ਇੰਡੀਆ ਪਹੁੰਚੇ ਸਾਂ। ਇੱਥੇ ਅੰਮ੍ਰਿਤਸਰ ਭਾਈਆ ਜੀ ਨੇ ਕੁਦਰਤੀ ਇਕ ਮਕਾਨ ਬਣਵਾਇਆ ਹੋਇਆ ਸੀ ਜਿਸ ’ਚ ਮੈਂ ਉਦੋਂ ਤੋਂ ਰਹਿ ਰਿਹਾ ਹਾਂ। ਸਾਡਾ ਜੱਦੀ ਪਿੰਡ ਭੰਗਵਾਂ ਹੈ, ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਦੇ ਨਾਲ ਹੀ ਪਹਾੜ ਵਾਲੀ ਬਾਹੀ ’ਤੇ। ਮੈਨੂੰ ਯਾਦ ਹੈ ਕਿ ਮੈਂ ਜਦੋਂ ਏਥੇ ਦੂਸਰੀ ਜਮਾਤ ’ਚ ਸਾਂ ਤਾਂ ਮੈਂ ਵੱਡੇ ਭਰਾ ਦੇ ਗੁੱਸੇ ਹੋਣ ’ਤੇ ਅੰਮ੍ਰਿਤਸਰੋਂ ਜੰਡਿਆਲੇ ਰੇਲੇ-ਰੇਲ, ਪੈਦਲ ਗਿਆ ਸੀ। ਪੈਦਲ ਚੱਲਣਾ ਕੋਈ ਜੋਖ਼ਮ ਨਹੀਂ ਸੀ ਲੱਗਦਾ। ਉਦੋਂ ਮੈਂ ਕਈ ਵਾਰ ਗੱਡੀ ’ਚ ਵੀ ਗਿਆ। ਟਰੇਨ ਦੇ ਦਰਵਾਜ਼ੇ ਬਾਹਰ ਨੂੰ ਖੁੱਲ੍ਹਦੇ ਸਨ। ਦਰਵਾਜ਼ੇ ਨਾਲ ਢੋਅ ਲਾ ਕੇ ਖੜ੍ਹਾ ਵਿਅਕਤੀ ਡਿੱਗ ਸਕਦਾ ਸੀ। ਕਈ ਡਿੱਗੇ ਵੀ ਹੋਣਗੇ। ਬਾਰੀਆਂ ਨੂੰ ਸੀਖਾਂ ਨਹੀਂ ਸਨ ਹੁੰਦੀਆਂ। ਲੋਕੀਂ ਬਾਰੀ ਥਾਣੀ ਸਾਮਾਨ ਸੁੱਟ ਕੇ ਸੀਟ ਮੱਲਦੇ ਹੁੰਦੇ ਸਨ। ਕਈ ਤਾਂ ਵੜਦੇ ਵੀ ਬਾਰੀ ਥਾਣੀ ਸਨ।
ਮੇਰੀ ਅੱਧੀ ਟਿਕਟ ਲੱਗਦੀ ਸੀ। ਪੂਰੀ ਟਿਕਟ ਦੋ ਆਨੇ ਦੀ ਹੁੰਦੀ ਸੀ, ਪਤਲੇ ਜਿਹੇ ਗੱਤੇ ਦੀ। ਟਿਕਟਾਂ ਪਹਿਲਾਂ ਤੋਂ ਛਪਾਈਆਂ ਹੁੰਦੀਆਂ ਸਨ ਤੇ ਦੋਹਾਂ ਸਟੇਸ਼ਨਾਂ ਦੇ ਨਾਂ ਮੋਟੇ ਅੱਖਰਾਂ ਵਿਚ ਛਪੇ ਹੁੰਦੇ ਸਨ। ਖੁੱਭੀ ਹੋਈ ਤਰੀਕ ਛਾਪਣ ਵਾਲੀ ਮਸ਼ੀਨ ਹਰ ਸਟੇਸ਼ਨ ’ਤੇ ਹੁੰਦੀ ਸੀ। ਉਦੋਂ ਪਹਿਲੀ ਜਨਵਰੀ ਅਤੇ ਪਹਿਲੀ ਜੁਲਾਈ ਤੋਂ ਲਾਗੂ ਟਾਈਮ ਟੇਬਲ ਸਾਲ ਵਿਚ ਦੋ ਵਾਰ ਛਪਦਾ ਸੀ ਅਤੇ ਕੋਈ ਡੇਢ ਕੁ ਸੌ ਸਫ਼ਿਆਂ ਦੀ ਕਿਤਾਬ ਹੁੰਦੀ ਸੀ। ਮੈਨੂੰ ਯਾਦ ਹੈ ਉਦੋਂ ਉੱਤਰੀ ਰੇਲਵੇ ਦਾ ਟਾਈਮ-ਟੇਬਲ ਅੰਮ੍ਰਿਤਸਰ ਤੋਂ ਸ਼ੁਰੂ ਹੁੰਦਾ ਸੀ। ਉਂਜ ਰੇਲਵੇ ਟਾਈਮ-ਟੇਬਲ ਵੇਖਣ ਦੀ ਜਾਚ ਕਿਸੇ-ਕਿਸੇ ਨੂੰ ਸੀ। ਮੈਨੂੰ ਵੀ ਕਾਲਜ ’ਚ ਪੜ੍ਹਨ ਵੇਲੇ ਤੱਕ ਟਾਈਮ-ਟੇਬਲ ਵਰਤ ਸਕਣਾ ਨਹੀਂ ਸੀ ਆਉਂਦਾ।
ਰੋਜ਼ ਸਫ਼ਰ ਕਰਨ ਵਾਲਿਆਂ ਲਈ ਰੇਲਵੇ ਵੱਲੋਂ ਇਕ ਖ਼ਾਸ ਸਹੂਲਤ ਹੁੰਦੀ ਸੀ ‘ਸੀਜ਼ਨ ਟਿਕਟ’ ਦੀ। ਵਿਦਿਆਰਥੀਆਂ ਲਈ ਤਾਂ ਉਹ ਬਹੁਤ ਹੀ ਸਸਤੀ ਪੈਂਦੀ ਸੀ। ਜੰਡਿਆਲੇ ਤੱਕ ਦਾ ਤਿੰਨ ਮਹੀਨਿਆਂ ਦਾ ਪਾਸ ਤਿੰਨ ਕੁ ਰੁਪਈਆਂ ’ਚ ਬਣ ਜਾਂਦਾ ਸੀ। ਇਕ ਵਾਰ ਮੈਂ ਦਸਾਂ ਦਾ ਨੋਟ ਫੜਾਇਆ ਤੇ ਬਾਊ ਨੇ ਮੈਨੂੰ ਬਾਕੀ ਪੈਸੇ ਦੇ ਦਿੱਤੇ। ਮੇਰੇ ਲਾਗੇ ਕਿਸੇ ਨੇ ਵੇਖ ਲਏ। ਕਹਿਣ ਲੱਗਾ ਕਿ ਮੈਂ ਹਰਿਦੁਆਰ ਜਾਣਾ ਏ ਪਰ ਮੇਰੇ ਕੋਲ ਕਿਰਾਇਆ ਨਹੀਂ। ਉਦੋਂ 1953-54 ਵਿਚ ਹਰਿਦੁਆਰ ਦਾ ਕਿਰਾਇਆ ਸਾਢੇ-ਤਿੰਨ-ਰੁਪਏ ਹੁੰਦਾ ਸੀ। ਮੈਨੂੰ ਲੱਗਾ ਕਿ ਉਹ ਠੀਕ ਕਹਿ ਰਿਹਾ ਹੈ। ਉਸ ਦਾ ਨਾਂ ਸੀ ਦੇਸ ਰਾਜ। ਮੈਂ ਉਸ ਨੂੰ ਟਿਕਟ ਲੈ ਦਿੱਤੀ। ਜੰਡਿਆਲੇ ਤੱਕ ਉਹ ਮੇਰੇ ਨਾਲ ਗੱਡੀ ਵਿਚ ਹੀ ਰਿਹਾ। ਕਹਿੰਦਾ, ਮੈਂ ਜਾ ਕੇ ਤੈਨੂੰ ਮਨੀ ਆਰਡਰ ਕਰ ਦੇਵਾਂਗਾ। ਜਦੋਂ ਮੈਂ ਘਰ ਆ ਕੇ ਆਪਣੇ ਭਾਬੀ ਜੀ (ਮਾਤਾ) ਨੂੰ ਦੱਸਿਆ ਤਾਂ ਮੇਰੀ ਪੂਰੀ ਝਾੜਝੰਬ ਹੋਈ ਕਿ ਤੂੰ ਐਨਾ ਬੁੱਧੂ ਏਂ? ਹੋਰ ਵੀ ਸਾਰੇ ਮੇਰਾ ਮਜ਼ਾਕ ਉਡਾਉਣ ਲੱਗੇ। ਮੈਂ ਵੀ ਛਿੱਥਾ ਜਿਹਾ ਪਿਆ ਰਿਹਾ ਪੰਜ-ਛੇ ਦਿਨ।
ਇਕ ਦਿਨ ਪਿੰਡ ਵਿਚ ਮੇਰੇ ਨਾਂ ਦਾ ਮਨੀ ਆਰਡਰ ਆ ਗਿਆ। ਸਾਢੇ-ਤਿੰਨ-ਰੁਪਏ ਦਾ। ਸਾਰੇ ਪਿੰਡ ਨੂੰ ਕਹਾਣੀ ਪਤਾ ਲੱਗ ਗਈ। ਉਹ ਸਮਾਂ ਹੀ ਚੰਗਾ ਸੀ। ਉਦੋਂ ਮਨੀ ਆਰਡਰ ਫਾਰਮ ਭਰਨਾ ਵੀ ਬੜੀ ਲਿਆਕਤ ਦੀ ਮੰਗ ਕਰਦਾ ਸੀ। ‘ਵਿਦਾਊਟ ਟਿਕਟ’ ਨੂੰ ਕਹਿੰਦੇ ਸੀ ‘ਬਟੌਟ’। ਚੈਕਿੰਗ ਜ਼ਰੂਰ ਹੁੰਦੀ ਸੀ ਅਤੇ ਚੈੱਕਰ ਆਪਣੇ ਖ਼ਾਸ ਕਿਸਮ ਦੇ ਪਲਾਸ ਨਾਲ ਟਿਕਟ ’ਤੇ ਨਿਸ਼ਾਨ ਲਾ ਦੇਂਦਾ ਸੀ ਤਾਂ ਕਿ ਉਸੇ ਟਿਕਟ ’ਤੇ ਕੋਈ ਦੁਬਾਰਾ ਸਫ਼ਰ ਨਾ ਕਰ ਸਕੇ। ਦੂਜੇ ਪਾਸੇ, ਬਰਾਂਚ ਲਾਈਨਾਂ ’ਤੇ ਸਟੇਸ਼ਨ ਵੀ ਛੋਟੇ-ਛੋਟੇ ਅਤੇ ਨੇੜੇ-ਨੇੜੇ ਹੋਣ ਕਰਕੇ ਚੈੱਕਿੰਗ ਐਨੀ ਸਖ਼ਤ ਨਹੀਂ ਸੀ ਹੁੰਦੀ, ਖ਼ਾਸ ਕਰਕੇ ਅੰਮ੍ਰਿਤਸਰੋਂ ਡੇਰਾ ਬਾਬਾ ਨਾਨਕ ਵਾਲੀ ਲਾਈਨ ਅਤੇ ਖੇਮਕਰਨ ਵਾਲੀ ਲਾਈਨ ’ਤੇ। ਰੋਜ਼ ਆਉਣ-ਜਾਣ ਵਾਲੇ ਵਪਾਰੀ ਤਾਂ ਗਾਰਡ ਜਾਂ ਡਰਾਈਵਰ ਨਾਲ (ਸਟੀਮ ਇੰਜਣ ਵੇਲੇ) ਮਾੜੀ-ਮੋਟੀ ਸਾਂਝ ਵੀ ਬਣਾ ਰੱਖਦੇ ਸਨ, ਖ਼ਾਸ ਕਰਕੇ ਦੋਧੀ, ਜਿਹੜੇ ਆਪਣੇ ਭਾਰੇ-ਭਾਰੇ ਡੋਲ ਸਾਰੀ ਟਰੇਨ ਦੀਆਂ ਬਾਰੀਆਂ ਨਾਲ ਲਟਕਾ ਕੇ ਲਿਆਉਂਦੇ ਸਨ ਟਰੇਨ ਦੇ ਦੋਵੇਂ ਪਾਸੇ। ਟਰੇਨ ਦਾ ਤਾਂ ਨਾਂ ਹੀ ਮਿਲਕ ਐਕਸਪ੍ਰੈੱਸ ਪਿਆ ਹੋਇਆ ਸੀ। ਏਹੋ ਜਿਹੀ ਇਕ ਟਰੇਨ ਦੀ ਮਿਸਾਲ ਰਾਜਿੰਦਰ ਅਕਲੇਕਰ ਦੀ ਪੁਸਤਕ ‘ਭਾਰਤੀ ਰੇਲਵੇ ਦਾ ਸੰਖੇਪ ਇਤਿਹਾਸ’ ਵਿਚ ਮਿਲਦੀ ਹੈ। ਇਹ ਬੜੀ ਦਿਲਚਸਪ ਘਟਨਾ ਹੈ। ਸਬਜ਼ੀਆਂ ਵੇਚਣ ਵਾਲੀ ਇਕ ਬੁੱਢੀ ਮਾਤਾ ਰੋਜ਼ ਰੇਲੇ-ਰੇਲ ਜਾਂਦੀ ਹੁੰਦੀ ਸੀ। ਇਕ ਦਿਨ ਇੰਜਣ ਡਰਾਈਵਰ ਨੇ ਤਰਸ ਕਰ ਕੇ ਇੰਜਣ ਹੌਲੀ ਕਰ ਕੇ ਉਸ ਨੂੰ ਕਿਹਾ ਕਿ ਮਾਤਾ, ਬੈਠ ਜਾ। ਤੈਨੂੰ ਸਟੇਸ਼ਨ ਤੱਕ ਲੈ ਜਾਂਦਾ ਹਾਂ। ਉਹ ਕਹਿੰਦੀ, ‘‘ਕਾਕਾ, ਤੂੰ ਬੜਾ ਚੰਗਾ ਕੀਤਾ, ਤੇਰਾ ਧੰਨਵਾਦ ਪਰ ਮੈਂ ਜ਼ਰਾ ਜਲਦੀ ਜਾਣਾ ਏ।’’
ਤਰਨਤਾਰਨ ਸ਼ਹਿਰ ਹਰ ਮੱਸਿਆ ਨੂੰ ਸੰਗਤਾਂ ਨਾਲ ਭਰ ਜਾਂਦਾ ਸੀ। ਅਜੇ ਵੀ ਸ਼ਰਧਾਵਾਨ ਹਰ ਹੀਲੇ ਇਸ਼ਨਾਨ ਲਈ ਜਾਂਦੇ ਹਨ। ਉਦੋਂ ਬੱਸਾਂ ਐਨੀਆਂ ਨਹੀਂ ਸਨ ਹੁੰਦੀਆਂ। ਟਰੇਨ ਵਿਚ ਚੜ੍ਹਨਾ ਤੇ ਸਫ਼ਰ ਕਰਨਾ ਸੌਖਾ ਨਹੀਂ ਸੀ। ਰੇਲਵੇ ਵੱਲੋਂ ਬਾਹਰ ਫੁੱਟ-ਬੋਰਡ ’ਤੇ ਖਲੋ ਕੇ ਸਫ਼ਰ ਕਰਨਾ ਬਿਲਕੁਲ ਮਨ੍ਹਾ ਸੀ ਪਰ ਪੰਜ-ਪੰਜ, ਛੇ-ਛੇ ਵਿਅਕਤੀ ਹਰ ਗੇਟ ’ਤੇ ਲਮਕੇ ਹੋਏ ਵੇਖੇ ਜਾ ਸਕਦੇ ਸਨ। ਕਈ ਸੱਟਾਂ ਵੀ ਲਵਾਉਂਦੇ ਹੋਣਗੇ।
