ਅੰਮ੍ਰਿਤਸਰ ’ਚ ਇਕ ਪੁਲਿਸ ਮੁਲਾਜ਼ਮ ਵੀ ਇਸੇ ਤਰ੍ਹਾਂ ਦੇ ਹਨੀ ਟ੍ਰੈਪ ’ਚ ਫਸਿਆ ਸੀ। ਫੇਸਬੁੱਕ ਰਾਹੀਂ ਇਕ ਔਰਤ ਨੇ ਪਹਿਲਾਂ ਉਸ ਨਾਲ ਦੋਸਤੀ ਕੀਤੀ ਤੇ ਫਿਰ ਖ਼ੁਫ਼ੀਆ ਜਾਣਕਾਰੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਜਾਂਚ ’ਚ ਇਹ ਖਾਤਾ ਪਾਕਿਸਤਾਨ ਦਾ ਨਿਕਲਿਆ। ਸਾਲ 2022 ’ਚ ਤਰਨਤਾਰਨ ’ਚ ਇੰਸਟਾਗ੍ਰਾਮ ’ਤੇ ਪੱਤਰਕਾਰ ਬਣ ਕੇ ਇਕ ਪੁਲਿਸ ਅਧਿਕਾਰੀ ਨੂੰ ਫਸਾਇਆ ਗਿਆ ਸੀ।
ਕੁਝ ਸਾਲਾਂ ਤੋਂ ਆਨਲਾਈਨ ਤਰੀਕਿਆਂ ਨਾਲ ਠੱਗੀਆਂ ਮਾਰਨ ਦਾ ਖ਼ਤਰਨਾਕ ਰੁਝਾਨ ਸਾਹਮਣੇ ਆਇਆ ਹੈ। ਭੋਲੇ-ਭਾਲੇ ਅਤੇ ਤਕਨੀਕ ਦੀ ਘੱਟ ਜਾਣਕਾਰੀ ਰੱਖਣ ਵਾਲੇ ਲੋਕ ਇਸ ਦਾ ਵੱਧ ਸ਼ਿਕਾਰ ਹੋ ਰਹੇ ਹਨ। ਦੂਜੇ ਪਾਸੇ ਇਸੇ ਤਰੀਕੇ ਨਾਲ ਠੱਗੀਆਂ ਮਾਰਨ ਤੇ ਲੋਕਾਂ ਨੂੰ ਆਪਣੇ ਜਾਲ਼ ’ਚ ਫਸਾਉਣ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਨਿਧੜਕ ਹੋ ਕੇ ਸਰਗਰਮ ਹੋਏ ਫਿਰਦੇ ਹਨ। ਹਨੀ ਟ੍ਰੈਪ ਵੀ ਬਲੈਕਮੇਲ ਕਰਨ ਜਾਂ ਵੱਡੀਆਂ ਧੋਖਾਧੜੀਆਂ ਨੂੰ ਅੰਜਾਮ ਦੇਣ ਦਾ ਇਕ ਤਰੀਕਾ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਔਰਤਾਂ ਨੂੰ ‘ਹਨੀ ਟ੍ਰੈਪ’ ਵਿਚ ਅੱਗੇ ਕਰ ਕੇ ਇਹ ਅਪਰਾਧ ਕਰਨ ਵਾਲੇ ਮੁਲਜ਼ਮ ਹੁਣ ਪੁਲਿਸ ਦੇ ਵੱਡੇ ਅਧਿਕਾਰੀਆਂ ਤੇ ਦੇਸ਼ ਦੀ ਸੁਰੱਖਿਆ ਵਿਵਸਥਾ ’ਚ ਲੱਗੇ ਹੋਰ ਮੁਲਾਜ਼ਮਾਂ ਨੂੰ ਵੀ ਨਹੀਂ ਬਖ਼ਸ਼ ਰਹੇ।
