ਜਦੋਂ ਅਸੀਂ ਹੌਲੀ-ਹੌਲੀ ਡੂੰਘੇ ਸਾਹ ਲੈਂਦੇ ਤੇ ਛੱਡਦੇ ਹਾਂ ਤਾਂ ਸਰੀਰ ਅਤੇ ਮਨ, ਦੋਵਾਂ ਨੂੰ ਸ਼ਾਂਤੀ ਮਿਲਦੀ ਹੈ। ਇਹ ਤਰੀਕਾ ਤਣਾਅ ਨੂੰ ਘਟਾਉਣ ਵਿਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ। ਇਸ ਤੋਂ ਇਲਾਵਾ ਧਿਆਨ ਲਗਾਉਣਾ ਵੀ ਮਨ ਨੂੰ ਸਥਿਰ ਕਰਨ ਦਾ ਇਕ ਪ੍ਰਮੁੱਖ ਸਾਧਨ ਹੈ।

ਮਨ ਦੀ ਸ਼ਾਂਤੀ ਅੱਜ ਦੇ ਤੇਜ਼ ਰਫ਼ਤਾਰ ਜੀਵਨ ਵਿਚ ਪਹਿਲਾਂ ਨਾਲੋਂ ਕਾਫ਼ੀ ਵੱਧ ਮਹਿਸੂਸ ਹੋ ਰਹੀ ਹੈ। ਦਿਨ ਭਰ ਦੀ ਭੱਜ-ਦੌੜ, ਕੰਮ ਦਾ ਦਬਾਅ, ਪਰਿਵਾਰਕ ਜ਼ਿੰਮੇਵਾਰੀਆਂ ਤੇ ਡਿਜੀਟਲ ਦੁਨੀਆ ਦੀ ਭੀੜ ਮਨੁੱਖ ਦੇ ਮਨ ਨੂੰ ਥਕਾ ਦੇਂਦੀ ਹੈ। ਇਸ ਹਾਲਤ ਵਿਚ ਮਨੋਵਿਗਿਆਨਕ ਸਿਹਤ ਨੂੰ ਸਹੀ ਰੱਖਣ ਲਈ ਰਿਲੈਕਸ ਹੋਣਾ ਬਹੁਤ ਜ਼ਰੂਰੀ ਬਣ ਜਾਂਦਾ ਹੈ। ਜੇ ਮਨ ਸ਼ਾਂਤ ਹੋਵੇ ਤਾਂ ਜੀਵਨ ਦੇ ਹਰ ਪੱਖ ਵਿਚ ਸੰਤੁਲਨ ਬਣਿਆ ਰਹਿੰਦਾ ਹੈ।
ਮਨੋਵਿਗਿਆਨਕ ਸਿਹਤ ਦਾ ਅਰਥ ਸਿਰਫ਼ ਬਿਮਾਰੀਆਂ ਦੀ ਗ਼ੈਰ-ਮੌਜੂਦਗੀ ਨਹੀਂ ਸਗੋਂ ਮਨ ਦੀ ਪੂਰੀ ਤੰਦਰੁਸਤੀ ਹੈ। ਜਦੋਂ ਮਨੁੱਖ ਆਪਣੀਆਂ ਭਾਵਨਾਵਾਂ ਨੂੰ ਸਮਝਦਾ ਹੈ, ਤਣਾਅ ਨੂੰ ਸਹੀ ਢੰਗ ਨਾਲ ਸੰਭਾਲਦਾ ਹੈ ਤੇ ਚੁਣੌਤੀਆਂ ਨਾਲ ਨਿਭਣ ਦੀ ਸਮਰੱਥਾ ਰੱਖਦਾ ਹੈ, ਤਦ ਉਸ ਨੂੰ ਮਨੋਵਿਗਿਆਨਕ ਤੌਰ ’ਤੇ ਤੰਦਰੁਸਤ ਮੰਨਿਆ ਜਾਂਦਾ ਹੈ। ਅੱਜ ਦੇ ਸਮੇਂ ਵਿਚ ਇਹ ਸੰਤੁਲਨ ਬਣਾਈ ਰੱਖਣਾ ਆਸਾਨ ਨਹੀਂ। ਸੋਸ਼ਲ ਮੀਡੀਆ, ਮੁਕਾਬਲੇ ਦੀ ਦੌੜ ਅਤੇ ਅਸਥਿਰ ਜੀਵਨਸ਼ੈਲੀ ਮਨੁੱਖ ਦੇ ਮਨ ’ਤੇ ਵੱਡਾ ਅਸਰ ਪਾਉਂਦੇ ਹਨ। ਰਿਲੈਕਸ ਹੋਣ ਵਾਲੀਆਂ ਤਕਨੀਕਾਂ ਇਸ ਸੰਤੁਲਨ ਨੂੰ ਬਣਾਈ ਰੱਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਸਭ ਤੋਂ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕਾ ਹੈ ਡੂੰਘਾ ਸਾਹ ਲੈਣ ਦੀ ਕਿਰਿਆ।
ਜਦੋਂ ਅਸੀਂ ਹੌਲੀ-ਹੌਲੀ ਡੂੰਘੇ ਸਾਹ ਲੈਂਦੇ ਤੇ ਛੱਡਦੇ ਹਾਂ ਤਾਂ ਸਰੀਰ ਅਤੇ ਮਨ, ਦੋਵਾਂ ਨੂੰ ਸ਼ਾਂਤੀ ਮਿਲਦੀ ਹੈ। ਇਹ ਤਰੀਕਾ ਤਣਾਅ ਨੂੰ ਘਟਾਉਣ ਵਿਚ ਬਹੁਤ ਮਦਦਗਾਰ ਸਾਬਿਤ ਹੁੰਦਾ ਹੈ। ਇਸ ਤੋਂ ਇਲਾਵਾ ਧਿਆਨ ਲਗਾਉਣਾ ਵੀ ਮਨ ਨੂੰ ਸਥਿਰ ਕਰਨ ਦਾ ਇਕ ਪ੍ਰਮੁੱਖ ਸਾਧਨ ਹੈ। ਰੋਜ਼ਾਨਾ ਕੁਝ ਮਿੰਟਾਂ ਲਈ ਧਿਆਨ ਕਰਨ ਨਾਲ ਮਨ ਦੀ ਚੰਚਲਤਾ ਘਟਦੀ ਹੈ ਤੇ ਇਕਾਗਰਤਾ ਵਧਦੀ ਹੈ। ਕੁਦਰਤ ਨਾਲ ਜੁੜਨਾ ਵੀ ਸਹਿਜ ਹੋਣ ਦਾ ਇਕ ਮਹੱਤਵਪੂਰਨ ਸਾਧਨ ਹੈ।
ਹਰੇ-ਭਰੇ ਦਰੱਖਤਾਂ ਵਿਚ ਟਹਿਲਣਾ, ਪੰਛੀਆਂ ਦੀਆਂ ਆਵਾਜ਼ਾਂ ਸੁਣਨਾ ਜਾਂ ਖੁੱਲ੍ਹੇ ਅਸਮਾਨ ਹੇਠ ਕੁਝ ਸਮਾਂ ਬਿਤਾਉਣਾ ਮਨ ਨੂੰ ਤਾਜ਼ਗੀ ਦਿੰਦਾ ਹੈ। ਵਿਗਿਆਨਕ ਅਧਿਐਨ ਵੀ ਦੱਸਦੇ ਹਨ ਕਿ ਕੁਦਰਤ ਦੇ ਨੇੜੇ ਰਹਿਣ ਨਾਲ ਤਣਾਅ ਘਟਦਾ ਹੈ ਤੇ ਮਨੁੱਖ ’ਚ ਖ਼ੁਸ਼ੀ ਦੀ ਭਾਵਨਾ ਵਧਦੀ ਹੈ। ਇਸ ਲਈ ਹਰ ਰੋਜ਼ ਕੁਝ ਸਮਾਂ ਕੁਦਰਤ ਨਾਲ ਬਿਤਾਉਣਾ ਮਨ ਦੀ ਸਿਹਤ ਲਈ ਲਾਭਕਾਰੀ ਹੈ। ਸੰਗੀਤ ਵੀ ਮਨ ਨੂੰ ਸਕੂਨ ਦਿੰਦਾ ਹੈ। ਧੀਮੀ ਆਵਾਜ਼ ਵਾਲੀਆਂ ਧੁਨਾਂ, ਭਜਨ ਜਾਂ ਪ੍ਰੇਰਨਾਦਾਇਕ ਗੀਤ ਸੁਣਨ ਨਾਲ ਮਨ ਦੀ ਘਬਰਾਹਟ ਘਟਦੀ ਹੈ ਅਤੇ ਮਨੁੱਖ ਨੂੰ ਸ਼ਾਂਤੀ ਮਿਲਦੀ ਹੈ।