ਅੱਜ-ਕੱਲ੍ਹ ਤਾਂ ਕੁੰਭ ਮੇਲੇ ਲਈ ਮੁਫ਼ਤ ਟਰੇਨਾਂ ਵੀ ਚੱਲਦੀਆਂ ਹਨ। ਬੰਬਈ, ਕਲਕੱਤੇ ਜਾਂ ਹੋਰ ਕਿਤੇ ਦੂਰ ਜਾਣ ਲਈ ਟਿਕਟਾਂ ਮਹੀਨਾ-ਮਹੀਨਾ ਪਹਿਲਾਂ ਬੁੱਕ ਕਰਾਉਣੀਆਂ ਪੈਂਦੀਆਂ ਸਨ। ਰਿਜ਼ਰਵ ਕਰਾਉਣ ਲਈ ਇੱਕ ਫਾਰਮ ਭਰੀਦਾ ਸੀ। ਲੰਬੀਆਂ-ਲੰਬੀਆਂ ਕਤਾਰਾਂ ’ਚ ਲੱਗੀਦਾ ਸੀ। ਕਈ ਵਾਰ ਕਾਊਂਟਰ ’ਤੇ ਜਾ ਕੇ ਪਤਾ ਲੱਗਣਾ ਕਿ ਸੀਟ ਕੋਈ ਉਪਲਬਧ ਹੀ ਨਹੀਂ। ਅਗਲੇ ਦਿਨ ਯਤਨ ਕਰਨਾ। ਜੇ ਸੀਟ ਕੈਂਸਲ ਕਰਾਉਣੀ ਤਾਂ ਵਾਪਸੀ ਪੈਸੇ ਅੱਧੇ ਮਿਲਣੇ। ਉਦੋਂ ਟਰੇਨਾਂ ਵੀ ਲੰਬੀਆਂ ਨਹੀਂ ਸਨ, ਦਸ-ਬਾਰਾਂ ਡੱਬੇ ਲੱਗਦੇ ਸਨ। ਅੱਜ-ਕੱਲ੍ਹ ਤਾਂ ਵੀਹ ਤੋਂ ਵੀ ਵੱਧ ਕੋਚ ਲੱਗਦੇ ਹਨ। ਲੋੜਾਂ ਬਦਲ ਗਈਆਂ ਹਨ। ਪਲੇਟਫਾਰਮ ਲੰਬੇ-ਲੰਬੇ ਹੋ ਗਏ ਹਨ। ਵੈਸੇ ਗੱਡੀ ਨੂੰ ਖਲੋ ਕੇ ਵੇਖਣਾ, ਡੱਬੇ ਗਿਣਨੇ ਖ਼ਾਸ ਕਰਕੇ ਮਾਲ ਗੱਡੀ ਦੇ, ਆਮ ਵੇਖਣ ਨੂੰ ਮਿਲਦਾ ਸੀ, ਅਜੇ ਵੀ ਜਾਰੀ ਹੈ।
1950 ਵਿਆਂ ਵਿਚ ਇਕ-ਦੋ ਕੋਚਾਂ ਵਾਲਾ ‘ਡੱਬਾ’ ਰੇਲਾਂ ’ਤੇ ਆਇਆ। ਵੇਖਣ ਨੂੰ ਐਉਂ ਲੱਗੇ ਕਿ ਇਹ ਇੰਜਣ ਤੋਂ ਬਗੈਰ ਹੀ ਚੱਲ ਰਿਹਾ ਹੈ। ਉਹ ਸੀ ਇਕ ਡੀਜ਼ਲ ਨਾਲ ਚੱਲਣ ਵਾਲਾ ਸਿਸਟਮ। ਬਾਹਰ ਲਿਖਿਆ ਹੋਇਆ ਸੀ ‘ਅੰਡਰ ਕੋਲੰਬੋ ਪਲੈਨ’ (ਯੂਨੈਸਕੋ ਵੱਲੋਂ)। ਦੱਖਣੀ ਏਸ਼ੀਆ ਦੇ ਦੇਸ਼ਾਂ ਨੂੰ ਨਵੀਂ ਟੈਕਨਾਲੋਜੀ ਵੱਲ ਉਤਸ਼ਾਹਤ ਕਰਨ ਲਈ। ਬਾਅਦ ’ਚ ਧੂੰ ਆਏ ਅਤੇ ਫਿਰ ਇਲੈਕਟ੍ਰੀਕਲ ਮਲਟੀਪਲ ਯੂਨਿਟ ਆ ਗਏ। ਹੁਣ ਤਾਂ ਪੰਜ-ਪੰਜ, ਛੇ-ਛੇ ਹਜ਼ਾਰ ਹੋਰਸ ਪਾਵਰ ਵਾਲੇ ਇਲੈਕਟ੍ਰੀਕਲ ਇੰਜਣ ਭਾਰਤ ਵਿਚ ਹੀ ਬਣਦੇ ਹਨ। ਅਜੋਕੀ ਟਰੇਨ ਵਿਚ ਅੰਦਰ ਬੈਠਿਆਂ, ਉਹ ਪੁਰਾਣੀ ਖੜ-ਖੜ ਨਹੀਂ ਸੁਣਦੀ। ਵੱਡੇ-ਵੱਡੇ ਸ਼ੀਸ਼ਿਆਂ ਵਾਲੀਆਂ ਬਾਰੀਆਂ ਹਨ। ਕੋਈ ਮਿੱਟੀ-ਘੱਟਾ ਨਹੀਂ, ਨਾ ਗਰਮੀ-ਨਾ ਸਰਦੀ। ਸਫ਼ਾਈ ਕਿਸੇ ਹਵਾਈ ਜਹਾਜ਼ ਨਾਲੋਂ ਘੱਟ ਨਹੀਂ। ਹਾਂ, ਜੇ ਸਮਾਂ ਬਚਾਉਣਾ ਹੋਵੇ ਤਾਂ ਹਵਾਈ ਜਹਾਜ਼ ਦਾ ਮੁਕਾਬਲਾ ਨਹੀਂ ਪਰ ਜੇ ਸਫ਼ਰ ਦਾ ਆਨੰਦ ਮਾਣਨਾ ਹੋਵੇ ਤਾਂ ਰੇਲ ਦਾ ਕੋਈ ਸਾਨੀ ਨਹੀਂ।
ਜੇ ਰੇਲ-ਕਿੱਲੋਮੀਟਰ ਵੇਖਣੇ ਹੋਣ ਤਾਂ ਅਮਰੀਕਾ, ਚੀਨ, ਰੂਸ ਤੋਂ ਬਾਅਦ ਭਾਰਤ ਦੁਨੀਆ ਦਾ ਚੌਥਾ ਦੇਸ਼ ਹੈ। ਤੇਜ਼ ਰਫ਼ਤਾਰ ਗੱਡੀਆਂ ਦੇ ਹਿਸਾਬ ਨਾਲ ਦੁਨੀਆਂ ਦਾ ਪਹਿਲਾ ਦੇਸ਼ ਚੀਨ ਹੈ ਪਰ ਇੱਕੋ ਪ੍ਰਬੰਧ, ਇੰਡੀਅਨ ਰੇਲਵੇ ਅਧੀਨ ਚੱਲਣ ਵਾਲਾ ਦੇਸ਼ ਭਾਰਤ ਹੀ ਹੈ। ‘ਵੰਦੇ ਭਾਰਤ’ ਹਰ ਤਰ੍ਹਾਂ ਨਾਲ ਹਰ ਵਿਦੇਸ਼ੀ ਟਰੇਨ ਦਾ ਮੁਕਾਬਲਾ ਕਰਦੀ ਹੈ ਕਿਉਂਕਿ ਇਹ ਚੌੜੀ ਪਟੜੀ ’ਤੇ ਚੱਲਦੀ ਹੈ, ਜ਼ਿਆਦਾ ਸਵਾਰੀਆਂ ਖਿੱਚ ਸਕਦੀ ਹੈ। ਹੋਰ ਤਾਂ ਹੋਰ, ਕਿਸੇ ਕੌਮੀ ਸੰਕਟ ਵੇਲੇ ਜਿਸ ਤਰ੍ਹਾਂ ਪਿੱਛੇ ਜਿਹੇ ਹਜ਼ਾਰਾਂ ਦੀ ਗਿਣਤੀ ਵਿੱਚ ਹਵਾਈ ਉਡਾਣਾਂ ਰੱਦ ਹੋਈਆਂ ਸਨ, ਰੇਲਵੇ ਮੌਕਾ ਸੰਭਾਲਦੀ ਹੈ।
-ਮੋਬਾਈਲ : 80545-97595