ਇਸ ਕੰਮ ਲਈ ਉਹ ਸੋਸ਼ਲ ਮੀਡਆ ਦੇ ਪਲੇਟਫਾਰਮਾਂ ਦੀ ਧੜੱਲੇ ਨਾਲ ਵਰਤੋਂ ਕਰ ਰਹੇ ਹਨ। ਗੁਆਂਢੀ ਮੁਲਕ ਦੀਆਂ ਖ਼ੁਫ਼ੀਆ ਏਜੰਸੀਆਂ ਇੰਟਰਨੈੱਟ ਰਾਹੀਂ ਪੁਲਿਸ ਅਧਿਕਾਰੀਆਂ ਨੂੰ ਹਨੀ ਟ੍ਰੈਪ ’ਚ ਫਸਾ ਰਹੀਆਂ ਹਨ। ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਇਕ ਸਖ਼ਤ ਸਟੈਂਡਰਡ ਆਪ੍ਰੇਟਿੰਗ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ। ਇਹ ਏਜੰਸੀਆਂ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਝਾਂਸੇ ’ਚ ਲੈਣ ਲਈ ਸੋਸ਼ਲ ਮੀਡੀਆ ’ਤੇ ਅਕਰਸ਼ਕ ਚਿਹਰਿਆਂ ਦੀ ਵਰਤੋਂ ਕਰ ਕੇ ਜਾਲ਼ ਵਿਛਾਉਂਦੀਆਂ ਹਨ। ਹਨੀ ਟ੍ਰੈਪ ਲਾਉਣ ਵਾਲਿਆਂ ਦਾ ਮੁੱਖ ਮਕਸਦ ਮੁਲਕ ਦੀਆਂ ਖ਼ੁਫ਼ੀਆ ਜਾਣਕਾਰੀਆਂ ਇਕੱਠੀਆਂ ਕਰ ਕੇ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਜਾਂ ਸੁਰੱਖਿਆ ਪ੍ਰਬੰਧਾਂ ’ਚ ਅਸਿੱਧੀ ਸੰਨ੍ਹਮਾਰੀ ਕਰਨਾ ਹੈ।
ਅੰਮ੍ਰਿਤਸਰ ’ਚ ਇਕ ਪੁਲਿਸ ਮੁਲਾਜ਼ਮ ਵੀ ਇਸੇ ਤਰ੍ਹਾਂ ਦੇ ਹਨੀ ਟ੍ਰੈਪ ’ਚ ਫਸਿਆ ਸੀ। ਫੇਸਬੁੱਕ ਰਾਹੀਂ ਇਕ ਔਰਤ ਨੇ ਪਹਿਲਾਂ ਉਸ ਨਾਲ ਦੋਸਤੀ ਕੀਤੀ ਤੇ ਫਿਰ ਖ਼ੁਫ਼ੀਆ ਜਾਣਕਾਰੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਜਾਂਚ ’ਚ ਇਹ ਖਾਤਾ ਪਾਕਿਸਤਾਨ ਦਾ ਨਿਕਲਿਆ। ਸਾਲ 2022 ’ਚ ਤਰਨਤਾਰਨ ’ਚ ਇੰਸਟਾਗ੍ਰਾਮ ’ਤੇ ਪੱਤਰਕਾਰ ਬਣ ਕੇ ਇਕ ਪੁਲਿਸ ਅਧਿਕਾਰੀ ਨੂੰ ਫਸਾਇਆ ਗਿਆ ਸੀ। ਇਸੇ ਤਰ੍ਹਾਂ ਸਾਲ 2024 ’ਚ ਗੁਰਦਾਸਪੁਰ ’ਚ ਇਕ ਸਰਕਾਰੀ ਕਰਮਚਾਰੀ ਨੂੰ ਹਨੀ ਟ੍ਰੈਪ ਲਾ ਕੇ ਸ਼ਿਕਾਰ ਬਣਾਇਆ ਗਿਆ। ਮੁਲਕ ਦੇ ਹੋਰ ਹਿੱਸਿਆਂ ’ਚ ਵੀ ਇਸ ਦਾ ਖ਼ੌਫ਼ ਜਾਰੀ ਹੈ। ਦਿੱਲੀ ਪੁਲਿਸ ਨੇ 2024 ’ਚ ਫ਼ਰਜ਼ੀ ਪੁਲਿਸ ਹਨੀ ਟ੍ਰੈਪ ਦਾ ਪਰਦਾਫਾਸ਼ ਕੀਤਾ ਸੀ। ਅਜਿਹਾ ਮਾਮਲਾ ਕਾਨਪੁਰ ਤੇ ਆਗਰਾ ’ਚ ਵੀ ਸਾਹਮਣੇ ਆਇਆ ਜਿੱਥੇ ਹਨੀ ਟ੍ਰੈਪ ’ਚ ਫਸਾਉਣ ਤੋਂ ਬਾਅਦ ਪੀੜਤਾਂ ਤੋਂ ਮੋਟੀਆਂ ਰਕਮਾਂ ਮੰਗੀਆਂ ਗਈਆਂ ਸਨ।