ਕਸਰਤ ਵੀ ਮਨੋਵਿਗਿਆਨਕ ਸਿਹਤ ਨਾਲ ਗਹਿਰਾ ਸਬੰਧ ਰੱਖਦੀ ਹੈ। ਰੋਜ਼ਾਨਾ ਹਲਕੀ ਕਸਰਤ ਜਾਂ ਯੋਗ ਕਰਨ ਨਾਲ ਨਾ ਸਿਰਫ਼ ਸਰੀਰ ਤੰਦਰੁਸਤ ਰਹਿੰਦਾ ਹੈ, ਸਗੋਂ ਮਨ ਵੀ ਹਲਕਾ ਮਹਿਸੂਸ ਕਰਦਾ ਹੈ। ਸੋਸ਼ਲ ਮੀਡੀਆ ਤੋਂ ਕੁਝ ਸਮੇਂ ਲਈ ਦੂਰੀ ਬਣਾਉਣਾ ਵੀ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ। ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਮਨੁੱਖ ਦੇ ਮਨ ਨੂੰ ਥਕਾ ਦਿੰਦੀ ਹੈ।
ਇਸ ਲਈ ਦਿਨ ਵਿਚ ਕੁਝ ਸਮਾਂ ਮੋਬਾਈਲ ਤੋਂ ਦੂਰ ਰਹਿਣਾ ਅਤੇ ਆਪਣੇ-ਆਪ ਨਾਲ ਸਮਾਂ ਬਿਤਾਉਣਾ ਬਹੁਤ ਜ਼ਰੂਰੀ ਹੈ। ਸਹਿਜ ਹੋਣਾ ਸਿਰਫ਼ ਇਕ ਕਿਰਿਆ ਨਹੀਂ, ਸਗੋਂ ਜੀਵਨ ਜੀਣ ਦਾ ਢੰਗ ਹੈ। ਜੇ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਛੋਟੇ-ਮੋਟੇ ਬਦਲਾਅ ਕਰ ਲਈਏ ਜਿਵੇਂ ਕਿ ਸਵੇਰੇ ਜਲਦੀ ਉੱਠਣਾ, ਸਮੇਂ ਸਿਰ ਭੋਜਨ ਖਾਣਾ, ਪੂਰੀ ਨੀਂਦ ਲੈਣਾ ਅਤੇ ਆਪਣੇ ਸ਼ੌਕਾਂ ਲਈ ਸਮਾਂ ਕੱਢਣਾ, ਤਾਂ ਮਨ ਦੀ ਸਿਹਤ ਆਪਣੇ-ਆਪ ਸੁਧਰ ਜਾਂਦੀ ਹੈ। ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣਾ ਵੀ ਮਨੁੱਖ ਨੂੰ ਅੰਦਰੋਂ ਖ਼ੁਸ਼ੀ ਦਿੰਦਾ ਹੈ। ਅੰਤ ਵਿਚ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਮਨੋਵਿਗਿਆਨਕ ਸਿਹਤ ਨੂੰ ਨਜ਼ਰਅੰਦਾਜ਼ ਕਰਨਾ ਜੀਵਨ ਨੂੰ ਅਸੰਤੁਲਿਤ ਕਰ ਸਕਦਾ ਹੈ।
ਸੁਰਿੰਦਰ ਸਿੰਘ ਸੋਨੀ
ਸ੍ਰੀ ਅਨੰਦਪੁਰ ਸਾਹਿਬ।
-ਮੋਬਾਈਲ : 98729-62991