ਜੇ ਗਲੀਆਂ-ਮੁਹੱਲਿਆਂ ਵਿਚ ਕੁੱਤਿਆਂ ਦੀ ਸਾਂਭ-ਸੰਭਾਲ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਨਾ ਉਹ ਕਿਸੇ ਨੂੰ ਵੱਢਦੇ ਹਨ, ਨਾ ਹੀ ਉਹ ਹਿੰਸਕ ਹੁੰਦੇ ਹਨ। ਸਰਕਾਰਾਂ ਵੱਲੋਂ ਸਹੀ ਸਮੇਂ ’ਤੇ ਕੁੱਤਿਆਂ ਦੀ ਵੈਕਸੀਨੇਸ਼ਨ ਅਤੇ ਨਸਬੰਦੀ ਦਾ ਨਾ ਕੀਤਾ ਜਾਣਾ ਹੀ ਸਮੱਸਿਆ ਪੈਦਾ ਕਰਦਾ ਹੈ। ਪੇਂਡੂ ਅਤੇ ਸ਼ਹਿਰੀ ਸੁਸਾਇਟੀਆਂ ਦੇ ਸਹਿਯੋਗ ਨਾਲ ਜੇ ਸਰਕਾਰਾਂ ਵੱਲੋਂ ਯੋਗ ਪ੍ਰਬੰਧ ਕੀਤੇ ਜਾਣ ਤਾਂ ਇਨ੍ਹਾਂ ਦੀ ਆਬਾਦੀ ਤੇਜ਼ੀ ਨਾਲ ਨਾ ਵਧੇ।
ਪਸ਼ੂਆਂ ਨੂੰ ਅਵਾਰਾ ਬਣਾਉਣ ਪਿੱਛੇ ਲੋਕਾਂ ਦਾ ਹੀ ਹੱਥ ਹੈ। ਉਹ ਗਊਆਂ-ਮੱਝਾਂ ਤੋਂ ਦੁੱਧ ਲੈ ਕੇ ਅਤੇ ਬਲਦਾਂ ਤੋਂ ਕੰਮ ਲੈ ਕੇ ਬੁਢਾਪੇ ਵਿਚ ਉਨ੍ਹਾਂ ਨੂੰ ਭੁੱਖੇ-ਭਾਣੇ ਦਰ-ਦਰ ਭਟਕਣ ਖ਼ਾਤਰ ਕਿਤੇ ਦੂਰ ਛੱਡ ਆਉਂਦੇ ਹਨ। ਮਨੁੱਖ ਐਨਾ ਸਵਾਰਥੀ ਹੋ ਚੁੱਕਾ ਹੈ ਕਿ ਉਸ ਨੇ ਤਾਂ ਇਨ੍ਹਾਂ ਨੂੰ ਆਪਣੇ-ਆਪ ਭੋਜਨ ਲੱਭ ਕੇ ਖਾਣ ਜੋਗਾ ਵੀ ਨਹੀਂ ਛੱਡਿਆ ਹੈ। ਵਿਕਾਸ ਦੇ ਨਾਂ ’ਤੇ ਵੱਡੀ ਮਾਤਰਾ ਵਿਚ ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਹੈ ਤੇ ਸ਼ਹਿਰ ਤੇਜ਼ੀ ਨਾਲ ਪਸਾਰਾ ਕਰ ਰਹੇ ਹਨ।
ਵਾਹੀਯੋਗ ਜ਼ਮੀਨਾਂ ਖ਼ਤਮ ਹੋ ਰਹੀਆਂ ਹਨ। ਸੜਕਾਂ ਦੇ ਕਿਨਾਰਿਆਂ ਤੋਂ ਦਰਖਤਾਂ ਦੀ ਕਟਾਈ ਜਿੱਥੇ ਇਨ੍ਹਾਂ ਦੀ ਖੁਰਾਕ ਦੇ ਕੁਦਰਤੀ ਸੋਮਿਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ, ਉੱਥੇ ਹੀ ਇਨ੍ਹਾਂ ਦੇ ਘੁੰਮਣ-ਫਿਰਨ ਦੇ ਸਥਾਨ ਅਤੇ ਰੈਣ-ਬਸੇਰੇ ਖੋਹੇ ਜਾ ਰਹੇ ਹਨ। ਪਸ਼ੂਆਂ ਦੇ ਹੱਕਾਂ ਦੀ ਗੱਲ ਕਰੀਏ ਤਾਂ ਮਨੁੱਖ ਕਈ ਤਰੀਕਿਆਂ ਨਾਲ ਉਨ੍ਹਾਂ ਦੇ ਹੱਕ ਖੋਹ ਰਿਹਾ ਹੈ। ਕੁਦਰਤ ਨੇ ਜੋ ਮੁੱਖ ਹੱਕ ਪਸ਼ੂਆਂ ਨੂੰ ਆਪਣੇ ਵੱਲੋਂ ਦਿੱਤੇ ਸਨ, ਮਨੁੱਖ ਨੇ ਲਗਪਗ ਖੋਹ ਲਏ ਹਨ ਤੇ ਫਿਰ ਦੁਰਘਟਨਾਵਾਂ ਲਈ ਜ਼ਿੰਮੇਵਾਰ ਵੀ ਉਨ੍ਹਾਂ ਨੂੰ ਹੀ ਕਹਿ ਰਿਹਾ ਹੈ।
ਪਸ਼ੂਆਂ ਨੂੰ ਸੜਕਾਂ ’ਤੇ ਛੱਡਣਾ ਅਤੇ ਉਨ੍ਹਾਂ ਦੀ ਦੇਖਭਾਲ ਨਾ ਕਰਨਾ ਇਕ ਵੱਡੀ ਸਮੱਸਿਆ ਬਣ ਗਈ ਹੈ। ਪਸ਼ੂਆਂ ਨੂੰ ਸਹੀ ਭੋਜਨ, ਪਾਣੀ ਅਤੇ ਦੇਖਭਾਲ ਨਾ ਮਿਲਣਾ ਉਨ੍ਹਾਂ ਦੇ ਹੱਕਾਂ ਦੀ ਉਲੰਘਣਾ ਹੈ। ਜਦਕਿ ਪਸ਼ੂਆਂ ਨੂੰ ਸੁਰੱਖਿਅਤ ਰੱਖਣਾ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਬਚਾਉਣਾ ਮਨੁੱਖ ਦੀ ਜ਼ਿੰਮੇਵਾਰੀ ਹੈ। ਹਾਈ ਕੋਰਟ ਨੇ ਜਾਨਵਰਾਂ ਨੂੰ ਕਾਨੂੰਨੀ ਹੱਕ ਦੇਣ ਦੇ ਹੁਕਮ ਦਿੱਤੇ ਹਨ। ਸਰਕਾਰਾਂ ਵੱਲੋਂ ਇਕੱਠੇ ਕੀਤੇ ਜਾ ਰਹੇ ਕਊ ਸੈੱਸ ਦੀ ਵਰਤੋਂ ’ਤੇ ਵੀ ਸਮੇਂ-ਸਮੇਂ ਸਵਾਲ ਉਠਾਏ ਜਾਂਦੇ ਰਹੇ ਹਨ। ਜੇ ਉਸ ਟੈਕਸ ਰਾਹੀਂ ਇਕੱਠੇ ਕੀਤੇ ਜਾ ਰਹੇ ਪੈਸੇ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਵੀ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕਿਸੇ ਹੱਦ ਤੱਕ ਕੱਢਿਆ ਜਾ ਸਕਦਾ ਹੈ।
ਪਸ਼ੂਆਂ ਦੀ ਖੁਰਾਕ ਦੇ ਕੁਦਰਤੀ ਸੋਮਿਆਂ ਦੇ ਖ਼ਤਮ ਹੋਣ ਕਰਕੇ ਉਹ ਭੁੱਖਮਰੀ ਦੇ ਮਾਰੇ ਭੋਜਨ ਦੀ ਤਲਾਸ਼ ਵਿਚ ਸ਼ਹਿਰਾਂ ਦੇ ਗਲੀ-ਮੁਹੱਲਿਆਂ ਵਿਚ ਘੁੰਮਦੇ ਹਨ, ਕੂੜਿਆਂ ਦੇ ਢੇਰਾਂ ਤੋਂ ਖਾਣਾ ਲੱਭਦੇ ਦਿਸਦੇ ਹਨ। ਲੰਬਾ ਸਮਾਂ ਭੋਜਨ ਦੀ ਤਲਾਸ਼ ਵਿਚ ਘੁੰਮਦੇ-ਫਿਰਦੇ ਆਰਾਮ ਕਰਨ ਲਈ ਸੜਕਾਂ ਜਾਂ ਉਨ੍ਹਾਂ ਦੇ ਕਿਨਾਰਿਆਂ ’ਤੇ ਹੀ ਆਰਾਮ ਕਰਨ ਲਈ ਬੈਠ ਜਾਂਦੇ ਹਨ ਜੋ ਰਾਹਗੀਰਾਂ ਲਈ ਸਿਰਦਰਦੀ ਦਾ ਕਾਰਨ ਬਣਦੇ ਹਨ। ਇਸ ਸਾਰੀ ਸਿਰਦਰਦੀ ਦਾ ਕਾਰਨ ਮਨੁੱਖ ਆਪ ਹੀ ਹੈ। ਜੇ ਅਵਾਰਾ ਕੁੱਤਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਨਫ਼ਰਤ ਕਰਨ ਵਾਲਿਆਂ ਮੁਤਾਬਕ ਉਨ੍ਹਾਂ ਨੂੰ ਤਾਂ ਜਿਉਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਉਹ ਚਾਹੁੰਦੇ ਹਨ ਕਿ ਇਨ੍ਹਾਂ ਨੂੰ ਤਾਂ ਜੰਮਦਿਆਂ ਨੂੰ ਹੀ ਮਾਰ ਦੇਣਾ ਚਾਹੀਦਾ ਹੈ।
ਉਹ ਭੁੱਲ ਜਾਂਦੇ ਹਨ ਕਿ ਉਹ ਵੀ ਕੁਦਰਤ ਦਾ ਇਕ ਹਿੱਸਾ ਹਨ। ਕੁਦਰਤ ਦੀ ਦਿੱਤੀ ਕਿਸੇ ਜ਼ਿੰਦਗੀ ਨੂੰ ਖ਼ਤਮ ਕਰਨ ਦਾ ਅਧਿਕਾਰ ਮਨੁੱਖ ਕੋਲ ਨਹੀਂ ਹੈ ਬਲਕਿ ਉਨ੍ਹਾਂ ਦੀ ਸਾਂਭ-ਸੰਭਾਲ ਦਾ ਜ਼ਿੰਮਾ ਮਨੁੱਖ ਕੋਲ ਹੈ। ਇਹ ਤਰਕ ਦਿੱਤਾ ਜਾਂਦਾ ਹੈ ਕਿ ਅਵਾਰਾ ਕੁੱਤੇ ਮਨੁੱਖਾਂ ਨੂੰ ਵੱਢਦੇ ਹਨ। ਇਸ ਲਈ ਉਹ ਨਾ ਖਾਣਾ ਦੇਣ ਦੇ ਹੱਕਦਾਰ ਹਨ ਤੇ ਨਾ ਹੀ ਧਰਤੀ ਉੱਤੇ ਰਹਿਣ ਦੇ। ਕਈ ਲੋਕ ਤਾਂ ਆਰਾਮ ਨਾਲ ਬੈਠੇ ਕੁੱਤਿਆਂ ਦੇ ਲੱਤ ਮਾਰ ਕੇ ਲੰਘ ਜਾਂਦੇ ਹਨ। ਕਈ ਤਾਂ ਦੂਰੋਂ ਹੀ ਕੁਝ ਵਗਾਹ ਕੇ ਕੁਝ ਮਾਰਦੇ ਹਨ। ਉਹ ਬਿਨਾਂ ਬੋਲੇ ਤੁਹਾਡੀ ਨਫ਼ਰਤ ਭਰੀ ਭਾਸ਼ਾ ਨੂੰ ਬਾਖ਼ੂਬੀ ਸਮਝਦੇ ਹਨ।
ਜੇ ਗਲੀਆਂ-ਮੁਹੱਲਿਆਂ ਵਿਚ ਕੁੱਤਿਆਂ ਦੀ ਸਾਂਭ-ਸੰਭਾਲ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਨਾ ਉਹ ਕਿਸੇ ਨੂੰ ਵੱਢਦੇ ਹਨ, ਨਾ ਹੀ ਉਹ ਹਿੰਸਕ ਹੁੰਦੇ ਹਨ। ਸਰਕਾਰਾਂ ਵੱਲੋਂ ਸਹੀ ਸਮੇਂ ’ਤੇ ਕੁੱਤਿਆਂ ਦੀ ਵੈਕਸੀਨੇਸ਼ਨ ਅਤੇ ਨਸਬੰਦੀ ਦਾ ਨਾ ਕੀਤਾ ਜਾਣਾ ਹੀ ਸਮੱਸਿਆ ਪੈਦਾ ਕਰਦਾ ਹੈ। ਪੇਂਡੂ ਅਤੇ ਸ਼ਹਿਰੀ ਸੁਸਾਇਟੀਆਂ ਦੇ ਸਹਿਯੋਗ ਨਾਲ ਜੇ ਸਰਕਾਰਾਂ ਵੱਲੋਂ ਯੋਗ ਪ੍ਰਬੰਧ ਕੀਤੇ ਜਾਣ ਤਾਂ ਇਨ੍ਹਾਂ ਦੀ ਆਬਾਦੀ ਤੇਜ਼ੀ ਨਾਲ ਨਾ ਵਧੇ।