ਸੋਸ਼ਲ ਮੀਡੀਆ ’ਤੇ ਬਹੁਤ ਸਾਰੀਆਂ ਡੇਟਿੰਗ ਐਪਸ ਹਨ ਜੋ ਨੌਜਵਾਨਾਂ ਤੇ ਸੇਵਾ ਮੁਕਤ ਅਧਿਕਾਰੀਆਂ ਨੂੰ ਆਪਣੇ ਜਾਲ਼ ਵਿਚ ਫਸਾਉਂਦੀਆਂ ਹਨ। ਸਾਲ 2020 ’ਚ ਫ਼ਰਜ਼ੀ ਜਬਰ-ਜਨਾਹ ਦੇ ਮਾਮਲਿਆਂ ’ਚ ਉਲਝਾ ਕੇ ਪੈਸੇ ਠੱਗਣ ਵਾਲੇ ਇਕ ਗਿਰੋਹ ਦਾ ਖ਼ੁਲਾਸਾ ਕੀਤਾ ਗਿਆ ਸੀ। ਜਿਵੇਂ-ਜਿਵੇਂ ਸੋਸ਼ਲ ਮੀਡੀਆ ’ਤੇ ਡੇਟਿੰਗ ਐਪਸ ਦੀ ਗਿਣਤੀ ਵਧ ਰਹੀ ਹੈ, ਹਨੀ ਟ੍ਰੈਪ ਜਾਂ ਝੂਠੇ ਮਾਮਲਿਆਂ ’ਚ ਫਸਾ ਕੇ ਪੈਸੇ ਠੱਗਣ ਦੀਆਂ ਸ਼ਿਕਾਇਤਾਂ ਵੀ ਸਾਈਬਰ ਸੈੱਲਾਂ ਨੂੰ ਲਗਾਤਾਰ ਮਿਲ ਰਹੀਆਂ ਹਨ।
ਇਹ ਗਿਰੋਹ ਪਹਿਲਾਂ ਔਰਤਾਂ ਦੇ ਚਿਹਰੇ ਵਰਤ ਕੇ ਸ਼ਿਕਾਰ ਫਸਾਉਂਦੇ ਹਨ ਤੇ ਬਾਅਦ ’ਚ ਤੰਗ-ਪਰੇਸ਼ਾਨ ਕਰ ਕੇ ਧੋਖਾਧੜੀਆਂ ਕੀਤੀਆਂ ਜਾਂਦੀਆਂ ਹਨ। ਕਈ ਮਾਮਲਿਆਂ ’ਚ ਵੀਡੀਓ ਕਾਲਾਂ ਤੇ ਤਸਵੀਰਾਂ ਦਾ ਗ਼ੈਰ-ਕਾਨੂੰਨੀ ਤਰੀਕੇ ਨਾਲ ਲੈਣ-ਦੇਣ ਕੀਤਾ ਜਾਂਦਾ ਹੈ।
ਅਜਿਹੇ ’ਚ ਜਿੱਥੇ ਪੁਲਿਸ ਮੁਲਾਜ਼ਮਾਂ ਜਾਂ ਦੇਸ਼ ਦੇ ਸੁਰੱਖਿਆ ਪ੍ਰਬੰਧਾਂ ’ਚ ਲੱਗੇ ਅਧਿਕਾਰੀਆਂ ਦਾ ਇਨ੍ਹਾਂ ਨੂੰ ਕੋਈ ਡਰ ਨਹੀਂ ਹੈ ਤਾਂ ਆਮ ਵਿਅਕਤੀ ਨਾਲ ਇਹ ਕੀ ਕਰ ਸਕਦੇ ਹਨ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ। ਸਾਈਬਰ ਠੱਗੀ ਤੇ ਹਨੀ ਟ੍ਰੈਪ ਤੋਂ ਬਚਣ ਲਈ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਕਿਸੇ ਵੀ ਅਣਜਾਣ ਵਿਅਕਤੀ ਜਾਂ ਔਰਤ ਨਾਲ ਆਪਣੀਆਂ ਜਾਣਕਾਰੀਆਂ ਸਾਂਝੀਆਂ ਕਰਦਿਆਂ ਚੌਕੰਨੇ ਰਹਿਣਾ ਚਾਹੀਦਾ ਹੈ।