ਅਫ਼ਸੋਸ! ਸਾਡੀਆਂ ਸਰਕਾਰਾਂ ਵੱਲੋਂ ਇਨ੍ਹਾਂ ਦੀ ਸਾਂਭ-ਸੰਭਾਲ ’ਤੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਂਜ ਬਥੇਰਾ ਰੌਲ਼ਾ ਪਾਇਆ ਜਾਂਦਾ ਹੈ ਕਿ ਇਨ੍ਹਾਂ ਨੂੰ ਸ਼ੈਲਟਰ ਹੋਮਜ਼ ਵਿਚ ਸੁੱਟ ਦਿਉ। ਉੱਥੇ ਸੁੱਟਣਾ ਇਨ੍ਹਾਂ ਦੇ ਹੱਕਾਂ ਦੀ ਘੋਰ ਉਲੰਘਣਾ ਹੈ। ਜਾਪਾਨ, ਨਿਊਜ਼ੀਲੈਂਡ, ਕੈਨੇਡਾ ਵਰਗੇ ਵਿਕਸਿਤ ਦੇਸ਼ਾਂ ਵਿਚ ਵੀ ਇਨ੍ਹਾਂ ਦੀ ਸਾਂਭ-ਸੰਭਾਲ ਉੱਚਿਤ ਤਰੀਕੇ ਨਾਲ ਕੀਤੀ ਜਾਂਦੀ ਹੈ। ਸਾਡੇ ਦੇਸ਼ ਵਿਚ ਕੁੱਤਿਆਂ ਨੂੰ ਨਫ਼ਰਤ ਕਰਨ ਵਾਲੇ ਲੋਕਾਂ ਨੂੰ ਰੂਸ ਦੇ ਲਾਇਕਾ, ਜਾਪਾਨ ਦੇ ਹੀਚਕੋ ਜਾਂ ਬੋਧੀਆਂ ਨਾਲ ਯਾਤਰਾ ’ਤੇ ਨਿਕਲੇ ਅਲੋਕਾ ਜਾਂ ਹਿਮਾਚਲ ਵਿਚ ਕੁਦਰਤੀ ਆਫ਼ਤ ਤੋਂ ਪੂਰੇ ਇਕ ਪਿੰਡ ਦੇ ਲੋਕਾਂ ਨੂੰ ਬਚਾਉਣ ਵਾਲੇ ਕੁੱਤਿਆਂ ਦੀਆਂ ਕਹਾਣੀਆਂ ਜ਼ਰੂਰ ਪੜ੍ਹ ਲੈਣੀਆਂ ਚਾਹੀਦੀਆਂ ਹਨ।
ਅਨੇਕ ਲੋਕ ਇੰਨੇ ਸਵਾਰਥੀ ਹੋ ਚੁੱਕੇ ਹਨ ਕਿ ਪ੍ਰਕਿਰਤੀ ਤੇ ਜੀਵ-ਜੰਤੂਆਂ ਦੀ ਦੇਖਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਭੁੱਲ ਗਏ ਹਨ ਪਰ ਉਨ੍ਹਾਂ ਤੋਂ ਬੇਸਹਾਰਾ ਕੁੱਤਿਆਂ ਨੂੰ ਹੋਰ ਲੋਕ ਖਾਣਾ ਦਿੰਦੇ ਜਾਂ ਸਾਂਭ-ਸੰਭਾਲ ਕਰਦੇ ਵੀ ਬਰਦਾਸ਼ਤ ਨਹੀਂ ਹੁੰਦੇ। ਉਨ੍ਹਾਂ ਨੂੰ ਲੱਗਦਾ ਹੈ ਕਿ ਧਰਤੀ ਉੱਤੇ ਮਨੁੱਖ ਨੂੰ ਹੀ ਜਿਉਣ ਦਾ ਅਧਿਕਾਰ ਹੈ। ਕੁਦਰਤ ਦੀਆਂ ਦਾਤਾਂ ਨਾਲ ਜਿੰਨਾ ਖਿਲਵਾੜ ਮਨੁੱਖ ਕਰੇਗਾ, ਆਉਣ ਵਾਲੇ ਸਮੇਂ ਵਿਚ ਓਨੇ ਹੀ ਭਿਆਨਕ ਨਤੀਜੇ ਉਸ ਨੂੰ ਭੁਗਤਣੇ ਪੈਣਗੇ।
-ਬਰਜਿੰਦਰ ਕੌਰ ਬਿਸਰਾਓ
-ਮੋਬਾਈਲ : 99889-01324